Articles & Interviews

ਅਕਸ਼ੇ ਕੁਮਾਰ ਨੇ ਲੋਕ ਗਾਇਕਾ ਗਲੋਰੀ ਬਾਵਾ ਦੇ ਖਾਤੇ ‘ਚ ਪਾਏ 25 ਲੱਖ !

Written by Daljit Arora

ਮੈਂ ਇਸ ਵਾਰ ਮੁੰਬਈ ਜਾ ਕੇ ਅਕਸ਼ੇ ਕੁਮਾਰ ਨੂੰ ਰੱਖੜੀ ਬੰਨਾਂਗੀ : ਗਾਇਕਾ ਗਲੋਰੀ ਬਾਵਾ

ਅੰਮ੍ਰਿਤਸਰ ( ਸਵਿੰਦਰ ਸਿੰਘ :ਪੰ.ਸ.) ਮਰਹੂਮ ਗਾਇਕਾ ਗੁਰਮੀਤ ਬਾਵਾ ਜਿੰਨ੍ਹਾ ਨੂੰ ਸਾਰੀ ਦੁਨੀਆਂ ਵਿੱਚ ਲੰਬੀ ਹੇਕ ਦੀ ਮਾਲਿਕਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਗੁਰਮੀਤ ਬਾਵਾ,ਲਾਚੀ ਬਾਵਾ,ਅਤੇ ਕਿਰਪਾਲ ਸਿੰਘ ਬਾਵਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਸਪੁੱਤਰੀ ਪੰਜਾਬੀ ਲੋਕ ਗਾਇਕਾ ਗਲੋਰੀ ਬਾਵਾ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਮਰਹੂਮ ਗਾਇਕਾ ਲਾਚੀ ਬਾਵਾ ਦੇ ਬੱਚਿਆਂ ਦਾ ਪਾਲਣ-ਪੋਸ਼ਣ ਵੀ ਗਲੋਰੀ ਬਾਵਾ ਕਰ ਰਹੀ ਸੀ, ਜਿਸ ਕਰਕੇ ਘਰ ਦੇ ਹਲਾਤ ਵੀ ਕੋਈ ਬੇਹਤਰ ਨਹੀਂ ਸਨ !

ਬੀਤੇ ਦਿਨੀਂ ਇੱਕ ਨਿੱਜੀ ਚੈਨਲ ਵੱਲੋਂ ਗਲੋਰੀ ਬਾਵਾ ਦਾ ਇੰਟਰਵਿਊ ਹੋਇਆ, ਜਿਸ ਵਿੱਚ ਗਲੋਰੀ ਬਾਵਾ ਨੇ ਆਪਣੇ ਘਰ ਦੇ ਹਲਾਤਾਂ ਬਾਰੇ ਦੱਸਿਆ, ਇਥੋਂ ਤੱਕ ਕੇ ਉਸ ਇੰਟਰਵਿਊ ਦੇ ਦੌਰਾਨ ਗਲੋਰੀ ਬਾਵਾ ਨੇ ਕੈਮਰੇ ਦੇ ਸਾਹਮਣੇ ਇੱਥੋਂ ਤੱਕ ਬੋਲ ਦਿੱਤਾ ਕਿ ਅੱਜ ਕੱਲ ਲੋਕਾਂ ਨੂੰ ਆਪਣੇ ਸੱਭਿਆਚਾਰ, ਮਾਂ ਬੋਲੀ ਅਤੇ ਲੋਕ ਗੀਤਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਹੋ ਸਕਦਾ ਕੇ ਇਹ ਲੋਕ ਗਾਇਕੀ ਨੂੰ ਸਦਾ ਲਈ ਅਲਵਿਦਾ ਕਹਿ ਦੇਵੇ। ਇਸ ਇੰਟਰਵਿਊ ਤੋਂ ਬਾਅਦ ਪੰਜਾਬ ਸਰਕਾਰ ਕੁਝ ਹਰਕਤ ਵਿੱਚ ਆਈ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਗੁਰਮੀਤ ਬਾਵਾ ਦੇ ਘਰ ਜਾ ਕੇ ਗਾਇਕਾ ਗਲੋਰੀ ਬਾਵਾ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਆਪਣੀ ਨਿੱਜੀ ਕਮਾਈ ਦੇ ਵਿੱਚੋਂ 1 ਮਹੀਨੇ ਦੀ ਪੂਰੀ ਤਨਖ਼ਾਹ ਦਾ ਚੈੱਕ ਅਤੇ ਅੰਮ੍ਰਿਤਸਰ ਦੇ ਪ੍ਰਸ਼ਾਸਨ ਵੱਲੋਂ 1 ਲੱਖ ਦੀ ਰਾਸ਼ੀ ਦਾ ਚੈੱਕ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦਿੱਤਾ !

