ਜਜ਼ਬਾਤੀ ਰੰਗਾਂ ਨਾਲ ਭਰੀ ਦੁਨਿਆਵੀ ਰਿਸ਼ਤਿਆਂ ਦੀ ਬੋਲਦੀ ਤਸਵੀਰ ਹੈ ਫ਼ਿਲਮ “ਆਸੀਸ”

By  |  0 Comments

ਟ੍ਰੇਲਰ ਰਿਵੀਊ- ਫ਼ਿਲਮ ”ਆਸੀਸ” -ਦਲਜੀਤ ਅਰੋੜਾ

ਅਜਿਹਾ ਮਹਿਸੂਸ ਹੋਇਆ 28 ਮਈ ਨੂੰ ਰਿਲੀਜ਼ ਹੋਏ ਇਸ ਫ਼ਿਲਮ ਦੇ ਮਿੰਨੀ ਕਹਾਣੀਆਂ ਨੁਮਾ ਟੇ੍ਲਰ ਨੂੰ ਵੇਖ ਕੇ, ਜਿਸ ਵਿੱਚੋਂ ਆਮ ਆਦਮੀ ਦੀ ਜ਼ਿੰਦਗੀ ਦੇ ਕਈ ਅਹਿਮ ਪਹਿਲੂ ਝਲਕਦੇ ਹਨ।
ਦ੍ਰਿਸ਼ ਖੁੱਲਦਿਆਂ ਹੀ ਫ਼ਿਲਮ ਦੇ ਚਰਿੱਤਰ ਨਾਇਕ ਰਾਣਾ ਰਣਬੀਰ ਦੇ ਮੂੰਹੋਂ ਨਿਕਲਿਆ ਪਹਿਲਾ ਸੰਵਾਦ ਦੁਨੀਆ ਦਾ ਕੌੜਾ ਸੱਚ ਬਿਆਨਦਾ ਹੈ ਕਿ “ਜੋ ਨਹੀਂ ਹੈ ਉਹ ਸਾਨੂੰ ਦਿਸਦਾ ਹੈ, ਪਰ ਜੋ ਸਾਡੇ ਕੋਲ ਹੈ ਉਸ ਨੂੰ ਸਵਿਕਾਰ ਕੇ ਸ਼ੁਕਰ ਕਰਨ ਦੀ ਬਜਾਏ ੳੁੱਡਦੀਆਂ ਪਿੱਛੇ ਦੌੜਦੇ ਹਾਂ ਅਸੀਂ ਅਤੇ ਉਸ ਦਾ ਹੀ ਢੰਡੋਰਾ ਪਿੱਟਦੇ ਹਾਂ ” ਕਹਿਣ ਦਾ ਮਤਲਬ ਕਿ ਇਨਸਾਨ ਨੂੰ ਹਮੇਸ਼ਾ ਹਾਂ-ਪੱਖੀ ਰਹਿਣ ਦਾ ਸੁਨੇਹਾ ਹੈ ਇਸ ਛੋਟੇ ਜਿਹੇ ਸੰਵਾਦ ਵਿਚ, ਹੁਣ ਗੱਲ ਅਗਲੇ ਦ੍ਰਿਸ਼ `ਚ ਰਚੇ ਉਸ ਸੰਵਾਦ ਦੀ ਜੋ ਸਾਰੀਆਂ ਮਾਵਾਂ ਦੇ ਆਪਣੇ ਪਰਿਵਾਰ ਪ੍ਰਤੀ ਸਮਰਪਨ ਦੀ ਭਾਵਨਾ ਨੂੰ ਇਕ ਛੋਟੀ ਜਿਹੀ ਗੱਲ ਨਾਲ ਦਰਸਾਉਂਦਾ ਹੈ ਕਿ ਗੱਲਾਂ ਕਰਦਿਆਂ-ਕਰਦਿਆਂ ਵੀ ਮਾਂ ਹੱਥੋਂ ਰੋਟੀ ਗੋਲ ਹੀ ਪੱਕਦੀ ਹੈ ਅਤੇ ਸ਼ਾਇਦ ਇਹ ਸਿਰਫ ਮਾਂ ਹੱਥੋਂ ਹੀ ਸੰਭਵ ਹੈ, ਜਿਦਾਂ ਲਿਵ ਲੱਗਣ ਨਾਲ ਪੰਛੀ ਹਜ਼ਾਰਾਂ ਮੀਲਾਂ ਦਾ ਸਫ਼ਰ ਕਰਦੇ ਵੀ ਨਹੀਂ ਭਟਕਦੇ ਤੇ ਪਿੱਛੇ ਛੱਡ ਆਏ ਆਪਣੇ ਬੱਚਿਆਂ ਕੋਲ ਆਲਣਿਆਂ ਵਿਚ ਪਰਤ ਹੀ ਜਾਂਦੇ ਹਨ।
