ਜਵਾਨੀ ਮੇਰੇ ਗੀਤਾਂ ਦੀ ਦੀਵਾਨੀ – ਗੀਤਕਾਰ ਕੁਮਾਰ

By  |  0 Comments

ਬਾਲੀਵੁੱਡ ਨੂੰ ਬੇਬੀ ਡੌਲ, ਚਿੱਟੀਆਂ ਕਲਾਈਆਂ ਅਤੇ ਕਈ ਹੋਰ ਗੀਤਾਂ ‘ਤੇ ਨਚਾਉਣ ਵਾਲਾ ਪ੍ਰਸਿੱਧ ਗੀਤIMG_3623 copyਕਾਰ ਕੁਮਾਰ (ਰਾਕੇਸ਼ ਕੁਮਾਰ) ਅੱਜ ਤੋਂ 20 ਸਾਲ ਪਹਿਲਾਂ ਆਪਣੇ ਜੱਦੀ ਸ਼ਹਿਰ ਜਲੰਧਰ ਤੋਂ ਚੱਲ ਕੇ ਮੁੰਬਈ ਫ਼ਿਲਮ ਨਗਰੀ ‘ਚ ਬਤੌਰ ਗੀਤਕਾਰ ਕਿਸਮਤ ਅਜਮਾਉਣ ਗਿਆ ਅੱਜ ਆਪਣੇ ਨਿਵੇਕਲੇ ਇੰਗਲਿਸ਼-ਪੰਜਾਬੀ ਮਿਕਸ ਗੀਤਾਂ ਵਾਲੇ ਸਟਾਈਲ ਕਰਕੇ ਬਾਲੀਵੁੱਡ ਅਤੇ ਪਾਲੀਵੁੱਡ ਵਿਚ ਹਰ ਦਿਲ ਅਜ਼ੀਜ਼ ਕਾਮਯਾਬ ਗੀਤਕਾਰ ਬਣ ਚੁੱਕਾ ਹੈ।
ਤਕਰੀਬਨ ਬਾਲੀਵੁੱਡ ਦੀ ਹਰ ਦੂਜੀ ਫ਼ਿਲਮ ‘ਚ ਉਸ ਦਾ ਗੀਤ ਸੁਣਨ ਨੂੰ ਮਿਲਦਾ ਹੈ। ਉਸ ਨੇ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ, ਧਰਮਿੰਦਰ, ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ, ਆਮਿਰ ਖ਼ਾਨ, ਅਕਸ਼ੈ ਕੁਮਾਰ, ਅਜੈ ਦੇਵਗਨ ਤੋਂ ਇਲਾਵਾ ਨਵੀਂ ਪੀੜ੍ਹੀ ਦੇ ਸਟਾਰ ਰਿਤੀਕ ਰੌਸ਼ਨ, ਰਣਬੀਰ ਕਪੂਰ, ਰਣਵੀਰ ਸਿੰਘ, ਸ਼ਾਹਿਦ ਕਪੂਰ, ਅਰਜੁਨ ਕਪੂਰ, ਗੱਲ ਕਿ ਸਾਰੇ ਚਰਚਿਤ ਸਟਾਰਾਂ ਉੱਤੇ ਕੁਮਾਰ ਦੇ ਲਿਖੇ ਗੀਤ ਫ਼ਿਲਮਾਏ ਜਾ ਚੁੱਕੇ ਹਨ।
ਸ਼ੁਰੂਆਤੀ ਦਿਨਾਂ ‘ਚ ਉਸ ਨੂੰ ਬਾਲੀਵੁੱਡ ‘ਚ ਇਕ ਗੀਤ ਦਾ  ਪੰਜ ਸੌ-ਹਜ਼ਾਰ ਤੋਂ ਪੰਜ ਹਜ਼ਾਰ ਰੁਪਏ ਤੱਕ ਮਿਹਨਤਾਨਾ ਮਿਲਿਆ ਕਰਦਾ ਸੀ, ਜੋ ਅੱਜ ਇਸ ਦੀ ਮਿਹਨਤ ਅਤੇ ਸ਼ਿੱਦਤ ਕਰਕੇ ਛੇ ਫਿਗਰਾਂ ਵਾਲੀ ਰਕਮ ਤੱਕ ਪੁੱਜਾ ਹੈ। ਵੈਸੇ ਤਾਂ ਉਸ ਨੇ ਵਿਦੇਸ਼ੀ ਗਾਇਕ ਸੁਖਬੀਰ ਦੀ ਆਵਾਜ਼ ਵਿਚ ਪਹਿਲਾ ਪੰਜਾਬੀ ਗੀਤ ‘ਹੋ ਹੋ ਇਸ਼ਕ ਤੇਰਾ ਤੜਪਾਵੇ’ ਲਿਖਿਆ ਸੀ, ਜਿਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋਈ ਅਤੇ ਅੱਜ ਵੀ ਇਹ ਗੀਤ ਹਰ ਪਾਰਟੀ ਦੀ ਸ਼ਾਨ ਹੈ ਪਰ ਸਾਲ 