ਅਜੋਕੇ ਸਮਾਜ ਦੇ ਹਾਣੀ ਬਣਨ ਥੀਏਟਰ ਅਤੇ ਲਘੂ ਫ਼ਿਲਮਾਂ

By  |  0 Comments

ਦੋਸਤੋ ਜਦੋਂ ਵੀ ਸਮਾਂ ਮਿਲਦਾ ਹੈ ਥੀਏਟਰ ਅਤੇ ਲਘੂ ਫ਼ਿਲਮਾਂ ਵੇਖਣ ਦੀ ਕੋਸ਼ਿਸ਼ ਰਹਿੰਦੀ ਹੈ। ਅੰਮ੍ਰਿਤਸਰ ਵਿਚ ਰਹਿਣ ਕਾਰਨ ਨਾਟਕ ਵੇਖਣ ਦਾ ਮੌਕਾ ਤਾਂ ਆਮ ਹੀ ਮਿਲ ਜਾਂਦਾ ਹੈ ਅਤੇ ਲਘੂ ਫ਼ਿਲਮਾਂ ਵਿਖਾਉਣ ਵਾਲਿਆਂ ਦੀਆਂ ਦਾਅਵਤਾਂ ਵੀ ਜ਼ਰੂਰ ਪ੍ਰਵਾਨ ਕਰੀਦੀਆਂ ਹਨ। ਪੰਜਾਬ ਵਿਚ ਕਾਫ਼ੀ ਸਮੇਂ ਤੋਂ ਲਘੂ ਫ਼ਿਲਮਾਂ ਬਣਨ ਦਾ ਰੁਝਾਨ ਵੱਧ ਰਿਹਾ ਹੈ, ਜਦਕਿ ਥੀਏਟਰ ਤਾਂ ਪੰਜਾਬ ਦੀ ਰੂਹ ਹੈ ਅਤੇ ਫ਼ਿਲਮਾਂ ਦਾ ਜਨਮਦਾਤਾ ਹੈ। ਸੋ ਦੋ ਮੁੱਦਿਆਂ ਦੀ ਗੱਲ ਇੱਕੋ ਲੇਖ ਰਾਹੀਂ ਕਰ ਰਿਹਾ ਹਾਂ।
ਜੇ ਗੱਲ ਪੰਜਾਬੀ ਨਾਟਕਾਂ ਦੀ ਕਰੀਏ ਤਾਂ ਇਹ ਗੱਲ ਆਮ ਤੌਰ ‘ਤੇ ਵੇਖੀ ਜਾ ਸਕਦੀ ਹੈ ਕਿ ਅੱਜ ਵੀ ਜ਼ਿਆਦਾਤਰ ਨਾਟਕ ਜੋ ਖੇਡੇ ਜਾਂਦੇ ਹਨ, ਪੁਰਾਣੇ ਲੇਖਕਾਂ ਦੀਆਂ ਰਚਨਾਵਾਂ ‘ਤੇ ਅਧਾਰਿਤ ਹਨ ਅਤੇ ਇਹ ਰਚਨਾਵਾਂ ਉਸ ਸਮੇਂ ਦੇ ਸਮਾਜਿਕ ਹਾਲਾਤਾਂ-ਸਰੋਕਾਰਾਂ ਦਾ ਚਿਤਰਣ ਹਨ, ਉਸ ਸਮੇਂ ਵਾਪਰੀਆਂ ਮਾੜੀਆਂ-ਚੰਗੀਆਂ ਘਟਨਾਵਾਂ ਦਾ ਬਿਆਨ ਬੜੇ ਵਧੀਆ ਢੰਗ ਨਾਲ ਕੀਤਾ ਗਿਆ ਨਜ਼ਰ ਆਉਂਦਾ ਹੈ ਪਰ ਮੁੱਦਾ ਇਹ ਹੈ ਕਿ ਅੱਜ ਅਸੀਂ ਨਾਟਕ ਖੇਡਣ ਲੱਗਿਆਂ ਉਹੀ 25 ਤੋਂ 50 ਸਾਲ ਜਾਂ ਇਸ ਤੋਂ ਵੀ ਵੱਧ ਸਮੇਂ ਦੀਆਂ ਲਿਖੀਆਂ ਕਹਾਣੀਆਂ, ਨਾਟਕਾਂ ਨੂੰ ਦਰਸ਼ਕਾਂ ਸਾਹਮਣੇ ਹੂ-ਬੁ-ਹੂ ਪੇਸ਼ ਕਰੀ ਜਾ ਰਹੇ ਹਾਂ, ਜਿਸ ਦਾ ਕਿ ਅੱਜ ਦੇ ਮੌਜੂਦਾ ਸਮਾਜ, ਬਦਲੇ ਹੋਏ ਤਰੱਕੀਸ਼ੁਦਾ ਹਾਲਾਤਾਂ ਅਤੇ ਨੌਜਵਾਨ ਪੀੜ੍ਹੀ ਦੇ ਉਸਾਰੂ ਵਿਚਾਰਾਂ ਨਾਲ ਕੋਈ ਮੇਲ ਨਜ਼ਰ ਨਹੀਂ ਆਉਂਦਾ ਅਤੇ ਨਾ ਹੀ ਅਜਿਹੇ ਨਾਟਕ ਅੱਜ ਦੀ ਪੀੜੀ ਜਾਂ ਅਜੋਕੇ ਸਮਾਜ ਨੂੰ ਕੋਈ ਨੂੰ ਸਾਰਥਿਕ ਸੁਨੇਹਾ ਦੇਣ ਦੀ ਸਮਰੱਥਾ ਰੱਖਦੇ ਹਨ। ਪਤਾ ਨਹੀਂ ਜਾਂ ਤਾਂ ਸਾਡੇ ਕੋਲ ਰਚਨਾਤਮਕ ਕਹਾਣੀਆਂ ਜਾਂ ਲਿਖੇ ਹੋਏ ਨਾਟਕ ਹੈ ਹੀ ਨਹੀਂ ਜਾਂ ਸ਼ਾਇਦ ਅਸੀਂ ਚੰਗੀਆਂ ਕਹਾਣੀਆਂ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਜਾਂ ਫੇਰ ਵਾਰ-ਵਾਰ ਉਹੀ ਨਾਟਕਾਂ ਨੂੰ ਖੇਡ ਕੇ ਉਨ੍ਹਾਂ ਤੋਂ ਕੋਈ ਆਰਥਿਕ ਫਾਇਦਾ ਲੈਣ ਲਈ ਅਸੀਂ Àੁੱਥੇ ਹੀ ਅਟਕੇ ਹੋਏ ਹਾਂ, ਜਿਸ ਕਰਕੇ ਅੱਜ ਦੀ ਪੀੜੀ ਰੰਗਮੰਚ ਤੋਂ ਦੂਰ ਹੁੰਦੀ ਦਿਸ ਰਹੀ ਹੈ।
ਅਜਿਹੀ ਇਕ ਤਾਜ਼ਾ ਉਦਾਹਰਨ ਥੋੜ੍ਹੇ ਸਮੇਂ ਪਹਿਲਾਂ ਅੰਮ੍ਰਿਤਸਰ ਵਿਚ ਹੋਏ ਨਾਟਕ ਮੇਲਿਆਂ ਦੌਰਾਨ ਕੁਝ ਨਾਟਕਾਂ ‘ਚ ਵੀ ਸਾਹਮਣੇ ਆਈ। ਡਾ: ਸਵਰਾਜਬੀਰ ਹੋਰਾਂ ਦਾ ਲਿਖਿਆ ਨਾਟਕ ਅੰਮ੍ਰਿਤਸਰ ਦੀ ਇਕ ਟੀਮ ਵੱਲੋਂ ‘ਵਿਰਸਾ ਵਿਹਾਰ’ ਵਿਖੇ ਖੇਡਿਆ ਗਿਆ, ਜਿਸ ਵਿਚ ਪਾਕਿਸਤਾਨ ਦੀ ਵੰਡ ਸਮੇਂ ਦੇ ਹਾਲਾਤਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਨਾਟਕ ਵਿਚ ਦਿਖਾਇਆ ਗਿਆ ਕਿ ਜੇ ਪਾਕਿਸਤਾਨੀ ਮੁਸਲਮਾਨਾਂ ਨੇ ਸਾਡੇ ਪਰਿਵਾਰਾਂ ਖਾਸ ਤੌਰ ‘ਤੇ ਔਰਤਾਂ ਨਾਲ ਦੁਰਵਿਵਹਾਰ ਕੀਤਾ ਤਾਂ ਅਸੀਂ ਵੀ ਕੋਈ ਘੱਟ ਨਹੀਂ ਕੀਤਾ, ਭਾਵੇਂ ਕਿ ਇਸ ਨੂੰ ਇਕ ਸੱਚੀ ਘਟਨਾ ‘ਤੇ ਅਧਾਰਿਤ ਦੱਸ ਕੇ ਪੇਸ਼ ਕੀਤਾ ਗਿਆ ਪਰ ਉਸ ਸਮੇਂ ਪਾਕਿਸਤਾਨ ਤੋਂ ਆਏ ਮਹਿਮਾਨ ਕਲਾਕਾਰ ਵੀ ਸਾਹਮਣੇ ਬੈਠੇ ਇਹ ਨਾਟਕ ਵੇਖ ਰਹੇ ਸਨ। ਇਸ ਨਾਟਕ ਦੀ ਕਹਾਣੀ ਸੀ ਕਿ ਇਕ ਸਿੱਖ ਨੇ ਮੁਸਲਮਾਨ ਔਰਤ ਨਾਲ ਜ਼ਬਰੀ ਵਿਆਹ ਕਰਵਾ ਕੇ ਉਸ ਨੂੰ ਸਿੱਖ ਧਰਮ ਵਿਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਅਤੇ ਉਸ ‘ਤੇ ਜ਼ੁਲਮ ਵੀ ਕੀਤੇ। ਪਹਿਲੀ ਗੱਲ ਤਾਂ ਉਸ ਦਾ ਵਿਖਾਇਆ ਗਿਆ ਨੈਗੇਟਿਵ ਕਿਰਦਾਰ ਸਿੱਖ ਫਲਸਫ਼ੇ ਦੇ ਵਿਪਰੀਤ ਸੀ, ਦੂਜਾ ਪਾਕਿਸਤਾਨੀ ਕਲਾਕਾਰਾਂ ਨਾਲ ਕਲਾ ਦੇ ਰਿਸ਼ਤੇ ਦੀ ਸਾਂਝ ਦੇ ਚੱਲਦਿਆਂ ਉਨ੍ਹਾਂ ‘ਤੇ ਇਸ ਦਾ ਮਾੜਾ ਪ੍ਰਭਾਵ ਪਿਆ ਹੀ ਨਜ਼ਰ ਆਇਆ। ਬਾਕੀ ਇਸ ਨਾਟਕ ਪ੍ਰਤੀ ਦਰਸ਼ਕਾਂ ਦੀ ਖਿੱਚ ਜਾਂ ਹੋਰ ਕੋਈ ਉਸਾਰੂ ਸੁਨੇਹਾ ਦੇਣ ਵਾਲੀ ਵੀ ਕੋਈ ਗੱਲ ਨਹੀਂ ਸੀ, ਹਾਲਾਂਕਿ ਸਾਰੇ ਕਲਾਕਾਰਾਂ ਨੇ ਬੜੀ ਰੂਹਦਾਰੀ ਨਾਲ ਆਪਣਾ-ਆਪਣਾ ਅਭਿਨੈ ਨਿਭਾਇਆ ਅਤੇ ਪੇਸ਼ਕਾਰੀ ਵੀ ਸਲਾਹੁਣਯੋਗ ਸੀ।
ਇਸੇ ਤਰ੍ਹਾਂ ‘ਅਜੋਕਾ ਥੀਏਟਰ’ ਪਾਕਿਸਤਾਨ ਤੋਂ ਆਈ ਮਦੀਹਾ ਗੌਹਰ ਨੇ ਵੀ ਭਾਰਤ-ਪਾਕਿ ਵੰਡ ਦੀ 70 ਸਾਲਾ ਵਰ੍ਹੇ ਗੰਢ ‘ਤੇ ਉਸ ਵੇਲੇ ਦੀਆਂ ਘਟਨਾਵਾਂ ‘ਤੇ ਹੀ ਨਾਟਕ ਖੇਡ ਕੇ ਉਹੀ ਪੁਰਾਣੇ ਰਾਗ ਅਲਾਪੇ, ਜਿਸ ਨੂੰ ਕਿ ਬੱਚਾ-ਬੱਚਾ ਜਾਣਦਾ ਹੈ। ਵਾਰ-ਵਾਰ ਉਹੀ ਗੱਲਾਂ ਦੁਹਰਾਉਣ ਦਾ ਕੀ ਫਾਇਦਾ। ਉਹ ਇਕ ਬੀਤਿਆ ਹੋਇਆ ਕੱਲ੍ਹ ਹੈ। ਉਸ ਸਮੇਂ ਜੋ ਹਾਲਾਤ ਸੀ, ਉਹ ਕਿਸੇ ਦੇ ਵੱਸ ਵਿਚ ਨਹੀਂ ਸਨ। ਪ੍ਰਸਿੱਧ ਕਹਾਣੀਕਾਰ ਮੰਟੋ ਦੁਆਰਾ ਹਿੰਦ-ਪਾਕਿ ਵੰਡ ਸਮੇਂ ਹੋਏ ਦੰਗਿਆਂ ‘ਤੇ ਅਧਾਰਿਤ ਲਿਖੀ ਇਕ ਘਟਨਾ “ਠੰਡਾ ਗੋਸ਼ਤ” ਨੂੰ ਅੱਜ ਦੀ ਤਾਰੀਖ਼ ਵਿਚ ਨਾਟਕ ਰਾਹੀਂ ਵਿਖਾਉਣ ਦਾ ਕੋਈ ਤੁੱਕ ਨਹੀਂ ਬਣਦਾ, ਜਿਸ ਵਿਚ ਇਕ ਵਿਅਕਤੀ ਮਰੀ ਹੋਈ ਔਰਤ ਨਾਲ ਸੰਭੋਗ ਜਾਂ ਕਹਿ ਲਓ ਬਲਾਤਕਾਰ ਕਰਦਾ ਹੈ ਤੇ ਆਪ ਨਪੁੰਸਕ ਬਣ ਜਾਂਦਾ ਹੈ। ਕੀ ਸੁਨੇਹਾ ਹੈ ਅੱਜ ਦੇ ਸਮਾਜ ਲਈ ਇਸ ਵਿਚ ? ਇਸੇ ਤਰ੍ਹਾਂ ਪਿੱਛੇ ਜਿਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵੀ ਗੁਲਜ਼ਾਰ ਸਾਹਿਬ ਦੀਆਂ ਭਾਰਤ-ਪਾਕਿ ਵੰਡ ਨਾਲ ਸਬੰਧਤ ਕਹਾਣੀਆਂ ਦਾ ਨਾਟਕੀ ਰੁਪਾਂਤਰ ਪੇਸ਼ ਕੀਤਾ ਗਿਆ, ਜਿੱਥੇ ਗੁਲਜ਼ਾਰ ਸਾਹਿਬ ਆਪ ਵੀ ਹਾਜ਼ਰ ਸਨ।
ਮੈਂ ਸਮਝਦਾ ਹਾਂ ਕਿ ਹਿੰਦ-ਪਾਕ ਵੰਡ ਸਮੇਂ ਜੋ ਵਾਪਰਿਆ, ਉਹ ਘਟਨਾਵਾਂ ਜਾਂ ਦੁਰਘਟਨਾਵਾਂ ਸਨ ਨਾ ਕਿ ਕਹਾਣੀਆਂ। ਵੰਡ ਵੇਲੇ ਵਹਿਸ਼ੀ ਅਤੇ ਮੌਕਾਪ੍ਰਸਤ ਇਨਸਾਨਾਂ ਵੱਲੋਂ ਕੀਤੀਆਂ ਕੋਝੀਆਂ ਅਤੇ ਕਾਲੀਆਂ ਕਰਤੂਤਾਂ ਜਿਹੇ ਦੁਖਾਂਤਾਂ ਨੂੰ ਸਟੇਜ ਰੂਪੀ ਦੁਕਾਨਾਂ ਬਣਾ ਕੇ ਆਪਾਂ ਜ਼ਖਮਾਂ ਨੂੰ ਕੁਰੇਦਣਾ ਬੰਦ ਕਰੀਏ ਅਤੇ ਅਜੋਕੇ ਸਮਿਆਂ ਦੇ ਹਾਣ ਦੀ ਕੋਈ ਗੱਲ ਕਰੀਏ।
