ਦਰਸ਼ਕਾਂ ਨੂੰ ਝੰਜੋੜਨ ਵਿਚ ਕਾਮਯਾਬ ਰਹੀ ਫ਼ਿਲਮ ‘ਮਿੱਟੀ ਨਾ ਫਰੋਲ ਜੋਗੀਆ’

By  |  0 Comments

8 ਮਈ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਨਵੀਂ ਪੰਜਾਬੀ ਫ਼ਿਲਮ ‘ਮਿੱਟੀ ਨਾ ਫਰੋਲ ਜੋਗੀਆ’ ਦਰਸ਼ਕਾਂ ਦੇ ਦਿਲਾਂ ਵਿਚ ਘਰ ਬਣਾਉਣ ਵਿਚ ਸਫ਼ਲ ਰਹੀ। ਨਿਰਦੇਸ਼ਕ ਅਵਤਾਰ ਸਿੰਘ ਦੁਆਰਾ ਬਣਾਈ ਇਸ ਫ਼ਿਲਮ ਦਾ ਵਿਸ਼ਾ ਕਾਫੀ ਵਧੀਆ ਹੈ। ਕਰਤਾਰ ਚੀਮਾ, ਲਖਵਿੰਦਰ ਸਿੰਘ, ਅਮਨ ਗਰੇਵਾਲ, ਜਪਤੇਜ ਸਿੰਘ, ਰੁਪਿੰਦਰ ਰੂਪੀ, ਰਜ਼ੀਆ ਸੁਖਬੀਰ, ਸੰਜੂ ਸੋਲੰਕੀ, ਦਮਨਪ੍ਰੀਤ ਅਤੇ ਨਵਦੀਪ ਕਲੇਰ ਆਦਿ ਕਲਾਕਾਰਾਂ ਨੇ ਇਸ ਫ਼ਿਲਮ ਵਿਚ ਬਿਹਤਰੀਨ ਅਦਾਕਾਰੀ ਕੀਤੀ। ਕਮੇਡੀ ਫ਼ਿਲਮਾਂ ਤੋਂ ਹੱਟ ਕੇ ਅਜਿਹੇ ਵਿਸ਼ੇ ‘ਤੇ ਫ਼ਿਲਮਾਂ ਬਣਾਉਣਾ ਬਹੁਤ ਵਧੀਆ ਗੱਲ ਹੈ।
ਫ਼ਿਲਮ ਦੀ ਕਹਾਣੀ ਪਿੰਡ ਛਾਂਜਲੀ ‘ਚ ਜੱਗੇ ਦੀਆਂ ਸ਼ਰਾਰਤਾਂ ਤੋਂ ਸ਼ੁਰੂ ਹੁੰਦੀ ਹੈ। ਜੱਗੇ ਦਾ ਕਿਰਦਾਰ ਜਪਤੇਜ ਸਿੰਘ ਨੇ ਨਿਭਾਇਆ ਹੈ। ਜੱਗਾ ਸਕੂਲ ਵਿਚ ਪੜ੍ਹਦਾ ਇਕ ਸ਼ਰਾਰਤੀ ਬੱਚਾ ਹੈ, ਜੋ ਪਿੰਡ ਦੇ ਲੋਕਾਂ ਨੂੰ, ਸਕੂਲ ਦੀ ਮੈਡਮ ਨੂੰ ਤੇ ਆਪਣੀ ਬੇਬੇ ਨੂੰ ਤੰਗ ਕਰਦਾ ਹੈ। ਫ਼ਿਲਮ ਵਿਚ ਚੱਲਦੇ-ਚੱਲਦੇ ਜੱਗੇ ਨੂੰ ਇਕ ਮੁਸਲਮਾਨ ਵਿਅਕਤੀ ਸੁਲਤਾਨਾ ਧੁਸ ਕੋਲੋਂ ਪਤਾ ਲਗਦਾ ਹੈ ਕਿ ਪਾਕਿਸਤਾਨ ਵਿਚ ਉਸ ਦੀ ਇਕ ਵੱਡੀ ਬੇਬੇ ਹੈ ਤੇ ਇਕ ਭੈਣ ਵੀ। ਭੈਣ ਦਾ ਪਿਆਰ ਉਸ ਨੂੰ ਪਲ-ਪਲ ਸਤਾਉਂਦਾ ਹੈ ਤੇ ਉਹ ਉਸ ਨੂੰ ਮਿਲਣ ਲਈ ਪਾਕਿਸਤਾਨ ਜਾਣ ਦੀ ਜ਼ਿੱਦ ਕਰਦਾ ਹੈ ਪਰ ਘਰਦੇ ਉਸ ਦੀ ਇੱਛਾ ਪੂਰੀ ਨਹੀਂ ਕਰਦੇ। ਜੱਗਾ ਸੁੱਚਾ ਸਿੰਘ ਦਾ ਮੁੰਡਾ ਹੈ ਤੇ ਉਹ ਜਿਸ ਭੈਣ ਨੂੰ ਮਿਲਣਾ ਚਾਹੁੰਦੇ ਹਨ, ਉਹ ਸੁੱਚਾ ਸਿੰਘ ਦੀ ਪਹਿਲੀ ਪਤਨੀ ਨੂਰਾਂ ਦੀ ਧੀ ਹੈ।
ਜੱਗਾ ਇਕ ਰਾਤ ਘਰੋਂ ਭੱਜ ਜਾਂਦਾ ਹੈ  ਤੇ ਅੰਮ੍ਰਿਤਸਰ ਪਹੁੰਚ ਜਾਂਦਾ ਹੈ ਤੇ ਕਿਸੇ ਤਰੀਕੇ ਪਾਕਿਸਤਾਨ ਦਾ ਬਾਰਡਰ ਟੱਪਣ ਵਿਚ ਕਾਮਯਾਬ ਹੋ ਜਾਂਦਾ ਹੈ, ਉਧਰ ਉਸ ਨੂੰ ਪਾਕਿਸਤਾਨ ਦੀ ਪੁਲਿਸ ਫੜ ਲੈਂਦੀ ਹੈ ਤੇ ਉਸ ਨੂੰ ਸੁਖਦੇਵ ਸਿੰਘ ਚੀਮਾ ਦਹਿਸ਼ਤਗਰਦ ਦਾ ਨਾਂਅ ਦੇ ਦਿੰਦੀ ਹੈ ਅਦਾਲਤ ਵਿਸ ਉਸ ਨੂੰ ਫਾਂਸੀ ਦਾ ਹੁਕਮ ਦੇ ਦਿੱਤਾ ਜਾਂਦਾ ਹੈ। ਉਸ ਦੀ ਭੈਣ ਨੂੰ ਜਦੋਂ ਇਸ ਬਾਰੇ ਪਤਾ ਲਗਦਾ ਹੈ ਤਾਂ ਉਹ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਆਪਣੇ ਪਤੀ ਦੇ ਸਿਆਸੀ ਕੱਦ ਤੋਂ ਵੀ ਡਰਦੀ ਹੈ। ਫ਼ਿਲਮ ਦੀ ਅੱਗੇ ਦੀ ਕਹਾਣੀ ਕਾਫ਼ੀ ਦਿਲਚਸਪ ਹੈ ਤੇ ਦਰਸ਼ਕਾਂ ਨੂੰ ਬੰਨੀ ਰੱਖਣ ਵਿਚ ਕਾਫ਼ੀ ਸਫ਼ਲ ਹੁੰਦੀ ਹੈ।
ਫ਼ਿਲਮ ਦੇ ਆਰੰਭ ਵਾਂਗ ਇਸ ਦਾ ਅੰਤ ਵੀ ਸੁਖਾਲਾ ਹੈ। ਫ਼ਿਲਮ ਵਿਚ ਕਰਤਾਰ ਚੀਮਾ ਦਾ ਕੰਮ ਵਧੀਆ ਹੈ ਪਰ ਉਸ ਦੇ ਦ੍ਰਿਸ਼ ਬਹੁਤ ਘੱਟ ਹਨ। ਉਹ ਸੁਲਤਾਨਾ ਧੁਸ ਦੀ ਕਹਾਣੀ ਸੁਣਾਏ ਜਾਣ ਤੱਕ ਹੀ ਫ਼ਿਲਮ ਵਿਚ ਰਹਿੰਦਾ ਹੈ। ਅਮਨ ਗਰੇਵਾਲ ਦਾ ਕੰਮ ਵੀ ਲਾਜਵਾਬ ਹੈ। ਜਪਤੇਜ ਨੇ ਵੀ ਆਪਣੀ ਐਕਟਿੰਗ ਰਾਹੀਂ ਕਮਾਲ ਕੀਤੀ ਹੈ ਉਹ ਫ਼ਿਲਮ ਵਿਚ ਦਰਸ਼ਕਾਂ ਨੂੰ ਹਸਾਉਂਦਾ ਵੀ ਹੈ ਤੇ ਰੁਆਉਂਦਾ ਵੀ ਹੈ।
