ਓਮਜੀ ਸਿਨੇ ਵਰਲਡ ਅਤੇ ਫਿਰਦੌਸ ਪ੍ਰੋਡਕਸ਼ਨ ਵੱਲੋਂ ਨਵੀਂ ਪੰਜਾਬੀ ਫ਼ਿਲਮ, “ਆਪਣਾ ਅਰਸਤੂ” ਦਾ ਐਲਾਨ।

By  |  0 Comments

ਚੰਡੀਗੜ੍ਹ(ਪੰ:ਸ) ਪੰਜਾਬੀ ਸਿਨੇਮਾ ਉਦਯੋਗ ਦੇ ਉਪਰੋਕਤ ਦੋ ਨਾਮਵਰ ਪ੍ਰੋਡਕਸ਼ਨ ਹਾਊਸਜ਼ ਨੇ ਚੰਡੀਗੜ੍ਹ ਵਿਚ ਆਯੋਜਿਤ ਇਕ ਸ਼ਾਨਦਾਰ ਸਮਾਗਮ ਅਤੇ ਪ੍ਰੈਸ ਮਿਲਣੀ ਦੌਰਾਨ ਇਸ ਨਵੇਂ ਪ੍ਰੋਜੈਕਟ, “ਆਪਣਾ ਅਰਸਤੂ” ਦਾ ਐਲਾਨ ਕੀਤਾ ਹੈ।

ਡਾ.ਸਤਿੰਦਰ ਸਰਤਾਜ ਵੱਲੋਂ ਲੀਡ ਕਿਰਦਾਰ ਨਿਭਾਏ ਜਾਣ ਵਾਲੀ ਇਹ ਫ਼ਿਲਮ ਜਗਦੀਪ ਸਿੰਘ ਵੜਿੰਗ ਦੁਆਰਾ ਲਿਖੀ ਗਈ ਹੈ ਅਤੇ ਉਦੈ ਪ੍ਰਤਾਪ ਸਿੰਘ ਇਸ ਦਾ ਨਿਰਦੇਸ਼ਨ ਕਰ ਰਹੇ ਹਨ। ਇਸ ਫ਼ਿਲਮ ਦਾ ਨਿਰਮਾਣ ਪੰਜਾਬੀ ਸਿਨੇਮਾ ਦੇ ਉੱਘੇ ਨਿਰਮਾਤਾ ਆਸ਼ੂ ਮੁਨੀਸ਼ ਸਾਹਨੀ ਅਤੇ ਫਿਰਦੌਸ ਪ੍ਰੋਡਕਸ਼ਨ ਦੁਆਰਾ ਕੀਤਾ ਜਾ ਰਿਹਾ ਹੈ।

ਇਸ ਫ਼ਿਲਮ ਰਾਹੀਂ ਦਰਸ਼ਕ ਸਤਿੰਦਰ ਸਰਤਾਜ ਨੂੰ ਇਕ ਨਵੇਂ ਅਵਤਾਰ ਵਿਚ ਵੇਖ ਸਕਣਗੇ, ਜੋ ਕਿ ਬਹੁਤ ਦਿਲਚਸਪ ਹੋਵੇਗਾ।

ਇਸ ਮੌਕੇ ਗੱਲ ਕਰਦਿਆਂ ਪ੍ਰਸਿੱਧ ਫ਼ਿਲਮ ਡਿਸਟ੍ਰੀਬਿਊਟਰ ਅਤੇ ਨਿਰਮਾਤਾ ਮੁਨੀਸ਼ ਸਾਹਨੀ ਨੇ ਕਿਹਾ ਕਿ ਇਹ ਫ਼ਿਲਮ ਸਿਨੇਮਾ ਦੇ ਸ਼ੌਕੀਨਾਂ ਲਈ ਵੱਡੇ ਪਰਦੇ ‘ਤੇ ਨਵੀਂ ਅਤੇ ਸੁਨੇਹਾ ਭਰਪੂਰ ਕਹਾਣੀ ਲਿਆਉਣ ਦਾ ਵਾਅਦਾ ਕਰਦੀ ਹੈ।