ਅਜਿਹਾ ਨਹੀਂ ਕਿ ਹਰ ਪੁਰਾਣੀ ਕਹਾਣੀ ਇੱਕੋ ਜਿਹੀ ਹੈ। ਕਈ ਸੂਝਵਾਨ ਲੇਖਕਾਂ ਵੱਲੋਂ ਲਿਖੀਆਂ ਗਈਆਂ ਪੁਰਾਤਨ ਕਹਾਣੀਆਂ ਜਾਂ ਨਾਟਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਅੱਜ ਵੀ ਦਰਸ਼ਕਾਂ ਸਾਹਮਣੇ ਖੇਡਣ ‘ਤੇ ਉਹ ਅਜੋਕੇ ਸਮਾਜ ਦਾ ਹਿੱਸਾ ਹੀ ਲੱਗਦੇ ਹਨ। ਅੱਜ ਦੇ ਕੁਝ ਲੇਖਕ ਵੀ ਅਜਿਹੀਆਂ ਰਚਨਾਤਮਕ ਕਹਾਣੀਆਂ ਜਾਂ ਨਾਟਕ ਲਿਖ ਰਹੇ ਹਨ, ਜੋ ਅੱਜ ਦੇ ਸਮਾਜ ਦਾ ਹਿੱਸਾ ਤਾਂ ਹੈ ਹੀ ਪਰ ਇਹ ਆਉਣ ਵਾਲੀਆ ਪੀੜੀਆਂ ਤੱਕ ਵੀ ਇਸੇ ਤਰ੍ਹਾਂ ਕਾਰਗਰ ਸਿੱਧ ਹੋਣਗੇ। ਉਦਾਹਰਨ ਵਜੋਂ ਕੁਝ ਲੇਖਕਾਂ ਜਾਂ ਉਨ੍ਹਾਂ ਦੀਆ ਰਚਨਾਵਾਂ ਜਾਂ ਉਨ੍ਹਾਂ ਨੂੰ ਨਾਟਕ ਰਾਹੀਂ ਪੇਸ਼ ਕਰਨ ਵਾਲਿਆਂ ਦੇ ਨਾਂਅ ਪੇਸ਼ ਕਰ ਰਿਹਾ ਹਾਂ ਜਿਵੇਂ ਸ਼ਿਵ ਦਾ ਕਾਵਿ ਨਾਟਕ ‘ਲੂਣਾ’, ਬਲਵੰਤ ਗਾਰਗੀ ਦੇ ਨਾਟਕ ‘ਕਣਕ ਦੀ ਬੱਲੀ’ ਅਤੇ ‘ਲੋਹਾ ਕੁੱਟ’, ਜਗਦੀਸ਼ ਸਚਦੇਵਾ ਦੇ ਨਾਟਕ ‘ਸ਼ੂਗਰ ਫ੍ਰੀ’ ਅਤੇ ‘ਸਾਵੀ’ ਤੋਂ ਇਲਾਵਾ ਉਨ੍ਹਾਂ ਦੇ ਦੋ ਨਾਟਕ ‘ਟਰੇਨ ਟੂ ਪਾਕਿਸਤਾਨ’ (ਖੁਸ਼ਵੰਤ ਸਿੰਘ ਦੇ ਨਾਵਲ ‘ਤੇ ਅਧਾਰਿਤ) ਅਤੇ ‘ਇਸ ਜਗ੍ਹਾ ਇਕ ਪਿੰਡ ਸੀ’ (ਕਰਤਾਰ ਸਿੰਘ ਦੁੱਗਲ ਦੀ ਕਹਾਣੀ ‘ਤੇ ਅਧਾਰਿਤ) ਮੁਲਕ ਵੰਡ ਦਾ ਵਿਸ਼ੇ ਹੁੰਦਿਆਂ ਹੋਏ ਵੀ ਸਾਕਾਰਤਮਕ ਦ੍ਰਿਸ਼ਟੀ ਨੂੰ ਦਰਸਾਉਂਦੇ ਹਨ ਕਿ ਉਸ ਸਮੇ ਕਈਆਂ ਲੋਕਾਂ ਨੇ ਕੱਟੜਪੰਥੀ ਤੋਂ ਉਪਰ ਉਠ ਕੇ ਭਾਈਚਾਰਕ ਸਾਂਝ ਨਿਭਾਉਂਦਿਆਂ ਆਪਣੀਆਂ ਜਾਨਾਂ ਵੀ ਦਾਅ ‘ਤੇ ਲਗਾ ਦਿੱਤੀਆਂ। ਦੁੱਗਲ ਦੀ ਕਹਾਣੀ ਵਿਚ ਸਚਦੇਵਾ ਮੁਸਲਮਾਨ ਮਹਿਤਾਬ ਅਲੀ ਦੀ ਬੀਵੀ ਦੀ ਗੁਜਾਰਿਸ਼ ‘ਤੇ ਗੁਰੂਦੁਆਰੇ ਵਿਚ ਮਹਿਤਾਬ ਅਲੀ ਦੇ ਅੰਤਿਮ ਸੰਸਕਾਰ ਵਾਲਾ ਦ੍ਰਿਸ਼ ਕੋਲੋਂ ਜੋੜ ਕੇ ਦੁੱਗਲ ਦੀ ਕਹਾਣੀ ਨੂੰ ਨਵੇਂ ਅਯਾਮ ਦਿੰਦਾ ਹੈ ਅਤੇ ਰੁਪਾਂਤਰਕਾਰ ਦਾ ਧਰਮ ਵੀ ਨਿਭਾਉਂਦਾ ਪ੍ਰਤੀਤ ਹੁੰਦਾ ਹੈ। ਇਸੇ ਤਰ੍ਹਾਂ ਪ੍ਰੋਫੈਸਰ ਆਤਮਜੀਤ ਜਦੋਂ ਮੰਟੋ ਦੀ ਕਹਾਣੇ “ਟੋਬਾ ਟੇਕ ਸਿੰਘ” ‘ਤੇ ਨਾਟਕ ਬਣਾਉਂਦਾ ਹੈ ਤਾਂ ਕਹਾਣੀਕਾਰ ਤੋਂ ਵੀ ਬਹੁਤ ਅਗਾਂਹ ਨਿਕਲਦਾ ਪ੍ਰਤੀਤ ਹੁੰਦਾ ਹੈ, ਇਸ ਤੋਂ ਇਲਾਵਾ ਉਨ੍ਹਾਂ ਦੇ ਹੀ ਨਾਟਕ “ਕੈਂਪਲੂਸ ਦੀਆਂ ਮੱਛੀਆਂ” ਅਤੇ “ਮੈ ਤਾਂ ਇਕ ਸਾਰੰਗੀ ਹਾਂ” ਵੀ ਅਜੋਕੇ ਸਮੇ ਦੇ ਹਾਣੀ ਹਨ। ਇਸੇ ਤਰ੍ਹਾਂ ਪਾਲੀ ਭੁਪਿੰਦਰ ਦੇ ਨਾਟਕ ‘ਪਿਆਸਾ ਕਾਂ’, ‘ਦਿੱਲੀ ਸੜਕ ‘ਤੇ ਇਕ ਹਾਦਸਾ’ ਅਤੇ ‘ਆਰ. ਐਸ. ਵੀ .ਪੀ.’ ਆਦਿ, ਅਦਾਕਾਰ ਗੁਰਚੇਤ ਚਿੱਤਰਕਾਰ ਦੁਆਰਾ ਵਾਰ-ਵਾਰ ਖੇਡੇ ਜਾਂਦੇ ਨਾਟਕ ‘ਅਸੀਂ ਸੱਚ ਬੋਲਾਂਗੇ’, ‘ਸਾਡਾ ਬਾਪੂ ਵਿਕਾਊ’ ਅਤੇ ‘ਰੱਬ ਤੂੰ ਅਸਤੀਫ਼ਾ’। ਇਸੇ ਤਰ੍ਹਾਂ ਰਾਣਾ ਰਣਬੀਰ ਦੁਆਰਾ ਪਾਸ਼ ਦੀ ਸ਼ਾਇਰੀ ‘ਤੇ ਖੇਡਿਆ ਨਾਟਕ “ਖੇਤਾਂ ਦਾ ਪੁੱਤ” ਤੋਂ ਇਲਾਵਾ ‘ਡਮਰੂ’, ‘ਤਾਰੁਫ਼’, ‘ਅੱਧ ਚਾਨਣੀ ਰਾਤ’ ਅਤੇ ‘ਭਾਬੀ ਮੈਨਾ’ ਆਦਿ ਸਮਾਜਿਕ ਕੁਰੀਤੀਆਂ ਉਪਰ ਵਿਅੰਗ ਕੱਸਦੇ ਨਾਟਕ ਇੱਕੋ ਵੇਲੇ ਕਈ ਸੰਦੇਸ਼ ਦੇ ਕੇ ਸਮਾਜ ਵਿਚ ਜਾਗ੍ਰਤੀ ਲਿਆਉਣ ਦੀ ਕੋਸ਼ਿਸ਼ ਕਰਦੇ ਹਨ।