2004 ‘ਚ ਹਿੰਦੀ ਫ਼ਿਲਮ ‘ਪਲੇਨ’ ਚ ਆਇਆ ਪਹਿਲਾ ਬਾਲੀਵੁੱਡ ਗੀਤ ‘ਹੋਤਾ ਹੈ ਹੋਤਾ ਹੈ’ ਤੋਂ ਬਾਅਦ ਨਾਲ ਹੀ ‘ਅਨਜਾਨਾ- ਅਨਜਾਨੀ’ ਫ਼ਿਲਮ ਦਾ ਗੀਤ ‘ਤੁਝੇ ਭੁਲਾ ਦੀਆ’, ਜਿਸ ਨਾਲ ਉਸ ਦੀ ਬਾਲੀਵੁੱਡ ਵਿਚ ਪਛਾਣ ਬਣੀ। ਇਸ ਗੀਤ ਨੂੰ ‘ਗਲੋਬਲ’ ਇੰਡੀਅਨ ਮਿਊਜ਼ਿਕ ਐਵਾਰਡ’ ਵੀ ਮਿਲਿਆ।
ਮੁੰਬਈ ‘ਚ ਗੀਤਕਾਰ ਕੁਮਾਰ ਨਾਲ ਉਸ ਦੇ ਗੀਤਕਾਰੀ ਦੇ ਸਫ਼ਰ ਦੀ ਗੱਲਬਾਤ ਹੋਈ ਤਾਂ ਕੁਮਾਰ ਨੇ ਦੱਸਿਆ ਕਿ ਉਸ ਨੇ ਪਾਲੀਵੁੱਡ ਅਤੇ ਬਾਲੀਵੁੱਡ ਲਈ ਕਈ ਗੀਤ ਲਿਖ ਕੇ ਇਹ ਗੱਲ ਝੂਠੀ ਸਾਬਤ ਕਰ ਦਿੱਤੀ ਕਿ ਗੀਤਕਾਰ ਨੂੰ ਕੋਈ ਨਹੀਂ ਪੁੱਛਦਾ, ਉਹ ਕਿਸੇ ਫ਼ਿਲਮ ਮੇਕਰ ਨੂੰ ਆਪਣੇ ਗੀਤ ਆਪ ਨਹੀਂ ਦੇਣ ਜਾਂਦਾ, ਸਗੋਂ ਫ਼ਿਲਮ ਮੇਕਰ ਉਸ ਕੋਲ ਪਹਿਲਾਂ ਗੀਤ ਦੀ ਤਰਜ਼ ਲੈ ਕੇ ਆਉਂਦੇ ਹਨ ਫੇਰ ਕੁਮਾਰ ਤਰਜ਼ ਮੁਤਾਬਕ ਗੀਤ ਫਿੱਟ ਕਰਦਾ ਹੈ, ਕਿਉਂਕਿ ਫ਼ਿਲਮ ਦੀ ਕਹਾਣੀ ਦੇ ਨਾਲ-ਨਾਲ ਸਭ ਤੋਂ ਪਹਿਲਾਂ ਕਹਾਣੀ ਦੀ ਮੰਗ ਅਨੁਸਾਰ ਗੀਤ ਲਿਖਾਉਣੇ ਜ਼ਰੂਰੀ ਹੁੰਦੇ ਹਨ।
ਮਿਊਜ਼ਿਕ ਕੰਪੋਜ਼ਰ ਰਾਜੂ ਸਿੰਘ ਨੇ ਉਸ ਨੂੰ ਮੀਟਰ ‘ਤੇ ਤਰਜਾਂ ਕਿਵੇਂ ਬਣਾਈ ਦੀਆਂ ਹਨ, ਇਹ ਸਿਖਾਇਆ ਅਤੇ ਉਨ੍ਹਾਂ ਨੇ ਹੀ ਸਭ ਤੋਂ ਪਹਿਲੀ ਬਰੇਕ ਦਿੱਤੀ। ਬਿਜਨਸ ਬਿਲਡਰ ਵਰਿਆਮ ਸਿੰਘ ਵੱਲੋਂ ਸੰਘਰਸ਼ ਦੇ ਦਿਨਾਂ ‘ਚ ਉਸ ਦੀ ਕੀਤੀ ਆਰਥਿਕ ਮਦਦ ਉਹ ਕਦੇ ਨਹੀਂ ਭੁੱਲ ਸਕਦਾ, ਦੋਵਾਂ ਸ਼ਖ਼ਸਾਂ ਦਾ ਉਹ ਦਿਲੋਂ ਧੰਨਵਾਦੀ ਹੈ।
ਮੁੰਬਈ ਦੀਆਂ ਫ਼ਿਲਮਾਂ, ਪੱਬਾਂ, ਵਿਆਹ ਪਾਰਟੀਆਂ, ਹਰ ਖੁਸ਼ੀ ਦੇ ਸਮੇਂ ‘ਚ ਉਸ ਦੇ ਗੀਤਾਂ ਉੱਪਰ ਨੌਜਵਾਨ ਪੀੜ੍ਹੀ ਥਿਰਕ ਰਹੀ ਹੈ। ਜਵਾਨੀ ਉਸ ਦੇ ਗੀਤਾਂ ਦੀ ਦੀਵਾਨੀ ਹੋ ਚੁੱਕੀ ਹੈ। ਉਸ ਦੇ ਤਾਂ ਦਰਦਾਂ ਵਿੰਨ੍ਹੇ ਗੀਤਾਂ ਉਪਰ ਵੀ ਡਾਂਸ ਕੀਤਾ ਜਾਂਦਾ ਹੈ ਜਿਵੇਂ ‘ਹੋ ਹੋ ਇਸ਼ਕ ਤੇਰਾ ਤੜਪਾਵੇ’। ਕੁਮਾਰ ਦਾ ਹਰ ਸ਼ਬਦ ਡੂੰਘੇ ਅਰਥ ਰੱਖਦਾ ਹੈ, ਆਪਣੀ ਗੱਲਬਾਤ ਦੌਰਾਨ ਉਸ ਨੇ ਕਿਸੇ ਦੀ ਬੁਰਾਈ ਨਹੀਂ ਕੀਤੀ, ਬਲਕਿ ਉਸ ਨੇ ਆਪ ਕੀ ਕੀਤਾ ਸਿਰਫ਼ ਉਸ ਬਾਰੇ ਹੀ ਦੱਸਿਆ। ਸ਼ਾਇਦ ਉਹ ਪੰਜਾਬ ਦਾ ਪਹਿਲਾ ਗੀਤਕਾਰ ਹੋਵੇਗਾ, ਜਿਸ ਨੇ ਕਲਾਕਾਰਾਂ, ਫ਼ਿਲਮ ਮੇਕਰਾਂ ਤੋਂ ਆਪਣੇ ਲਿਖੇ ਗੀਤਾਂ ਦੀ ਕੀਮਤ ਹਜ਼ਾਰਾਂ ਤੋਂ ਲੱਖਾਂ ਤੱਕ ਮੰਗੀ ਹੈ। ਕੁਮਾਰ ਦੱਸਦਾ ਹੈ ਕਿ ਉਸ ਦੇ ਮਕਬੂਲ ਗੀਤ ‘ਪੰਜਾਬੀਆਂ ਦੀ ਬੈਟਰੀ ਚਾਰਜ ਰਹਿੰਦੀ ਏ’ ਫ਼ਿਲਮ ‘ਮੇਰੇ ਡੈਡ ਕੀ ਮਾਰੂਤੀ’ ਵਿਚ ਆਇਆ ਤਾਂ ਇਸ ਗਾਣੇ ਦੀ ਪ੍ਰਸਿੱਧੀ ਵੇਖ ਕੇ ਪੰਜਾਬ ਦੀ ਕਿਸੇ ਮੋਬਾਈਲ ਨੈਟਵਰਕਿੰਗ ਕੰਪਨੀ ਨੇ ਇਸ ਗੀਤ ਦੇ ਅਧਿਕਾਰ ਲੈਣ ਲਈ ਫ਼ਿਲਮ ਨਿਰਮਾਤਾ ਨੂੰ ਡੇਢ ਕਰੋੜ ਦੀ ਆਫਰ ਕਰ ਦਿੱਤੀ ਸੀ। ਉਸ ਦੇ ਬਾਕੀ ਚਰਚਿਤ ਗੀਤਾਂ ‘ਚੋਂ ‘ਸ਼ੂਟ ਆਊਟ ਐਟ ਵਡਾਲਾ’ ‘ਚ ਬਬਲੀ ਬਦਮਾਸ਼, ਮਾਂ ਦਾ ਲਾਡਲਾ ਵਿਗੜ ਗਿਆ (ਦੋਸਤਾਨਾ) ਅਤੇ ਪਹਿਲੀ ਵਾਰ ਗਾਇਕ ਬੱਬੂ ਮਾਨ ਨੇ ਜੇ ਕਿਸੇ ਹਿੰਦੀ ਫ਼ਿਲਮ ‘ਚ ਗੀਤ ਗਾਇਆ ਤਾਂ ਉਹ ‘ਛੱਲਾ ਇੰਡੀਆ ਤੋਂ ਆਇਆ’ (ਕਰੁੱਕ) ਅਤੇ ਇਕ ਹੋਰ ਵਿਸ਼ੇਸ਼ ਗੀਤ ‘ਨੈਣਾਂ ਲੱਗੀਆਂ ਬਾਰਸ਼ਾਂ’ ਵੀ ਉਸਦੀ ਰਚਨਾ ਅਤੇ ਪ੍ਰਸਿੱਧੀ ਦੀਆਂ ਪੌੜੀਆਂ ਹਨ। ਅਮਿਤਾਭ ਬੱਚਨ ਉਸ ਦੇ ਗੀਤ ‘ਪਾਰਟੀ ਤੋ ਬਨਤੀ ਹੈ’ ਉੱਪਰ ਥਿਰਕ ਚੁੱਕਾ ਹੈ। ਧਰਮਿੰਦਰ ਦੀ ਫ਼ਿਲਮ ‘ਜੱਟ ਯਮਲਾ ਪਗਲਾ ਦੀਵਾਨਾ’ ਦੇ ਸਾਰੇ ਗੀਤਾਂ ਤੋਂ ਇਲਾਵਾ ਹਿੰਦੀ ਫ਼ਿਲਮਾਂ ਜਿਸੇ ਕਹਤੇ ਹੈਂ ਪਿਆਰ (ਨੂਰ), ਗੁਲਾਬੀ ਤੇ ਬੇਬੀ ਬੇਸ਼ਰਮ (ਨਾਮ ਸ਼ਬਾਨਾ), ਰੋਕੇ ਨਾ ਰੁਕੇ ਨੈਣਾ (ਬਦਰੀਨਾਥ ਕੀ ਦੁਲਹਨੀਆ), ਸੀਧਾ ਸਾਧਾ ਤੇ ‘ਕਮਾਡੋਂ-2’ ਦਾ ਟਾਈਟਲ, ਹਰੇ ਰਾਮਾ ਹਰੇ ਕ੍ਰਿਸ਼ਨਾ (ਫੋਰਸ 2) ‘ਆ ਜਾਨਾ ਫਰਾਰੀ ਮੇਂ’ ਦਾ ਟਾਈਟਲ ਗੀਤ, ਲੋਹੇ ਦਾ ਲੀਵਰ (ਆ ਗਿਆ ਹੀਰੋ), ਕੋਕਾ ਸਿਲਵਰ ਦਾ, ਮਾਹੀ ਵੇ, ਦਿਲ ਮੇਂ ਛੁਪਾ ਲੂੰਗਾ ਤੇ ਵਜ੍ਹਾ ਤੁਮ ਹੋ ਦਾ ਟਾਈਟਲ ਗੀਤ, ਕਿਸੀ ਸੇ ਪਿਆਰ ਹੋ ਜਾਏ (ਕਾਬਿਲ), ਤੇਰੀ ਖ਼ੈਰ ਮੰਗਦੀ, ਬਾਰ-ਬਾਰ ਦੇਖੋ (ਕਾਲਾ ਚਸ਼ਮਾ), ਪਾਸ ਆਓ ਟਾਈਟਲ ਗੀਤ, ਨਵੀਆਂ ਫ਼ਿਲਮਾਂ ‘ਚੋਂ ਮੈਂ ਤੇਰਾ ਬੁਆਏ ਫਰੈਂਡ (ਰਾਬਤਾ), ਦਿਲ ਮੇਰਾ (ਗੈਸਟ ਇਨ ਲੰਡਨ), ਹਾਥੋਂ ਮੇਂ ਹਾਥ, ਮੁਬਾਰਕਾਂ-ਮੁਬਾਰਕਾਂ, ਜੈਗੋਆਰ, (ਮੁਬਾਰਕਾਂ),  ਬੇਪਰਵਾਹ ਪਿਆਰ ਹੈ, ਮੈਂ ਹੂੰ (ਮੁੰਨਾ ਮਾਈਕਲ), ਕੁੜੀ ਗੁਜਰਾਤ ਦੀ, (ਸਵੀਟੀ ਵੈਡਜ਼ ਐਨ. ਆਰ. ਆਈ), ਥੋੜ੍ਹੀ ਦੇਰ (ਹਾਫ਼ ਗਰਲ ਫਰੈਂਡ), ਦੋ ਲਫਜ਼ੋਂ ਕੀ ਕਹਾਨੀ, ਹਿੰਦੀ ਮੀਡੀਅਮ, ਬੇਈਮਾਨ ਲਵ, ਵਨ ਨਾਈਟ ਸਟੈਂਡ, ਬਾਗੀ, ਮਸਤੀਜਾਦੇ, ਏਅਰ ਲਿਫ਼ਟ, ਸਿੰਘ ਇਜ਼ ਬਲਿੰਗ, ਕੈਲੰਡਰ ਗਰਲ, ਕੱਟੀ ਬੱਟੀ, ਹੀਰੋ, ਭਾਗ ਜੌਨੀ, ਭੂਤ ਨਾਥ ਰਿਟਰਨ, ਰੋਏ, ਰਾਗਨੀ ਐਮ. ਐਸ. ੨, ਹਸੀ ਤੋ ਫਸੀ, ਹੇਟ ਸਟੋਰੀ, ਬਲੱਡ ਮਨੀ, ਲੰਕਾ ਅਤੇ ਹੋਰ ਵੀ ਅਣਗਿਣਤ ਫ਼ਿਲਮਾਂ ‘ਚ ਉਸ ਦੇ ਹਿੱਟ ਹੋਏ ਗੀਤ ਹਨ।
ਕੁਮਾਰ ਦੱਸਦਾ ਹੈ ਕਿ ਉਸ ਨੇ ਪੰਜਾਬੀ ਐਲਬਮ ਤੇ ਫ਼ਿਲਮਾਂ ਵਿਚ ਵੀ ਉਸ ਦੇ ਲਿਖੇ ਗੀਤ ਖ਼ੂਬ ਚੱਲੇ ਹਨ। ਜਿਵੇਂ ‘ਯਾਰ ਅਣਮੁੱਲੇ’ ਦਾ ਗੀਤ ਮੇਰਾ ਪੀਰ ਜਾਣੇ ਮੇਰੀ ਪੀੜ, ਗੱਡੀ ਮੋੜਾਂਗੇ (ਫ਼ਿਲਮ ਧਰਤੀ), ਤੇਰੇ ਨਾਲ ਨੱਚਣਾ (ਪਿਓਰ ਪੰਜਾਬੀ), ਕੈਰੀ ਆਨ ਜੱਟਾ, ਸ਼ਰੀਕ, ਜਿੰਦੂਆ, ਰੰਗੀਲੇ, ਚੰਨੋ ਕਮਲੀ ਯਾਰ ਦੀ, ਜੱਟ ਐਂਡ ਜੂਲੀਅਟ 1-2 ਦੇ ਗੀਤ ਜੱਟ ਟਿੰਕਾ, ਫੱਤੋ ਦੇ ਯਾਰ ਬੜੇ ਨੇ, ਤੂੰ ਹਾਈ ਫਾਈ ਜੂਲੀਅਟ ਤੋਂ ਇਲਾਵਾ ਸਾਨੂੰ ਦਿਲ ਦੀ ਕੋਠੀ ਦਾ ਤੂੰ ਰੱਖ ਲੈ ਪਹਿਰੇਦਾਰ, ਸੂਫ਼ੀ-ਸੂਫ਼ੀ ਆਦਿ ਵਿਸ਼ੇਸ਼ ਜ਼ਿਕਰਯੋਗ ਹਨ।