ਉਹਨਾਂ ਕਿਹਾ ਕਿ ਸਾਡੇ ਦੋਹਾਂ ਫ਼ਿਲਮ ਨਿਰਮਾਣ ਘਰਾਂ ਵੱਲੋਂ ਪੰਜਾਬੀ ਸਿਨੇਮਾ ਵਿਚ ਗੁਣਵੱਤਾ ਲਿਆਉਣਾ ਸਾਡੀ ਆਪਸੀ ਵਚਨਬੱਧਤਾ ਹੈ। ਅਸੀਂ ਅਜਿਹੀਆਂ ਫ਼ਿਲਮਾਂ ਬਣਾਉਣ ਵਿਚ ਵਿਸ਼ਵਾਸ ਰੱਖਦੇ ਹਾਂ ਜੋ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਨੂੰ ਪਸੰਦ ਆਉਣ ਹਨ ਅਤੇ ‘ਆਪਣਾ ਅਰਸਤੂ’ ਇਸੇ ਲੜੀ ਦਾ ਇਕ ਹਿੱਸਾ ਹੈ!

ਫ਼ਿਲਮ ਨਾਇਕ ਅਤੇ ਨਿਰਮਾਤਾ ਡਾ: ਸਤਿੰਦਰ ਸਰਤਾਜ ਨੇ ਕਿਹਾ ਕਿ ਉਹ ਆਪਣੇ ਨਵੇਂ ਉੱਦਮ ਤੋਂ ਬਹੁਤ ਖੁਸ਼ ਹਨ । ਉਹ ਹਮੇਸ਼ਾ ਆਪਣੀ ਕਲਾ ਨਾਲ ਲੋਕਾਂ ਦਾ ਮਨੋਰੰਜਨ ਕਰਨ ਅਤੇ ਉਹਨਾਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦੇ ਹਨ।

ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਫ਼ਿਲਮ “ਸ਼ਾਇਰ” ਦੀ ਸਫ਼ਲਤਾ ਤੋਂ ਬਾਅਦ ਸਤਿੰਦਰ ਸਰਤਾਜ ਨਾਲ ਦੁਬਾਰਾ ਫ਼ਿਲਮ ‘ਆਪਣਾ ਅਰਸਤੂ’ ਲਈ ਕੰਮ ਕਰਨ ਲਈ ਉਤਸ਼ਾਹਿਤ ਹਨ!

ਲੇਖਕ ਜਗਦੀਪ ਸਿੰਘ ਵੜਿੰਗ ਨੇ ਵੀ ਕਿਹਾ ਕਿ ਫ਼ਿਲਮ “ਸ਼ਾਇਰ” ਦੀ ਸਫ਼ਲਤਾ ਤੋਂ ਬਾਅਦ ਫਿਰ ਇਕੱਠੇ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਉਹ ਇਸ ਵਧੀਆ ਟੀਮ ਦੇ ਨਾਲ ‘ਆਪਣਾ ਅਰਸਤੂ’ ਦੀ ਕਹਾਣੀ ਨੂੰ ਸਿਲਵਰ ਸਕ੍ਰੀਨ ‘ਤੇ ਲਿਆਉਣ ਲਈ ਉਤਾਵਲੇ ਹਨ।

ਓਮਜੀ ਸਿਨੇ ਵਰਲਡ ਅਤੇ ਫਿਰਦੌਸ ਫ਼ਿਲਮਜ਼ ਵੱਲੋਂ ਸਹਿ ਨਿਰਮਾਤਾ ਸੁਵਿਧਾ ਸਾਹਨੀ ਅਤੇ ਸਰਤਾਜ ਫ਼ਿਲਮਜ਼ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਫ਼ਿਲਮ ‘ਆਪਣਾ ਅਰਸਤੂ’ ਦਾ 07 ਫਰਵਰੀ, 2025 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣਾ ਨਿਰਮਾਤਾਵਾਂ ਵੱਲੋਂ ਤਹਿ ਕੀਤਾ ਗਿਆ ਹੈ ।

Comments & Suggestions

Comments & Suggestions