ਕੁਝ ਗੱਲਾਂ ਫ਼ਿਲਮ ‘ਜਿੰਦੂਆ’ ਦੀ ਹੀਰੋਇਨ ਸਰਗੁਨ ਮਹਿਤਾ ਨਾਲ

By  |  0 Comments

ਫ਼ਿਲਮ ‘ਅੰਗਰੇਜ਼’ ਰਾਹੀਂ ਪਾਲੀਵੁੱਡ ਵਿਚ ਕਾਮਯਾਬੀ ਨਾਲ ਪੈਰ ਧਰਾਵਾ ਕਰਨ ਵਾਲੀ ਖ਼ੂਬਸੂਰਤ ਪੰਜਾਬਣ ਮੁਟਿਆਰ ਸਰਗੁਨ ਮਹਿਤਾ ਦਾ ਕਹਿਣਾ ਹੈ ਕਿ ਜਦ ਪੰਜਾਬੀ ਸਿਨੇਮਾ, ਪੰਜਾਬੀ ਸੱਭਿਆਚਾਰ, ਪੰਜਾਬੀ ਰਸਮੋਂ-ਰਿਵਾਜ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ਤਾਂ ਪੰਜਾਬੀਆਂ ਦਾ ਇਨ੍ਹਾਂ ਨਾਲ ਜੁੜੇ ਰਹਿਣਾ ਸੁਭਾਵਕ ਹੈ। ਭਾਵੇਂ ਅਸੀਂ ਆਪਣੀ ਮਿੱਟੀ ਤੋਂ ਕਿੰਨਾ ਵੀ ਦੂਰ ਕਿਉਂ ਨਾ ਹੋਈਏ ਇਸ ਦੀ ਕਸ਼ਿਸ਼ ਖਿੱਚ ਹੀ ਲਿਆਉਂਦੀ ਹੈ ਆਪਣੇ ਵੱਲ।
ਪੰਜਾਬ ਦੇ ਕਈ ਕਲਾਕਾਰਾਂ ਨੇ ਮੁੰਬਈ ਨਗਰੀ ਵਿਚ ਸੰਘਰਸ਼ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਤੇ ਉਨ੍ਹਾਂ ਦੀ ਹਮੇਸ਼ਾ ਤਮੰਨਾ ਰਹੀ ਹੈ ਕਿ ਉਹ ਕਿਸੇ ਤਰੀਕੇ ਪੰਜਾਬੀ ਫ਼ਿਲਮਾਂ, ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਅਤੇ ਜਦੋਂ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਹੱਥੋਂ ਨਹੀਂ ਗੁਆਉਂਦੇ। ਏਦਾਂ ਦਾ ਹੀ ਸੁਨਹਿਰੀ ਮੌਕਾ ਮਿਲਿਆ ਹੈ ਬਾਲੀਵੁੱਡ ਟੈਲੀਵਿਜ਼ਨ ਦੀ ਜਾਣੀ-ਪਛਾਣੀ ਅਤੇ ਵਿਸ਼ੇਸ਼ ਤੌਰ ‘ਤੇ ਕਲਰਜ਼ ਚੈਨਲ ਦੇ ਲੜੀਵਾਰ ‘ਬਾਲਿਕਾ ਵਧੂ’ ਫੇਮ ਅਦਾਕਾਰਾ ਸਰਗੁਨ ਮਹਿਤਾ ਨੂੰ।