ਗਲੋਰੀ ਬਾਵਾ ਦੀ ਇੰਟਰਵਿਊ ਨੂੰ ਪੰਜਾਬ ਤੇ ਨੈਸ਼ਨਲ ਚੈਨਲਾਂ ਨੇ ਵਿਖਾਇਆ ਤੇ ਉਸ ਦਾ ਸਿੱਟਾ ਇਹ ਨਿਕਲਿਆ ਕਿ ਕਲਾਕਾਰਾਂ ਦੇ ਵਿੱਚੋਂ ਪਹਿਲ ਕਦਮੀ ਕਰਦੇ ਹੋਏ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਆਪਣੀ ਨੇਕ ਕਮਾਈ ਵਿੱਚੋਂ 25 ਲੱਖ ਰੁਪਿਆ ਗਾਇਕਾ ਗਲੋਰੀ ਬਾਵਾ ਦੇ ਬੈਂਕ ਦੇ ਖਾਤੇ ਵਿੱਚ ਟਰਾਂਸਫਰ ਕੀਤਾ। ਇਸ ਦੀ ਖ਼ਬਰ ਜਦ ਮੀਡਿਆ ਨੂੰ ਪਤਾ ਲੱਗੀ ਤਾਂ ਮੀਡਿਆ ਦੇ ਲੋਕ ਗਲੋਰੀ ਬਾਵਾ ਦੇ ਘਰ ਇੰਟਰਵਿਊ ਕਰਨ ਦੇ ਲਈ ਪੁੱਜ ਗਏ !
ਇਸ ਮੌਕੇ ਤੇ ਗਾਇਕਾ ਗਲੋਰੀ ਬਾਵਾ ਨੇ ਬੋਲਦਿਆਂ ਹੋਇਆ ਕਿਹਾ ਕਿ ਅੱਜ ਜੋ ਕੁਝ ਵੀ ਹੋਇਆ ਹੈ, ਉਹ ਮੀਡਿਆ ਦੀ ਬਦੋਲਤ ਹੀ ਹੋਇਆ ਹੈ। ਮੈਂ ਸਾਰੇ ਮੀਡਿਆ ਦਾ ਧੰਨਵਾਦ ਕਰਦੀ ਹਾਂ, ਭਾਵੇਂ ਉਹ ਟੀ.ਵੀ. ਚੈਨਲ ਹਨ ਜਾਂ ਅਖਬਾਰਾਂ। ਜੇ ਇਹ ਸਾਰੀਆਂ ਖ਼ਬਰਾਂ ਨਾ ਲੱਗਦੀਆਂ ਤਾਂ ਹੋ ਸਕਦਾ ਸੀ ਕਿ ਜਿਸ ਤਰਾਂ ਮੇਰੇ ਮਾਤਾ-ਪਿਤਾ ਤੇ ਮੇਰੀ ਭੈਣ ਸਾਨੂੰ ਛੱਡ ਕੇ ਚਲੇ ਗਏ ਸਨ ਅਤੇ ਉਨ੍ਹਾਂ ਤੋਂ ਬਾਅਦ ਜੋ ਹਲਾਤ ਸਨ ਤੇ ਬਾਵਾ ਪਰਿਵਾਰ ਦੀ ਜੋ ਮੱਦਦ ਹੋਈ ਹੈ ਉਹ ਕਦੇ ਵੀ ਨਾ ਹੁੰਦੀ !

ਗਲੋਰੀ ਬਾਵਾ ਨੇ ਦੱਸਿਆ ਕੇ ਅੱਜ ਬਾਲੀਵੁੱਡ ਦੇ ਅਦਾਕਾਰ ਅਕਸ਼ੇ ਕੁਮਾਰ ਨੇ ਜੋ 25 ਲੱਖ ਦੀ ਮਦਦ ਕੀਤੀ ਹੈ, ਬਾਵਾ ਪਰਿਵਾਰ ਹਮੇਸ਼ਾਂ ਉਨ੍ਹਾਂ ਦਾ ਰਿਣੀ ਰਹੇਗਾ। ਗਲੋਰੀ ਬਾਵਾ ਨੇ ਦੱਸਿਆ ਕਿ ਕੁਝ ਚਿਰ ਪਹਿਲਾਂ ਮੈਂ ਮੀਡੀਆ ਰਾਹੀਂ ਮਦਦ ਦੀ ਅਪੀਲ ਕੀਤੀ ਸੀ ਕਿ ਮੈਨੂੰ ਕੰਮ ਦਿੱਤਾ ਜਾਵੇ ਤੇ ਉਹਦੇ ਏਵਜ਼ ਵਿੱਚ ਮੈਨੂੰ ਅੱਜ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਜੀ, ਜਿਨ੍ਹਾਂ ਨੇ ਮੇਰਾ ਭਰਾ ਬਣ ਕੇ ਇੱਕ ਛੋਟੀ ਭੈਣ ਦੀ ਮਦਦ ਕੀਤੀ ਹੈ। ਅਕਸ਼ੇ ਕੁਮਾਰ ਜੀ ਨੇ ਇੱਕ ਨੋਟ ਵੀ ਲਿੱਖ ਕੇ ਭੇਜਿਆ। ਬੈਂਕ ਵਾਲਿਆਂ ਨੇ ਮੈਨੂੰ ਉਹ ਨੋਟ ਦਿਖਾਇਆ ਜਿਸ ਵਿੱਚ ਲਿਖਿਆ ਗਿਆ ਕਿ ਇਹ ਜਿਹੜੀ ਮੈਂ ਰਾਸ਼ੀ ਭੇਜ ਰਿਹਾ ਹਾਂ ਇਹ ਮਦਦ ਨਹੀਂ ਹੈ, ਇੱਕ ਵੱਡੇ ਭਰਾ ਨੂੰ ਛੋਟੀ ਭੈਣ ਲਈ ਆਸ਼ੀਰਵਾਦ ਹੈ, ਪਿਆਰ ਹੈ ! ਮੈਂ ਆਪਣੇ ਵੀਰ ਅਕਸ਼ੇ ਕੁਮਾਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਅੱਜ ਮੇਰੇ ਕੋਲ ਸ਼ਬਦ ਨਹੀਂ ਹੈ ਤੁਹਾਡਾ ਧੰਨਵਾਦ ਕਰਨ ਲਈ ਕਿ ਤੁਸੀਂ ਅੱਜ ਮੇਰੇ ਪਰਿਵਾਰ ਦੇ ਲਈ ਆਕਸੀਜਨ ਦਾ ਕੰਮ ਕੀਤਾ ਹੈ। ਮੇਰੇ ਪਰਿਵਾਰ ਲਈ, ਮੇਰੇ ਬੱਚਿਆਂ ਦੇ ਚਿਹਰਿਆਂ ਦੀ ਖੁਸ਼ੀ ਵਾਪਿਸ ਆਈ ਹੈ। ਮੇਰੀਆਂ ਬੇਟੀਆਂ ਦਾ ਤੁਸੀਂ ਫਿਊਚਰ ਸਿਕਿਓਰ ਕੀਤਾ ਹੈ ਤੇ ਮੈਂ ਤੁਹਾਡੀ ਦਿਆਨਤਦਾਰੀ ਬਾਰੇ ਅਖਬਾਰਾਂ ਚ ਪੜ੍ਹਦੀ ਹੁੰਦੀ ਸੀ ਪਰ ਅੱਜ ਮੈਂ ਦੇਖ ਵੀ ਲਿਆ ਏ ਕਿ ਅਚਾਨਕ ਇਹ ਮੇਰੇ ਬੈਂਕ ਦੇ ਵਿੱਚ ‘ਅਕਸ਼ੇ ਕੁਮਾਰ ਭਾਟੀਆ’ ਜੀ ਇਹ ਉੱਪਰ ਆਇਆ ਨਾਮ ਕਿ ਉਹਨਾਂ ਨੇ 25 ਲੱਖ ਦੀ ਰਾਸ਼ੀ ਭੇਜੀ ਹੈ। ਭਾਜੀ ਬਹੁਤ ਦੁਆਵਾਂ ਤੇ ਬਹੁਤ ਸਾਰਾ ਪਿਆਰ ਮੇਰੇ ਪਰਿਵਾਰ ਵੱਲੋਂ। ਤੁਹਾਨੂੰ ਕਦੇ ਤੱਤੀ ਵਾਹ ਨਾ ਲੱਗੇ, ਬਾਬਾ ਨਾਨਕ ਤੁਹਾਡੀ ਉਮਰ ਲੋਕ ਗੀਤਾਂ ਜਿੰਨੀ ਲੰਬੀ ਕਰਨ ! ਮੈਂ ਆਪ ਜੀ ਨੂੰ ਇਹ ਵੀ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਉਨ੍ਹਾਂ ਨਾਲ ਜਾਂ ਉਨ੍ਹਾਂ ਦੀ ਟੀਮ ਦੇ ਮੈਂਬਰ ਨਾਲ ਮੇਰਾ ਕੋਈ ਤਾਲਮੇਲ ਨਹੀਂ ਸੀ, ਡਾਇਰੈਕਟ ਹੀ ਪੈਸੇ ਆਏ ਨੇ। ਇਹ ਸਵੇਰੇ ਮੈਨੂੰ ਫੋਨ ਆਇਆ ਸੀ ਮੇਰੇ ਬੈਂਕ ਤੋਂ ਕਿ ਇਸ ਤਰ੍ਹਾਂ ਤੁਹਾਡੇ ਬੈਂਕ ਦੇ ਵਿੱਚ ਟਰਾਂਜ਼ੈਕਸ਼ਨ ਹੋਈ ਹੈ !

