ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਸਥਿਤੀ ਨਾ ਪੈਦਾ ਹੋਣ ਦਿੱਤੀ ਜਾਵੇ ਪੰਜਾਬੀ ਸਿਨੇਮਾ ਵਿਚ !

By  |  0 Comments

ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਗੱਲ ਪੰਜਾਬੀ ਸਿਨੇਮਾ ਨਾਲ ਇਸ ਲਈ ਜੋੜੀ ਹੈ ਕਿਉਂਕਿ ਪੰਜਾਬੀ ਸਿਨੇਮਾ ਉਸੇ ਦਿਸ਼ਾ ਵੱਲ ਜਾਂਦਾ ਦਿਸ ਰਿਹਾ ਹੈ।ਪਿਛਲੇ ਕੁਝ ਸਾਲਾਂ ਤੋਂ 45 ਤੋਂ 60 ਤੱਕ ਪੰਜਾਬੀ ਫਿਲਮਾਂ ਹਰ ਸਾਲ ਰਿਲੀਜ਼ ਹੁੰਦੀਆਂ ਆ ਰਹੀਆਂ ਹਨ ਅਤੇ ਜੇ ਕੋਰੋਨਾ ਜਿਹੀ ਮਾਹਾਮਾਰੀ ਨਾ ਆਉਂਦੀ ਤਾਂ 2020 ਵਿਚ ਵੀ ਫ਼ਿਲਮ ਤੇ ਫ਼ਿਲਮ ਚੜ੍ਹੀ ਹੋਣੀ ਸੀ, ਜਿਸ ਦੀ ਸ਼ੁਰੂਆਤ ਜਨਵਰੀ-ਫਰਵਰੀ ਵਿਚ ਹੋ ਚੁੱਕੀ ਸੀ।ਮਾਰਚ ਦੇ ਦੂਜੇ ਹਫਤੇ ਤੱਕ 11 ਫਿਲਮਾਂ ਆ ਗਈਆਂ ਅਤੇ 30-35 ਫਿਲਮਾਂ ਦੀ ਡੇਟ ਵੀ ਅਨਾਊਂਸ ਹੋ ਚੁੱਕੀ ਸੀ, ਜਿੰਨ੍ਹਾ ਚੋਂ ਕੁਝ ਤਾਂ ਰੈਡੀ ਟੂ ਰਿਲੀਜ਼ ਸਨ, ਕੁਝ ਸ਼ੂਟ ਹੋ ਚੁੱਕੀਆਂ ਸਨ ਅਤੇ ਕੁਝ ਦੀ ਸ਼ੂਟਿੰਗ ਚਲ ਰਹੀ ਸੀ।ਇਸ ਤੋਂ ਇਲਾਵਾ ਕੁਝ ਹੋਰ ਵੀ ਸਨ ਜਿੰਨਾਂ ਦੀ ਵਾਰੀ ਅੱਧ ਸਾਲ ਤੋਂ ਬਾਅਦ ਆਉਣੀ ਸੀ ਅਤੇ ਕੁਝ ਅਜਿਹੀਆਂ ਫ਼ਿਲਮਾਂ ਵੀ ਸਨ ਜੋ 2019 ਤੋਂ ਰਿਲੀਜ਼ ਦੇ ਮੌਕੇ ਦੀ ਭਾਲ ਵਿਚ ਸਨ, ਜਿੰਨਾਂ ਨੂੰ ਕਿ ਵੱਡੇ ਫ਼ਿਲਮੀ ਲੋਕ ਟਿਕਣ ਨਹੀਂ ਦਿੰਦੇ।