ਟੇ੍ਲਰ ਸਮੀਖਿਆ ਫ਼ਿਲਮ `ਪ੍ਰਾਹੁਣਾ`

By  |  0 Comments

ਪ੍ਰਾਹੁਣੇੇ ਆਂ ਘਰ ਦੇ ਕੋਈ ਮਜ਼ਾਕ ਥੋੜੀ ਨਾ !

28 ਸਤੰਬਰ ਨੂੰ ਆਉਣ ਵਾਲੀ ਫ਼ਿਲਮ `ਪ੍ਰਾਹੁਣਾ` ਦੇ ਤਾਜ਼ੇ-ਤਾਜ਼ੇ ਰਿਲੀਜ਼ ਹੋਏ ਟੇ੍ਲਰ ਨੂੰ ਵੇਖ ਕੇ ਸੱਚ-ਮੁੱਚ ਮਜ਼ਾ ਆ ਗਿਆ। ਟੇ੍ਲਰ ਖੁੱਲਦਿਆਂ ਪਹਿਲੇ ਸੀਨ ਤੋਂ ਹੀ ਫ਼ਿਲਮ ਦੇ ਖ਼ੂਬਸੂਰਤ ਫ਼ਿਲਮਾਂਕਣ, ਕਮੇਡੀ ਅਤੇ ਸਾਡੇ ਪੇਂਡੂ ਸੱਭਿਆਚਾਰ ਦਾ ਰੰਗ ਬਾਖੂਬੀ ਨਜ਼ਰ ਆਉਂਦਾ ਹੈ। ਸੀਨ ਅੱਗੇ ਤੁਰਦਿਆਂ ਫ਼ਿਲਮ ਵਿਚ ਅਸਲ ਪਰਿਵਾਰਕ ਰਿਸ਼ਤਿਆਂ ਦੀ ਮਹਿਕ ਖਿੱਲਰਦੀ ਨਜ਼ਰ ਆਉਂਦੀ ਹੈ, ਭਾਵੇਂ ਉਨ੍ਹਾਂ ਵਿਚ ਘਰ ਆਏੇ ਪ੍ਰਾਹੁਣਿਆਂ, ਜਵਾਈਆਂ ਜਾਂ ਕਹਿ ਲਓ ਜੀਜਿਆਂ ਵੱਲੋਂ ਆਪਣੀ ਹੋਂਦ ਦਰਸਾਉਂਦੀ ਫੋਕੀ ਡਰਾਮੇਬਾਜੀ ਦੀ ਝਲਕ ਹੀ ਕਿਉਂ ਨਾ ਹੋਵੇ। ਅਸਲ ਵਿਚ ਇਹੋ ਸਾਡਾ ਅਲੋਪ ਹੁੰਦਾ ਅਸਲ ਸੱਭਿਆਚਾਰ ਹੈ, ਜਿਸ ਨੂੰ ਇਸ ਫ਼ਿਲਮ ਵਿਚ ਇਕ ਸੋਹਣੀ ਕਹਾਣੀ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਲੱਗਦੀ ਹੈ। ਫ਼ਿਲਮ ਵਿਚਲੇ ਪ੍ਰਾਹੁੁੁਣਿਆਂ ਦੇ ਰੂਪ ਵਿਚ ਮੁੱਖ ਕਿਰਦਾਰ ਸਰਦਾਰ ਸੋਹੀ ਉਰਫ਼ ਫੌਜੀ ਵੱਡਾ ਪ੍ਰਾਹੁਣਾ, ਕਰਮਜੀਤ ਅਨਮੋਲ ਉਰਫ ਲੰਬੜਦਾਰ, ਹਾਰਬੀ ਸੰਘਾ ਉਰਫ ਪਟਵਾਰੀ ਅਤੇ ਫ਼ਿਲਮ ਦੇ ਹੀਰੋ ਕੁਲਵਿੰਦਰ ਬਿੱਲਾ ਉਰਫ ਹੋਣ ਵਾਲਾ ਪ੍ਰਾਹੁਣਾ ਦੀ ਕਲਾਕਾਰੀ ਦੇ ਨਵੇਂ ਜੌਹਰ ਇਸ ਫ਼ਿਲਮ ਦਾ ਮੁੱਖ ਆਕਰਸ਼ਨ ਹੋਣਗੇ ਅਤੇ ਇਹ ਫ਼ਿਲਮ ਦੀ ਕਾਮਯਾਬੀ ਦਾ ਸਿਹਰਾ ਵੀ ਆਪਣੇ ਸਿਰ ਬੰਨਵਾ ਕੇ ਦਮ ਲੈਣਗੇ, ਅਜਿਹਾ ਲੱਗ ਰਿਹਾ ਹੈ।  ਟੇ੍ਲਰ ਵਿਚ ਨਜ਼ਰ ਆਉਂਦੇ ਬਾਕੀ ਕਲਾਕਾਰਾਂ ਹੀਰੋਇਨ ਵਾਮਿਕਾ ਗੱਬੀ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਅਨੀਤਾ ਮੀਤ, ਮਲਕੀਤ ਰੌਣੀ, ਪ੍ਰਕਾਸ਼ ਗਾਧੂ, ਰਾਜ ਧਾਰੀਵਾਲ ਅਤੇ ਹੋਬੀ ਧਾਲੀਵਾਲ ਆਦਿ ਵੀ ਆਪੋ-ਆਪਣੇ ਕਿਰਦਾਰਾਂ ਵਿਚ ਖੁੱਬ ਕੇ ਫ਼ਿਲਮ ਨੂੰ ਸਿਖਰਾਂ ਤੱਕ ਲੈ ਜਾਣ ਦੀ ਵਾਅ ਲਾਉਂਦੇ ਨਜ਼ਰ ਆ ਰਹੇ ਹਨ।  ਫ਼ਿਲਮ ਵਿਚਲੀ ਰੰਗਤ ਭਾਵੇਂ  ਜਸਪਾਲ ਭੱਟੀ ਦੀ ਜੀਜਾ ਜੀ ਅਤੇ ਸਮੀਪ ਕੰਗ ਦੀ `ਲਾਵਾਂ ਫੇਰੇ` ਵਿਚਲੇ ਜੀਜਿਆਂ ਵਰਗਾ ਨਜ਼ਾਰਾ ਪੇਸ਼ ਕਰਦੀ ਨਜ਼ਰ ਆਉਂਦੀ ਹੈ ਪਰ ਫ਼ਿਲਮ `ਪ੍ਰਾਹੁਣਾ` ਦੇ ਨੌਜਵਾਨ ਨਿਰਦੇਸ਼ਕਾਂ ਅ੍ਰੰਮਿਤ ਰਾਜ ਚੱਢਾ ਅਤੇ ਮੋਹਿਤ ਬਨਵੈਤ ਨੇ ਇਸ ਫ਼ਿਲਮ ਦੇ ਟੇ੍ਲਰ ਤੋਂ ਝਲਕਦੀ ਨਵੀਂ ਕਹਾਣੀ ਰਾਹੀਂ ਸਾਡੇ ਰਵਾਇਤਨ ਪੇਂਡੂ ਸੱਭਿਆਚਾਰ ਦਾ ਖ਼ੂਬਸੂਰਤ ਅਕਸ ਸੋਹਣੇ ਫ਼ਿਲਮਾਂਕਣ ਨਾਲ ਪੇਸ਼ ਕਰਨ ਲਈ ਪੂਰੀ ਵਾਅ ਲਾਈ ਲੱਗਦੀ ਹੈ ਅਤੇ ਪਿੰਡ ਦੇ ਪ੍ਰਾਹੁਣਿਆਂ ਦਾ ਆਪਣੀ ਖਾਤਰਦਾਰੀ ਕਰਵਾਉਣ ਦਾ ਕਲਚਰ ਵੀ ਨਿਵੇਕਲਾ ਲੱਗ ਰਿਹਾ ਹੈ, ਜੋ ਦਰਸ਼ਕਾਂ ਨੂੰ ਹਸਾ-ਹਸਾ ਆਪਣੀਆਂ ਸੀਟਾ ਤੋਂ ਉਛਾਲੇਗਾ। ਬਾਕੀ ਫ਼ਿਲਮ ਦੇ ਟੇ੍ਲਰ ਦੇ ਨਾਲ-ਨਾਲ ਚੱਲਦੇ ਸਾਡੇ ਅਮੀਰ ਸੱਭਿਆਚਾਰ ਨੂੰ ਪੇਸ਼ ਕਰਦੇ ਗੀਤ ਵੀ ਇਸ ਫ਼ਿਲਮ ਲਈ ਸੋਨੇ ਤੇ ਸੁਹਾਗਾ ਸਾਬਤ ਹੋਣਗੇ, ਐਸੀ ਉਮੀਦ ਫ਼ਿਲਮ ਦੇ ਸੰਗੀਤ ਤੋਂ ਲਾਈ ਜਾ ਸਕਦੀ ਹੈ। ਸਾਡੇ ਵੱਲੋਂ ਫ਼ਿਲਮ ਦੀ ਸਾਰੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਅਤੇ ਫ਼ਿਲਮ ਦੀ ਕਾਮਯਾਬੀ ਲਈ ਸ਼ੁੱਭ ਇੱਛਾਵਾਂ!

Comments & Suggestions

Comments & Suggestions