ਅਧੂਰਾ ਅਤੇ ਗੁੰਮਰਾਹਕੁੰਨ ਹੋਵੇਗਾ ਪੀ.ਟੀ.ਸੀ ਪੰਜਾਬੀ ਫ਼ਿਲਮ ਐਵਾਰਡ 2019! (ਨੋਮੀਨੇਸ਼ਨ ਸਮੀਖਿਆ)

By  |  0 Comments

ਪੱਖਪਾਤੀ, ਅਣਗਹਿਲੀ, ਗੈਰ ਪੇਸ਼ੇਵਰ, ਸਮਝੋਤਾ ਭਰਪੂਰ ਅਤੇ
ਅਣਗੋਲੀਆਂ ਗਈਆਂ ਦਿਸ ਰਹੀਆਂ ਹਨ ਪੀ.ਟੀ.ਸੀ ਫ਼ਿਲਮ ਐਵਾਰਡ ਦੀਆਂ ਕੁੱਝ ਨੋਮੀਨੇਸ਼ਨਸ। ਫ਼ਿਲਮ ਗੀਤਕਾਰਾਂ ਦੀ ਕੈਟਾਗਰੀ ਹੀ ਕੀਤੀ ਅਲੋਪ!

ਪਾਲੀਵੁੱਡ ਦੀ ਆਵਾਜ਼ ਮੰਨਿਆ ਜਾਣ ਵਾਲਾ ਪੰਜਾਬੀ ਸਕਰੀਨ ਮੈਗਜ਼ੀਨ ਅਦਾਰਾ ਪਿਛਲੇ 10 ਸਾਲਾਂ ਤੋਂ ਪੰਜਾਬੀ ਸਿਨੇਮਾ ਦੀ ਹਰ ਗਤੀਵਿਧੀ ਤੇ ਨਜ਼ਰ ਰੱਖਦਾ ਹੋਇਆ ਹਮੇਸ਼ਾ ਇਸ ਦੀ ਅਸਲ ਤਸਵੀਰ ਲੋਕਾਂ ਸਾਹਮਣੇ ਰੱਖਣ ਦੀ ਬੇਝਿਜਕ ਕੋਸ਼ਿਸ਼ ਕਰਦਾ ਆਇਆ ਹੈ ਅਤੇ ਇਸੇ ਲੜੀ ਤਹਿਤ ਅੱਜ ਅਸੀਂ ਇਕ ਸਮੀਖਿਅਕ ਗੱਲ ਕਰ ਰਹੇ ਹਾਂ 16 ਮਾਰਚ ਨੂੰ ਹੋਣ ਜਾ ਰਹੇ ਪੀ.ਟੀ.ਸੀ ਪੰਜਾਬੀ ਫ਼ਿਲਮ ਐਵਾਰਡ ਦੀਆਂ ਅਨਾਉਂਸ ਹੋਈਆਂ ਨੋਮੀਨੇਸ਼ਨਸ ਬਾਰੇ।

ਪਹਿਲੀ ਗੱਲ ਤਾਂ ਇਹ ਕਿ ਪੀ.ਟੀ.ਸੀ ਦਾ ਇਹ ਐਵਾਰਡ ਉਪਰਾਲਾ ਹੈ ਤਾਂ ਸਲਾਹਣਯੋਗ ਕਿ ਫ਼ਿਲਮ ਮੇਕਰਾਂ ਅਤੇ ਕਲਾਕਾਰਾਂ ਨੂੰ ਉਨ੍ਹਾਂ ਦੇ ਕੰਮ ਅਤੇ ਕਾਬਲੀਅਤ ਬਦਲੇ ਬਣਦੇ ਮਾਣ-ਸਨਮਾਨ ਨਾਲ ਉਨ੍ਹਾਂ ਦੀ ਹੌਸਲਾ ਅਫ਼ਜਾਈ ਕਰਨਾ, ਜੋ ਕਿ ਪੀ.ਟੀ.ਸੀ ਅਦਾਰਾ ਬੜੀ ਮੇਹਨਤ ਨਾਲ ਬਾਖੁਬੀ ਕਰਦਾ ਆ ਰਿਹਾ ਹੈ।