ਦ੍ਰਿਸ਼ ਅੱਗੇ ਤੁਰਦਿਆਂ ਪਿੱਛੇ ਗਾਣਾ ਚੱਲਦਾ ਹੈ `ਚੰਨ ਚੜ ਗਿਆ ਸਾਡੇ ਵਿਹੜੇ`, ਇਸ ਗੀਤ ਦੀਆਂ ਲਾਈਨਾਂ ਵਿਆਹ ਬੰਧਨ ਨਾਲ ਜੁੜੇ ਵਿਸ਼ਵਾਸ, ਪਰਿਵਾਰਕ ਮੁਹੱਬਤ ਅਤੇ ਸਾਂਝ ਦੀ ਬਾਤ ਪਾਉਂਦੀਆਂ ਹਨ। ਅੱਗੇ ਚੱਲ ਕੇ ਟੇ੍ਲਰ ਵਿਚਲੀ ਕਹਾਣੀ ਦਾ ਰੁੱਖ ਬਦਲਦਾ ਹੈ ਅਤੇ ਗੱਲ ਚੱਲਦੀ ਹੈ ਸ਼ਰੀਕੇ ਦਾ ਸੱਚ ਬਿਆਨਦੇ ਦ੍ਰਿਸ਼ ਵਿਚਲੇ ਜਾਇਦਾਦ ਦੇ ਬਟਵਾਰੇ ਦੀ, ਤਾਂ ਮਾਂ ਦੀ ਅਹਿਮੀਅਤ ਦਰਸਾਉਂਦਾ ਅਗਲਾ ਸੰਵਾਦ ਅਕਾਸ਼ ਦੀਆਂ ਉਚਾਈਆਂ ਨੂੰ ਛੋਂਹਦਾ ਹੋਇਆ ਸਿਨੇਮਾ ਇਤਹਾਸ ਦੇ ਮਾਂ ਬਾਰੇ ਰਚੇ ਹਿੰਦੀ ਫ਼ਿਲਮ “ਦੀਵਾਰ” ਦੇ ਸੰਵਾਦ ਨੂੰ ਵੀ ਮਾਤ ਪਾ ਦੇਂਦਾ ਹੈ, ਜਦ ਰਾਣਾ ਰਣਬੀਰ ਆਪਣੀ ਫ਼ਿਲਮ ਵਿਚਲੀ ਮਾਂ ਰੁਪਿੰਦਰ ਰੂਪੀ ਨੂੰ ਆਖਦਾ ਹੈ ਕਿ ਮੈਂ ਜਾਇਦਾਦ ਬਦਲੇ ਆਪਣੇ ਹਿੱਸੇ ਜੋਗੀ ਮਾਂ ਲੈ ਕੇ ਆਇਆਂ, ਜਿਸ ਨੂੰ ਲੈ ਕੇ ਮੈਂ ਜੰਮਿਆ ਸਾਂ।
ਰਾਣਾ ਰਣਬੀਰ ਦੇ ਜ਼ਹਿਣ ‘ਚੋਂ ਮਾਂ ਬਾਰੇ ਨਿਕਲੇ ਇਕ ਹੋਰ ਸੰਵਾਦ ਕਿ “ਮਾਂ ਜੇ ਤੂੰ ਮਿੱਟੀ ਏਂ ਤਾ ਮੈ ਧੂੜ” ਵਿਚ ਕਿੰਨੀ ਗਹਿਰਾਈ ਛੁਪੀ ਹੈ ਸਹਿਜੇ ਹੀ ਅੰਦਾਜ਼ਾ ਲਾਇਅਾ ਜਾ ਸਕਦੈ , ਤੋਂ ਇਲਾਵਾ ਵੀ ਫ਼ਿਲਮ ਦੇ ਹੋਰ ਕਿਰਦਾਰਾਂ ਦੁਆਰਾ ਵੀ ਮਾਂ ਦੀ ਹੋਂਦ ਨਾਲ ਜੁੜੇ ਅਹਿਮ ਸੰਵਾਦਾਂ ਰੂਪੀ ਸੁਨੇਹਿਆਂ ਦੇ ਚੱਲਦਿਆਂ ਪਿੱਛੋਂ ਇਕ ਪਿਆਰਾ ਜਿਹਾ ਗੀਤ ਕਿ “ਮਾਂ ਹੀ ਸਭ ਤੋਂ ਸੋਹਣਾ ਨਾਂਅ ਹੈ” ਆਪਣੀ ਇੱਕੋ ਸਤਰ ਨਾਲ ਦਿਲ ਨੂੰ ਛੂਹ ਜਾਂਦਾ ਹੈ।