ਹਰ ਸਾਲ 50-60 ਫਿਲਮਾਂ ਰਿਲੀਜ਼ ਹੋਣ ਦੇ ਬਾਅਦ ਵੀ ਕਈ ਫਿਲਮਾਂ ਰਿਲੀਜ਼ ਤੋਂ ਕਿਸੇ ਨਾ ਕਿਸੇ ਕਾਰਨ ਰਹਿ ਜਾਂਦੀਆਂ ਹਨ। ਇੰਨਾਂ ਬਣੀਆਂ ਫਿਲਮਾਂ ਦੀ ਗਿਣਤੀ ਵੀ 100 ਤੋਂ ਵੱਧ ਹੀ ਹੋਣੀ ਹੈ।
ਹੁਣ ਗੱਲ ਅਸਲ ਮੁੱਦੇ ਦੀ ਕਿ ਅਜਿਹੀ ਸਥਿਤੀ ਵਿਚ, ਚਲੋ ਰੁਕੀਆਂ ਫਿਲਮਾਂ ਨੂੰ ਪੂਰਾ ਕਰਨਾ ਤਾਂ ਠੀਕ ਹੈ ਪਰ ਕਾਹਲੀ-ਕਾਹਲੀ ਹੋਰ ਫਿਲਮਾਂ ਦਾ ਨਿਰਮਾਣ ਸਮਝ ਤੋਂ ਬਾਹਰ ਵਾਲੀ ਗੱਲ ਹੈ ਕਿਉਂਕਿ ਅਜੇ ਪੂਰੀ ਕਪੈਸਟੀ ਵਿਚ ਸਿਨੇਮਾ ਹਾਲ ਨਾ ਖੁੱਲ੍ਹਣ ਕਾਰਨ ਇਕ ਤਾਂ ਨਵੀਂ ਫ਼ਿਲਮ ਨਹੀਂ ਲੱਗ ਰਹੀ ਅਤੇ ਨਾ ਹੀ ਅਜੇ ਛੇਤੀ ਕੀਤੇ ਕੋਈ ਆਸ ਨਜ਼ਰ ਆ ਰਹੀ ਹੈ। ਅਜਿਹੇ ਹਾਲਾਤ ਦੇ ਚਲਦਿਆਂ ਕੋਈ ਬਿਲਕੁਲ ਨਵਾਂ ਬੰਦਾ ਤਾਂ ਸ਼ੌਂਕ ਸ਼ੌਂਕ ਨਾਲ ਜਾਂ ਕਿਸੇ ਦੇ ਕਹੇ ਕਹਾਏ ਜਾਂ ਵਰਗਲਾਏ ਫ਼ਿਲਮ ਸ਼ੁਰੂ ਕਰ ਸਕਦਾ ਹੈ ਪਰ ਇੱਥੇ ਤਾਂ ਉਨ੍ਹਾਂ ਨਿਰਮਾਣ ਘਰਾਂ ਵੱਲੋਂ ਨਵੀਆਂ ਫਿਲਮਾਂ ਦੀ ਸ਼ੁਰੂਆਤ ਕੀਤੀ ਗਈ ਜਾਂ ਫਿਲਮਾਂ ਦੀਆਂ ਰਿਲੀਜ਼ ਡੇਟਾਂ ਸਮੇਤ ਧੜਾਧੜ ਪੋਸਟਰ ਸੋਸ਼ਲ ਮੀਡੀਆ ਤੇ ਪਾਏ ਜਾ ਰਹੇ ਹਨ ਜਿਨ੍ਹਾਂ ਦੀਆਂ ਕਿ ਪਹਿਲਾਂ ਤੋਂ ਬਣਾਈਆਂ ਹੋਈਆਂ ਫ਼ਿਲਮਾਂ ਵੀ ਸਿਨੇਮਾ ਘਰ ਨਾ ਖੁੱਲ੍ਹਣ ਕਾਰਨ ਘਰੇ ਪਈਆਂ ਹਨ।ਇਹ ਉਹ ਫ਼ਿਲਮਾਂ ਹਨ ਜੋ 2020 ਵਿੱਚ ਲੱਗਣੀਆਂ ਸਨ।

ਹੈ ਨਾ ਹੈਰਾਨੀ ਵਾਲੀ ਗੱਲ !? ਜਾਂ ਇਹ ਕਹਿ ਲਵੋ ਕਿ ਇਹ ਕਿਹੋ ਜਿਹਾ ਵਪਾਰ ਹੋਇਆ ਜਿੱਥੇ ਪਹਿਲਾ ਬਣਿਆ ਸੌਦਾ ਅਜੇ ਘਰੇ ਪਿਆ ਹੋਵੇ ਅਤੇ ਨਵੇਂ ਦਾ ਸਟਾਕ ਇੱਕਠਾ ਕਰਨਾ ਫੇਰ ਸ਼ੁਰੂ ਕਰ ਦਿਓ! ਜੇ ਸੋਨੇ ਦਾ ਵਪਾਰ ਹੋਏ ਤਾਂ ਬੰਦਾ ਮੰਨ ਵੀ ਲਵੇ ਕਿ ਰੇਟ ਵਧ ਸਕਦਾ ਹੈ ਪਰ ਫ਼ਿਲਮਾਂ ਦੇ ਵਪਾਰ ਚ ਬੰਦਾ ਅਜਿਹਾ ਤਾਂ ਹੀ ਕਰ ਸਕਦਾ ਹੈ ਜੇ ਨਿਰਮਾਣ ਘਰ ਦਾ ਆਪਣਾ ਪੈਸਾ ਨਾ ਲੱਗਿਆ ਹੋਵੇ ਅਤੇ ਬਲੀ ਦਾ ਬੱਕਰਾ ਕੋਈ ਹੋਰ ਹੋਵੇ। ਮੈਨੂੰ ਨਹੀਂ ਲੱਗਦਾ ਕਿ ਬਾਲੀਵੁੱਡ ਜਾਂ ਕਿਸੇ ਹੋਰ ਭਾਸ਼ਾ ਵਾਲੇ ਸਿਨੇਮਾ ਵਿਚ ਕੋਰੋਨਾ ਕਾਲ ਦੇ ਚੱਲਦਿਆਂ ਅਜਿਹਾ ਹੋਛਾਪਣ ਵਿਖਾਇਆ ਜਾ ਰਿਹਾ ਹੈ, ਬਲਕਿ ਬਾਲੀਵੁੱਡ ਵਾਲਿਆਂ ਨੇ ਤਾਂ ਲਾਕਡਾਊਨ ਤੋਂ ਪਹਿਲਾਂ ਵਿੱਚੇ ਰਹਿ ਗਈਆਂ ਸ਼ੂਟਿੰਗਾ ਵੀ ਅਜੇ ਦੁਬਾਰਾ ਸ਼ੁਰੂ ਨਹੀਂ ਕੀਤੀਆਂ ਤੇ ਆਪਾਂ ਭੱਜ ਕੇ ਵਿਦੇਸ਼ਾਂ ਵੱਲ ਨੂੰ ਫਿਲਮਾਂ ਬਣਾਉਣ ਤੁਰ ਪਏ।ਵੈਸੇ ਵਿਦੇਸ਼ਾਂ ਵਿਚ ਸ਼ੁਰੂ ਹੋਈਆਂ ਕੁਝ ਪੰਜਾਬੀ ਫ਼ਿਲਮਾਂ ਦੇ ਕੁਝ ਕਿੱਸੇ ਵੀ ਇੱਥੇ ਅੱਪੜ ਗਏ, ਜੋ ਸਭ ਨੂੰ ਪਤਾ ਹੈ, ਵਿਸਥਾਰਚ ਜਾਣ ਦੀ ਲੋੜ ਨਹੀਂ।
ਦੋਸਤੋ ਨਾ ਤਾਂ ਫਿਲਮਾਂ ਦਾ ਵਪਾਰ ਮਾੜਾ ਹੈ ਨਾ ਨਵੀਂਆਂ ਫਿਲਮਾਂ ਦਾ ਨਿਰਮਾਣ ਮਾੜੀ ਗੱਲ ਹੈ, ਨਾ ਹੀ ਸਾਡੀ ਸੋਚ ਪਿਛਾਂਹ ਖਿੱਚੂ ਹੈ ਬਲਕਿ ਸਾਡੇ ਸਭ ਦੇ ਰੁਜ਼ਗਾਰ ਵੀ ਇਸੇ ਨਾਲ ਜੁੜੇ ਹਨ ਪਰ ਸਮੇਂ ਦੀ ਨਜ਼ਾਕਤ ਨੂੰ ਸਮਝ ਕੇ ਚੱਲਣਾ ਤਾਂ ਮਾੜੀ ਗੱਲ ਨਹੀਂ ਅਤੇ ਅਜਿਹੀਆਂ ਸਥਿਤੀਆਂ ਨੂੰ ਸਭ ਸਾਹਮਣੇ ਰੱਖਣਾ ਸਾਡੀ ਜ਼ਿੰਮੇਵਾਰੀ ਵੀ ਹੈ।

ਜ਼ਿਆਦਾ ਫਿਲਮਾਂ ਇਕੱਠੀਆਂ ਹੋਣ ਨਾਲ ਕੀ ਹੋਵੇਗਾ ? ਜੇ ਤਾਂ ਕਿਸੇ ਵੱਡੇ ਨਿਰਮਾਣ ਘਰ ਦਾ ਆਪਣਾ ਨਿੱਜੀ ਪੈਸਾ ਲੱਗਾ ਹੈ ਤਾਂ ਵੱਖਰੀ ਗੱਲ ਹੈ ਪਰ ਜੇ ਆਪਣੇ ਬੈਨਰ ਹੇਠ ਹੋਰ ਨਵੇਂ ਲੋਕਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਤਾਂ ਯਕੀਨਨ ਫ਼ਿਲਮ ਰਿਲੀਜ਼ ਵਿਚ ਦੇਰੀ ਹੋਣ ਨਾਲ ਉਹ ਲੋਕ ਨਿਰਾਸ਼ ਹੋਣਗੇ। ਜੇ ਤੁਸੀਂ ਵੱਡੇ ਫ਼ਿਲਮ ਵਪਾਰੀ ਦੇ ਤੌਰ ਤੇ ਆਪਣੇ ਜ਼ੋਰ ਨਾਲ ਫ਼ਿਲਮਾਂ ਦੇ ਰਿਲੀਜ਼ ਲਈ ਅੱਗੇ ਆਓਗੇ ਤਾਂ ਉਨ੍ਹਾਂ ਲੋਕਾਂ ਨਾਲ ਧੱਕਾ ਹੋਵੇਗਾ ਜੋ ਪਹਿਲਾਂ ਤੋਂ ਫਿਲਮਾਂ ਬਣਾ ਕੇ ਬੈਠੇ ਹਨ ਜਾਂ ਫੇਰ ਪਹਿਲਾਂ ਦੀ ਤਰਾਂ ਫ਼ਿਲਮ ਤੇ ਫ਼ਿਲਮ ਚੜ੍ਹਦੀ ਜਾਵੇਗੀ ਅਤੇ ਸਭ ਦਾ ਨੁਕਸਾਨ ਹੁੰਦਾ ਜਾਵੇਗਾ ।
ਅਜਿਹੇ ਹਾਲਾਤ ਵਿਚ ਪੰਜਾਬੀ ਸਿਨੇਮਾ ਕਿੱਥੋਂ ਕਾਮਯਾਬ ਹੋਵੇਗਾ ? ਆਖਰ ਫਿਲਮਾਂ ਦੇ ਸਮੇ ਸਿਰ ਰਿਲੀਜ਼ ਹੋਣ ਅਤੇ ਉਨ੍ਹਾਂ ਦੀ ਕਾਮਯਾਬੀ ਨਾਲ ਹੀ ਸਿਨੇਮਾ ਦੀ ਕਾਮਯਾਬੀ ਹੈ।
ਇਸੇ ਲਈ ਸਭ ਨੂੰ ਬੇਨਤੀ ਹੈ ਕਿ ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਸਥਿਤੀ ਤੋਂ ਪੰਜਾਬੀ ਸਿਨੇਮਾ ਨੂੰ ਬਚਾਇਆ ਜਾਵੇ ਅਤੇ ਸੋਚ ਸਮਝ ਕੇ ਸੁਲਝੇ ਹੋਏ ਢੰਗ ਨਾਲ ਹੀ ਅੱਗੇ ਵਧਿਆ ਜਾਵੇ।ਕਦੋਂ ਤੱਕ ਗ਼ੈਰ ਤਜ਼ਰਬੇਕਾਰ ਲੋਕਾਂ ਦੇ ਸਹਾਰੇ ਸਿਨੇਮਾ ਅੱਗੇ ਵਧੇਗਾ। ਜੋ ਪਹਿਲਾਂ ਤੋਂ ਫ਼ਿਲਮਾਂ ਬਣਾ ਕੇ ਬੈਠੇ ਹਨ ਉਨਾਂ ਨੂੰ ਵੀ ਕਾਮਯਾਬ ਹੋਣ ਦਾ ਮੌਕਾ ਮਿਲਣਾ ਚਾਹੀਦਾ ਹੈ ਤਾਂ ਕਿ ਉਹ ਵੀ ਇਸ ਖੇਤਰ ਵਿਚ ਟਿਕੇ ਰਹਿਣ, ਵਰਨਾ ਇਕ ਦਿਨ ਸਭ ਦੇ ਨੁਕਸਾਨ ਦਾ ਰੌਲਾ ਪੈਣਾ ਸ਼ੁਰੂ ਹੋ ਜਾਵੇਗਾ ਅਤੇ ਨਵੇਂ ਇਨਵੈਸਟਰ ਆਉਣੇ ਵੀ ਬੰਦ ਹੋ ਜਾਣਗੇ ।ਵੈਸੇ ਵੀ ਤਾਂ ਅਸੀਂ ਹਰ ਸਾਲ 50-60 ਫਿਲਮਾਂ ਚੋ 5-7 ਫਿਲਮਾਂ ਹੀ ਚੱਲਣ/ਵੇਖਣ ਯੋਗ ਬਣਾ ਪਾਉਂਦੇ ਹਾਂ, ਬਾਕੀ ਸਭ ਤਾਂ ਬਿਨਾ ਸਿਰ-ਪੈਰ ਵਾਲਾ ਸਿਲਸਿਲਾ ਹੀ ਚਲਦਾ ਹੈ ।

Published Editorial in Punjabi Screen Magazine Jan-2021 Edition

Comments & Suggestions

Comments & Suggestions