ਇਹ ਨਹੀਂ ਕਿ ਇਸ ਐਵਾਰਡ ਦੀਆਂ ਸਾਰੀਆਂ ਨੋਮੀਨੇਸ਼ਨਸ ਸਹੀ ਨਹੀਂ ਪਰ ਜਦੋਂ ਫ਼ਿਲਮ ਮੇਕਰਾਂ, ਕਲਾਕਾਰਾਂ ਅਤੇ ਟੀਮ ਦੇ ਹੋਰ ਮੈਬਰਾਂ ਨਾਲ ਕਿਸੇ ਵੀ ਕਾਰਨ ਅਜਿਹੇ ਐਵਾਰਡ ਸਮਾਰੋਹਾਂ ਵਿਚ ਕੋਈ ਪੱਖਪਾਤ, ਬੇਇਨਸਾਫੀ, ਉਨ੍ਹਾਂ ਦੇ ਬਣਦੇ ਹੱਕ ਖੁੱਸਣ ਦੀ ਗੱਲ ਜਾਂ ਕੋਈ ਲੁੱਕਿਆ ਸਮਝੋਤਾ ਨਜ਼ਰ ਆਉਂਦਾ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਬਤੌਰ ਪੰਜਾਬੀ ਸਿਨੇਮਾ ਪ੍ਰਤੀਨਿਧ ਨਿਰਪੱਖ ਨੁਮਾਇੰਦਗੀ ਕਰਦੇ ਹੋਏ ਆਪਣੇ ਪ੍ਰਿੰਟ ਅਤੇ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਨਜ਼ਰੀਏ ਨਾਲ ਲੋਕਾਂ ਸਾਹਮਣੇ ਸੱਚਾਈ ਪੇਸ਼ ਕਰੀਏ ਤਾਂ ਜੋ ਅੱਗੇ ਤੋਂ ਕੋਈ ਸੁਧਾਰ ਹੋ ਸਕੇ।

ਹੁਣ ਗੱਲ ਥੋੜੀ ਵਿਸਥਾਰ ਨਾਲ ਕਿ ਪਿਛਲੇ ਸਾਲ ਰਿਲੀਜ਼ ਹੋਈਆਂ 50 ਪੰਜਾਬੀ ਫਿਲਮਾਂ ਚੋਂ 18 ਫ਼ਿਲਮਾਂ ਜਿਨ੍ਹਾਂ ਵਿਚੋਂ ਦੋ ਵੱਡੇ ਪਰਦੇ ਦੀਆਂ ਧਾਰਮਿਕ/ਇਤਹਾਸਕ ਐਨੀਮੇਟਡ ਫ਼ਿਲਮਾਂ ਵੀ ਸਨ, ਸਭ ਨੂੰ ਕਿਸੇ ਵੀ ਕੈਟਾਗਰੀ ਵਿਚ ਸ਼ਾਮਲ ਨਹੀਂ ਕੀਤਾ ਗਿਆ। ਜੇ ਇਹ ਫ਼ਿਲਮਾਂ ਜਿਊਰੀ ਕੋਲ ਆਈਆਂ ਹੀ ਨਾ ਹੋਣ ਤਾਂ ਵੱਖਰੀ ਗੱਲ ਹੈ ਅਤੇ ਜੇ ਪੀ.ਟੀ.ਸੀ ਨੇ ਜਿਊਰੀ ਤੱਕ ਫ਼ਿਲਮਾਂ ਨਾ ਪਹੁੰਚਾਈਆਂ ਹੋਣ ਤਾਂ ਪੀ.ਟੀ.ਸੀ ਪੂਰੀ ਤਰਾਂ ਕਸੂਰਵਾਰ ਹੈ, ਪਰ ਜੇ ਜਿਊਰੀ ਕੋਲ ਆਉਣ ਤੋਂ ਬਾਅਦ ਇਹ ਫ਼ਿਲਮਾਂ ਕਿਸੇ ਵੀ ਕੈਟਾਗਰੀ ਵਿਚ ਸ਼ਾਮਲ ਨਹੀ ਹੋਈਆਂ ਤਾਂ ਸਮਝ ਲਵੋ ਕਿ ਜਿਊਰੀ ਮੁਤਾਬਕ ਇੰਨਾਂ ਵਿਚ ਕੁਝ ਵੀ ਠੀਕ ਨਹੀ! ਅਸੀ ਉਨ੍ਹਾਂ 18 ਫ਼ਿਲਮਾਂ ਦੀ ਲਿਸਟ ਵੀ ਲਿਖ ਰਹੇ ਹਾਂ ਤਾਂ ਜੋ ਤੁਸੀ ਵੀ ਵੇਖ/ਸਮਝ ਸਕੋ ਕਿ ਵਾਕਿਆ ਹੀ ਇਹ ਫ਼ਿਲਮਾਂ ਬੇਕਾਰ ਸਨ?

ਹੁਣ ਜੇ ਪੀ.ਟੀ.ਸੀ ਕੋਈ ਬਹਾਨਾ ਲਗਾਏ ਤਾਂ ਸਮਝੋ ਇਹ ਐਵਾਰਡ ਬੇ-ਮਤਲਬੇ ਅਤੇ ਪੰਜਾਬੀ ਸਿਨੇਮਾਂ ਦੇ ਐਵਾਰਡ-ਇਤਹਾਸ ਰਚੇ ਜਾਣ ਵਿਚ ਸਿਨੇਮਾ ਇਤਹਾਸਕਾਰਾਂ ਨੂੰ ਗੁਮਰਾਹ ਕਰਨ ਜਾਂ ਇਤਹਾਸ ਨੂੰ ਖਰਾਬ ਕਰਨ ਤੁੱਲ ਵੀ ਕਹਿਣ ਵਿਚ ਕੋਈ ਹਰਜ਼ ਨਹੀਂ।

ਇਸ ਵਾਰ ਪੀ.ਟੀ.ਸੀ ਵਲੋਂ ਫ਼ਿਲਮ ਗੀਤਕਾਰਾਂ ਦੀ ਕੈਟਾਗਰੀ ਨੂੰ ਅਲੋਪ ਹੀ ਕਰ ਦੇਣਾ ਉਨ੍ਹਾਂ ਨਾਲ ਕਿੰਨੀ ਵੱਡੀ ਬੇਇਨਸਾਫੀ ਹੈ ਜਿੰਨ੍ਹਾਂ ਦੇ ਸਿਰ ਤੇ ਹਰ ਫ਼ਿਲਮ ਦਾ ਸੰਗੀਤ ਖੜਾ ਹੈ। ਜੇ ਗੀਤਕਾਰ ਨਹੀਂ ਤਾਂ ਸੰਗੀਤ ਨਾਲ ਜੁੜੀਆਂ ਬਾਕੀ ਕੈਟਾਗਰੀਆਂ ਦਾ ਕੋਈ ਤੁੱਕ ਨਹੀਂ ਬਣਦਾ। ਇਸ ਤੋਂ ਇਲਾਵਾ ਇਕ ਹੋਰ ਵਿਸ਼ੇਸ਼ “ਬੈਸਟ ਫ਼ਿਲਮ ਐਡੀਟਰ” ਕੈਟਾਗਰੀ ਵੀ ਨਹੀਂ ਹੈ ਇਸ ਵਾਰ!