ਇੱਥੇ ਇਕ ਗੱਲ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ‘ਚ ਭਾਵੇਂ ਗਾਇਕ ਗੀਤਕਾਰਾਂ ਦਾ ਸ਼ੋਸ਼ਣ ਕਰਦੇ ਹਨ, ਉਨ੍ਹਾਂ ਦੇ ਲਿਖੇ ਗੀਤਾਂ ਦਾ ਬਣਦਾ ਮਿਹਨਤਾਨਾ ਵੀ ਸਹੀ ਢੰਗ ਨਾਲ ਨਹੀਂ ਦਿੰਦੇ ਅਤੇ ਗਾਇਕ ਆਪ ਇਕ ਗੀਤਕਾਰ ਦੇ ਗੀਤਾਂ ‘ਤੇ ਹਿੱਟ ਹੋ ਕੇ ਮਹਿੰਗੀਆਂ ਗੱਡੀਆਂ, ਕੋਠੀਆਂ ਦੇ ਮਾਲਕ ਬਣ ਜਾਂਦੇ ਹਨ, ਜਦਕਿ ਗੀਤਕਾਰ ਫਾਕੇ ਕੱਟ ਰਹੇ ਹਨ ਪਰ ਕੁਮਾਰ ਨੇ ਪੰਜਾਬ ‘ਚ ਗੀਤਕਾਰੀ ਸ਼ੁਰੂ ਕਰਕੇ ਆਪਣੀ ਕਿਰਤ ਦਾ ਮੁੱਲ ਪਵਾਇਆ ਅਤੇ ਬਾਕੀਆਂ ਲਈ ਵੀ ਰਸਤਾ ਖੋਲਿਆ।

ਇਸ ਤੋਂ ਇਲਾਵਾ ਟੈਲੀਵਿਜ਼ਨ ਸ਼ੋਅ ਤੇ ਸੀਰੀਅਲਾਂ ‘ਚੋਂ ਕੌਨ ਬਨੇਗਾ ਕਰੋੜਪਤੀ, ਜੱਸੀ ਜੈਸੀ ਕੋਈ ਨਹੀਂ, ਏਕ ਲੜਕੀ ਅਨਜਾਨੀ ਸੀ, ਦੇਵੀ, ਪਰੀ ਹੂੰ ਮੈਂ, ਘਰ ਏਕ ਸਪਨਾ, ਲਿਸ਼ਕੀ-ਲਿਸ਼ਕੀ, ਤੇਰੇ ਨਾਲ-ਨਾਲੋ, ਮਾਸਟਰ ਪੀਸ, ਜੋਸ਼, ਚਾਹਤ, ਹੌਸਲਾ ਆਦਿ ਉਸ ਦੇ ਵਿਸ਼ੇਸ਼ ਜ਼ਿਕਰਯੋਗ ਗੀਤ ਹਨ।
ਕੁਮਾਰ ਦਾ ਕਹਿਣਾ ਹੈ ਕਿ ਹਿੰਦੀ ਫ਼ਿਲਮ ਇੰਡਸਟਰੀ ‘ਚ 80 ਪ੍ਰਤੀਸ਼ਤ ਪੰਜਾਬੀਆਂ ਦਾ ਯੋਗਦਾਨ ਹੈ, ਚਾਹੇ ਉਹ ਗੀਤਕਾਰ, ਗਾਇਕ, ਹੀਰੋ, ਨਿਰਮਾਤਾ, ਨਿਰਦੇਸ਼ਕ, ਸੰਗੀਤਕਾਰ, ਕਮੇਡੀ ਕਲਾਕਾਰ, ਆਰਟ ਡਾਇਰੈਕਟਰ, ਮਿਊਜ਼ਿਕ ਡਾਇਰੈਕਟਰ, ਕਹਾਣੀਕਾਰ ਕੰਪੋਜ਼ਰ ਹੋਣ ਸਭ ਪੰਜਾਬੀ ਨੇ, ਇਸ ਕਰਕੇ ਹੀ ਪੰਜਾਬ ਦੇ ਮੁੰਬਈ ਫ਼ਿਲਮ ਇੰਡਸਟਰੀ ‘ਚ ਵੱਡੇ ਮਾਅਨੇ ਨੇ, ਉਸ ਨੂੰ ਮਾਣ ਹੈ ਕਿ ਉਹ ਪੰਜਾਬੀ ਹੈ। ਆਪਣੇ ਗੀਤਾਂ ‘ਚ ਜਦੋਂ ਉਹ ਪੰਜਾਬੀ ਬੋਲੀ ਦਾ ਤੜਕਾ ਲਾਉਂਦਾ ਹੈ, ਤਾਂ ਉਹ ਗੀਤ ਖ਼ੂਬ ਚੱਲਦੇ ਹਨ। ਹੋਰ ਭਾਸ਼ਾ ‘ਚ ਉਨਾ ਰਸ ਨਹੀਂ, ਜਿਨ੍ਹਾਂ ਪੰਜਾਬੀ ‘ਚ ਗੀਤ ਰੱਚ ਕੇ ਆਉਂਦਾ ਹੈ। ਭਾਵੇਂ ਚਿੱਟੀਆਂ ਕਲਾਈਆਂ, ਬੇਬੀ ਡੌਲ, ਮੈਂ ਲਵਲੀ ਹੋ ਗਈ ਆਂ, ਦੇਸੀ ਲੁੱਕ, ਮੈਂ ਨੱਚਾਂ ਫਰਾਟੇ ਮਾਰਕੇ, ਟੈਨਸ਼ਨ, ਮੁੰਡਿਆਂ ਤੋਂ ਬੱਚ ਕੇ ਰਹੀਂ, ਲਿਸ਼ਕੀ-ਲਿਸ਼ਕੀ, ਮਾਂ ਦਾ ਲਾਡਲਾ ਵਿਗੜ ਗਿਆ ਐਸੇ ਗੀਤ ਹਨ, ਜਿਨ੍ਹਾਂ ਦਾ ਕੋਈ ਡੂੰਘਾ ਮਤਲਬ ਵੀ ਨਹੀਂ ਪਰ ਫੇਰ ਵੀ ਸਭ ਨੱਚ ਰਹੇ ਨੇ ਕਿਉਂਕਿ ਮਿਊਜ਼ਿਕ ਸ਼ਬਦਾਂ ਤੋਂ ਵੀ ਉਪਰ ਹੈ। ਕੁਮਾਰ ਦਾ ਕਹਿਣਾ ਹੈ ਕਿ ਕੰਮ ਮੇਰੇ ਵਾਸਤੇ ਹੀਰੋ ਹੈ, ਦੋਸਤੀ ‘ਚ ਮੰਗਣ ਦੀ ਗੁੰਜਾਇਸ਼ ਨਹੀਂ, ਕੰਮ ਕਰਨ ਦੀ ਹੋਣੀ ਚਾਹੀਦੀ ਹੈ।