ਫ਼ਿਲਮ ‘ਅੰਗਰੇਜ਼’ ਅਤੇ ਫੇਰ ਨਹਿਲੇ ਤੇ ਦਹਿਲਾ ਮਾਰ “ਲਵ ਪੰਜਾਬ” ਰਾਹੀਂ ਛੇਤੀ ਹੀ ਪਾਲੀਵੁੱਡ ਵਿਚ ਆਪਣੀ ਗੂੜ੍ਹੀ ਪਹਿਚਾਣ ਬਣਾਉਣ ਵਾਲੀ ਇਸ ਅਦਾਕਾਰਾ ਨਾਲ ਮੁੰਬਈ ਤੋਂ ਦਿੱਲੀ ਪਲੇਨ ਵਿਚ ਇਤਫਾਕਨ ਇਕੱਠਿਆਂ ਸਫ਼ਰ ਕਰਦਿਆਂ ਮੇਰੀ ਵਿਸ਼ੇਸ਼ ਗੱਲਬਾਤ ਹੋਈ, ਜਿਸ ਦੌਰਾਨ ਸਰਗੁਨ ਨੇ ਆਪਣੇ ਫ਼ਿਲਮ ਅਤੇ ਟੈਲੀਵਿਜ਼ਨ ਖੇਤਰ ਵਿਚ ਕਰੀਅਰ ਬਾਰੇ ਮੇਰੇ ਨਾਲ ਕੁਝ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੀ ਆਉਣ ਵਾਲੀ ਫ਼ਿਲਮ ‘ਜਿੰਦੂਆ’ ਬਾਰੇ ਵਿਸ਼ੇਸ਼ ਗੱਲਬਾਤ ਕੀਤੀ, ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਪਰ ਉਸ ਤੋਂ ਪਹਿਲਾਂ ਮੈ ਇਕ ਹੋਰ ਦਿਲਚਸਪ ਗੱਲ ਇਹ ਦੱਸਾਂ ਕਿ ਮੇਰੇ ਨਾਲ ਦੀ ਸੀਟ ‘ਤੇ ਬੈਠੀ ਸਰਗੁਨ ਨੂੰ ਪਹਿਲਾਂ ਤਾਂ ਮੈਂ ਪਹਿਚਾਣਿਆ ਹੀ ਨਹੀਂ, ਕਾਰਨ ਇਹ ਸੀ ਕਿ ਇਕ ਤਾਂ ਸੁਬਹ ਦਾ ਵੇਲਾ ਸੀ ਅਤੇ ਉਹ ਬਿਨਾ ਮੇਕਅੱਪ ਦੇ ਘਰੋਂ ਨਿਕਲੀ ਸੀ, ਦੂਜਾ ਨਾਲ ਦੀ ਸੀਟ ‘ਤੇ ਬੈਠੇ ਬੰਦੇ ਵੱਲ ਧਿਆਨ ਵੀ ਨਹੀਂ ਜਾਂਦਾ, ਕਿਉਂਕਿ ਪਹਿਲਾਂ ਆਪਣੀ ਸੀਟ ਦੀ ਸੈਟਿੰਗ ਕਰਨੀ ਹੁੰਦੀ ਹੈ। ਮੇਰੇ ਨਾਲ ਜਹਾਜ਼ ਵਿਚ ਸਫ਼ਰ ਕਰ ਰਹੇ ਮੇਰੇ ਦੋਸਤ ਗਾਇਕ ਅਤੇ ਸੰਗੀਤਕਾਰ ਹਰਿੰਦਰ ਸੋਹਲ ਨੇ ਉਸ ਨੂੰ ਪਹਿਲਾਂ ਪਹਿਚਾਣਿਆ ਅਤੇ ਮੈਨੂੰ ਦੱਸਿਆ ਫੇਰ ਮੈਂ ਮੁੜ ਕੇ ਉਸ ਵੱਲ ਤੱਕਦਿਆਂ ਉਸ ਨੂੰ ਵਿਸ਼ ਕੀਤੀ ਤਾਂ ਉਸ ਨੇ ਵੀ ਮੁਸਕੁਰਾ ਕੇ ਜਵਾਬ ਦਿੱਤਾ। ਸਵੇਰ ਦਾ ਸਮਾਂ ਹੋਣ ਕਾਰਨ ਉਹ ਥੋੜੀ ਨੀਂਦ ਵਿਚ ਵੀ ਸੀ। ਮੇਰੇ ਮਨ ਵਿਚ ਸੀ ਕਿ ਕਿਉਂ ਨਾ ‘ਪੰਜਾਬੀ ਸਕਰੀਨ ਮੈਗਜ਼ੀਨ’ ਲਈ ਸਰਗੁਨ ਨਾਲ ਇਸ ਦੇ ਕਰੀਅਰ ਬਾਰੇ ਕੁਝ ਗੱਲਾਂ ਕਰ ਲਈਆਂ ਜਾਣ। ਥੋੜ੍ਹੇ ਸਫ਼ਰ ਤੋਂ ਬਾਅਦ ਮੈਂ ਉਸ ਨੂੰ ਮੈਗਜ਼ੀਨ ਬਾਰੇ ਦੱਸਿਆ ਤਾਂ ਉਹ ਪਹਿਲਾਂ ਤੋਂ ਹੀ ਮੈਗਜ਼ੀਨ ਬਾਰੇ ਜਾਣਦੀ ਸੀ, ਕਿਉਂਕਿ ਉਸ ਬਾਰੇ ਪਹਿਲਾਂ ਵੀ ਆਰਟੀਕਲ ਛੱਪ ਚੁੱਕਾ ਸੀ। ਖ਼ੈਰ ਬਿਨਾ ਕਿਸੇ ਕਾਪੀ ਪੈਨ ਦੇ ਜ਼ੁਬਾਨੀ ਹੀ ਕੁਝ ਗੱਲਾਂ ਸਰਗੁਨ ਨਾਲ ਹੋਈਆਂ, ਜਿੰਨੀਆ ਕੁ ਮੈ ਯਾਦ ਰੱਖ ਸਕਿਆਂ, ਆਓ ਪੜ੍ਹਦੇ ਆਂ।
ਆਪਣੇ ਜੱਦੀ ਸ਼ਹਿਰ, ਪੜ੍ਹਾਈ ਅਤੇ ਪਰਿਵਾਰ ਬਾਰੇ ਕੁਝ ਦੱਸੋ ?
ਮੈਂ ਚੰਡੀਗੜ੍ਹ ਦੀ ਜੰਮ-ਪਲ ਹਾਂ ਅਤੇ ਬੀ. ਕਾਮ ਆਨਰਸ ਦੀ ਪੜ੍ਹਾਈ ਵੀ ਚੰਡੀਗੜ੍ਹ ਤੋਂ ਪੂਰੀ ਕੀਤੀ ਹੈ। ਮੇਰੇ ਪਿਤਾ ਹਰੀਸ਼ ਮਹਿਤਾ, ਮਾਤਾ ਅਰਾਧਨਾ ਅਤੇ ਵੀਰ ਚੰਡੀਗੜ੍ਹ ਹੀ ਰਹਿੰਦੇ ਹਨ। ਸਾਡਾ ਸਾਰਾ ਪਰਿਵਾਰ ਹੀ ਆਪੋ-ਆਪਣੇ ਬਿਜ਼ਨਸ ਵਿਚ ਰੁੱਝੇ ਹਨ।

