ਦਿਲਾਂ ’ਚ ਵੱਸਦੇ ਹਨ ਰਫ਼ੀ ਸਾਹਬ -ਡਾ.ਕੁੰਵਰ ਵਿਜੇ ਪ੍ਰਤਾਪ ਸਿੰਘ

By  |  0 Comments

ਤੁਮ ਮੁਝੇ ਯੂੰ ਭੁਲਾ ਨਾ ਪਾਓਗੇ… ਅੱਜ 31 ਜੁਲਾਈ 41ਵੀਂ ਬਰਸੀ ਤੇ ਵਿਸ਼ੇਸ ਲੇਖ।

ਪੰਜਾਬ ਦੀ ਸ਼ਾਨ ਅਤੇ ਸਾਡੇ ਦੇਸ਼ ਦੀ ਆਨ ਮੁਹੰਮਦ ਰਫ਼ੀ ਸੰਗੀਤ ਪੇ੍ਰਮੀਆਂ ਦੇ ਦਿਲਾਂ ’ਤੇ ਹਮੇਸ਼ਾ ਰਾਜ ਕਰਦੇ ਰਹਿਣਗੇ। ਰਫ਼ੀ ਸਾਹਿਬ ਨੇ ਪਲੇਅਬੈਕ ਗਾਇਕੀ ਨੂੰ ਇਕ ਨਵੀਂ ਪਰਿਭਾਸ਼ਾ ਦਿੱਤੀ ਹੈ। ਉਨਾਂ ਦਾ ਜਨਮ ਅੰਮਿ੍ਰਤਸਰ ਜ਼ਿਲ਼੍ਹੇ ਦੇ ਇਕ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ ਸੰਨ 1924 ਵਿਖੇ ਹੋਇਆ ਸੀ। ਜੁਲਾਈ 1980 ਵਿਚ 31 ਤਾਰੀਖ਼ ਨੂੰ ਉਹ ਸੰਗੀਤ ਪੇ੍ਰਮੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਚਲੇ ਗਏ ਪਰ ਸੰਗੀਤ ਦੀ ਦੁਨੀਆ ਵਿਚ ਉਹ ਹਮੇਸ਼ਾ ਬਹਾਰ ਬਣ ਕੇ ਛਾਏ ਰਹਿਣਗੇ। ਸੰਨ 1970 ਵਿਚ ਫ਼ਿਲਮ ‘ਪਗਲਾ ਕਹੀਂ ਕਾ’ ਵਿਚ ਉਨਾਂ ਵੱਲੋਂ ਗਾਇਆ ਗਿਆ ਗਾਣਾ ਅੱਜ ਵੀ ਮਸ਼ਹੂਰ ਹੈ – ‘ਤੁਮ ਮੁਝੇ ਯੂੰ ਭੁਲਾ ਨਾ ਪਾਓਗੇ’।
ਰਫ਼ੀ ਸਾਹਿਬ ਨੂੰ ਹਿੰਦੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਜ਼ਿਆਦਾ ਮਸ਼ਹੂਰ ਅਤੇ ਸਫ਼ਲ ਗਾਇਕ ਮੰਨਿਆ ਜਾਂਦਾ ਹੈ। ਉਨਾਂ ਨੇ ਇਕ ਹਜ਼ਾਰ ਤੋਂ ਵੱਧ ਹਿੰਦੀ ਫ਼ਿਲਮਾਂ ਵਾਸਤੇ ਗਾਣਾ ਗਾਇਆ ਹੈ। ਇਸ ਤੋਂ ਇਲਾਵਾ ਉਨਾਂ ਨੂੰ ਬੰਗਾਲੀ, ਪੰਜਾਬੀ, ਭੋਜਪੁਰੀ, ਮਰਾਠੀ, ਤਾਮਿਲ, ਤੇਲਗੂ, ਸਿੰਧੀ, ਅਸਾਮੀ, ਉੜੀਆ, ਅੰਗਰੇਜ਼ੀ, ਡੱਚ ਆਦਿ ਭਾਸ਼ਾਵਾਂ ਵਿਚ ਵੀ ਪਰਸਵ-ਗਾਇਕੀ ਦਾ ਸੌਭਾਗ ਪ੍ਰਾਪਤ ਹੈ।
ਭਾਰਤ ਸਰਕਾਰ ਵੱਲੋਂ ਉਨਾਂ ਨੂੰ 1967 ਵਿਚ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਛੇ ਵਾਰ ‘ਫ਼ਿਲਮ ਫੇਅਰ ਐਵਾਰਡ’ ਅਤੇ ਇਕ ਵਾਰ ‘ਨੈਸ਼ਨਲ ਐਵਾਰਡ’ ਵੀ ਜਿੱਤ ਚੁੱਕੇ ਹਨ। ਤਿੰਨ ਵਾਰ ਇਨਾਂ ਨੂੰ ‘ਬੰਗਾਲ ਫ਼ਿਲਮ ਜਰਨਲਿਸਟ ਐਸੋਸੀਏਸ਼ਨ ਐਵਾਰਡ’ ਨਾਲ ਵੀ ਨਿਵਾਜਿਆ ਗਿਆ।

ਇਸ ਸਫਲਤਾ ਦੇ ਪਿੱਛੇ ਉਨਾਂ ਵੱਲੋਂ ਕੀਤਾ ਗਿਆ ਕਠਿਨ ਸੰਘਰਸ਼ ਅਤੇ ਪ੍ਰਮਾਤਮਾ ਦੀ ਬਖ਼ਸ਼ਿਸ਼ ਹੈ। ਇਕ ਸਟਰੀਟ ਸਿੰਗਰ ਤੋਂ ਇਸ ਵੱਡੇ ਮੁਕਾਮ ਤੱਕ ਪਹੁੰਚਣ ਵਿਚ ਉਨਾਂ ਦੇ ਉਸਤਾਦ ਪੰਡਿਤ ਜੀਵਨ ਲਾਲ ਮੱਟੂ, ਅਬਦੁਲ ਵਾਹਿਦ ਖਾਨ ਅਤੇ ਫ਼ਿਰੋਜ਼ ਨਿਜ਼ਾਮੀ ਜੀ ਦਾ ਅਹਿਮ ਯੋਗਦਾਨ ਰਿਹਾ। ਉਨਾਂ ਨੇ ਆਪਣਾ ਪਹਿਲਾ ਗੀਤ ‘ਸੋਹਣੀਏ ਨੀ, ਹੀਰੀਏ ਨੀ’ ਪੰਜਾਬੀ ਫ਼ਿਲਮ ‘ਗੁੱਲ ਬਲੋਚ’ ਵਾਸਤੇ ਜ਼ੀਨਤ ਬੇਗਮ ਨਾਲ ਮਿਲ ਕੇ ਗਾਇਆ ਸੀ। ਹਿੰਦੀ ਸਿਨੇਮਾ ਜਗਤ ਵਿਚ ਉਨਾਂ ਦਾ ਆਗਾਜ਼ 1945 ਵਿਚ ਫ਼ਿਲਮ ‘ਗਾਓਂ ਕੀ ਗੋਰੀ’ ਨਾਲ ਹੋਇਆ।
ਇਕ ਪਾਸੇ ਉਨਾਂ ਨੇ ਰੋਮਾਂਟਿਕ ਗਾਇਕੀ ਵਿਚ ਮਿਸਾਲ ਕਾਇਮ ਕੀਤੀ ਹੈ ਤਾਂ ਦੂਜੇ ਪਾਸੇ ਇਨਾਂ ਦੇ ਗਾਣੇ ਭਾਵੁਕਤਾ ਨਾਲ ਭਰੇ ਹੁੰਦੇ ਸਨ। ਤੇਰੀ ਪਿਆਰੀ ਪਿਆਰੀ ਸੂਰਤ ਕੋ (ਫ਼ਿਲਮ ਸਸੁਰਾਲ), ਬਹਾਰੋ ਫੂਲ ਬਰਸਾਓ (ਸੂਰਜ), ਛੂ ਲੇਨੇ ਦੋ ਨਾਜ਼ੁਕ ਹੋਠੋਂ ਕੋ (ਕਾਜਲ), ਪਰਦਾ ਹੈ ਪਰਦਾ (ਅਮਰ ਅਕਬਰ ਐਂਥਨੀ), ਮੈਨੇ ਪੂਛਾ ਚਾਂਦ ਸੇ (ਅਬਦੁੱਲਾ), ਯੇਹ ਦੁਨੀਆ ਯੇਹ ਮਹਫਿਲ (ਹੀਰ ਰਾਂਝਾ), ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਕੋ (ਲੈਲਾ ਮਜਨੂੰ) ਆਦਿ ਗੀਤ ਅੱਜ ਵੀ ਪੇ੍ਰਮੀ ਦਿਲਾਂ ਦੀ ਧੜਕਣ ਤੇਜ ਕਰ ਦਿੰਦੇ ਹਨ। ਮਨ ਤੜਪਤ ਹਰੀ ਦਰਸ਼ਨ ਕੋ ਆਜ, ਓ ਦੁਨੀਆ ਕੇ ਰਖਵਾਲੇ ਆਦਿ ਗੀਤ ਭਜਨ ਦੇ ਰੂਪ ਵਿਚ ਅੱਜ ਵੀ ਮਸ਼ਹੂਰ ਹਨ, ਜੋ ਕਿ ਰਫ਼ੀ ਸਾਹਿਬ ਵੱਲੋਂ ਗਾਏ ਗਏ ਹਨ। ਉਨਾਂ ਵੱਲੋਂ ਗਾਏ ਦੇਸ਼ ਪੇ੍ਰਮ ਦੇ ਨਾਲ ਓਤ ਪੋ੍ਰਤ ਗੀਤ ਬਹੁਤ ਹੀ ਮਸ਼ਹੂਰ ਰਹੇ ਹਨ। ਅਪਨੀ ਆਜ਼ਾਦੀ ਕੋ ਹਮ ਹਰਗਿਜ਼ ਮਿਟਾ ਸਕਤੇ ਨਹੀਂ (ਲੀਡਰ), ਕਰ ਚਲੇ ਹਮ ਫ਼ਿਦਾ ਜਾਨੋਂ ਤਨ ਸਾਥਿਓ (ਹਕੀਕਤ), ਆਦਿ ਦੇਸ਼ ਭਗਤੀ ਦੇ ਨਾਲ ਓਤ ਪੋ੍ਰਤ ਹਨ, ਜੋ ਕਿ ਅੱਜ ਵੀ ਸਾਡੀ ਜ਼ੁਬਾਨ ’ਤੇ ਹਨ।