rhyਕੁਮਾਰ ਦੀਆਂ ਮੇਰੇ ਨਾਲ ਹੋਈਆਂ ਦਿਲਚਸਪ ਗੱਲਾਂ ‘ਚ ਇਹ ਵੀ ਸ਼ਾਮਲ ਹੈ ਕਿ ਬਾਲੀਵੁੱਡ ਦੇ ਸਟਾਰ ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ, ਅਕਸ਼ੈ ਕੁਮਾਰ, ਆਮਿਰ ਖ਼ਾਨ, ਅਜੈ ਦੇਵਗਨ ਅਤੇ ਅੱਜ ਦੇ ਯੁਵਾ ਸਟਾਰ ਸਭ ਉਸ ਦੇ ਵਧੀਆ ਦੋਸਤ ਨੇ ਪਰ ਮੁੰਬਈ ‘ਚ ਕਿਸੇ ਕੋਲ ਕਿਸੇ ਨੂੰ ਮਿਲਣ ਦਾ ਟਾਈਮ ਨਹੀਂ ਹੁੰਦਾ। ਕੁਮਾਰ ਦੱਸਦਾ ਹੈ ਕਿ ਜਦੋਂ ਮੇਰਾ ਜੀਅ ਕਰਦਾ ਹੈ, ਮੈਂ ਮਿਲਣ ਜਾਨੈ। ਸਾਡੇ ਲਈ ਇਹ ਆਮ ਇਨਸਾਨ ਨੇ, ਪਿਆਰ ਕਰਦੇ ਨੇ ਫ਼ਿਲਮ ਇੰਡਸਟਰੀ ਦੇ ਲੋਕ, ਇੱਥੇ ਕਿਸੇ ਦੀ ਤਰੱਕੀ ਵੇਖ ਕੇ ਸੜਦੇ ਨਹੀਂ, ਸਭ ਰੁੱਝੇ ਹੋਏ ਨੇ। ਗੀਤ ਲਿਖਣ ਲਈ ਉਸ ਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਕਿਸੇ ਵੱਖਰੇ ਮਾਹੌਲ ਦੀ ਨਹੀਂ, ਉਸ ਦੇ ਕੰਮ ‘ਚ ਪੈਸਾ ਇੰਝ ਵੇਸਟ ਨਹੀਂ ਕਰਨਾ ਪੈਂਦਾ। ‘ਮਤਲਬੀ ਹੋ ਜਾ ਜ਼ਰਾ ਬਸ ਮਤਲਬੀ’! ਪਹਿਲਾਂ ਧੁਨ ਬਣੇਗੀ, ਫੇਰ ਰਾਈਟਰ ਦੀ ਖਾਨਾ ਪੂਰਤੀ ਹੋਵੇਗੀ।
ਉਸ ਨੇ ਬੀਟ ਗੀਤਾਂ ਦੇ ਨਾਲ-ਨਾਲ ਰੂਹਦਾਰੀ ਦੇ ਗੀਤ ਵੀ ਰਚੇ ਨੇ। ਮਜਦੂਰ, ਰੱਬ ਦੀ ਗੱਲ, ਆਮ ਬੰਦੇ ਦੀ ਗੱਲ, ਸੂਫ਼ੀ, ਰੁਮਾਂਟਿਕ ਸਭ ਰਚਿਆ ਹੈ। ਉਹ ਆਪਣੇ ਗੀਤਾਂ ਦੀ ਗਿਣਤੀ ‘ਚ ਨਹੀਂ ਪੈਂਦਾ। ਕੁਮਾਰ ਦਾ ਕਹਿਣਾ ਹੈ ਕਿ ਜੋ ਪਰੇਸ਼ਾਨ ਨਹੀਂ, ਉਹ ਇਨਸਾਨ ਨਹੀਂ।  ਗੌਡ ਇਜ਼ ਗ੍ਰੇਟ, ਬਾਕੀ ਕੱਪ ਇਨ ਪਲੇਟ। ਗ਼ਰੀਬ ਕੰਪੋਜ਼ਰ ਕਰਕੇ ਰਾਈਟਰ ਗ਼ਰੀਬ ਹੈ, ਸੋਚਣਾ ਚਾਹੀਦਾ ਹੈ। ਵੱਡੀਆਂ ਚੀਜ਼ਾਂ ਲਿਖਦੇ ਨੇ ਰਾਈਟਰ, ਜੇਕਰ ਲਫ਼ਜ਼ ਨਾ ਹੁੰਦੇ ਤਾਂ ਗਾਇਕ ਨੂੰ ਕਿਸ ਨੇ ਪੁੱਛਣਾ ਸੀ। ਸ਼ਬਦ ਹੋਣਗੇ ਤਾਂ ਹੀ ਕਲਾਕਾਰ ਗਾਵੇਗਾ। ਮਾਈਕ ਫੜ ਕੇ ਡਾ-ਡਾ-ਡਾ ਕਰਨ ਨਾਲ ਕਿਸੇ ਦੇ ਪੱਲੇ ਕੁਝ ਨਹੀਂ ਪੈਂਦਾ। ਕੁਮਾਰ ਦਾ ਕਲਾਕਾਰਾਂ ਨੂੰ ਕਹਿਣਾ ਹੈ ਗੀਤਕਾਰ ਤੁਹਾਡਾ ਨੌਕਰ ਨਹੀਂ, ਬਲਕਿ ਪਾਟਨਰ ਹੈ, ਉਹ ਤੁਹਾਡੇ ਲਈ ਨਹੀਂ, ਬਲਕਿ ਤੁਹਾਡੇ ਨਾਲ ਕੰਮ ਕਰਦਾ ਹੈ। ਉਸ ਦੇ ਲਫ਼ਜ਼ਾਂ ਦੀ ਕੀਮਤ ਅਦਾ ਕਰਨੀ ਚਾਹੀਦੀ ਹੈ, ਗੀਤਕਾਰ ਨੂੰ ਪੂਜਣਾ ਚਾਹੀਦਾ ਹੈ ਜੋ ਤੁਹਾਨੂੰ ਵੱਡਾ ਪਲੇਟਫਾਰਮ ਦੇ ਰਿਹਾ ਹੈ।
ਪੰਜਾਬੀ-ਹਿੰਦੀ ਗੀਤ ਲਿਖਣ ਵਾਲੇ ਗੀਤਕਾਰਾਂ ਨੂੰ ਕੁਮਾਰ ਦੀ ਅਪੀਲ ਹੈ, ਜਿਹੜੇ ਗੀਤਕਾਰਾਂ ਦੇ ਗੀਤ ਰਿਕਾਰਡ ਹੋ ਚੁੱਕੇ ਹਨ, ਉਹ ਭਾਰਤ ‘ਚ IPRS ਅਤੇ ਲੰਡਨ ‘ਚ P.R.S. ਸੰਸਥਾ ਦੇ ਮੈਂਬਰ ਬਣੋ, ਤੁਹਾਡੇ ਗੀਤ ਕਿਤੇ ਵੀ ਵੱਜਦੇ ਹਨ, ਇਹ ਸੰਸਥਾਵਾਂ ਤੁਹਾਡੇ ਗੀਤਾਂ ਦੀ ਰਾਇਲਟੀ ਦਿੰਦੀ ਹੈ। ਮੁਫ਼ਤ ‘ਚ ਕਿਸੇ ਕਲਾਕਾਰ ਨੂੰ ਗੀਤ ਨਾ ਦਿਓ।
ਤੁਹਾਡੇ ਗੀਤ ਜਦੋਂ ਸੁਨਹਿਰੀ ਸਕ੍ਰੀਨ ‘ਤੇ ਵੱਜਦੇ ਹਨ ਤਾਂ ਤਾੜੀਆਂ ਹੀਰੋ ਲਈ ਵੱਜਦੀਆਂ ਹਨ ? ਇਸ ਬਾਰੇ ਕੁਮਾਰ ਦਾ ਕਹਿਣਾ ਹੈ ਕਿ ਐਸੀ ਗੱਲ ਨਹੀਂ ਹੈ, ਕੁਝ ਸਾਨੂੰ ਵੀ ਫਾਲੋ ਕਰਦੇ ਨੇ, ਸਾਨੂੰ ਵੀ ਚੰਗਾ ਲੱਗਦਾ ਹੈ, ਜਦੋਂ ਪਾਰਟੀਆਂ ਜਾਂ ਜਨਤਕ ਥਾਵਾਂ ‘ਤੇ ਜਾਂਦਾ ਹਾਂ, ਸਾਨੂੰ ਵੀ ਦਰਸ਼ਕਾਂ ਦਾ ਪਿਆਰ ਮਿਲਦਾ ਹੈ, ਅਸੀਂ ਆਪਣੇ ਆਪ ‘ਚ ਹੀ ਹੀਰੋ ਹਾਂ। ਬੀਟ, ਪੰਜਾਬੀ ਟੱਚ ਵਾਲੇ ਗੀਤਾਂ ਦਾ ਨੋਟਿਸ ਲਿਆ ਜਾਂਦਾ ਹੈ ਪਰ ਅਫ਼ਸੋਸ ਮੇਰੇ ਵੱਲੋਂ ਭਾਵਪੂਰਤ ਗੀਤ ਜਿਵੇਂ ਅਕਸ਼ੈ ਕੁਮਾਰ ਦੀ ‘ਬੌਸ’ ਫ਼ਿਲਮ ‘ਚ ‘ਪਿਤਾ ਸੇ ਹੈ ਨਾਮ ਤੇਰਾ’, ਓ ਮਾਈ ਗੌਡ ‘ਚ ‘ਮੈਂ ਤੋ ਨਹੀਂ ਇਨਸਾਨੋਂ ਮੈਂ’ ਐਸੇ ਭਾਵਪੂਰਤ ਗੀਤ ਜਿਹੜੇ ਡੂੰਘੇ ਅਰਥ ਰੱਖਦੇ ਹਨ। ਉਨ੍ਹਾਂ ਦੀ ਬਜਾਏ ਰਿਵਿਊ ਬੀਟ ਗੀਤਾਂ ਨੂੰ ਮਿਲਦਾ ਹੈ।