ਹੁਣ ਜੇ ਜਿਊਰੀ ਚਰਚਿਤ ਜਾਂ ਇਤਹਾਸਕ ਫ਼ਿਲਮਾਂ ਦੀ ਨੋਮੀਨੇਸ਼ਨ ਬਾਰੇ ਗੱਲ ਕਰੇ ਤਾਂ “ਸੱਜਣ ਸਿੰਘ ਰੰਗਰੂਟ” ਲਈ ਨੋਮੀਨੇਸ਼ਨਸ ਦੇ ਗੱਫ਼ੇ ਅਤੇ ਉਸ ਦੇ ਬਰਾਬਰ ਆਈ ਗਿੱਪੀ ਗਰੇਵਾਲ ਦੀ ਇਤਹਾਸਕ ਫ਼ਿਲਮ “ਸੂਬੇਦਾਰ ਜੋਗਿੰਦਰ ਸਿੰਘ” ਸ਼ਾਮਲ ਹੀ ਨਹੀਂ ਕੀਤੀ ਗਈ, ਇਸ ਤੋਂ ਭੱਦਾ ਮਜ਼ਾਕ ਕੀ ਹੋ ਸਕਦਾ ਹੈ ਪੀ.ਟੀ.ਸੀ ਐਵਾਰਡ ਸਮਾਰੋਹ ਦਾ ਆਪਣੇ ਆਪ ਨਾਲ, ਫ਼ਿਲਮ ਮੇਕਰਾਂ, ਕਲਾਕਾਰਾਂ, ਟੈਕਨੀਸ਼ੀਅਨਸ ਅਤੇ ਫ਼ਿਲਮ ਨਾਲ ਜੁੜੇ ਹਰ ਵਿਅਕਤੀ ਨਾਲ।

ਦੂਜੀ ਗੱਲ ਕਿ ਜੇ ਜਿਊਰੀ ਫ਼ਿਲਮ ਹਿੱਟ-ਫਲਾਪ ਨੂੰ ਛੱਡ ਕੇ ਫ਼ਿਲਮ ਦੇ ਵਧੀਆ ਕੰਟੈਟ ਦੀ ਗੱਲ ਕਰੇ ਤਾਂ ਸੰਨ ਆਫ ਮਨਜੀਤ ਸਿੰਘ, ਸਲਿਊਟ ਅਤੇ ਨਨਕਾਣਾ ਵਰਗੀਆਂ ਫ਼ਿਲਮਾਂ ਕਿੱਥੇ ਸਟੈਂਡ ਕਰਦੀਆਂ ਹਨ ਜਾਂ ਫੇਰ ਕਹਿ ਲਵੋ ਕਿ ਜਿਊਰੀ ਕਿੱਥੇ ਸਟੈਂਡ ਕਰਦੀ ਹੈ ਅਤੇ ਜੇ ਅਜਿਹਾ ਹੀ ਹੈ ਤਾਂ ਪੰਜਾਬੀ ਸਿਨੇਮਾ ਵਿਚੋਂ ਸਾਰਥਿਕਤਾ ਉਡਾਉਣ ਲਈ ਵੀ ਅਸੀ ਆਪ ਹੀ ਜਿੰਮੇਵਾਰ ਹੋਵਾਂਗੇ। ਇੱਥੇ ਮੈਂ ਇਹ ਵੀ ਜ਼ਰੂਰ ਕਹਾਂਗਾ ਕਿ ਜਿਊਰੀ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਾਲ ਵਿਚ ਕੁੱਲ ਕਿੰਨੀਆਂ ਫ਼ਿਲਮਾਂ ਰਿਲੀਜ਼ ਹੋਈਆਂ ਤੇ ਕਿੰਨੀਆਂ ਕਿਹੜੇ ਕਿਹੜੇ ਪੱਖ ਤੋਂ ਵਧੀਆ ਸਨ?

