ਕਾਮਯਾਬੀ ਨਾਲ ਸਿਰੇ ਚੜ੍ਹਿਆ ਤੀਜਾ “ਬਠਿੰਡਾ ਫ਼ਿਲਮ ਫੈਸਟੀਵਲ”

By  |  0 Comments

ਬਠਿੰਡਾ ਫ਼ਿਲਮ ਫਾਊਂਡੇਸ਼ਨ ਵੱਲੋਂ ਬੀਤੀ 4 ਨਵੰਬਰ ਨੂੰ ਤੀਜਾ “ਬਠਿੰਡਾ ਫ਼ਿਲਮ ਫੈਸਟੀਵਲ 2023” ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਵਿਖੇ ਕਰਵਾਇਆ ਗਿਆ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਓਹਨਾਂ ਦੇ ਨਾਲ ਹੀ ਭੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਰੋਹ ਵਿਚ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਪੰਜਾਬੀ,ਹਿੰਦੀ ਅਤੇ ਇੰਗਲਿਸ਼ ਦੀਆਂ 15 ਚੁਣਵੀਆਂ ਲਘੂ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ ਗਿਆ,ਜਿਸ ਵਿਚ ਕੁਝ ਮੂਕ ਫ਼ਿਲਮਾਂ ਵੀ ਸ਼ਾਮਲ ਸਨ।


ਇਸ ਸਮਾਰੋਹ ਵਿਚ ਐਵਾਰਡ ਲਈ ਚੁਣੀਆਂ ਗਈਆਂ ਫ਼ਿਲਮਾਂ ਵਾਸਤੇ ਤਿੰਨ ਮੈਂਬਰੀ ਜਿਊਰੀ ਵਿਚ ਸ਼ਾਮਲ ਸਨ ਉੱਘੇ ਫ਼ਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ, ਅਦਾਕਾਰਾ ਕੁੱਲ ਸਿੱਧੂ ਅਤੇ ਫ਼ਿਲਮ ਮਸਤਾਨੇ ਦੇ ਨਿਰਦੇਸ਼ਕ ਸ਼ਰਨ ਆਰਟ। ਇਸ ਮੌਕੇ ਬੋਲਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਨਾਉਣ ਲਈ ਵਚਨਵੱਧ ਅਤੇ ਯਤਨਸ਼ੀਲ ਹੈ। ਸਮਾਰੋਹ ‘ਚ ਲਘੂ ਫ਼ਿਲਮਾਂ ਦੇਖ ਕੇ ਅਦਾਕਾਰਾਂ ਦੇ ਅਭਿਨੈ ਤੋਂ ਪ੍ਰਭਾਵਿਤ ਹੋਏ ਸੰਧਵਾਂ ਨੇ ਕਿਹਾ ਕਿ ਪੰਜਾਬ ਅੰਦਰ ਟੈਲੈਂਟਡ ਅਦਾਕਾਰਾਂ ਦੀ ਕਮੀ ਨਹੀਂ ਹੈ। ਸਾਡਾ ਸੁਭਾਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸੇ ਖੇਤਰ ਨਾਲ ਸਬੰਧਿਤ ਰਹੇ ਹਨ ਤੇ ਇਸ ਕਰਕੇ ਓਹਨਾਂ ਨੂੰ ਉਮੀਦ ਹੈ ਕਿ ਪੰਜਾਬੀ ਫ਼ਿਲਮ ਇੰਡਸਟ੍ਰੀ ਇਸ ਦੌਰ ‘ਚ ਬੇਹੱਦ ਤਰੱਕੀ ਕਰੇਗੀ, ਕਿਉਂਕਿ ਖੁਦ ਮੁੱਖ ਮੰਤਰੀ ਅਜਿਹਾ ਅਹਿਦ ਕਰ ਚੁੱਕੇ ਹਨ ਅਤੇ ਓਹ ਪੰਜਾਬੀ ਫ਼ਿਲਮ ਇੰਡਸਟ੍ਰੀ ਦੀ ਬਿਹਤਰੀ ਲਈ ਕਾਰਜਸ਼ੀਲ ਹਨ।