ਇਸ ਖੇਤਰ ਵਿਚ ਤੁਹਾਡੀ ਸ਼ੁਰੂਆਤ ਕਿੱਦਾਂ ਹੋਈ ?
ਸਾਲ 2009 ਵਿਚ ਮੇਰੀ ਪੜ੍ਹਾਈ ਖ਼ਤਮ ਹੋਣ ਹੀ ਵਾਲੀ ਸੀ ਕਿ ਮੈਨੂੰ ਇਕ ਸ਼ੋਅ ਦੀ ਪੇਸ਼ਕਸ਼ ਆਈ, ਮੈ ਦਿੱਲੀ ਵਿਚ ਜ਼ੀ ਟੀ.ਵੀ. ਦੇ ਲੜੀਵਾਰ “12/24 ਕਰੋਲ ਬਾਗ” ਲਈ ਆਡੀਸ਼ਨ ਦਿੱਤਾ ਤੇ ਮੇਰੀ ਚੋਣ ਵੀ ਹੋ ਗਈ।

ਕੀ ਘਰ ਦੇ ਰਜ਼ਾਮੰਦ ਸਨ ?
ਹਾਂਜੀ ਉਨ੍ਹਾਂ ਨੇ ਮੈਨੂੰ ਕਹਿ ਦਿੱਤਾ ਸੀ ਕਿ ਤੂੰ ਆਪਣੀ ਮਰਜ਼ੀ ਮੁਤਾਬਕ ਆਪਣੇ ਭਵਿੱਖ ਬਾਰੇ ਸੋਚ ਸਕਦੀ ਹੈਂ। ਮੈ ਟੀ.ਵੀ. ਇੰਡਸਟਰੀ ਨੂੰ ਚੁਣਿਆ ਅਤੇ ਪਰਿਵਾਰ ਦੇ ਸਹਿਯੋਗ ਨਾਲ ਮੈਂ ਮੁੰਬਈ ਆ ਗਈ, ਜਿਸ ਲਈ ਮੈਨੂੰ ਆਪਣੇ ਪਰਿਵਾਰ ‘ਤੇ ਮਾਣ ਹੈ।

ਪੰਜਾਬੀ ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਦੇ ਕੰਮ ਬਾਰੇ ਜਾਣਕਾਰੀ ਦਿਓ ?
ਲੜੀਵਾਰ 12/24 ਕਰੋਲ ਬਾਗ (ਜ਼ੀ.ਟੀ.ਵੀ.), ਅਪਨੋਂ ਕੇ ਲਿਏ ਗੀਤਾ ਕਾ ਧਰਮਯੁੱਧ, (ਸਟਾਰ ਪਲੱਸ), ਤੇਰੀ ਮੇਰੀ ਲਵ ਸਟੋਰੀ, ਹਮਨੇ ਲੀ ਹੈ ਸ਼ਪਤ (ਲਾਈਫ ਓ.ਕੇ.), ਫੁਲਵਾ (ਕਲਰਸ) ਕਰਾਈਮ ਪੈਟਰੋਲ (ਸੋਨੀ ਟੀ.ਵੀ.) ਕਮੇਡੀ ਸਰਕਸ ਕੇ ਅਜੂਬੇ (ਸੋਨੀ ਟੀ.ਵੀ.) ਸ਼ੋਅ ਵਿਦ ਕਪਿਲ, ਨੱਚ ਬਲੀਏ (ਸਟਾਰ ਪਲੱਸ) ਤੇ ਬੂਗੀ-ਵੂਗੀ ਬਤੌਰ ਐਂਕਰ ਹੋਸਟ ਕਰ ਚੁੱਕੀ ਹਾਂ। ਮੈਨੂੰ ਸਭ ਤੋਂ ਜ਼ਿਆਦਾ ਪਹਿਚਾਣ ਮਿਲੀ ਕਲਰਜ਼ ਚੈਨਲ ਦੇ ‘ਬਾਲਿਕਾ ਵਧੂ’ ਸੀਰੀਅਲ ਤੋਂ।

ਟੈਲੀਵਿਜ਼ਨ ਲਈ ਇੰਨਾ ਕੰਮ ਕਰਨ ਦਾ ਤਜ਼ਰਬਾ ਕਿਹੋ ਜਿਹਾ ਰਿਹਾ ?
ਪੰਜਾਬ ਤੋਂ ਮੁੰਬਈ ਜਾ ਕੇ ਕੰਮ ਕਰਨਾ ਤੇ ਆਪਣੀ ਪਛਾਣ ਬਣਾਉਣ ਦਾ ਸਫ਼ਰ ਬਹੁਤ ਚੁਣੌਤੀ ਭਰਿਆ ਸੀ ਪਰ ਵਧੀਆ ਰਿਹਾ।