ਹੁਣ ਜੇ ਗੱਲ ਕਰੀਏ ਲਘੂ ਫ਼ਿਲਮਾਂ ਦੀ ਤਾਂ Àੁੱਥੇ ਵੀ ਇਹੋ ਹਾਲ ਹੈ, ਅਸੀਂ ਕਿਸੇ ਵੀ ਪੁਰਾਣੇ ਲੇਖਕ ਦੀ ਲਿਖੀ ਕਹਾਣੀ ਨੂੰ ਲੈ ਕੇ ਸ਼ੋਰਟ ਫ਼ਿਲਮ ਬਣਾਉਣ ਲੱਗ ਪੈਂਦੇ ਹਾਂ, ਕਿਉਂ ਕਿ ਸਾਨੂੰ ਲੱਗਦਾ ਹੈ ਕਿ ਇਹ ਲੇਖਕ ਅਤੇ ਇਸ ਦੀ ਕਹਾਣੀ ਪਹਿਲਾਂ ਤੋਂ ਹੀ ਮਸ਼ਹੂਰ ਹਨ, ਇਸ ਨੂੰ ਕੈਸ਼ ਕੀਤਾ ਜਾ ਸਕਦਾ ਹੈ, ਅਜਿਹੇ ‘ਚ ਇਸ ‘ਤੇ ਫ਼ਿਲਮ ਬਣ ਜਾਵੇ ਤਾਂ ਇੰਟਰਨੈਸ਼ਨਲ ਐਵਾਰਡ ਜ਼ਰੂਰ ਲੈ ਕੇ ਆਏਗੀ। ਭਾਵੇਂ ਕਿ ਉਸ ਕਹਾਣੀ ਰਾਹੀਂ ਅੱਜ ਦੇ ਪੰਜਾਬ ਅਤੇ ਭਾਰਤ ਦਾ ਨੈਗੇਟਿਵ ਪੱਖ ਹੀ ਨਜ਼ਰ ਕਿਉਂ ਨਾ ਆਉਂਦਾ ਹੋਵੇ। ਪੁਰਾਤਨ ਸਮੇਂ ਦੇ ਪਛੜੇ ਹੋਏ ਅਨਪੜ੍ਹਤਾ ਵਾਲੇ ਮਾਹੌਲ ਵਿੱਚੋਂ ਉਤਪੰਨ ਹੋਈਆਂ ਕਹਾਣੀਆਂ-ਕਿੱਸੇ ਜ਼ਰੂਰੀ ਨਹੀਂ ਕਿ ਅੱਜ ਦੇ ਬਦਲੇ ਹੋਏ ਯੁੱਗ ਦਾ ਹਿੱਸਾ ਹੋਣ ਅਤੇ ਅਜਿਹੇ ਵਿਸ਼ਿਆਂ ‘ਤੇ ਕਲਾ/ਲਘੂ ਫ਼ਿਲਮਾਂ ਬਣਾ ਕੇ ਅਸੀਂ ਐਵਾਰਡ ਤਾਂ ਹਾਸਲ ਕਰ ਲੈਂਦੇ ਹਾਂ ਪਰ ਘਰ ਦੀ ਇੱਜ਼ਤ ਨੂੰ ਦਾਅ ‘ਤੇ ਲਾ ਕੇ! ਪਿਛਲੇ ਸਮੇਂ ਦੌਰਾਨ ਅਜਿਹੀਆਂ ਹੀ ਕੁਝ ਫ਼ਿਲਮਾਂ ਵੇਖਣ ਨੂੰ ਮਿਲੀਆਂ ਸਨ। ਲੋੜ ਹੈ ਅਗਾਂਹ-ਵਧੂ ਸੋਚ ਅਪਣਾ ਕੇ ਸਾਕਾਰਤਮਕ ਅਤੇ ਅੱਜ ਦੇ ਸਮਾਜਿਕ ਹਲਾਤਾਂ ਨੂੰ ਮੱਦੇ-ਨਜ਼ਰ ਰੱਖਦਿਆਂ ਸਲਾਹੁਣਯੋਗ ਸੰਦੇਸ਼ਮਈ ਫ਼ਿਲਮਾਂ ਬਣਾਉੇਣ ਦੀ।
