Punjabi Music Punjabi Screen

ਤੁਮ ਮੁਝੇ ਯੂੰ ਭੁਲਾ ਨਾ ਪਾਓਗੇ..

Written by admin

31 ਜੁਲਾਈ ਮੁਹੰਮਦ ਰਫੀ ਸਾਹਬ ਦੀ 42ਵੀਂ ਬਰਸੀ ਨੂੰ ਸਮਰਪਿਤ।

ਪੰਜਾਬ ਦੀ ਸ਼ਾਨ ਅਤੇ ਸਾਡੇ ਦੇਸ਼ ਦੀ ਆਨ ਮੁਹੰਮਦ ਰਫ਼ੀ ਸੰਗੀਤ ਪੇ੍ਰਮੀਆਂ ਦੇ ਦਿਲਾਂ ਤੇ ਹਮੇਸ਼ਾ ਰਾਜ ਕਰਦੇ ਰਹਿਣਗੇ। ਰਫ਼ੀ ਸਾਹਿਬ ਨੇ ਪਲੇਅਬੈਕ ਗਾਇਕੀ ਨੂੰ ਇਕ ਨਵੀਂ ਪਰਿਭਾਸ਼ਾ ਦਿੱਤੀ ਹੈ। ਉਨ੍ਹਾਂ ਦਾ ਜਨਮ ਅੰਮਿ੍ਰਤਸਰ ਜ਼ਿਲ੍ਹੇ ਦੇ ਇਕ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ ਸੰਨ 1924 ਵਿਖੇ ਹੋਇਆ ਸੀ। ਜੁਲਾਈ 1980 ਵਿਚ 31 ਤਾਰੀਖ ਨੂੰ ਉਹ ਸੰਗੀਤ ਪੇ੍ਰਮੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਚਲੇ ਗਏ ਪਰ ਸੰਗੀਤ ਦੀ ਦੁਨੀਆ ਵਿਚ ਉਹ ਹਮੇਸ਼ਾ ਬਹਾਰ ਬਣ ਕੇ ਛਾਏ ਰਹਿਣਗੇ। ਸੰਨ 1970 ਵਿਚ ਫ਼ਿਲਮਪਗਲਾ ਕਹੀਂ ਕਾਵਿਚ ਉਨ੍ਹਾਂ ਵੱਲੋਂ ਗਾਇਆ ਗਿਆ ਗਾਣਾ ਅੱਜ ਵੀ ਮਸ਼ਹੂਰ ਹੈ-ਤੁਮ ਮੁਝੇ ਯੂੰ ਭੁਲਾ ਨਾ ਪਾਓਗੇ। ਰਫ਼ੀ ਸਾਹਿਬ ਨੂੰ ਹਿੰਦੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਜ਼ਿਆਦਾ ਮਸ਼ਹੂਰ ਅਤੇ ਸਫ਼ਲ ਗਾਇਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਇਕ ਹਜ਼ਾਰ ਤੋਂ ਵੱਧ ਹਿੰਦੀ ਫ਼ਿਲਮਾਂ ਵਾਸਤੇ ਗਾਣਾ ਗਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬੰਗਾਲੀ, ਪੰਜਾਬੀ, ਭੋਜਪੁਰੀ, ਮਰਾਠੀ, ਤਾਮਿਲ, ਤੇਲਗੂ, ਸਿੰਧੀ, ਅਸਾਮੀ, ਉੜੀਆ, ਅੰਗਰੇਜ਼ੀ, ਡੱਚ ਆਦਿ ਭਾਸ਼ਾਵਾਂ ਵਿਚ ਵੀ ਪਰਸਵ-ਗਾਇਕੀ ਦਾ ਸੌਭਾਗ ਪ੍ਰਾਪਤ ਹੈ। ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ 1967 ਵਿਚ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਛੇ ਵਾਰਫ਼ਿਲਮ ਫੇਅਰ ਐਵਾਰਡਅਤੇ ਇਕ ਵਾਰਨੈਸ਼ਨਲ ਐਵਾਰਡਵੀ ਜਿੱਤ ਚੁੱਕੇ ਹਨ। ਤਿੰਨ ਵਾਰ ਇਨ੍ਹਾਂ ਨੂੰਬੰਗਾਲ ਫ਼ਿਲਮ ਜਰਨਲਿਸਟ ਐਸੋਸੀਏਸ਼ਨ ਐਵਾਰਡਨਾਲ ਵੀ ਨਿਵਾਜਿਆ ਗਿਆ। ਇਸ ਸਫਲਤਾ ਦੇ ਪਿੱਛੇ ਉਨ੍ਹਾਂ ਵੱਲੋਂ ਕੀਤਾ ਗਿਆ ਕਠਿਨ ਸੰਘਰਸ਼ ਅਤੇ ਪ੍ਰਮਾਤਮਾ ਦੀ ਬਖ਼ਸ਼ਿਸ਼ ਹੈ। ਇਕ ਸਟਰੀਟ ਸਿੰਗਰ ਤੋਂ ਇਸ ਵੱਡੇ ਮੁਕਾਮ ਤੱਕ ਪਹੁੰਚਣ ਵਿਚ ਉਨ੍ਹਾਂ ਦੇ ਉਸਤਾਦ ਪੰਡਿਤ ਜੀਵਨ ਲਾਲ ਮੱਟੂ, ਅਬਦੁਲ ਵਾਹਿਦ ਖਾਨ ਅਤੇ ਫ਼ਿਰੋਜ਼ ਨਿਜ਼ਾਮੀ ਜੀ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਨੇ ਆਪਣਾ ਪਹਿਲਾ ਗੀਤਸੋਹਣੀਏ ਨੀ, ਹੀਰੀਏ ਨੀਪੰਜਾਬੀ ਫ਼ਿਲਮਗੁੱਲ ਬਲੋਚਵਾਸਤੇ ਜ਼ੀਨਤ ਬੇਗਮ ਨਾਲ ਮਿਲ ਕੇ ਗਾਇਆ ਸੀ। ਹਿੰਦੀ ਸਿਨੇਮਾ ਜਗਤ ਵਿਚ ਉਨ੍ਹਾਂ ਦਾ ਆਗਾਜ਼ 1945 ਵਿਚ ਫ਼ਿਲਮਗਾਓਂ ਕੀ ਗੋਰੀਨਾਲ ਹੋਇਆ। ਇਕ ਪਾਸੇ ਉਨ੍ਹਾਂ ਨੇ ਰੋਮਾਂਟਿਕ ਗਾਇਕੀ ਵਿਚ ਮਿਸਾਲ ਕਾਇਮ ਕੀਤੀ ਹੈ ਤਾਂ ਦੂਜੇ ਪਾਸੇ ਇਨ੍ਹਾਂ ਦੇ ਗਾਣੇ ਭਾਵੁਕਤਾ ਨਾਲ ਭਰੇ ਹੁੰਦੇ ਸਨ। ਤੇਰੀ ਪਿਆਰੀ ਪਿਆਰੀ ਸੂਰਤ ਕੋ (ਫ਼ਿਲਮ ਸਸੁਰਾਲ), ਬਹਾਰੋ ਫੂਲ ਬਰਸਾਓ (ਸੂਰਜ), ਛੂ ਲੇਨੇ ਦੋ ਨਾਜ਼ੁਕ ਹੋਠੋਂ ਕੋ (ਕਾਜਲ), ਪਰਦਾ ਹੈ ਪਰਦਾ (ਅਮਰ ਅਕਬਰ ਐਂਥਨੀ), ਮੈਨੇ ਪੂਛਾ ਚਾਂਦ ਸੇ (ਅਬਦੱੁਲਾ), ਯੇਹ ਦੁਨੀਆ ਯੇਹ ਮਹਫਿਲ (ਹੀਰ ਰਾਂਝਾ), ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਕੋ (ਲੈਲਾ ਮਜਨੂੰ) ਆਦਿ ਗੀਤ ਅੱਜ ਵੀ ਪੇ੍ਰਮੀ ਦਿਲਾਂ ਦੀ ਧੜਕਣ ਤੇਜ ਕਰ ਦਿੰਦੇ ਹਨ। ਮਨ ਤੜਪਤ ਹਰੀ ਦਰਸ਼ਨ ਕੋ ਆਜ, ਓ ਦੁਨੀਆ ਕੇ ਰਖਵਾਲੇ ਆਦਿ ਗੀਤ ਭਜਨ ਦੇ ਰੂਪ ਵਿਚ ਅੱਜ ਵੀ ਮਸ਼ਹੂਰ ਹਨ, ਜੋ ਕਿ ਰਫ਼ੀ ਸਾਹਿਬ ਵੱਲੋਂ ਗਾਏ ਗਏ ਹਨ। ਉਨ੍ਹਾਂ ਵੱਲੋਂ ਗਾਏ ਦੇਸ਼ ਪੇ੍ਰਮ ਦੇ ਨਾਲ ਓਤ ਪੋ੍ਰਤ ਗੀਤ ਬਹੁਤ ਹੀ ਮਸ਼ਹੂਰ ਰਹੇ ਹਨ। ਅਪਨੀ ਆਜ਼ਾਦੀ ਕੋ ਹਮ ਹਰਗਿਜ਼ ਮਿਟਾ ਸਕਤੇ ਨਹੀਂ (ਲੀਡਰ), ਕਰ ਚਲੇ ਹਮ ਫ਼ਿਦਾ ਜਾਨੋਂ ਤਨ ਸਾਥਿਓ (ਹਕੀਕਤ), ਆਦਿ ਦੇਸ਼ ਭਗਤੀ ਦੇ ਨਾਲ ਓਤ ਪੋ੍ਰਤ ਹਨ, ਜੋ ਕਿ ਅੱਜ ਵੀ ਸਾਡੀ ਜ਼ੁਬਾਨਤੇ ਹਨ।
ਰਫ਼ੀ ਸਾਹਿਬ ਨੇ ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ, ਕਿਸ਼ੋਰ ਕੁਮਾਰ, ਮੰਨਾ ਡੇ ਆਦਿ ਸਮਕਾਲੀ ਗਾਇਕਾਂ ਦੇ ਨਾਲ ਮਿਲ ਕੇ ਇਹ ਜੁਗਲਬੰਦੀ ਕੀਤੀ ਹੈ। ਹਮ ਕੋ ਤੁਮਸੇ ਹੋ ਗਿਆ ਹੈ ਪਿਆਰ ਕਿਆ ਕਰੇਂ ਇਕ ਐਸਾ ਗੀਤ ਹੈ, ਜਿਸ ਨੂੰ ਰਫ਼ੀ ਸਾਹਿਬ ਨੇ ਫ਼ਿਲਮ ਅਮਰ ਅਕਬਰ ਐਂਥਨੀ ਵਾਸਤੇ ਸਾਥੀ ਗਾਇਕ ਕਿਸ਼ੋਰ ਕੁਮਾਰ, ਲਤਾ ਮੰਗੇਸ਼ਕਰ ਅਤੇ ਮੁਕੇਸ਼ ਨਾਲ ਮਿਲ ਕੇ ਗਾਇਆ। ਮੁਹੰਮਦ ਰਫ਼ੀ ਨੇ ਆਪਣੇ ਸਮੇਂ ਦੇ ਪ੍ਰਸਿੱਧ ਅਭਿਨੇਤਾ ਅਮਿਤਾਭ ਬਚਨ, ਮਨੋਜ ਕੁਮਾਰ, ਰਾਜ ਕੁਮਾਰ, ਸ਼ਸ਼ੀ ਕਪੂਰ, ਸ਼ੰਮੀ ਕਪੂਰ ਧਰਮੇਂਦਰ, ਦੇਵਾ ਆਨੰਦ ਅਤੇ ਬਿਸਵਾਜੀਤ ਤੋਂ ਇਲਾਵਾ ਹੋਰ ਕਈ ਕਲਾਕਾਰਾਂ ਵਾਸਤੇ ਆਪਣੀ ਆਵਾਜ਼ ਦਿੱਤੀ ਹੈ। ਰਫ਼ੀ ਸਾਹਿਬ ਨੇ ਬਹੁਤ ਸਾਰੇ ਸਮਕਾਲੀ ਸੰਗੀਤ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ, ਜਿਵੇਂ ਕਿ ਨੌਸ਼ਾਦ ਅਲੀ, ਓ. ਪੀ. ਨਈਯਰ, ਸ਼ੰਕਰ ਜੈਕਿਸ਼ਨ, ਐਸ. ਡੀ. ਬਰਮਨ, ਰੌਸ਼ਨ ਆਦਿ। ਪਾਰਸ਼ਵ ਗਾਇਕੀ ਦਾ ਇਹ ਸਿਤਾਰਾ 31 ਜੁਲਾਈ 1980 ਨੂੰ ਸਾਨੂੰ ਵਿਛੋੜਾ ਦੇ ਗਿਆ ਪਰ ਉਹ ਸੰਗੀਤ ਪੇ੍ਰਮੀਆਂ ਦੇ ਦਿਲਾਂ ਦੀ ਧੜਕਣ ਬਣ ਕੇ ਅੱਜ ਵੀ ਇਸ ਦੁਨੀਆ ਵਿਚ ਬਿਰਾਜ਼ਮਾਨ ਹੈ।


-ਕੁੰਵਰ ਵਿਜੈ ਪ੍ਰਤਾਪ ਸਿੰਘ
ਵਿਧਾਇਕ (ਅੰਮ੍ਰਿਤਸਰ ਨੌਰਥ)
ਐਮ. ਏ, ਐਲ. ਐਲ. ਬੀ,
ਐਮ. ਬੀ. ਏ, ਪੀ. ਐਚ. ਡੀ.
ਸਾਬਕਾ ਆਈ. ਪੀ. ਐਸ.
(ਪੰਜਾਬ ਕੇਡਰ)

Comments & Suggestions

Comments & Suggestions

About the author

admin