‘ਅੰਗਰੇਜ਼’ ਫ਼ਿਲਮ ਕਿਵੇਂ ਮਿਲੀ ?
ਪੰਜਾਬੀ ਫ਼ਿਲਮਾਂ ਦੇ ਉਪਰ ਉਠੇ ਮਿਆਰ ਬਾਰੇ ਕਾਫ਼ੀ ਚਰਚਾ ਸੁਣਨ ਨੂੰ ਮਿਲਦੀ ਰਹਿੰਦੀ ਸੀ ਮੁੰਬਈ ਵਿਚ, ਮੈਂ ਕੁਝ ਫ਼ਿਲਮਾਂ ਵੇਖੀਆਂ ਵੀ ਸਨ। ਜਦੋਂ ਮੈਨੂੰ ‘ਅੰਗਰੇਜ਼’ ਫ਼ਿਲਮ ਦੀ ਆਫਰ ਆਈ ਤਾਂ ਮੈਂ ਸਕ੍ਰਿਪਟ ਵਿਚ ਆਪਣਾ ਕਿਰਦਾਰ ਪੜ੍ਹਦਿਆਂ ਹੀ ਹਾਂ ਕਰ ਦਿੱਤੀ ਅਤੇ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਇਸ ਫ਼ਿਲਮ ‘ਚ ਮੇਰੇ ਨਾਲ ਅਮਰਿੰਦਰ ਗਿੱਲ ਹਨ ਤਾਂ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਕਿਉਂਕਿ ਮੈ ਉਸ ਦੀ ਗਾਇਕੀ ਦੀ ਪਹਿਲਾਂ ਤੋਂ ਹੀ ਮੁਰੀਦ ਸੀ। ‘ਅੰਗਰੇਜ਼’ ਫ਼ਿਲਮ ਵਿਚ ਧੰਨ ਕੌਰ ਦਾ ਕਿਰਦਾਰ ਮੇਰੇ ਹਿੱਸੇ ਆਇਆ ਜੋ ਇਕ ਪਿੰਡ ਦੀ ਕੁੜੀ ਸੀ ਤੇ ਅਸਲ ਜ਼ਿੰਦਗੀ ਵਿਚ ਵੀ ਮੈਂ ਅਜਿਹੀ ਹੀ ਹਾਂ। ਦਰਸ਼ਕਾਂ ਨੇ ਮੈਨੂੰ ਇਸ ਕਿਰਦਾਰ ਵਿਚ ਪਸੰਦ ਕੀਤਾ ਮੇਰੇ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।

