Articles

ਨਵੇਂ ਨਿਰਮਾਤਾ ਦੀ ਫ਼ਿਲਮ ਨਾਲ ਕਿਵੇਂ ਹੁੰਦਾ ਹੈ ਗੈਂਗਰੇਪ ਅਤੇ ਕੌਣ ਕੌਣ ਹੁੰਦਾ ਹੈ ਕਸੂਰਵਾਰ ?

Written by admin

ਅਸੀਂ ਆਪਣੇ ਲੇਖਾਂ ਵਿਚ ਅੱਗੇ ਵੀ ਬਹੁਤ ਵਾਰੀਂ ਜ਼ਿਕਰ ਕੀਤਾ ਹੈ ਕਿ ਕਿਸੇ ਵੀ ਫ਼ਿਲਮ ਦੀ ਸ਼ੁਰੂਆਤ ਫ਼ਿਲਮ ਨਿਰਮਾਤਾ ਦੇ ਨਾਲ ਹੁੰਦੀ ਹੈ, ਉਸ ਨੂੰ ਫ਼ਿਲਮ ’ਚੋਂ ਕਮਾਈ ਤਾਂ ਬਾਅਦ ਵਿਚ ਹੋਣੀ ਹੁੰਦੀ ਹੈ ਜਾਂ ਹੋਣੀ ਵੀ ਕਿ ਨਹੀਂ, ਕੁਝ ਪਤਾ ਨਹੀਂ ਹੁੰਦਾ ਪਰ ਉਸ ਦੀ ਫ਼ਿਲਮ ਨਾਲ ਜੁੜੇ ਹਰ ਵਿਅਕਤੀ ਦੀ ਪੱਕੀ ਕਮਾਈ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ।
ਫ਼ਿਲਮ ਇੰਡਸਟਰੀ ਇਕ ਫੁਲਵਾੜੀ ਦੀ ਤਰ੍ਹਾਂ ਹੈ, ਜਿਸ ਦੀ ਮਹਿਕ ਲੈਣ ਲਈ ਇਸ ਦੀ ਇਮਾਨਦਾਰੀ ਨਾਲ ਸਾਂਭ-ਸੰਭਾਲ ਜੇ ਆਪ ਹੀ ਨਹੀਂ ਕਰਾਂਗੇ ਤਾਂ ਇਸ ਦਾ ਉਜੜਣਾ ਸੁਭਾਵਿਕ ਹੈ।
ਜੇ ਗੱਲ ਫ਼ਿਲਮ ਦੀ ਕਰੀਏ ਤਾਂ ਉਸ ਨਾਲ ਜੁੜੇ ਕੁਝ ਪ੍ਰਮੁੱਖ ਵਿਅਕਤੀ, ਜਿਵੇਂ ਕਹਾਣੀਕਾਰ, ਸੰਗੀਤਕਾਰ, ਐਕਟਰ, ਪ੍ਰੋਡਕਸ਼ਨ ਮੈਨੇਜਰ, ਆਰਟ ਅਤੇ ਡਾਂਸ ਡਾਇਰੈਕਟਰ, ਨਿਰਦੇਸ਼ਕ, ਡੀ.ਓ.ਪੀ ਅਤੇ ਫ਼ਿਲਮ ਡਿਸਟ੍ਰੀਬਿਊਟਰ ਆਦਿ ਇਹ ਸਭ ਵਿਅਕਤੀ ਇਕ ਬਾਗ ਦੇ ਮਾਲੀ ਵਾਂਗ ਹੁੰਦੇ ਹਨ, ਜਿਨ੍ਹਾਂ ਦਾ ਕੰਮ ਬਗੀਚੇ ਨੂੰ ਸਵਾਰ ਕੇ ਰੱਖਣਾ, ਰਖਵਾਲੀ ਕਰਨਾ ਅਤੇ ਆਪਣਾ ਬਣਦਾ ਮਿਹਨਤਾਨਾ ਲੈਣਾ ਹੁੰਦਾ ਹੈ। ਜੇ ਇਹ ਸਾਰੇ ਲੋਕ ਇਹ ਸੋਚ ਕੇ ਇਮਾਨਦਾਰੀ ਨਾਲ ਕੰੰਮ ਕਰਨਗੇ ਕਿ ਫ਼ਿਲਮਾਂ ਹਨ, ਤਾਂ ਹੀ ਅਸੀਂ ਹਾਂ, ਤਾਂ ਹਰ ਫ਼ਿਲਮ ’ਚੋਂ ਉਸ ਦਾ 30/35 ਪ੍ਰਤੀਸ਼ਤ ਹਿੱਸਾ ਤਾਂ ਪਹਿਲਾਂ ਹੀ ਬਚਾਇਆ ਜਾ ਸਕਦਾ ਹੈ, ਜਿਸ ਨਾਲ ਫ਼ਿਲਮ ਦਾ ਬਜਟ ਕੰਟਰੋਲ ਵਿਚ ਰਹੇਗਾ ਅਤੇ ਨਿਰਮਾਤਾ ਦੇ ਪੱਲੇ ਕੁਝ ਮੁਨਾਫਾ ਪੈਣ ਦੀ ਆਸ ਕੀਤੀ ਜਾ ਸਕਦੀ ਹੈ।
ਪਰ ਜੇ ਪਿਛਲੇ 8/10 ਸਾਲਾਂ ਵਿਚ ਬਣੀਆ ਫ਼ਿਲਮਾਂ ਦੀ ਗੱਲ ਕਰੀਏ ਤਾਂ ਬੜੇ ਜੋਸ਼ ਨਾਲ ਪੰਜਾਬੀ ਫ਼ਿਲਮਾਂ ਬਣਾਉਣ ਨਿੱਤਰੇ ਨਵੇਂ ਨਿਰਮਾਤਾਵਾਂ ’ਚੋਂ ਕੋਈ ਵਿਰਲਾ ਹੀ ਦੁਬਾਰਾ ਇੱਥੇ ਨਜ਼ਰ ਆਇਆ ਅਤੇ ਕਈ ਤਾਂ ਫ਼ਿਲਮ ਅਧੂਰੀ ਛੱਡ ਕੇ ਹੀ ਚਲੇ ਗਏ। ਭਾਵੇਂ ਉਹ ਲੋਕ ਝੱਸ ਪੂਰਾ ਕਰਨ ਲਈ ਫ਼ਿਲਮਾਂ ਬਣਾਉਣ ਆਏ, ਚਾਹੇ ਪੰਜਾਬੀ ਫ਼ਿਲਮਾਂ ਬਾਰੇ ਉਡਦੀਆਂ- ਉਡਦੀਆਂ ਸੁਣ ਕੇ ਵੱਡੀ ਕਮਾਈ ਕਰਨ ਲਈ ਆਏ, ਕਿਸੇ ਹੋਰ ਮਕਸਦ ਲਈ ਆਏ, ਜਾਂ ਫਿਰ ਗੰਭੀਰਤਾ ਨਾਲ ਫ਼ਿਲਮ ਮੇਕਰ ਬਣਨ ਆਏ ਅਤੇ ਆਪਣੀ ਜਮਾ ਪੁੰਜੀ ਦਾਅ ’ਤੇ ਲਾਈ। ਜੇ ਸੋਚਿਆ ਜਾਏ ਤਾਂ ਨਵੇਂ ਨਿਰਮਾਤਾਵਾਂ ਦੀ ਫ਼ਿਲਮ ਲਾਈਨ ਵਿਚ ਸਥਿਤੀ ਤਾਂ ਨਾਬਾਲਗਾਂ ਵਾਲੀ ਹੀ ਹੁੰਦੀ ਹੈ, ਇਸ ਲਈ ਜੇ ਉਪਰੋਕਤ ਦਰਸਾਏ ਲੋਕ ਚਾਹੁਣ ਤਾਂ ਫ਼ਿਲਮੀ ਨਾਬਾਲਗਾਂ ਨੂੰ ਸਹੀ ਸੇਧ ਦੇ ਸਕਦੇ ਹਨ ਜਾਂ ਫੇਰ ਵਰਗਲਾ ਕੇ ਉਨ੍ਹਾਂ ਦੀ ਫ਼ਿਲਮ ਨਾਲ ਸੌਖੀ ਤਰ੍ਹਾਂ ਬਲਾਤਕਾਰ ਵੀ ਕਰ ਸਕਦੇ ਹਨ।
ਖ਼ੈਰ ਆਓ ਜਾਣਦੇ ਹਾਂ ਕਿ ਕਿਵੇਂ ਇਕ ਨਵੇਂ ਨਿਰਮਾਤਾ ਦੀ ਫ਼ਿਲਮ ਨਾਲ ਸਮੂਹਿਕ ਰੇਪ ਹੁੰਦਾ ਹੈ ਜਾਂ ਕਿਸੇ ਵੇਲੇ ਫ਼ਿਲਮ ਦੀ ਭਰੂਣ ਹੱਤਿਆ ਵੀ ਕਰ ਦਿੱਤੀ ਜਾਂਦੀ ਹੈ ਅਤੇੇ ਕੌਣ-ਕੌਣ ਹੁੰਦਾ ਹੈ ਕਸੂਰਵਾਰ ?
ਜਦੋਂ ਕਿਸੇ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਕੋਈ ਨਵਾਂ ਬੰਦਾ ਫ਼ਿਲਮ ਬਣਾਉਣਾ ਚਾਹੁੰਦਾ ਹੈ ਅਤੇ ਉਹ ਕਹਾਣੀ ਲੱਭ ਰਿਹਾ ਹੈ ਜਾਂ ਕਹਾਣੀ ਉਸ ਕੋਲ ਹੈ ਅਤੇ ਉਹ ਚੰਗੇ ਨਿਰਦੇਸ਼ਕ ਦੀ ਭਾਲ ਵਿਚ ਹੈ, ਤਾਂ ਕੁਝ ਲੇਖਕ ਜਾਂ ਨਿਰਦੇਸ਼ਕ ਜਿਨ੍ਹਾਂ ਨੂੰ ਕਿ ਕੰਮ ਅਜੇ ਵੀ ਲੱਭਣਾ ਪੈਂਦਾ ਹੈ ਉਹ ਲੋਕ ਨਿਰਮਾਤਾ ਦੇ ਆਲੇ-ਦੁਆਲੇ ਗੇੜੇ ਕੱਢਣੇ ਸ਼ੁਰੂ ਕਰ ਦਿੰਦੇ ਹਨ ਜਾਂ ਫੇਰ ਆਪਣੇ ਜਾਲਸਾਜ ਚਮਚਿਆਂ ਨੂੰ ਅੱਗੇ ਲਾ ਦਿੰਦੇ ਹਨ, ਜੋ ਆਪਣੀਆਂ ਸਬਜ਼ਬਾਗ ਨੁਮਾ ਗੱਲਾਂ ਰਾਹੀਂ ਨਵੇਂ ਨਿਰਮਾਤਾ ਨੂੰ ਫਸਾਉਣ/ਭਰਮਾਉਣ ਦੀ ਕੋਸ਼ਿਸ਼ ਕਰਦੇ ਹਨ।