ਇਸ ਮੌਕੇ ਪੰਜਾਬੀ ਫ਼ਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਕੁਲਤਾਰ ਸਿੰਘ ਸੰਧਵਾਂ ਅੱਗੇ ਪੰਜਾਬੀ ਫ਼ਿਲਮਕਾਰਾਂ ਨੂੰ ਦਰਪੇਸ਼ ਕਈ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਇਹਨਾਂ ਦੇ ਹੱਲ ਲਈ ਪੰਜਾਬ ਸਰਕਾਰ ਦੀ ਦਖ਼ਲ ਅੰਦਾਜ਼ੀ ਮੰਗੀ ਪੰਜਾਬ ਸਰਕਾਰ ਵੱਲੋਂ ਪੰਜਾਬ ‘ਚ ਹੀ ਵੱਖਰਾ ਸੈਂਸਰ ਬੋਰਡ ਬਨਾਉਣ ਦੀ ਵੀ ਮੰਗ ਕੀਤੀ।ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਹਨਾਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿਵਾਉਂਦੇ ਹੋਏ ਓਹਨਾਂ ਨੂੰ ਚੰਡੀਗੜ੍ਹ ਵਿਖੇ ਅਪਣੇ ਦਫਤਰ ‘ਚ ਮੀਟਿੰਗ ਦਾ ਸੱਦਾ ਦਿੱਤਾ ਹੈ।ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿਛਲੇ ਤਿੰਨ ਸਾਲਾਂ ਤੋਂ ਲਘੂ ਫ਼ਿਲਮਾਂ ਅਤੇ ਓਹਨਾਂ ਦੇ ਅਦਾਕਾਰਾਂ ਨੂੰ ਇਨਾਮ ਸਨਮਾਨ ਦੇ ਕੇ ਨਿਵਾਜ ਰਹੀ ਬਠਿੰਡਾ ਫ਼ਿਲਮ ਫੈਸਟੀਵਲ ਫਾਊਂਡੇਸ਼ਨ ਦੇ ਯਤਨਾਂ ਦੀ ਭਰਭੂਰ ਪ੍ਰਸ਼ੰਸਾ ਕਰਦੇ ਹੋਏ ਓਹਨਾਂ ਨੂੰ ਅਪਣੇ ਅਖਤਿਆਰੀ ਫੰਡ ‘ਚੋਂ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।


ਇਸ ਸਮੇਂ ਫਿਲਮ ਅਤੇ ਸੰਗੀਤ ਐਵਾਰਡ 2023 ਤਹਿਤ ਸਪੀਕਰ ਸਾਹਿਬ ਵਲੋਂ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਪਾਏ ਯੋਗਦਾਨ ਲਈ ਅਦਾਕਾਰ ਮਹਾਬੀਰ ਭੁੱਲਰ ਨੂੰ ‘ਪੰਜਾਬ ਗੋਲਡ ਐਵਾਰਡ’, ਪੰਜਾਬੀ ਫ਼ਿਲਮ ਮਸਤਾਨੇ ਦੇ ਡਾਇਰੈਕਟਰ ਸ਼ਰਨ ਆਰਟ ਨੂੰ ‘ਪੰਜਾਬ ਜੈਮ ਐਵਾਰਡ’ ਅਤੇ ਪੰਜਾਬੀ ਲੋਕ ਗਾਇਕ ਯਾਸਿਰ ਹੁਸੈਨ ਨੂੰ ‘ਪੰਜਾਬ ਫੋਕ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ।