ਅਗਲੇ ਦ੍ਰਿਸ਼ਾਂ ਵਿਚ ਫੇਰ ਤੋਂ ਇਨਸਾਨ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਦੁਨਿਆਵੀ ਰਿਸ਼ਤਿਆਂ ਦੀ ਹਕੀਕਤ ਇਸ ਤਰ੍ਹਾਂ ਨਜ਼ਰ ਆ ਰਹੀ ਹੈ ਕਿ ਇਕ ਪਾਸੇ ਸ਼ਾਇਦ ਇਕ ਭਰਾ ਆਪਣੀ ਭੈਣ ਨੂੰ ਅਤੇ ਪਿਓ ਆਪਣੀ ਧੀ ਨੂੰ ਆਪਣੀ ਮਰਜ਼ੀ ਨਾਲ ਕਿਸੇ ਨਾਲ ਪਿਆਰ ਕਰਨ ਤੋਂ ਵਰਜਦੇ ਨਜ਼ਰ ਆ ਰਹੇ ਹਨ, ਸ਼ਾਇਦ ਆਪਣੀ ਫੋਕੀ ਹੈਂਕੜਬਾਜੀ ਕਰ ਕੇ ਜਾਂ ਫਿਰ ਸਮਾਜ/ਪਰਿਵਾਰ/ਬਰਾਦਰੀ `ਚ ਆਪਣੀ ਇੱਜ਼ਤ ਬਚਾਉਣ ਖਾਤਰ ਜਾਂ ਫੇਰ ਫੇਰ ਆਪਣੇ ਬੱਚਿਆਂ ਦੀ ਬੇਹਤਰੀ ਖਾਤਰ ਪਰ ਬੱਚਿਆਂ ਦੀ ਮਰਜ਼ੀ ਜਾਣੇ ਬਿਨਾ, ਅਸਲੀਅਤ ਤਾਂ ਫ਼ਿਲਮ ਵੇਖ ਕੇ ਹੀ ਪਤਾ ਲੱਗੇਗੀ।
ਖ਼ੈਰ ਫ਼ਿਲਮ ਦੇ ਟੇ੍ਲਰ ਨੂੰ ਅੰਤਮ ਛੋਹਾਂ ਦਿੰਦੇ ਦ੍ਰਿਸ਼ਾਂ ਵਿਚ ਝਲਕਦੇ ਨਾਂਹ-ਪੱਖੀ ਕਿਰਦਾਰ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਂਦੇ ਨਜ਼ਰ ਆ ਰਹੇ ਹਨ ਅਤੇ ਦੂਰੋਂ ਦਿਸਦੇ ਕੁਝ ਆਪਸੀ ਟਕਰਾਅ ਵਾਲੇ ਦ੍ਰਿਸ਼ਾਂ ਪਿੱਛੇ ਇਕ ਵੱਡੇ ਗਾਇਕ ਵੱਲੋਂ ਆਪਣੇ ਹੱਕਾਂ ਦੀ ਗੱਲ ਕਰਦਾ ਗੀਤ ਵੀ ਸੁਣਾਈ ਦਿੰਦਾ ਹੈ ਜੋਕਿ ਕਹਾਣੀ ਦੇ ਕੁਝ ਹੋਰ ਅਹਿਮ ਮੋੜਾਂ ਵੱਲ ਇਸ਼ਾਰਾ ਕਰਦਾ ਹੈ। ਆਖਰ ਟੇ੍ਲਰ ਦੀ ਕਹਾਣੀ ਮੁਕਦੀ ਹੈ ਫੇਰ ਤੋਂ ਮਾਂ ਦੀ ਅਹਿਮੀਅਤ ਦਰਸਾਉਂਦੇ ਇਕ ਦ੍ਰਿਸ਼ ਨਾਲ, ਕਿ ਉਸ ਮਾਂ ਦੀ ਫ਼ਿਕਰ ਕਿਉਂ ਨਾ ਕੀਤੀ ਜਾਏ, ਜਿਸ ਨੇ ਆਪਣੇ ਪਰਿਵਾਰ ਦੀ ਫ਼ਿਕਰ `ਚ ਸਾਡੀਆਂ ਸਭ ਦੀਆਂ ਰੀਝਾਂ ਪੂਰੀਆਂ ਕੀਤੀਆਂ।