ਕਿਸੇ ਵੀ ਤਰ੍ਹਾਂ ਜਦ ਫ਼ਿਲਮ ਸੈੱਟ ’ਤੇ ਆ ਜਾਂਦੀ ਤਾਂ ਪਹਿਲੇ ਪੰਜ-ਸੱਤ ਦਿਨ ਤਾਂ ਸਾਰਾ ਯੂਨਿਟ ਫ਼ਿਲਮ ਨਿਰਮਾਤਾ ਦੀ ਜੀ ਹਜ਼ੂਰੀ ਕਰਦਾ ਹੈ ਪਰ ਜਦੋਂ ਕੁਝ ਬੇਈਮਾਨ ਲੋਕਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਹੁਣ ਤਾਂ ਨਿਰਮਾਤਾ ਫੱਸ ਚੁੱਕਾ ਹੈ ਤਾਂ ਫੇਰ ਉਨ੍ਹਾਂ ਦੇ ਚਿਹਰੇ ਹੀ ਬਦਲ ਜਾਂਦੇ ਹਨ ਅਤੇ ਫੇਰ ਇਹੋ-ਜਿਹੇ ਲੋਕ ਨਿਰਮਾਤਾ ਦੇ ਚਿਹਰੇ ਦਾ ਰੰਗ ਅਤੇ ਰਾਤਾਂ ਦੀ ਨੀਂਦ ਵੀ ਉਡਾ ਦਿੰਦੇ ਹਨ।
ਦਿਨ ਚੜ੍ਹਦਿਆਂ ਪ੍ਰੋਡਕਸ਼ਨ ਮੈਨੇਜਰ ਨੇ ਲਿਸਟ ਤਿਆਰ ਕੀਤੀ ਹੁੰਦੀ ਹੈ ਕਿ ਅੱਜ ਦੇ ਦਿਨ ਕੀ ਕੁਝ ਜ਼ਰੂਰੀ ਹੈ ਅਤੇ ਕਿਹੜੀ-ਕਿਹੜੀ ਫਾਲਤੂ ਚੀਜ਼ ਨਿਰਮਾਤਾ ਨੂੰ ਜ਼ਰੂਰੀ ਕਹਿ ਕੇ ਉਸ ਨੂੰ ਜੇਬ ’ਚੋਂ ਪੈਸੇ ਕੱਢਣ ਲਈ ਮਜਬੂਰ ਕਰਨਾ ਹੈ। ਸਵੇਰੇ ਹੀ ਇਹ ਸਭ ਹਿਸਾਬ ਲੱਗ ਜਾਂਦਾ ਹੈ ਕਿ ਅੱਜ ਦੇ ਖਰਚਿਆਂ ’ਚੋਂ ਕਿੰਨੇ ਪੈਸੇ ਬਾਹਰੋਂ- ਬਾਹਰ ਬਚਾਉਣੇ ਹਨ ਅਤੇ ਰਾਤ ਨੂੰ ਕਿਸ-ਕਿਸ ਨੂੰ ਹਿੱਸਾ ਦੇਣਾ ਹੈ। ਇਹ ਸਿਲਸਲਾ ਸਾਰੀ ਫ਼ਿਲਮ ਦੀ ਸ਼ੂਟਿੰਗ ਤੱਕ ਏਦਾਂ ਹੀ ਚੱਲਦਾ ਹੈ। ਸ਼ਾਇਦ ਕੋਈ ਵੀ ਅਜਿਹਾ ਕੰਮ ਨਹੀਂ, ਜੋ ਪ੍ਰੋਡਕਸ਼ਨ ਮੈਨੇਜਰ ਬਿਨ੍ਹਾਂ ਕਮੀਸ਼ਨ ਲਏ ਕਰਦਾ ਹੋਵੇ।
ਆਖਰ, ਲੋਕੇਸ਼ਨਾਂ ਅਤੇ ਮਨਜੂਰੀਆਂ, ਹੋਟਲ, ਟਰਾਂਸਪੋਟੇਸ਼ਨ, ਵੈਨੇਟੀ ਵੈਨਸ, ਹੋਰ ਗੱਡੀਆਂ-ਜਨਰੇਟਰਾਂ ਦੇ ਡੀਜ਼ਲ, ਇਕਊਪਮੈਂਟ, ਰੋਜ਼ਾਨਾ ਦੀ ਸ਼ੂਟਿੰਗ ਪ੍ਰਾਪਟੀ, ਡਾਂਸਰ ਮੁੰਡੇ-ਕੁੜੀਆਂ, ਜੂਨੀਅਰ ਆਰਟਿਸਟ, ਕਰਾਊਡ, ਆਰਟ, ਕਾਸਟਿਊਮ, ਮੇਕਅੱਪ, ਖਾਣਾ ਵਿਭਾਗ ਆਦਿ ਇਹ ਸਭ ਦੀ ਜ਼ਿੰਮੇਵਾਰੀ ਤਾਂ ਪ੍ਰੋਡਕਸ਼ਨ ਵਾਲਿਆਂ ਦੀ ਹੀ ਹੁੰਦੀ ਹੈ। ੳੱੁਤੋਂ ਖਾਣ- ਪੀਣ, ਹੋਟਲਾਂ ਵਿਚ ਰੁਕਣ ਅਤੇ ਸ਼ੂਟਿੰਗ ਮੌਕੇ ਨਿਰਮਾਤਾ ਵੱਲੋਂ ਆਪਣੇ ਬਜਟ ਮੁਤਾਬਕ ਮੁਹੱਈਆ ਕਰਵਾਈਆਂ ਸਹੂਲਤਾਂ ਨੂੰ ਲੈ ਕੇ ਕਲਾਕਾਰਾਂ ਅਤੇ ਯੂਨਿਟ ਮੈਂਬਰਾਂ ਦੇ ਵੱਖੋ-ਵੱਖ ਨਖ਼ਰੇ! ਹਰ ਕਿਸੇ ਨੂੰ ਵਾਜਬ ਸਹੂਲਤ ਤਾਂ ਮਿਲਣੀ ਹੀ ਚਾਹੀਦੀ ਹੈ ਪਰ ਆਮ ਵੇਖਣ ਵਿਚ ਆਇਆ ਹੈ, ਕਿ ਉਹੀ ਲੋਕ ਜੋ ਕੰਮ ਲੈਣ ਲਈ ਨਿਰਮਾਤਾ ਦੇ ਅੱਗੇ-ਪਿੱਛੇ ਗੇੜੇ ਕੱਢਦੇ ਹਨ, ਸ਼ੂਟਿੰਗ ਸ਼ੁਰੂ ਹੋ ਜਾਣ ਤੋਂ ਕੁਝ ਦਿਨਾਂ ਬਾਅਦ ਹੀ ਨਿਰਮਾਤਾ ਨੂੰ ਦਿਨੇ-ਤਾਰੇ ਵਿਖਾਉਣੇ ਸ਼ੁਰੂ ਕਰ ਦਿੰਦੇ ਹਨ, ਜਿਨ੍ਹਾਂ ਦੀ ਘਰ-ਬਾਹਰ ਉਨ੍ਹੀ ਔਕਾਤ ਅਜੇ ਬਣੀ ਨਹੀਂ ਹੁੰਦੀ, ਜਿੰਨੀਆਂ ਉਹ ਸਹੂਲਤਾਂ ਦੀ ਮੰਗ ਕਰਦੇ ਹਨ। ਘਰ ਵਿਚ ਇਕ ਸਬਜ਼ੀ ਨਾਲ ਰੋਟੀ ਖਾਣ ਵਾਲਿਆਂ ਨੂੰ ਸੈਟ ’ਤੇ ਤਿੰਨ-ਤਿੰਨ ਸਬਜ਼ੀਆਂ ਵੀ ਪਸੰਦ ਨਹੀਂ ਆਉਂਦੀਆਂ। ਇਸੇ ਤਰ੍ਹਾਂ ਹੋਟਲਾਂ ਦੇ ਸਟੇਅ ਅਤੇ ਸ਼ੂਟਿੰਗ ਤੇ ਆਉਣ-ਜਾਣ ਦੀਆਂ ਸਹੂਲਤਾਂ ਵਿਚ ਲੋੜੋਂ ਵੱਧ ਨਖ਼ਰੇ। ਨਿਰਮਾਤਾ ਨੂੰ ਇਹ ਅਹਿਸਾਸ ਕਰਵਾ ਕਿ ਰਹਿੰਦੇ ਨੇ ਇਹ ਲੋਕ, ਜਿਵੇਂ ਕਿ ਦੂਜਿਆਂ ਦੇ ਪੈਸਿਆਂ ’ਤੇ ਪਿਕਨਿਕ ਮਨਾਉਣ ਆਏ ਹੋਣ। ਕਈ ਸੀਨੀਅਰ ਐਕਟਰ ਤਾਂ ਸ਼ੂਟਿੰਗ ਵੇਲੇ ਆਪਣੇ ਨਾਲ ਫਾਲਤੂ ਬੰਦੇ ਲਿਆ ਕੇ ਨਿਰਮਾਤਾ ਦੇ ਖਾਤੇ ਪੁਆਉਂਦੇ ਹਨ ਅਤੇ ਹੋਟਲਾਂ ਅਤੇ ਖਾਣ ਪੀਣ ਦੇ ਮਾਮਲੇ ਵਿਚ ਨਿਰਮਾਤਾ ਦਾ ਖ਼ੂਬ ਉਜਾੜਾ ਕਰਵਾਉਂਦੇ ਵੇਖੇ ਹਨ।
ਇਨ੍ਹਾਂ ਸਭ ਬੰਦਿਆਂ ਦੀ ਮਿਲੀਭੁਗਤ ਕਾਰਨ ਨਵਾਂ ਨਿਰਮਾਤਾ ਕਿਵੇਂ ਲੁੱਟਿਆ ਜਾ ਰਿਹਾ ਹੁੰਦਾ ਹੈ ਅਤੇ ਫ਼ਿਲਮ ਤੇ ਕਿੰਨਾ ਭਾਰ ਪੈ ਰਿਹਾ ਹੁੰਦਾ ਹੈ, ਉਸ ਵੇਲੇ ਪਤਾ ਚੱਲਦਾ ਹੈ, ਜਦੋਂ ਨਿਰਮਾਤਾ ਪੂਰੀ ਤਰ੍ਹਾਂ ਨਿਚੋੜਿਆ ਜਾ ਚੁੱਕਾ ਹੁੰਦਾ ਹੈ।