ਫੈਸਟੀਵਲ ਦੇ ਸਮਾਪਨ ਦੌਰਾਨ ਜਿਊਰੀ ਦੁਆਰਾ ਆਸਟ੍ਰੇਲੀਆ ਤੋਂ ਆਈ ਹੋਈ ਸ਼ਾਰਟ ਫਿਲਮ ‘ਏ ਸਾਈਲੈਂਟ ਏਸਕੇਪ’ ਨੂੰ ਸਰਵੋਤਮ ਫ਼ਿਲਮ ਚੁਣਿਆ ਗਿਆ, ਇਸ ਫ਼ਿਲਮ ਨੂੰ 21000 ਰੁਪਏ ਦੇ ਇਨਾਮ ਨਾਲ ਨਿਵਾਜਿਆ ਗਿਆ, ਇਸੇ ਤਰਾਂ ਦੂਸਰੇ ਸਥਾਨ ਤੇ ਜਲੰਧਰ ਤੋਂ ਆਈ ਹੋਈ ਫ਼ਿਲਮ ਰੱਬੀ ਅਤੇ ਤੀਸਰੇ ਸਥਾਨ ਤੇ ਮੋਹਾਲੀ ਤੋਂ ਆਈ ਹੋਈ ਫਿਲਮ ‘ਤਾਰਾ’ਰਹੀ। ਸ਼ਾਰਟ ਫ਼ਿਲਮ ‘ਮਿਸ਼ਨ ਪ੍ਰਫਾਰਮੈਂਸ’ ਅਤੇ ਸ਼ਾਰਟ ਫ਼ਿਲਮ ‘ਘੰਟੀ’ ਨੂੰ ਸ਼ਪੈਸ਼ਲ ਜਿਊਰੀ ਐਵਾਰਡ ਲਈ ਚੁਣਿਆ ਗਿਆ। ਅਦਾਕਾਰ ਗੁਰਅਸੀਸ ਸਿੰਘ ਨੂੰ ਫ਼ਿਲਮ ਰੱਬੀ ਲਈ ਸਰਵੋਤਮ ਅਦਾਕਾਰ (ਪੁਰਸ਼) ਅਤੇ, ਅਦਾਕਾਰਾ ਸਰਦਾਰਨੀ ਪ੍ਰੀਤ ਨੂੰ ‘ਏ ਸਾਈਲੈਂਟ ਏਸਕੇਪ’ ਲਈ ਸਰਵੋਤਮ ਅਦਾਕਾਰਾ ਮਹਿਲਾ ਦਾ ਐਵਾਰਡ ਦਿੱਤਾ ਗਿਆ। ਇਸੇ ਤਰਾਂ ਰਾਜਦੀਪ ਸਿੰਘ ਬਰਾੜ ਨੂੰ ਫ਼ਿਲਮ ‘ਟਾਹਲੀ’ ਲਈ ਸਰਵੋਤਮ ਲੇਖਕ ਅਤੇ ਨਿਰਦੇਸ਼ਕ, ਗੁਰਦੀਪ ਐਸ. ਭੁੱਲਰ ਨੂੰ ‘ਘੰਟੀ’ ਲਈ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਵਲੋਂ ਦੀਪ ਸਿੱਧੂ ਮੈਮੋਰੀਅਲ ਸਰਵੋਤਮ ਅਦਾਕਾਰ ਪੁਰਸ਼ ਲਈ ‘ਜ਼ਿੰਦਗੀ ਜ਼ਿੰਦਾਬਾਦ’ ਦੇ ਅਦਾਕਰਾ ਦਿਲ ਦਿਲਵੀਰ ਅਤੇ ਸਰਵੋਤਮ ਅਦਾਕਾਰਾ ਮਹਿਲਾ ਲਈ ‘ਰੱਬੀ’ ਦੀ ਨਾਇਕਾ ਜੈਸਮੀਨ ਸਿਆਨ ਨੂੰ ਚੁਣਿਆ ਗਿਆ, ਜਿਸ ਵਿਚ 21000 ਹਾਜ਼ਰ ਰੁਪਏ ਦਾ ਨਕਦ ਇਨਾਮ ਦੇ ਕੇ ਨਿਵਾਜਿਆ ਗਿਆ।


ਇਸ ਸਮਾਰੋਹ ਵਿਚ ਆਕਾਸ਼ਵਾਣੀ ਬਠਿੰਡਾ ਦੇ ਸਟੇਸ਼ਨ ਡਾਇਰੈਕਟਰ ਰਾਜੀਵ ਅਰੋੜਾ, ਆਮ ਆਦਮੀ ਪਾਰਟੀ ਦੇ ਨੀਲ ਗਰਗ, ਅਨਿਲ ਠਾਕੁਰ, ਬਿਕਰਮਜੀਤ ਸਿੰਘ ਬਾਹੀਆ, ਪ੍ਰਿੰਸੀਪਲ ਰਵਿੰਦਰ ਸਿੰਘ ਮਾਨ ਅਤੇ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ ਜੋਤਸਨਾ ਮਹਿਮਾਨਾਂ ਵਜੋਂ ਸ਼ਾਮਿਲ ਹੋਏ।

– ਪੰਜਾਬੀ ਸਕਰੀਨ

Comments & Suggestions

Comments & Suggestions