7 ਜੁਲਾਈ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਕ੍ਰੇਜ਼ੀ ਟੱਬਰ’ ਦਾ ਫੈਮਲੀ ਡਰਾਮਾ, ਵਿਦ ਫੁੱਲ ਹਾਸਾ

By  |  0 Comments

ਨਿਰਮਾਤਾ ਨਵੀਨ ਟਾਕ ਵੱਲੋਂ ਬਣਾਈ ਗਈ ਅਤੇ ‘ਸਪਾਇਕੀ ਐਂਟਰਟੇਨਮੈਂਟ ਬੈਨਰ ਹੇਠ ਅਤੇ ‘ਉਹਰੀ ਪ੍ਰੋਡਕਸ਼ਨ’ (ਨਿਰਮਾਤਾ ਵਿਵੇਕ ਓਹਰੀ) ਦੇ ਸਹਿਯੋਗ ਨਾਲ ਤਿਆਰ ਹੋਈ ਫ਼ਿਲਮ ‘ਕ੍ਰੇਜ਼ੀ ਟੱਬਰ’ ਇਕ ਫੈਮਲੀ ਡਰਾਮਾ ਹੈ। ਇਸ ਫ਼ਿਲਮ ਦੇ ਨਿਰਮਾਤਾ ਨਵੀਨ ਤਾਕ ਨਾਲ ਜਦੋਂ ਫ਼ਿਲਮ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱੱਸਿਆ ਕਿ ਇਹ ਫ਼ਿਲਮ ਦੋ ਅਜਿਹੇ ਪਰਿਵਾਰਾਂ ਦੀ ਕਹਾਣੀ ਹੈ, ਜਿਨ੍ਹਾਂ ਦਾ ਰਹਿਣ-ਸਹਿਣ, ਵਿਚਾਰ ਇਕ ਦੂਜੇ ਦੇ ਬਿਲਕੁਲ ਉਲਟ ਹਨ, ਜਿੱਥੇ ਹੀਰੋ ਹਰੀਸ਼ ਵਰਮਾ ਦਾ ਪਰਿਵਾਰ ਬਿਲਕੁਲ ਪੇਂਡੂ ਜੱਟ ਤੇ ਠੇਠ ਪੰਜਾਬੀ ਹੁੰਦੇ ਹੈ, ਉਥੇ ਹੀਰੋਇਨ ਪ੍ਰਿਅੰਕਾ ਮਹਿਤਾ ਦਾ ਪਰਿਵਾਰ ਮਾਡਰਨ ਤੇ ਮਾਸ-ਮੱਛੀ ਤੋਂ ਦੂਰ ਰਹਿਣ ਵਾਲਾ ਹੁੰਦਾ ਹੈ ਪਰ ਹਰੀਸ਼ ਵਰਮਾ ਤੇ ਪ੍ਰਿਅੰਕਾ ਮਹਿਤਾ ਨੂੰ ਆਪਸ ਵਿਚ ਪਿਆਰ ਹੋ ਜਾਂਦਾ ਹੈ, ਤੇ ਉਦੋਂ ਹਾਲਾਤ ਕੀ ਮੋੜ ਲੈਂਦੇ ਹਨ, ਇਹ ਫ਼ਿਲਮ ਵੇਖ ਕੇ ਹੀ ਪਤਾ ਲੱਗੇਗਾ। ਬਾਕੀ ਚਰਿੱਤਰ ਕਲਾਕਾਰਾਂ ਵਿਚ ਪਾਲੀਵੁੱਡ ਦੇ ਮੰਨੇ-ਪ੍ਰਮੰਨੇ ਚਿਹਰੇ ਯੋਗਰਾਜ ਸਿੰਘ, ਜਸਵਿੰਦਰ ਭੱਲਾ, ਬੀ. ਐਨ. ਸ਼ਰਮਾ, ਨਿਰਮਲ ਰਿਸ਼ੀ, ਸ਼ਵਿੰਦਰ ਮਾਹਲ, ਹੋਬੀ ਧਾਲੀਵਾਲ ਤੋਂ ਇਲਾਵਾ ਬਨਿੰਦਰਜੀਤ ਸਿੰਘ ਆਦਿ ਹਨ। ਨਿਰਦੇਸ਼ਕ ਅਜੇ ਚੰਦੋਕ ਜੋ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਬਤੌਰ ਨਿਰਦੇਸ਼ਕ ਅਤੇ ਚੀਫ਼ ਅਸਿਸਟੈਂਟ ਨਿਰਦੇਸ਼ਕ ਵਜੋਂ ਬਣਾ ਚੁੱਕੇ ਹਨ, ਹੁਣ ਉਨ੍ਹਾਂ ਪਾਲੀਵੁੱਡ ਵਿਚ ਵੀ ਬਤੌਰ ਨਿਰਦੇਸ਼ਕ ਆਪਣੀ ਕਿਸਮਤ ਅਜ਼ਮਾਈ ਹੈ ਅਤੇ ਫ਼ਿਲਮ ‘ਕ੍ਰੇਜ਼ੀ ਟੱਬਰ’ ਦਾ ਨਿਰਦੇਸ਼ਨ ਕੀਤਾ ਹੈ। ਫ਼ਿਲਮ ਦੀ ਕਹਾਣੀ, ਸਕ੍ਰੀਨ ਪਲੇਅ ਤੇ ਡਾਇਲਾਗ਼ ਮਨਦੀਪ ਸਿੰਘ ਤੇ ਨਿਹਾਲ ਪੁਰਬਾ ਨੇ ਲਿਖੇ ਹਨ। ਇਸ ਦੇ ਗੀਤਾਂ ਨੂੰ ਮਿਊਜ਼ਿਕ ਦਿੱਤਾ ਹੈ ਸੰਗੀਤਕਾਰ ਗੁਰਚਰਨ ਸਿੰਘ ਨੇ, ਜਿਨ੍ਹਾਂ ਨੂੰ ਗਾਇਆ ਹੈ ਗਾਇਕ ਨਿੰਜਾ, ਨੂਰਾਂ ਸਿਸਟਰਜ਼, ਕਮਲ ਖ਼ਾਨ ਤੇ ਫ਼ਿਰੋਜ਼ ਖ਼ਾਨ ਨੇ। ਫ਼ਿਲਮ ਦਾ ਇਕ ਗੀਤ ਕਈ ਪੰਜਾਬੀ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਸਿਮਰਨਜੀਤ ਹੁੰਦਲ ਨੇ ਅਤੇ ਇਕ ਗੀਤ ਅਦਾਕਾਰ ਹਰੀਸ਼ ਵਰਮਾ ਨੇ ਵੀ ਲਿਖਿਆ ਹੈ। ਇਸ ਫ਼ਿਲਮ ਦੀ ਸਿਨੇਮਾਟੋਗ੍ਰਾਫ਼ੀ ਸੁਪਰਹਿੱਟ ਫ਼ਿਲਮ ‘ਗਦਰ’ ਦੇ ਸਿਨੇਮਾਟੋਗ੍ਰਾਫ਼ਰ ਨਜ਼ੀਬ ਖ਼ਾਨ ਨੇ ਕੀਤੀ ਹੈ। ‘ਓਮ ਜੀ ਗਰੁੱਪ’ ਇਸ ਫ਼ਿਲਮ ਦੇ ਡਿਸਟੀਬਿਊਟਰ ਹਨ। ਫ਼ਿਲਮ ਦੇ ਨਿਰਮਾਤਾ ਨਵੀਨ ਟਾਕ ਦਾ ਕਹਿਣਾ ਹੈ ਕਿ ਉਹ ਇਸ ਤੋਂ ਪਹਿਲਾਂ ਬਾਲੀਵੁੱਡ ਫ਼ਿਲਮਾਂ ਸੌਤਨ-ਦਾ ਅਦਰ ਵੂਮੈਨ, ਜ਼ਿੰਦਗੀ ਤੇਰੇ ਦੋ ਨਾਮ ਅਤੇ ਇਸ਼ਕ ਕੇ ਪਰਿੰਦੇ ਆਦਿ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ ਅਤੇ ਰਾਜਸਥਾਨ ਵਿਚ ੧੫੦ ਫ਼ਿਲਮਾਂ ਬਤੌਰ ਡਿਸਟ੍ਰੀਬਿਊਟਰ ਰਿਲੀਜ਼ ਵੀ ਕਰ ਚੁੱਕੇ ਹਨ। ਹੁਣ ਪਾਲੀਵੁੱਡ ਵਿਚ ਉਨ੍ਹਾਂ ਪਹਿਲੀ ਵਾਰ ਪੰਜਾਬੀ ਫ਼ਿਲਮ ‘ਕ੍ਰੇਜ਼ੀ ਟੱਬਰ’ ਦਾ ਨਿਰਮਾਣ ਕੀਤਾ ਹੈ, ਜਿਸ ਤੋਂ ਉਨ੍ਹਾਂ ਨੂੰ ਬਹੁਤ ਉਮੀਦਾਂ ਹਨ। ਨਵੀਨ ਟਾਕ ਦਾ ਕਹਿਣਾ ਹੈ ਕਿ ਮੈਨੂੰ ਪੰਜਾਬ, ਇੱਥੋਂ ਦੇ ਲੋਕ ਬਹੁਤ ਵਧੀਆ ਲੱਗੇ ਹਨ ਅਤੇ ਇਸ ਫ਼ਿਲਮ ਦੇ ਅਦਾਕਾਰਾਂ ਨਾਲ ਕੰਮ ਕਰਨ ਦਾ ਤਜ਼ਰਬਾ ਵੀ ਵਧੀਆ ਰਿਹਾ। ਨਵੀਨ ਛੇਤੀ ਹੀ ਇਕ ਹੋਰ ਪੰਜਾਬੀ ਫ਼ਿਲਮ ਦਾ ਨਿਰਮਾਣ ਵੀ ਕਰ ਰਹੇ ਹਨ।

Comments & Suggestions

Comments & Suggestions