ਜਦੋਂ ਨਿਰਮਾਤਾ ਨੂੰ ਇਹ ਪਤਾ ਲੱਗਦਾ ਹੈ ਕਿ ਬੇਈਮਾਨ ਫ਼ਿਲਮ ਨਿਰਦੇਸ਼ਕ ਨੇ ਕਲਾਕਾਰਾਂ ਨੂੰ ਪੂਰੇ ਪੈਸੇ ਵੀ ਨਹੀਂ ਦਿੱਤੇ, ਜੋ ਮੈਥੋਂ ਉਨ੍ਹਾਂ ਦਾ ਔਕਾਤ ਤੋਂ ਵੱਧ ਰੇਟ ਦੱਸ ਕੇ ਲਏ ਜਾਂ ਉਨ੍ਹਾਂ ਨਾਲ ਹੋਈ ਸੈਟਿੰਗ ਦੌਰਾਨ ਵਿੱਚੋਂ ਹਜ਼ਮ ਕਰ ਗਿਆ। ਇਸੇ ਤਰ੍ਹਾਂ ਦੇ ਘਪਲੇ ਜਦੋਂ ਫ਼ਿਲਮ ਦਾ ਸੰਗੀਤ ਬਣਨ ਵੇਲੇ ਸਾਹਮਣੇ ਆਉਂਦੇ ਹਨ, ਤਾਂ ਉਸ ਵਿਚਾਰੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ।
ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋਣ ਤੱਕ ਨਿਰਮਾਤਾ ਵੱਲੋਂ ਫ਼ਿਲਮ ਬਣਾ ਕੇ ਰਿਲੀਜ਼ ਤੱਕ ਦਾ ਸੋਚਿਆ ਹੋਇਆ ਸਾਰਾ ਬਜਟ ਹਿੱਲ ਚੁੱਕਾ ਹੁੰਦਾ ਹੈ। ਖ਼ੈਰ ਸ਼ੂਟਿੰਗ ਖ਼ਤਮ ਹੋਣ ’ਤੇ ਉਸ ਨੂੰ ਥੋੜ੍ਹਾ ਸੁੱਖ ਦਾ ਸਾਹ ਆਉਂਦਾ ਹੈ ਪਰ ਸਿਰਫ ਦੋ-ਚਾਰ ਦਿਨਾਂ ਲਈ, ਕਿਉਂਕਿ ਅਜੇ ਫ਼ਿਲਮ ਦੀ ਫਸਟ ਕਾਪੀ ਹਾਸਲ ਕਰਨ ਤੱਕ ਬਹੁਤ ਕੁਝ ਕਰਨਾ ਬਾਕੀ ਹੁੰਦਾ ਹੈ।
ਜਦੋਂ ਫ਼ਿਲਮ ਦੀ ਪੋਸਟ ਪ੍ਰੋਡਕਸ਼ਨ ਦੀ ਗੱਲ ਆਉਂਦੀ ਹੈ ਤਾਂ ਨਵੇਂ-ਨਵੇਂ ਦਲਾਲ ਸਾਹਮਣੇ ਆਉਂਦੇ ਹਨ ਅਤੇ ਉਨ੍ਹਾਂ ਵੱਲੋਂ ਉਹ ਬਜਟ ਪੇਸ਼ ਕੀਤਾ ਜਾਂਦਾ ਹੈ, ਜਿਸ ਬਾਰੇ ਫ਼ਿਲਮ ਨਿਰਦੇਸ਼ਕ ਨੇ ਨਿਰਮਾਤਾ ਨੂੰ ਪਹਿਲਾਂ ਪੂਰੀ ਤਰ੍ਹਾਂ ਦੱਸਿਆ ਵੀ ਨਹੀਂ ਹੁੰਦਾ ਕਿ ਫ਼ਿਲਮ ਦੀ ਸ਼ੂਟਿੰਗ ਤੋਂ ਬਾਅਦ ਵੀ ਇੰਨਾ ਖਰਚਾ ਹੋਣਾ ਹੈ ਅਤੇ ਦਲਾਲ ਤਾਂ ਪਹਿਲਾਂ ਹੀ ਇਕ ਰੁਪਏ ਦੀ ਚੀਜ਼ ਨੂੰ ਦੋ ਰੁਪਏ ਦੀ ਹੀ ਗਿਣਾਉਂਦੇ ਹਨ ਕਿ ਬੰਦਾ ਕਿੰਨੇ ਕੁ ਪੈਸੇ ਘਟਾ ਲਊ। ਅਜੇ ਸੈਂਸਰ ਸਰਟੀਫਿਕੇਟ ਲੈ ਕੇ ਦੇਣ ਵਾਲੇ ਦਲਾਲ ਵੀ ਮੁਰਗਾ ਉਡੀਕ ਰਹੇ ਹੁੰਦੇ ਹਨ।
ਜਦੋਂ ਫ਼ਿਲਮ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ ਤਾਂ ਰਿਲੀਜ਼ ਤੋਂ ਪਹਿਲਾਂ ਇਸ ਦੇ ਕੁਝ ਅਧਿਕਾਰ ਜਿਵੇਂ ਸੈਟੇਲਾਈਟ, ਸੰਗੀਤ, ਵੀਡੀਓ, ਡਿਜ਼ੀਟਲ ਅਤੇ ਕੁਝ ਵਿਦੇਸ਼ੀ ਰਾਈਟਸ ਆਦਿ ਵੇਚ ਕੇ ਨਿਰਮਾਤਾ ਨੂੰ ਫ਼ਿਲਮ ਦੀ ਪ੍ਰਮੋਸ਼ਨ ਲਈ ਕੁਝ ਰਕਮ ਬਾਹਰੋਂ-ਬਾਹਰ ਆਉਣ ਦੀ ਉਮੀਦ ਬੱਝੀ ਹੁੰਦੀ ਹੈ, ਜਿਸ ਲਈ ਨਿਰਮਾਤਾ ਨੂੰ ਨਿਰਦੇਸ਼ਕ ਵੱਲੋਂ ਫ਼ਿਲਮ ਸ਼ੁਰੂ ਕਰਨ ਵੇਲੇ ਹੀ ਬਹੁਤ ਸਬਜ਼ਬਾਗ ਵਿਖਾ ਦਿੱਤੇ ਜਾਂਦੇ ਹਨ ਪਰ ਅਸਲੀਅਤ ਕੁਝ ਹੋਰ ਹੀ ਸਾਹਮਣੇ ਆਉਂਦੀ ਹੈ। ਇੱਥੇ ਵੀ ਨਿਰਮਾਤਾ ਅਕਸਰ ਦਲਾਲਾਂ ਦੇ ਅੜਿੱਕੇ ਆ ਜਾਂਦਾ ਹੈ।
ਇੱਥੇ ਮੈਂ ਇਕ ਉਦਾਹਰਨ ਦੇਣੀ ਚਾਹਾਂਗਾ ਕਿ ਜਦੋਂ ਜਸਪਾਲ ਭੱਟੀ ਸਾਹਿਬ ਜਿਨ੍ਹਾਂ ਆਪਣੀ ਆਖਰੀ ਫ਼ਿਲਮ ‘ਪਾਵਰਕੱਟ’ ਪੂਰੀ ਕੀਤੀ ਤਾਂ ਆਪਣਾ ਤਜ਼ਰਬਾ ਮੇਰੇ ਨਾਲ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਫ਼ਿਲਮ ਨਾ ਹੋਈ, ਕੋਈ ਬਜ਼ਾਰੂ ਔਰਤ ਹੋ ਗਈ, ਜਿਸ ਦਾ ਮੁੱਲ ਲਾਉਣ ਤੋਂ ਪਹਿਲਾਂ ਹਰ ਕੋਈ ਕਿਸੇ ਨਾ ਕਿਸੇ ਪਾਸਿਓਂ ਇਹਦੇ ਕਪੜੇ ਉਤਾਰ ਕੇ ਕੁਝ ਵੇਖਣਾ ਚਾਹੁੰਦਾ ਹੈ, ਜਾਂ ਅਸੀਂ ਕੋਈ ਚੋਰੀ ਦਾ ਮਾਲ ਮਾਰਕੀਟ ਵਿਚ ਵੇਚਣ ਤੁਰ ਪਏ ਹੋਈਏ।
ਹੁਣ ਸੋਚੋ ਕਿ ਆਮ ਨਿਰਮਾਤਾ ਨਾਲ ਕੀ ਹੁੰਦਾ ਹੋਵੇਗਾ।
ਜਦੋਂ ਤੁਸੀਂ ਫ਼ਿਲਮ ਅਧਿਕਾਰ ਖ਼ਰੀਦਣ ਵਾਲੇ ਕਿਸੇ ਠੇਕੇਦਾਰ ਦੇ ਘਰੋਂ ਉਸ ਦੀਆਂ ਚੰਗੀ ਭਲੀ ਫ਼ਿਲਮ ਨੂੰ ਕੀੜੇ ਪਾਉਣ ਵਾਲੀਆਂ ਗੱਲਾਂ, ਕਿ ਸਟਾਰ ਕਾਸਟ ਚੰਗੀ ਨਹੀਂ, ਸੰਗੀਤ ਅਤੇ ਗਾਇਕ ਠੀਕ ਨਹੀਂ ਅਤੇ ਹੋਰ ਬਹੁਤ ਕੁਝ ਸੁਣਨ ਤੋਂ ਬਾਅਦ ਫ਼ਿਲਮ ਦਾ ਸਹੀ ਮੁੱਲ ਨਾ ਪੈਂਦਾ ਵੇਖ ਵਾਪਸ ਪਰਤ ਆਉਂਦੇ ਹੋ ਤਾਂ ਬਾਕੀ ਠੇਕੇਦਾਰਾਂ ਤੱਕ ਵੀ ਮਿੰਟੋ-ਮਿੰਟ ਖ਼ਬਰ ਪੁੱਜ ਜਾਂਦੀ ਹੈ ਅਤੇ ਸ਼ੁਰੂ ਹੁੰਦਾ ਹੈ ਨਵੇਂ ਨਿਰਮਾਤਾ ਦੀ ਮਾਨਸਿਕ ਖੱਜਲ-ਖੁਆਰੀ ਦਾ ਸਿਲਸਲਾ, ਜਿਸ ਦੇ ਚੱਲਦਿਆਂ ਉਸ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ ਜਾਂਦਾ ਹੈ। ਆਖਰ ਨਿਰਮਾਤਾ ਇਹ ਸੋਚ ਕੇ ਕਿ ਸ਼ਾਇਦ ਫ਼ਿਲਮ ਚੱਲਣ ਨਾਲ ਹੀ ਸਾਰੀ ਲੱਗੀ ਰਕਮ ਵਾਪਸ ਮੁੜ ਆਵੇ ਜਾਂ ਫ਼ਿਲਮ ਰਿਲੀਜ਼ ਦੀ ਮਿੱਥੀ ਤਾਰੀਖ ਨੇੜੇ ਆਉਂਦੀ ਦਿਸਦੀ ਹੈ ਤਾਂ ਇਨ੍ਹਾਂ ਲੋਕਾਂ ਦੇ ਵੱਸ ਪੈ ਹੀ ਜਾਂਦਾ ਹੈ। ਫਿਰ ਉਸ ਕੋਲੋਂ ਫ਼ਿਲਮ ਦੇ ਰਾਈਟਸ ਲਿਖਵਾਉਂਦਿਆਂ ਚਲਾਕੀ ਨਾਲ ਕਾਫ਼ੀ ਕੁਝ ਲੁਕਵਾਂ ਰੱਖ ਲਿਆ ਜਾਂਦਾ ਹੈ, ਜਿਸ ਦਾ ਉਸ ਨੂੰ ਪਤਾ ਵੀ ਨਹੀਂ ਹੁੰਦਾ। ਲਏ ਹੋਏ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਇਕ ਫ਼ਿਲਮ ਨੂੰ ਕਈ ਭਾਸ਼ਾਵਾਂ ਵਿਚ ਡੱਬ ਕਰਵਾ ਕੇ ਵੱਖ-ਵੱਖ ਚੈਨਲਾਂ ਨੂੰ ਵੇਚ ਦਿੱਤਾ ਜਾਂਦਾ ਹੈ, ਜਦ ਕਿ ਹਰ ਚੈਨਲ ਅਤੇ ਭਾਸ਼ਾ ਵਿਚ ਫ਼ਿਲਮ ਵਿਖਾਉਣ ਲਈ ਨਿਰਮਾਤਾ ਪੈਸੇ ਵਸੂਲਣ ਦਾ ਹੱਕਦਾਰ ਹੈ। ਇਸੇ ਤਰ੍ਹਾਂ ਦਾ ਘਪਲਾ ਫ਼ਿਲਮ ਦੇ ਡਿਜ਼ੀਟਲ ਅਤੇ ਸੰਗੀਤਕ ਅਧਿਕਾਰਾਂ ਨੂੰ ਵੇਚਣ ਵੇਲੇ ਵੀ ਹੁੰਦਾ ਹੈ।
ਇਕ ਗੱਲ ਹੋਰ ਕਿ ਜਿਹੜਾ ਸੰਗੀਤਕਾਰ ਫ਼ਿਲਮ ਦਾ ਸੰਗੀਤ ਤਿਆਰ ਕਰਦਾ ਹੈ, ਆਪਣੇ ਸੰਗੀਤ ਦਾ ਸਹੀ ਮੁੱਲ ਦਿਵਾਉਣ ਵਿਚ ਨਿਰਮਾਤਾ ਦੀ ਮਦਦ ਕਰਨ ਦੀ ਬਜਾਏ ਆਪਣਾ ਕੰੰਮ ਛੱਡ ਕੇ ਸੰਗੀਤ ਵਿਕਵਾਉਣ ਲਈ ਦਲਾਲੀ ਕਰਨੀ ਸ਼ੁਰੂ ਕਰ ਦਿੰਦਾ ਹੈ, ਲੱਖਾਂ ਰੁਪਏ ਲੈ ਕੇ ਵੀ ਉਸ ਲਾਲਸਾ ਨਹੀਂ ਮੁੱਕਦੀ। ਕਹਿਣ ਦਾ ਮਤਲਬ ਕਿ ਫ਼ਿਲਮ ਅਤੇ ਨਿਰਮਾਤਾ ਨਾਲ ਸਿੱਧਾ ਬਲਾਤਕਾਰ ਹੀ ਨਹੀਂ, ਸਗੋਂ ਉਸਨੂੰ ਬੁਰੀ ਤਰ੍ਹਾਂ ਨੋਚਿਆ ਵੀ ਜਾਂਦਾ ਹੈ।
ਆਖਰ ਵਿਚ ਵਾਰੀ ਆਉਂਦੀ ਹੈ ਫ਼ਿਲਮ ਡਿਸਟ੍ਰੀਬਿਊਸ਼ਨ ਅਤੇ ਪਬਲੀਸਿਟੀ ਦੀ ਤਾਂ ਨਵੇਂ ਨਿਰਮਾਤਾ ਨੂੰ ਇੱਥੇ ਹੀ ਸਭ ਨਾਲੋਂ ਵੱਧ ਮਾਰ ਝੱਲਣੀ ਪੈਂਦੀ ਹੈ ਅਤੇ ਫ਼ਿਲਮ ਨੂੰ ਬੋਝ। ਅੱਜ ਕੱਲ੍ਹ ਪਬਲੀਸਿਟੀ ਦੇ ਢੰਗ ਇੰਨੇ ਵੱਧ ਗਏ ਹਨ ਕਿ ਨਿਰਮਾਤਾ ਨੂੰ ਪਤਾ ਨਹੀਂ ਲੱਗਦਾ ਕਿ ਕਿੱਥੇ ਪੈਸਾ ਖਰਚਣਾ ਹੈ, ਕਿੱਥੇ ਨਹੀਂ।
