ਕੱਲ 20 ਅਕਤੂਬਰ ਨੂੰ ਸਿਨੇਮਾ ਘਰਾਂ ‘ਚ ਪਹੁੰਚਣਗੇ ਡੰਗਰ ਡਾਕਟਰ

By  |  0 Comments

ਜੇਕਰ ਤੁਸੀਂ ਦੀਵਾਲੀ ਦੀ ਥਕਾਵਟ ਤੋਂ ਚੂਰ ਹੋਏ ਹੋ ਤਾਂ ਆਪਣੀ ਥਕਾਵਟ ਦੂਰ ਕਰਨ ਲਈ ਤੁਸੀਂ ਦੀਵਾਲੀ ਤੋਂ ਅਗਲੇ ਹੀ ਦਿਨ ਯਾਨੀ ਕਿ 20 ਅਕਤੂਬਰ ਨੂੰ ਪੰਜਾਬੀ ਫ਼ਿਲਮ ‘ਡੰਗਰ ਡਾਕਟਰ ਜੈਲੀ’ ਵੇਖ ਸਕਦੇ ਹੋ। ਨਿਰਦੇਸ਼ਕ ਅਥਰਵ ਬਲੂਜਾ ਦੀ ਇਸ ਫ਼ਿਲਮ ਦੇ ਨਿਰਮਾਤਾ ਵਿਵੇਕ ਓਹਰੀ ਤੇ ਅਨਿਲ ਅਰੋੜਾ ਹਨ। ‘ਓਹਰੀ ਪ੍ਰੋਡਕਸ਼ਨ’ਤੇ ‘ਸ਼ਿਵਓਮ ਮੀਡੀਆ’ ਵੱਲੋਂ ਬਣਾਈ ਇਸ ਫ਼ਿਲਮ ਵਿਚ ਮੁੱਖ ਭੂਮਿਕਾ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਨੇ ਨਿਭਾਈ ਹੈ। ਸਾਰਾ ਗੁਰਪਾਲ, ਗੀਤ ਗੰਭੀਰ, ਬੀ. ਐਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਹੋਬੀ ਧਾਲੀਵਾਲ, ਰਾਜੀਵ ਠਾਕਰ, ਨਿਸ਼ਾ ਬਾਨੋ, ਗੁਰਮੀਤ ਸਾਜਨ, ਸੰਤੋਸ਼ ਮਲਹੋਤਰਾ, ਮਿੰਟੋ, ਗੁਰਪ੍ਰੀਤ ਤੋਤੀ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਕਹਾਣੀ ਅਤਰਵ ਬਲੂਜਾ ਨੇ ਖ਼ੁਦ ਲਿਖੀ ਹੈ। ਪਟਕਥਾ ਅਥਰਵ ਬਲੂਜਾ ਨੇ ਖ਼ੁਦ, ਸਿਕੰਦਰ ਤੇ ਚੰਦਨ ਪ੍ਰਭਾਕਰ ਨੇ ਲਿਖੀ ਹੈ। ਸੰਵਾਦ ਜਤਿੰਦਰ ਲਾਲ ਦੇ ਹਨ।
ਫ਼ਿਲਮ ਦੀ ਕਹਾਣੀ ਜੈਲੀ ਦੇ ਦੁਆਲੇ ਘੁੰਮਦੀ ਹੈ, ਜੈਲੀ ਜੋ ਕਿ ਜਾਨਵਰਾਂ ਨਾਲ ਬੇਹੱਦ ਪਿਆਰ ਕਰਦਾ ਹੈ ਤੇ ਉਨ੍ਹਾਂ ਦੀ ਹਰ ਰਮਜ਼ ਪਛਾਣਦਾ ਹੈ। ਕਿਸੇ ਸਿਆਣੇ ਵੈਟਨਰੀ ਡਾਕਟਰ ਵਾਂਗ ਉਸ ਨੂੰ ਹਰ ਜਾਨਵਰ ਦੀ ਬਿਮਾਰੀ ਲੱਭ ਕੇ ਉਸ ਦਾ ਇਲਾਜ ਕਰਨਾ ਆਉਂਦਾ ਹੈ। ਇਸ ਲਈ ਸਾਰੇ ਪਿੰਡ ਵਾਲੇ ਉਸ ਨੂੰ ਡੰਗਰ ਡਾਕਟਰ ਕਹਿ ਕੇ ਬੁਲਾਉਂਦੇ ਹਨ। ਜੈਲੀ ਦਾ ਕਿਰਦਾਰ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਨੇ ਨਿਭਾਇਆ ਹੈ।
ਫ਼ਿਲਮ ਵਿਚ ਡਰਾਮਾ ਹੈ, ਕਮੇਡੀ ਹੈ। ਪਿਆਰ ਤੇ ਜਜ਼ਬਾਤ, ਜ਼ਿੰਦਗੀ ਦੀ ਅਹਿਮੀਅਤ ਤੇ ਪਿੰਡਾਂ ਦੇ ਪਰਿਵਾਰਾਂ ਦੀ ਆਪਸੀ ਝੜਪ, ਸ਼ਹਿਰਾਂ ਦਾ ਪਿੰਡਾਂ ਵਾਲਿਆਂ ਪ੍ਰਤੀ ਵਤੀਰਾ ਇਹ ਸਭ ਤੁਹਾਨੂੰ ਫ਼ਿਲਮ ਵਿਚ ਵੇਖਣ ਨੂੰ ਮਿਲੇਗਾ। ਚੰਡੀਗੜ੍ਹ ਨੇੜੇ ਪਿੰਡਾਂ ਦੀਆਂ ਵੱਖ-ਵੱਖ ਲੋਕੇਸ਼ਨਾਂ ‘ਤੇ ਇਸ ਫ਼ਿਲਮ ਦੀ ਸ਼ੂਟਿੰਗ ਕੀਤੀ ਗਈ ਹੈ। ਫ਼ਿਲਮ ਦੇ ਗੀਤ ਨਵੀ ਕੰਬੋਜ, ਕੁਲਵੀਰ ਸ਼ੌਕੀ, ਪ੍ਰੀਤ ਜੱਜ, ਪਵਨ ਮਾਨ ਖੇਤੀਆ, ਅਭਿਨਚ ਲਾਹੌਰੀਆ ਆਦਿ ਗੀਤਕਾਰਾਂ ਨੇ ਲਿਖੇ ਹਨ, ਜਿਨ੍ਹਾਂ ਨੂੰ ਸੰਗੀਤ ਜੱਸੀ ਕਟਿਆਲ, ਜੈਦੇਵ ਕੁਮਾਰ, ਡੀ. ਜੇ. ਫਲੋਅ ਤੇ ਗੋਲਡ ਬੁਆਏ ਨੇ ਦਿੱਤਾ ਹੈ ਅਤੇ ਆਵਾਜ਼ ਰਵਿੰਦਰ ਗਰੇਵਾਲ ਤੇ ਹੋਰ ਨਾਮੀ ਗਾਇਕਾਂ ਨੇ ਦਿੱਤੀ ਹੈ।
ਫ਼ਿਲਮ ਦੇ ਨਿਰਮਾਤਾ ਵਿਵੇਕ ਓਹਰੀ ਤੇ ਅਨਿਲ ਅਰੋੜਾ ਮੁਤਾਬਕ ਦੀਵਾਲੀ ਤੋਂ ਅਗਲੇ ਹੀ ਦਿਨ ਰਿਲੀਜ਼ ਹੋ ਰਹੀ ਫ਼ਿਲਮ ‘ਡੰਗਰ ਡਾਕਟਰ ਜੈਲੀ’ ਦਰਸ਼ਕਾਂ ਨੂੰ ਖ਼ੂਬ ਪਸੰਦ ਆਏਗੀ। ਇਹ ਇਕ ਪਰਿਵਾਰਿਕ ਫ਼ਿਲਮ ਹੈ, ਜਿਸ ਨੂੰ ਦਰਸ਼ਕ ਬਹੁਤ ਸਰਾਹੁਣਗੇ ਅਤੇ ਸਿਨੇਮਾ ਘਰਾਂ ਵਿਚ ਦਰਸ਼ਕਾਂ ਦੀ ਆਮਦ ਵਧੇਗੀ।

Comments & Suggestions

Comments & Suggestions