ਉਸ ਦੇ ਗੀਤਾਂ ‘ਚ ਪੰਜਾਬੀ ਦੇ ਕੀ ਮਾਇਨੇ ਨੇ, ਬਾਰੇ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਮੈਂ ਮੁੰਬਈ ‘ਚ ਬਿਹਾਰ ਜਾਂ ਯੂ. ਪੀ. ਤੋਂ ਆਇਆ ਹੁੰਦਾ ਤਾਂ ਐਨਾ ਪਿਆਰ ਨਹੀਂ ਮਿਲਣਾ ਸੀ। ਪੰਜਾਬ ਦੇ ਅਮੀਰ ਕਲਚਰ ਨੂੰ ਵੱਡੇ-ਵੱਡੇ ਫ਼ਿਲਮ ਮੇਕਰ ਆਪਣੀਆਂ ਫ਼ਿਲਮਾਂ ਦਾ ਹਿੱਸਾ ਬਣਾ ਰਹੇ ਨੇ। ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਪੰਜਾਬ ਤੋਂ ਹਾਂ। ਪੰਜਾਬੀ ਟੱਚ ਵਾਲੇ ਗੀਤ ਸੁਪਰ-ਡੁਪਰ ਹਿੱਟ ਫ਼ਿਲਮਾਂ ਦਾ ਹਿੱਸਾ ਬਣ ਚੁੱਕੇ ਹਨ। ਮੈਂ ਪੰਜਾਬੀ ਮਾਂ ਬੋਲੀ ਦਾ ਹਮੇਸ਼ਾ ਰਿਣੀ ਰਹਾਂਗਾ, ਜਿਸ ਨੇ ਉੱਚ ਮੁਕਾਮ ‘ਤੇ ਪਹੁੰਚਾਇਆ ਹੈ। ਹਰ ਪਾਸੇ ਪੰਜਾਬੀਆਂ ਦੀ ਬੱਲੇ-ਬੱਲੇ ਹੈ। ਪੰਜਾਬ ‘ਚ ਰਵਾਇਤੀ ਫੋਕ ਮੀਟਰਾਂ ‘ਤੇ ਗੀਤ ਲਿਖੇ ਜਾਂਦੇ ਹਨ ਪਰ ਉਸ ਨੇ ‘ਧਰਤੀ’ ਫ਼ਿਲਮ ਦਾ ਗੀਤ ‘ਗੱਡੀ ਮੋੜਾਂਗੇ’ ਰੂਲ ਤੋੜ ਕੇ ਲਿਖਿਆ ਹੈ।
ਬਾਲੀਵੁੱਡ ਅਤੇ ਪਾਲੀਵੁੱਡ ਦੇ ਫ਼ਿਲਮ ਮੇਕਰਾਂ ਦੇ ਅੰਤਰ ਬਾਰੇ ਕੁਮਾਰ ਦਾ ਕਹਿਣਾ ਹੈ ਕਿ ਹਿੰਦੀ ਫ਼ਿਲਮਾਂ ਨਾਲ ਜੁੜੇ ਲੋਕ ਜ਼ਿਆਦਾ ਪ੍ਰੋਫੈਸ਼ਨਲ ਹਨ। ਹਰ ਇਕ ਕੰਮ ਪੂਰੀ ਯੋਜਨਾ ਨਾਲ ਕਰਦੇ ਨੇ, ਪਰ ਪੰਜਾਬੀ ਫ਼ਿਲਮ ਮੇਕਰ ਇਸ ਸਭ ਤੋਂ ਦੂਰ ਨੇ, ਫ਼ਿਲਮਾਂ ਦੀ ਗਿਣਤੀ ਚਾਹੇ ਵੱਧ ਰਹੀ ਹੈ ਪਰ ਹਿੰਦੀ ਸਿਨੇਮਾ ਤੋਂ ਅਜੇ ਵੀ ਬਹੁਤ ਦੂਰ ਨੇ।
ਕੁਮਾਰ ਪਾਲੀਵੁੱਡ ਤੇ ਬਾਲੀਵੁੱਡ ਦਾ ਸਾਂਝਾ ਗੀਤਕਾਰ ਹੈ। ਜੇ ਉਸ ਨੇ ਬਾਲੀਵੁੱਡ ਵਿਚ ਆਪਣੀ ਮਾਂ ਬੋਲੀ ਦੀ ਸ਼ਾਨ ਵਧਾਈ ਹੈ ਤਾਂ ਮੁੰਬਈ ਫ਼ਿਲਮ ਨਗਰੀ ਨੇ ਵੀ ਉਸ ਨੂੰ ਇੱਜ਼ਤ, ਦੌਲਤ, ਸ਼ੌਹਰਤ ਨਾਲ ਨਿਵਾਜਿਆ ਹੈ। ਪੰਜਾਬੀ ਸਕਰੀਨ ਅਦਾਰੇ ਦੀ ਦੁਆ ਹੈ ਕਿ ਉਹ ਏਦਾਂ ਹੀ ਆਪਣੇ ਗੀਤਾਂ ਰਾਹੀਂ ਬਾਲੀਵੁੱਡ-ਪਾਲੀਵੁੱਡ ‘ਚ ਹਰਦਿਲ ਅਜ਼ੀਜ਼ ਬਣਿਆ ਰਹੇ ਅਤੇ ਸੰਗੀਤ ਪ੍ਰੇਮੀਆਂ ਦਾ ਮਨੋਰੰਜਨ ਕਰਦਾ ਰਹੇ।

ਵੇਰਵਾ- ਗੁਰਨੈਬ ਸਾਜਨ ਦਿਓਣ

Comments & Suggestions

Comments & Suggestions