ਪੀ.ਟੀ.ਸੀ ਕੋਲ ਤਾਂ ਸੋ ਬਹਾਨੇ ਹੋਣਗੇ ਪੱਲਾ ਝਾੜਣ ਦੇ, ਕਿ ਫ਼ਿਲਮ ਮਿਲੀ ਨਹੀ, ਨਿਰਮਾਤਾ ਨੇ ਭੇਜੀ ਨਹੀ, ਜਾਂ ਕਿਸੇ ਦੀ ਸਾਡੇ ਨਾਲ ਬਣਦੀ ਨਹੀ ਪਰ ਇਹ ਸਾਰੇ ਬਹਾਨੇ ਪਾਪੂਲਰ ਕਿਸਮ ਦੇ ਫ਼ਿਲਮ ਐਵਾਰਡਾਂ ਵਿਚ ਨਹੀ ਚਲਦੇ, ਜੇ ਤੁਸੀ ਕੁਝ ਮਿਸ ਕਰੋਗੇ ਤਾਂ ਸਮਝੋ ਆਪਣੇ ਐਵਾਰਡ ਸਮਾਰੋਹ ਦਾ ਆਪ ਹੀ ਮਜ਼ਾਕ ਬਣਾ ਰਹੇ ਹੋ ਅਤੇ ਇਹ ਐਵਾਰਡ ਡਰਾਮਾ ਰਚਨਾ ਸਿਰਫ ਆਪਣੇ ਸਪਾਂਸਰਸ ਰਾਹੀਂ ਮੋਟੀ ਕਮਾਈ ਕਰਨਾ ਹੈ।

ਇਸ ਤੋਂ ਇਲਾਵਾ ਕੁਝ ਹੋਰ ਵੀ ਵੱਡੇ ਕਲਾਕਾਰਾਂ ਦੀਆਂ ਚਰਚਿਤ ਫ਼ਿਲਮਾਂ ਦਾ ਖਾਤਾ ਹੀ ਨਹੀ ਖੁੱਲਿਆ ਜਿੰਨਾਂ ਵਿਚ ਬਣਜਾਰਾ, ਆਟੇ ਦੀ ਚਿੜੀ, ਖਿਦੋਖੁੰਡੀ ਤੇ ਐਕਸ਼ਨ ਫ਼ਿਲਮਾਂ ਚੋਂ ਦੇਵ ਖਰੋੜ ਦੀ “ਜਿੰਦੜੀ” ਦੇ ਨਾਮ ਮੁੱਖ ਤੌਰ ਸ਼ਾਮਲ ਹਨ।

ਹੁਣ ਜੇ ਨੋਮੀਨੇਟਡ ਕੈਟਾਗਰੀਆਂ ਦੀ ਗੱਲ ਕਰੀਏ ਤਾਂ ਉੱਥੇ ਵੀ ਅਣਜਾਣਪੁਣਾ ਜਾਂ ਅਣਗਹਿਲੀ ਨਜ਼ਰ ਆ ਰਹੀ ਹੈ। ਕਿਤੇ ਤਾਂ ਵਾਪਾਰਕ ਤੌਰ ਤੇ ਫਲਾਪ ਜਾਂ ਕੰਟੈਟ ਵਾਇਜ਼ ਬਹੁਤ ਹੀ ਕਮਜ਼ੋਰ ਫ਼ਿਲਮਾਂ ਨੂੰ ਇਕ-ਦੋ ਤੋਂ ਵੀ ਵੱਧ ਜਗਾ ਸ਼ਾਮਲ ਕੀਤਾ ਗਿਆ ਹੈ ਅਤੇ ਕਿਤੇ ਸੁੱਪਰ ਹਿੱਟ ਰਹੀ ਫ਼ਿਲਮ “ਮਿਸਟਰ ਐਂਡ ਮਿਸਜ਼ 420 ਰਿਟਰਨਜ਼” ਜਿਸ ਵਿਚ ਨਿਰਦੇਸ਼ਕ ਸਮੇਤ ਵੱਡੇ ਅਤੇ ਜਾਣੇ-ਪਛਾਣੇ ਚਿਹਰੇ ਸਨ, ਨੂੰ ਸਿਰਫ ਇਕ ਹੀ ਕੈਟਾਗਰੀ ਵਿਚ ਨੋਮੀਨੇਸ਼ਨ ਨਸੀਬ ਹੋਈ!