ਮੁੱਕਦੀ ਗੱਲ ਇਹ ਕਿ ਨਾਟਕ ਹੋਣ ਚਾਹੇ ਲਘੂ ਫ਼ਿਲਮਾਂ, ਸਬਜੈਕਟ ਰਚਨਾਤਮਕ ਹੋਣਾ ਚਾਹੀਦਾ ਹੈ। ਸਾਨੂੰ ਲਕੀਰ ਦੇ ਫ਼ਕੀਰ ਨਾ ਬਣਦੇ ਹੋਏ ਅਜਿਹੇ ਨਾਟਕਾਂ ਜਾਂ ਫ਼ਿਲਮਾਂ ‘ਤੇ ਕੰਮ ਕਰਨਾ ਚਾਹੀਦਾ ਹੈ, ਜਿਨ੍ਹਾਂ ਦਾ ਸਬੰਧ ਅੱਜ ਦੇ ਸਮਾਜ ਨਾਲ ਸਿੱਧੇ ਤੌਰ ‘ਤੇ ਜੁੜਿਆ ਹੋਵੇ ਅਤੇ ਜੋ ਅੱਜ ਦੇ ਤਰੱਕੀਸ਼ੁਦਾ ਸਮਾਜ ਦੇ ਹਾਣ ਦਾ ਹੋਵੇ, ਉਦਾਹਰਨ ਵਜੋਂ ਰਿਸ਼ਵਤਖੋਰੀ, ਗੈਂਗਰੇਪ, ਸਮਾਜਿਕ ਰਿਸ਼ਤਿਆਂ ਵਿਚ ਸਮੇਂ ਦੀ ਘਾਟ ਕਾਰਨ ਵਧੀਆਂ ਦੂਰੀਆਂ, ਔਰਤਾਂ ਦਾ ਪ੍ਰਾਈਵੇਟ ਅਦਾਰਿਆਂ ਵਿਚ ਸ਼ੋਸ਼ਣ, ਮਾੜੀ ਸਿਆਸਤ ‘ਤੇ ਉਸ ਦਾ ਪ੍ਰਭਾਵ ਪ੍ਰਤੀ ਸੰਦੇਸ਼ ਦਿੰਦੀਆਂ ਫ਼ਿਲਮਾਂ ਜਾਂ ਨਾਟਕ, ਡਾਕਟਰੀ ਅਤੇ ਵਕਾਲਤ ਵਰਗੇ ਪੇਸ਼ਿਆਂ ਵਿਚ ਆਈ ਗਿਰਾਵਟ ਜਿੱਥੇ ਆਮ ਲੋਕਾਂ ਦਾ ਸ਼ੋਸ਼ਣ ਹੁੰਦਾ ਹੈ, ਜਿਹੇ ਹਜ਼ਾਰਾਂ ਹੋਰ ਵੀ ਵਿਸ਼ੇ ਹਨ, ਜਾਂ ਰੋਜਮਰ੍ਹਾ ਜ਼ਿੰਦਗੀ ਵਿਚ ਵਾਪਰਦੀਆਂ ਘਟਨਾਵਾਂ-ਕਿੱਸੇ, ਜਿਨ੍ਹਾਂ ਨੂੰ ਅਸੀਂ ਨਾਟਕਾਂ ਜਾਂ ਲਘੂ ਫ਼ਿਲਮਾਂ ਰਾਹੀਂ ਪੇਸ਼ ਕਰਕੇ ਸਮਾਜ ਨੂੰ ਕੋਈ ਉਸਾਰੂ ਸੰਦੇਸ਼ ਦੇ ਸਕਦੇ ਹਾਂ, ਕਿਉਂ ਅਸੀਂ ਪੁਰਾਣੀਆਂ ਬੇਤੁੱਕੀਆਂ ਕਹਾਣੀਆਂ, ਕਿੱਸਿਆਂ ਨੂੰ ਅੱਜ ਵੀ ਦਰਸ਼ਕਾਂ ਅੱਗੇ ਹੂ-ਬ-ਹੂ ਠੋਸਦੇ ਪਏ ਹਾਂ, ਉਹ ਵੀ ਜ਼ਬਰੀ! ਲੋੜ ਹੈ ਕੁਝ ਵਿਚਾਰਣ ਦੀ ?

-ਦਲਜੀਤ ਸਿੰਘ ਅਰੋੜਾ
# 98145-93858

Comments & Suggestions

Comments & Suggestions

Leave a Reply

Your email address will not be published. Required fields are marked *

Enter Code *