ਰਜ਼ੀਆ ਸੁਖਬੀਰ ਤੇ ਰੁਪਿੰਦਰ ਰੂਪੀ ਦਾ ਕੰਮ ਵਧੀਆ ਹੈ। ਸਰਪੰਚ ਬਣੇ ਜਗਦੀਸ਼ ਪਾਪੜਾ ਨੇ ਵੀ ਬਿਹਤਰੀਨ ਭੂਮਿਕਾ ਨਿਭਾਈ ਹੈ। ਲਖਵਿੰਦਰ ਸਿੰਘ ਨੇ ਵੀ ਚੰਗੀ ਅਦਾਕਾਰੀ ਕੀਤੀ ਹੈ। ਫ਼ਿਲਮ ਵਿਚ ਉਸ ਨੇ ਜੱਗੇ ਦੇ ਭਰਾ ਦਾ ਕਿਰਦਾਰ ਨਿਭਾਇਆ ਹੈ। ਉਹ ਜੱਗੇ ਨੂੰ ਪਾਕਿਸਤਾਨ ਜਾਣ ਤੋਂ ਰੋਕਦਾ ਹੈ ਪਰ ਜਦੋਂ ਜੱਗਾ ਘਰੋਂ ਭੱਜ ਕੇ ਪਾਕਿਸਤਾਨ ਜਾਂਦਾ ਹੈ ਤਾਂ ਲੱਖਾ ਸਿੰਘ ਹੀ ਉਸ ਨੂੰ ਲੱਭਣ ਲਈ ਦਿਨ ਰਾਤ ਇਕ ਕਰਦਾ ਹੈ, ਫ਼ਿਲਮ ਵਿਚ ਲਖਵਿੰਦਰ ਸਿੰਘ ਦਾ ਕਿਰਦਾਰ ਵੀ ਦਮਦਾਰ ਹੈ, ਪਰ ਉਸ ਨੂੰ ਬਹੁਤਾ ਹਾਈਲਾਈਟ ਨਹੀਂ ਕੀਤਾ ਗਿਆ, ਪ੍ਰਮੋਸ਼ਨ ਦੌਰਾਨ ਵੀ ਉਸ ਨੂੰ ਅਣਗੌਲਿਆ ਕੀਤਾ ਗਿਆ ਜੋ ਕਿ ਗਲਤ ਹੈ। ਸੰਗੀਤ ਵਧੀਆ ਹੈ,  ਫ਼ਿਲਮ ਵਿਚ ਕੁਝ ਕਮੀਆਂ ਵੀ ਹਨ ਪਰ ਚੰਗੀ ਪੇਸ਼ਕਾਰੀ ਕਾਰਨ ਲੁਕ ਗਈਆਂ।। ਕੁਲ ਮਿਲਾ ਕੇ ਇਹ ਫ਼ਿਲਮ ਮਨੋਰੰਜਨ ਦਾ ਕੰਪਲੀਟ ਪੈਕਜ਼ ਹੈ, ਦਰਸ਼ਕ ਇਸ ਫ਼ਿਲਮ ਨੂੰ ਦੇਖ ਕੇ ਆਪਣੀ ਟਿਕਟ ਦੀ ਵਸੂਲੀ ਕਰ ਸਕਦੇ ਹਨ।

– ਲਖਨ ਪਾਲ

# 9646255302

Comments & Suggestions

Comments & Suggestions

Leave a Reply

Your email address will not be published. Required fields are marked *

Enter Code *