ਹੁਣ ਤੱਕ ਦੇ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ ?
ਸਭ ਤੋ ਪਹਿਲਾਂ ਗੱਲ ਅੰਗਰੇਜ਼ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਤਾਂ ਉਹ ਬਹੁਤ ਮਿੱਠੇ ਸੁਭਾਅ ਵਾਲੇ ਮਿਹਨਤੀ ਨਿਰਦੇਸ਼ਕ ਹਨ, ਜਿਨ੍ਹਾਂ ਨੇ ਇਸ ਫ਼ਿਲਮ ਨੂੰ ਬਣਾਉਣ ਲਈ ਤੇ ਖਾਸ ਕਰ ਸਾਡੇ ਵਰਗੇ ਮਾਡਰਨ ਕਿਰਦਾਰਾਂ ਨੂੰ ਪੇਂਡੂ ਕਿਰਦਾਰਾਂ ਵਿਚ ਢਾਲਣ ਲਈ ਖ਼ੂਬ ਮਿਹਨਤ ਕੀਤੀ ਹੈ।
ਇਸੇ ਤਰ੍ਹਾਂ ਥਿਏਟਰ ਨਾਲ ਗੂੜ੍ਹ ਰੱਖਦੇ ਨਿਰਦੇਸ਼ਕ ਰਾਜੀਵ ਢੀਂਗਰਾ ਜਿਨ੍ਹਾਂ ਨੇ ‘ਲਵ ਪੰਜਾਬ’ ਬਣਾਈ ਤੋਂ ਕਾਫੀ ਕੁਝ ਨਵਾਂ ਸਿੱਖਣ ਨੂੰ ਮਿਲਿਆ।
ਹੁਣ ਜੇ ਮੈਂ ਗੱਲ ਕਰਾਂ ਨਵਨੀਅਤ ਗੁਗਨੂੰ ਦੀ ਤਾਂ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਅਜਿਹੇ ਨਿਰਦੇਸ਼ਕ ਨਾਲ ਕੰਮ ਕਰਨ ਨਾਲ ਤਾਂ ਮਾਣ ਹੀ ਮਹਿਸੂਸ ਹੁੰਦਾ ਏ। ਮੇਰਾ ਉਨ੍ਹਾਂ ਨਾਲ ਕੰਮ ਕਰਨ ਦਾ ਤਜਰਬਾ ਵੀ ਬਹੁਤ ਵਧੀਆ ਰਿਹਾ। ਉਨ੍ਹਾਂ ਦਾ ਵਿਜ਼ਨ ਕਲੀਅਰ ਹੁੰਦਾ ਹੈ, ਉਨ੍ਹਾਂ ਨੇ ਆਪਣੇ ਦਿਮਾਗ ਵਿਚ ਹਰ ਸੀਨ ਦਾ ਗ੍ਰਾਫ ਬਣਾਇਆ ਹੁੰਦਾ ਹੈ, ਜਿਸ ਨਾਲ ਐਕਟਰ ਨੂੰ ਸੀਨ ਕਰਨ ਵਿਚ ਬਹੁਤ ਮਦਦ ਮਿਲਦੀ ਹੈ। ਫ਼ਿਲਮ ‘ਜਿੰਦੂਆ’ ਨੂੰ ਸਾਈਨ ਕਰਨ ਦਾ ਇਕ ਖਾਸ ਕਾਰਨ ਇਹ ਵੀ ਹੈ ਕਿ ਇਸ ਦੇ ਨਿਰਦੇਸ਼ਕ ਨਵਨੀਅਤ ਸਿੰਘ ਹਨ।

ਜੇ ਫ਼ਿਲਮ ਜਿੰਦੁਆ ਬਾਰੇ ਕੁਝ ਦੱਸੋ ਤਾਂ ?
ਇਹ ਇਕ ਲਵ ਟ੍ਰੈਂਗਲ ਫ਼ਿਲਮ ਹੈ, ਇਸ ਵਿਚ ਮੇਰਾ ਕਿਰਦਾਰ ਇਕ ਸਾਦੀ ਜਿਹੀ ਕੁੜੀ ਦਾ ਹੈ ਜਿਸ ਨੂੰ ਪੰਜਾਬ ਤੋਂ ਕਨੇਡਾ ਜਾ ਕੇ ਆਪਣੀ ਪੜ੍ਹਾਈ ਲਈ ਕੰਮ ਕਰਨਾ ਪੈਂਦਾ ਹੈ ਤੇ ਜਦੋਂ ਕਰਮਾ (ਜਿੰਮੀ ਸ਼ੇਰਗਿੱਲ) ਉਸ ਦੀ ਜ਼ਿੰਦਗੀ ਵਿਚ ਆਉਂਦਾ ਹੈ ਤਾਂ ਸਭ ਦੀ ਜ਼ਿੰਦਗੀ ਉਥਲ-ਪੁੱਥਲ ਹੋ ਜਾਂਦੀ ਹੈ। ਇਹ ਫ਼ਿਲਮ ਮੇਰੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਬਹੁਤ ਅਲੱਗ ਹੈ। ਜਿੱਥੇ ‘ਲਵ ਪੰਜਾਬ’ ਤੇ ‘ਅੰਗੇਰਜ਼’ ਪਰਿਵਾਰਿਕ ਡਰਾਮਾ ਸਨ, ਜਦ ਕਿ ਇਹ ਫ਼ਿਲਮ ਪੂਰੀ ਤਰ੍ਹਾਂ ਰੋਮਾਂਟਿਕ ਹੈ। ਇਸ ਫ਼ਿਲਮ ਦੀ ਕਹਾਣੀ ਹੀ ਨਹੀਂ ਬਲਕਿ ਪੂਰੀ ਫ਼ਿਲਮ ਹੀ ਬਾਲੀਵੁੱਡ ਫ਼ਿਲਮਾਂ ਦੇ ਬਰਾਬਰ ਦੀ ਹੈ।