ਇਕ ਹੋਰ ਖੂਬਸੂਰਤ ਗਲਤੀ ਜਾਂ ਕੋਈ ਹੋਰ ਅਡਜਸਟਮੈਂਟ ਸਮਝ ਲਵੋ ਕਿ ਵਿਜੈ ਕੁਮਾਰ ਅਰੋੜਾ ਨੂੰ ਹਰਜੀਤਾ ਲਈ ਬੈਸਟ ਡੈਬਿਯੂ ਡਾਇਰੈਕਟਰ ਵਿਚ ਨੋਮੀਨੇਟ ਕੀਤਾ ਹੋਇਆ ਹੈ ਜਦਕਿ ਉਹ 2013 ‘ਚ “ਆਰ.ਐਸ.ਵੀ.ਪੀ” ਫ਼ਿਲਮ ਬਣਾ ਚੁੱਕਿਆ ਹੈ। ਹੋਰ ਕਿਸੇ ਦਾ ਤਾਂ ਪਤਾ ਨਹੀਂ ਪਰ ਇਹ ਗੱਲਾਂ ਘੱਟ ਤੋਂ ਘੱਟ ਪੰਜਾਬੀ ਸਕਰੀਨ ਅਦਾਰਾ ਤਾਂ ਨਹੀਂ ਭੁੱਲ ਸਕਦਾ।

ਅਹਿਜੀਆਂ ਪੱਖਪਾਤੀ, ਅਣਗਹਿਲੀ, ਗੈਰ ਪੇਸ਼ੇਵਰ ਅਤੇ ਸਮਝੋਤਾ ਭਰਪੂਰ ਨੋਮੀਨੇਸ਼ਨਸ ਤੋਂ ਸਪੱਸ਼ਟ ਹੈ ਕਿ ਜਿਊਰੀ ਖੁਦਮੁਖ਼ਤਿਆਰ ਨਾਲ ਹੋ ਕਿ ਪੀ.ਟੀ.ਸੀ ਅਧਿਕਾਰੀਆਂ ਦੇ ਪ੍ਰਭਾਵ ਹੇਠ ਹੈ ਅਤੇ ਅਜਿਹੀ ਹਾਲਤ ਵਿਚ 16 ਮਾਰਚ 2019 ਨੂੰ ਹੋਣ ਵਾਲਾ ਇਹ ਪੀ.ਟੀ.ਸੀ ਪੰਜਾਬੀ ਫ਼ਿਲਮ ਐਵਾਰਡ 2019 ਸੋਹਣਾ ਨਿਬੜ ਕੇ ਵੀ ਅਧੂਰਾ, ਗੁਮਰਾਹਕੁੰਨ ਅਤੇ ਨਿਰਾਸ਼ਾਜਨਕ ਰਹੇਗਾ।

ਪੀ.ਟੀ.ਸੀ ਪੰਜਾਬੀ ਫ਼ਿਲਮ ਐਵਾਰਡ 2019 ਦੀਆਂ ਨੋਮੀਨੇਸ਼ਨਸ ਤੋਂ ਬਾਹਰ ਰਹੀਆਂ ਫ਼ਿਲਮਾਂ!

ਸੂਬੇਦਾਰ ਜੋਗਿੰਦਰ ਸਿੰਘ, ਸਲਿਊਟ, ਸੰਨ ਆਫ਼ ਮਨਜੀਤ ਸਿੰਘ, ਨਨਕਾਣਾ, ਬਣਜਾਰਾ, ਖਿੱਦੋ-ਖੁੰਡੀ, ਆਟੇ ਦੀ ਚਿੜੀ, ਰਾਂਝਾ ਰਫਿਊਜੀ, ਦਿੱਲੀ ਤੋਂ ਲਾਹੌਰ, ਉਡੀਕ, ਜਿੰਦੜੀ, ਆਮ ਆਦਮੀ, ਰੱਬ ਰਾਖਾ, ਇਸ਼ਕ ਨਾ ਹੋਵੇ ਰੱਬਾ, ਚੰਨ ਤਾਰਾ, ਦਿਨ ਦਿਹਾੜੇ ਲੈਜਾਂਗੇ, (ਐਨੀਮੇਟਡ ਫ਼ਿਲਮਾਂ ਗੁਰੂ ਦਾ ਬੰਦਾ ਅਤੇ ਭਾਈ ਤਾਰੂ ਸਿੰਘ) ਬਾਕੀ ਜਿੰਨ੍ਹਾਂ ਨੂੰ ਇਸ ਐਵਾਰਡ ਵਿਚ ਨੋਮੀਨੇਸ਼ਨ ਮਿਲੀ ਹੈ ਉਨ੍ਹਾਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਐਵਾਰਡ ਪ੍ਰਾਪਤੀ ਲਈ ਪੰਜਾਬੀ ਸਕਰੀਨ ਅਦਾਰੇ ਵਲੋਂ ਅਗਾਊਂ ਸ਼ੁੱਭ ਇੱਛਾਵਾਂ, ਬਾਕੀ ਜਿਹੜੇ ਰਹਿ ਗਏ ਹਨ ਉਹ ਇਸ ਗੱਲ ਤੇ ਜੋਰ ਦੇਣ ਕਿ ਅਗਲੀ ਵਾਰ ਇਸ ਐਵਾਰਡ ਦੀ ਨੋਮੀਨੇਸ਼ਨ ਕਿਸ ਤਰਾਂ ਹਾਸਲ ਕਰਨੀ ਹੈ?