ਕਿੳੁਕਿ ਇਸ ਫ਼ਿਲਮ ਵਿਚਲੇ ਦ੍ਰਿਸ਼ਾਂ ਨੂੰ ਸਾਦੇ ਅਤੇ ਡੂੰਘੇ ਮਤਲਬ ਵਾਲੇ ਸੰਵਾਦਾਂ   ਦੁਅਾਰਾ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਨੂੰ ਪਰਦੇ ਤੇ ਉਤਾਰਿਆ ਗਿਅਾ ਹੈ, ਇਸ ਲਈ ਇਕ ਹੋਰ ਸੰਵਾਦ ਦਾ ਜ਼ਿਕਰ ਕੀਤੇ ਬਿਨਾ ਸ਼ਾਇਦ ਇਹ ਸਮੀਖਿਅਾ ਵੀ ਅਧੂਰੀ ਰਹੇ ਕਿ “ਜੋ ਅਾਪ ਸੋਨਾ ਹੁੰਦੈ ੳੁਸ ਨੂੰ ਗਹਿਣਿਆਂ ਦੀ ਲੋੜ ਨਹੀਂ”
ਲੱਗਦਾ ਹੈ ਕਿ ਫ਼ਿਲਮ ਦੀ ਸਾਰੀ ਕਹਾਣੀ ਦਾ ਅਧਾਰ ਮਾਂ-ਪੁੱਤ ਦੇ ਰਿਸ਼ਤੇ ਅਤੇ ਜ਼ਿੰਦਗੀ ਨਾਲ ਜੁੜੇ ਹੋਰ ਅਹਿਮ ਰਿਸ਼ਤਿਆਂ ਦੀ ਸਾਂਭ-ਸੰਭਾਲ `ਤੇ ਟਿਕਿਆ ਹੈ ਅਤੇ ਜੇ ਫ਼ਿਲਮ ਲੇਖਕ-ਨਿਰਦੇਸ਼ਕ ਆਮ ਲੋਕਾਂ ਨੂੰ, ਖਾਸ ਕਰ ਨੌਜਵਾਨ ਪੀੜੀ ਨੂੰ ਅੱਜ ਦੇ ਇਸ ਮਸ਼ੀਨੀ ਯੁੱਗ ਵਿਚ ਆਪਣੀ ਇਹ ਗੱਲ ਮਨਵਾਉਣ ਵਿਚ ਥੋੜ੍ਹਾ ਜਿਹਾ ਵੀ ਕਾਮਯਾਬ ਹੁੰਦਾ ਹੈ ਤਾਂ ਇਹ ਸਿਰਫ਼ ਇਕ ਕਾਮਯਾਬ ਫ਼ਿਲਮ ਹੀ ਨਹੀਂ ਕਹਾਵੇਗੀ, ਬਲਕਿ ਪੰਜਾਬੀ ਸਿਨੇਮਾ ਦੇ ਇਕ ਇਤਿਹਾਸਕ ਦਸਤਾਵੇਜ ਵਜੋਂ ਸਾਂਭੀ ਜਾਵੇਗੀ ਅਤੇ ਸਾਰਥਕ ਸਿਨੇਮਾ ਲਈ ਵੱਡੀ ਪੁਲਾਂਘ ਸਾਬਤ ਹੋਵੇਗੀ। `ਪੰਜਾਬੀ ਸਕਰੀਨ` ਅਦਾਰੇ ਵੱਲੋਂ ਸਿਨੇ ਪੇ੍ਮੀ ਫ਼ਿਲਮ ਨਿਰਮਾਤਾ ਲੱਕੀ ਸੰਧੂ, ਬਲਦੇਵ ਸਿੰਘ ਬਾਠ, ਫ਼ਿਲਮ ਦੇ ਲੇਖਕ, ਨਿਰਦੇਸ਼ਕ, ਨਿਰਮਾਤਾ ਅਤੇ ਚਰਿੱਤਰ ਨਾਇਕ ਰਾਣਾ ਰਣਬੀਰ ਅਤੇ ਸਾਰੀ ਸਿਰੜੀ ਟੀਮ ਨੂੰ 22 ਜੂਨ ਲਈ ਬਹੁਤ-ਬਹੁਤ ਸ਼ੁਭ ਇੱਛਾਵਾਂ।

 

Comments & Suggestions

Comments & Suggestions