ਜਿੰਮੀ ਸ਼ੇਰਗਿੱਲ ਅਤੇ ਨੀਰੂ ਬਾਜਵਾ ਵਰਗੇ ਦਿੱਗਜ਼ ਕਲਾਕਾਰਾਂ ਨਾਲ ਕੰਮ ਕਰਨ ਦਾ ਤਜਰਬਾ ਕਿੱਦਾਂ ਦਾ ਰਿਹਾ ?
ਮੇਰਾ ਜਿੰਮੀ ਸ਼ੇਰਗਿੱਲ ਤੇ ਨੀਰੂ ਬਾਜਵਾ ਨਾਲ ਕੰਮ ਕਰਨ ਦਾ ਤਜਰਬਾ ਵੀ ਬਹੁਤ ਵਧੀਆ ਰਿਹਾ। ਨੀਰੂ ਬਾਜਵਾ ਬਹੁਤ ਹੀ ਵਧੀਆ ਤੇ ਮੰਝੀ ਹੋਈ ਅਦਾਕਾਰਾ ਹੈ, ਉਨ੍ਹਾਂ ਦਾ ਸੁਭਾਅ ਵੀ ਬਹੁਤ ਵਧੀਆ ਹੈ। ਜਿੰਮੀ ਸ਼ੇਰਗਿੱਲ ਵੀ ਇਕ ਸੁਲਝੇ ਹੋਏ ਅਦਾਕਾਰ ਹਨ। ਉਨ੍ਹਾਂ ਨੂੰ ਕੈਮਰੇ ਦੇ ਐਂਗਲ ਦੀ ਵੀ ਕਾਫ਼ੀ ਸਮਝ ਹੈ ਅਤੇ ਇਨ੍ਹਾਂ ਤਜਰਬੇਕਾਰ ਕਲਾਕਾਰਾਂ ਨਾਲ ਕੰਮ ਕਰਕੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ।

ਕੁਝ ਦਿਲਚਸਪ ਸਵਾਲ
ਪਸੰਦੀਦਾ ਐਕਟ੍ਰੈਸ-  ਕਾਜੋਲ ਦੀਪਿਕਾ ਪਾਦੂਕੋਨ
ਐਕਟਰ – ਸ਼ਾਹਰੁਖ਼ ਖ਼ਾਨ
ਖਾਣਾ- ਨਾਨ ਵੈਜ
ਘੁੰਮਣ ਵਾਲੀ ਜਗ੍ਹਾ- ਲੰਡਨ
ਆਖਰ ਤੇ ਸਰਗੁਨ ਨੇ ਅਪਣੀਆਂ ਆਉਣ ਵਾਲੀਆ ਫ਼ਿਲਮਾਂ ‘ਲਹੌਰੀਏ’ ਦਾ ਵੀ ਜ਼ਿਕਰ ਕੀਤਾ, ਜੋ ਕਿ 12 ਮਈਨੂੰ ਰਿਲੀਜ਼ ਹੋ ਰਹੀ ਹੈ।

-ਦਲਜੀਤ ਸਿੰਘ ਅਰੋੜਾ।

Comments & Suggestions

Comments & Suggestions

Leave a Reply

Your email address will not be published. Required fields are marked *

Enter Code *