ਗਲੋਰੀ ਬਾਵਾ ਨੇ ਕਿਹਾ ਕਿ ਮੇਰੇ ਮਾਤਾ ਜੀ ਦੇ ਜਾਣ ਤੋਂ ਬਾਅਦ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ ਕਿ ਸਾਡੇ ਪੰਜਾਬ ਦੇ ਲੋਕਾਂ ਦਾ ਰੁਝਾਨ ਦੂਸਰੇ ਗਾਣਿਆਂ ਵੱਲ ਚਲਾ ਗਿਆ ਤੇ ਫਿਰ ਸੁਹਾਗ ਘੋੜੀਆਂ ਨੂੰ ਕੌਣ ਪੁੱਛੇਗਾ। ਅਸੀਂ ਕਦੀ ਸਮਝੌਤਾ ਨਹੀਂ ਕੀਤਾ। ਗਾਉਣਾ ਹੈ ਤਾਂ ਸਿਰਫ ਨਿਰੋਲ ਗਾਉਣਾ ਹੈ। ਆਖਿਰ ਦੇ ਵਿੱਚ ਮੈਂ ਅੱਜ ਆਪਣੀ ਮਾਤਾ ਗੁਰਮੀਤ ਬਾਵਾ ਜੀ ਦਾ ਗਾਣਾ ਸੁਣਾਉਣਾ ਚਾਹਾਂਗੀ, “ਮੇਰੀ ਜੁਗਨੀ ਦੇ ਧਾਗੇ ਬੱਗੇ, ਜੁਗਨੀ ਉਹਦੇ ਮੂੰਹੋ, ਉਹ ਜੁਗਨੀ ਉਹਦੇ ਮੂੰਹੋਂ ਫੱਬੇ, ਜਿਹਨੂੰ ਸੱਚ ਇਸ਼ਕ ਦੀ ਲੱਗੇ, ਵੀਰ ਮੇਰਿਆਂ ਆ ਜੁਗਨੀ, ਵੀਰ ਮੇਰੇ ਆ ਜੁਗਨੀ ਕਹਿੰਦੀ ਆ ,  ਜਿਹੜਾ ਨਾਮ ਸਾਈਂ ਦਾ, ਜਿਹੜੀ ਨਾਮ ਅੱਲਹਾ ਦਾ ਲੈਂਦੀ ਆ” ਮੈਂ ਆਖਿਰ ਵਿੱਚ ਇਹੋ ਕਹਾਂਗੀ ਕਿ ਜੇ ਬਾਲੀਵੁੱਡ ਦੇ ਅਦਾਕਾਰ ਅਕਸ਼ੇ ਕੁਮਾਰ ਨੇ ਮੇਰਾ ਵੱਡਾ ਭਰਾ ਬਣ ਕੇ ਮੈਨੂੰ ਆਸ਼ੀਰਵਾਦ ਦਿੱਤਾ ਹੈ ਤਾਂ ਮੈਂ ਵੀ ਮੁੰਬਈ ਜਾ ਕੇ ਇਸ ਵਾਰ ਜੋ ਰੱਖੜੀ ਆ ਰਹੀ ਹੈ, ਉਹਨਾਂ ਨੂੰ ਰੱਖੜੀ ਬੰਨਾਂਗੀ ਤੇ ਇੱਕ ਭੈਣ ਦਾ ਫਰਜ਼ ਵੀ ਨਿਭਾਵਾਂਗੀ। ਮੈਨੂੰ ਪੂਰੀ ਉਮੀਦ ਹੈ ਕਿ ਜੇ ਪ੍ਰਮਾਤਮਾ ਮੈਨੂੰ ਅਕਸ਼ੇ ਕੁਮਾਰ ਨਾਲ ਇਸ ਤਰਾਂ  ਮਿਲਾ ਸਕਦਾ ਹੈ ਤਾਂ ਉਹ ਅੱਗੋਂ ਵੀ ਰਸਤੇ ਖੋਲੇਗਾ !

Comments & Suggestions

Comments & Suggestions

About the author

Daljit Arora