ਫ਼ਿਲਮਾਂ ਵਾਲੇ ਇਕ ਗੱਲ ਇਹ ਵੀ ਯਾਦ ਰੱਖਣ ਕਿ ਉਨ੍ਹਾਂ ਦੇ ਹਰ ਚੰਗੇ ਕੰਮ ਲਈ ਇਹ ਐਵਾਰਡ ਉਤਸ਼ਾਹ ਪੂਰਵਕ ਤਾਂ ਜ਼ਰੂਰ ਹਨ ਅਤੇ ਇੰਨ੍ਹਾਂ ਉੱਤੇ ਚੰਗੇ ਫ਼ਿਲਮ ਮੇਕਰਾਂ ‘ਤੇ ਨਾਲ ਜੁੜੇ ਬਾਕੀ ਲੋਕਾਂ ਦਾ ਹੱਕ ਵੀ ਬਣਦਾ ਹੈ ਪਰ ਫੇਰ ਵੀ ਇਹ ਲੋਕ ਆਪਣੇ ਆਪ ਨੂੰ ਇਨ੍ਹਾਂ ਐਵਾਰਡਾਂ ਦੇ ਮੋਹਥਾਜ ਨਾ ਸਮਝਣ, ਕਿਉਂਕਿ ਕਿ ਅਸਲ ਐਵਾਰਡ ਤਾਂ ਫ਼ਿਲਮ ਨਾਲ ਜੁੜਿਆ ਹਰ ਵਿਅਕਤੀ ਰੱਬ ਵਰਗੇ ਦਰਸ਼ਕਾਂ ਤੋ ਹੀ ਹਾਸਲ ਕਰਦਾ ਹੈ।

ਇਹੋ ਜਿਹੇ ਐਵਾਰਡਾਂ ਦਾ ਰੌਲਾ ਗੋਲਾ ਤਾਂ ਇੱਦਾਂ ਹੀ ਚਲਦਾ ਰਹਿਣਾ ਹੈ, ਕਿਉਂਕਿ ਇੰਨ੍ਹਾਂ ਵਿਚ ਆਯੋਜਕਾਂ ਦਾ ਵਪਾਰਕ ਪੱਖ ਵੀ ਅਕਸਰ ਹਾਵੀ ਹੋ ਜਾਂਦਾ ਹੈ ਇਸ ਲਈ ਇਮਾਨਦਾਰੀ ਨਾਲ ਆਪਣੇ ਪੇਸ਼ੇ ਨੂੰ ਸਮਰਪਿਤ ਹੋ ਕੇ ਆਪਣਾ ਕੰਮ ਕਰਦੇ ਰਹੋ।

ਪੰਜਾਬੀ ਸਿਨੇਮਾ ਜ਼ਿੰਦਾਬਾਦ!

-ਦਲਜੀਤ ਸਿੰਘ ਅਰੋੜਾ

Comments & Suggestions

Comments & Suggestions