ਰਫ਼ੀ ਸਾਹਿਬ ਨੇ ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ, ਕਿਸ਼ੋਰ ਕੁਮਾਰ, ਮੰਨਾ ਡੇ ਆਦਿ ਸਮਕਾਲੀ ਗਾਇਕਾਂ ਦੇ ਨਾਲ ਮਿਲ ਕੇ ਇਹ ਜੁਗਲਬੰਦੀ ਕੀਤੀ ਹੈ। ‘ਹਮ ਕੋ ਤੁਮਸੇ ਹੋ ਗਿਆ ਹੈ ਪਿਆਰ ਕਿਆ ਕਰੇਂ’ ਇਕ ਐਸਾ ਗੀਤ ਹੈ, ਜਿਸ ਨੂੰ ਰਫ਼ੀ ਸਾਹਿਬ ਨੇ ਫ਼ਿਲਮ ‘ਅਮਰ ਅਕਬਰ ਐਂਥਨੀ’ ਵਾਸਤੇ ਸਾਥੀ ਗਾਇਕ ਕਿਸ਼ੋਰ ਕੁਮਾਰ, ਲਤਾ ਮੰਗੇਸ਼ਕਰ ਅਤੇ ਮੁਕੇਸ਼ ਨਾਲ ਮਿਲ ਕੇ ਗਾਇਆ। ਮੁਹੰਮਦ ਰਫ਼ੀ ਨੇ ਆਪਣੇ ਸਮੇਂ ਦੇ ਪ੍ਰਸਿੱਧ ਅਭਿਨੇਤਾ ਅਮਿਤਾਭ ਬਚਨ, ਮਨੋਜ ਕੁਮਾਰ, ਰਾਜ ਕੁਮਾਰ, ਸ਼ਸ਼ੀ ਕਪੂਰ, ਸ਼ੰਮੀ ਕਪੂਰ ਧਰਮੇਂਦਰ, ਦੇਵਾ ਆਨੰਦ ਅਤੇ ਬਿਸਵਾਜੀਤ ਤੋਂ ਇਲਾਵਾ ਹੋਰ ਕਈ ਕਲਾਕਾਰਾਂ ਵਾਸਤੇ ਆਪਣੀ ਆਵਾਜ਼ ਦਿੱਤੀ ਹੈ। ਰਫ਼ੀ ਸਾਹਿਬ ਨੇ ਬਹੁਤ ਸਾਰੇ ਸਮਕਾਲੀ ਸੰਗੀਤ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ, ਜਿਵੇਂ ਕਿ ਨੌਸ਼ਾਦ ਅਲੀ, ਓ. ਪੀ. ਨਈਯਰ, ਸ਼ੰਕਰ ਜੈਕਿਸ਼ਨ, ਐਸ. ਡੀ. ਬਰਮਨ, ਰੌਸ਼ਨ ਆਦਿ। ਪਾਰਸ਼ਵ ਗਾਇਕੀ ਦਾ ਇਹ ਸਿਤਾਰਾ 31 ਜੁਲਾਈ 1980 ਨੂੰ ਸਾਨੂੰ ਵਿਛੋੜਾ ਦੇ ਗਿਆ ਪਰ ਉਹ ਸੰਗੀਤ ਪੇ੍ਰਮੀਆਂ ਦੇ ਦਿਲਾਂ ਦੀ ਧੜਕਣ ਬਣ ਕੇ ਅੱਜ ਵੀ ਇਸ ਦੁਨੀਆ ਵਿਚ ਬਿਰਾਜ਼ਮਾਨ ਹੈ।


ਲੇਖਕ: ਡਾ.ਕੁੰਵਰ ਵਿਜੇ ਪ੍ਰਤਾਪ ਸਿੰਘ, ਆਈ.ਪੀ.ਐੱਸ, ਐੱਮ.ਏ., ਐੱਲ.ਐੱਲ.ਬੀ., ਐੱਮ.ਬੀ.ਏ., ਪੀ.ਐੱਚ.ਡੀ ਅਤੇ ਸਾਬਕਾ ਆਈ.ਜੀ ਆਫ਼ ਪੁਲਿਸ

Comments & Suggestions

Comments & Suggestions