ਫੇਰ ਉਹ ਜਾਲ-ਸਾਜਾਂ ਦੀਆਂ ਵੱਖੋ-ਵੱਖ ਸਲਾਹਾਂ ਦੇ ਚਲਦੇ ਕਾਫ਼ੀ ਪੈਸਾ ਬਰਬਾਦ ਕਰ ਲੈਂਦਾ ਹੈ। ਪ੍ਰਮੁੱਖ ਪੰਜਾਬੀ ਟੀ.ਵੀ ਚੈਨਲਾਂ ’ਤੇ ਤਾਂ ਐਡ ਕਰਨੀ ਬਣਦੀ ਹੀ ਹੈ ਪਰ ਅੱਜ ਕੱਲ੍ਹ ਆਨਲਾਈਨ ਪ੍ਰਮੋਸ਼ਨ ਵੀ ਫ਼ਿਲਮ ਦੀ ਪਬਲੀਸਿਟੀ ਦਾ ਅਹਿਮ ਹਿੱਸਾ ਬਣ ਚੁੱਕੀ ਹੈ ਅਤੇ ਇਸ ਦੇ ਚਲਦਿਆਂ ਆਨਲਾਈਨ ਪ੍ਰੋਮੋਸ਼ਨ ਦੇ ਵੀ ਨਵੇਂ-ਨਵੇਂ ਠੇਕੇਦਾਰ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਨੂੰ ਖ਼ੁਦ ਪੰਜਾਬੀ ਸਿਨੇਮਾ ਦੀ ਏ.ਬੀ.ਸੀ ਵੀ ਨਹੀਂ ਆਉਂਦੀ ਅਤੇ ਅੱਗੋਂ ਕੰਮ ਵੀ ਉਨ੍ਹਾਂ ਫੇਕ ਲੋਕਾਂ ਨੂੰ ਵੰਡਦੇ ਹਨ, ਜਿਹੜੇ ਪੰਜਾਬੀ ਸਿਨੇਮਾ ਦੇ ਪਹਿਰੇਦਾਰ ਬਣ, ਘਰੇ ਬੈਠੇ ਫੇਕ ਲਾਈਕਸ ਵਾਲੇ ਫੇਸਬੁੱਕ ਪੇਜ਼ ਜਾਂ ਗੈਰ ਅਧਿਕਾਰਤ ਵੈਬ ਪੋਰਟਲ ਚਲਾ ਰਹੇ ਹਨ। ਨਿਰਮਾਤਾ ਨੂੰ ਵੀ ਉਸ ਵੇਲੇ ਅਕਲ ਆਉਂਦੀ ਹੈ, ਜਦੋਂ ਲੱਖਾਂ ਦੀ ਮਸ਼ਹੂਰੀ ਦਾ ਸਿੱਟਾ ਜ਼ੀਰੋ ਨਿਕਲਦਾ।
ਹੁਣ ਸਭ ਤੋਂ ਅਹਿਮ ਗੱਲ ਫ਼ਿਲਮ ਡਿਸਟ੍ਰੀਬਿਊਟਰ ਦੀ, ਤਾਂ ਆਖਰ ਸਾਰੀ ਗੇਮ ਉਸ ਦੇ ਹਵਾਲੇ ਹੁੰਦੀ ਹੈ ਕਿ ਉਹ ਨਿਰਮਾਤਾ ਨੂੰ ਡੋਬਦਾ ਹੈ ਕਿ ਤਾਰਦਾ ਹੈ। ਉਸ ਦਾ ਕੰੰਮ ਹੁੰਦਾ ਹੈ ਕਿ ਹੋਰ ਫ਼ਿਲਮਾਂ ਨਾਲ ਟਕਰਾਅ ਦੀ ਸਥਿਤੀ ਤੋਂ ਬਚਾ ਕੇ ਆਪਣੀ ਫ਼ਿਲਮ ਨੂੰ ਵਧੀਆ ਢੰਗ ਨਾਲ ਸਿਨੇਮਾ ਘਰਾਂ ਵਿਚ ਸਥਾਨ ਅਤੇ ਸਮਾਂ ਲੈ ਕੇ ਦੇਵੇ। ਫ਼ਿਲਮ ਦੀ ਪਬਲੀਸਿਟੀ ਦਾ ਸਾਰਾ ਮਟੀਰੀਅਲ ਸਿਨੇਮਾ ਘਰਾਂ ਵਿਚ ਅਤੇ ਹੋਰ ਥਾਂਵਾਂ ’ਤੇ ਸਮੇਂ ਸਿਰ ਪਹੁੰਚਾਵੇ ਅਤੇ ਇਕਰਾਰਨਾਮੇ ਮੁਤਾਬਕ ਸਿਰਫ਼ ਆਪਣਾ ਹੱਕ ਹੀ ਲਵੇ ਪਰ ਸਾਡੀ ਪੰਜਾਬੀ ਇੰਡਸਟਰੀ ਵਿਚ ਨਵੇਂ ਨਿਰਮਾਤਾਵਾਂ ਨਾਲ ਡਿਸਟ੍ਰੀਬਿਊਟਰ ਦੇ ਨਿੱਤ ਨਵੇਂ ਝਗੜੇ ਸਾਹਮਣੇ ਆਉਂਦੇ ਰਹਿੰਦੇ ਹਨ। ਕੋਈ ਕਹਿੰਦਾ ਹੈ ਕਿ ਡਿਸਟ੍ਰੀਬਿਊਟਰ ਨੇ ਵਧੀਆ ਸਮੇਂ ਅਤੇ ਵੱਧ ਸਿਨੇਮੇ ਨਹੀਂ ਲੈ ਕੇ ਦਿੱਤੇ, ਕੋਈ ਕਹਿੰਦਾ ਮੈਨੂੰ ਛੇ ਮਹੀਨੇ ਤੋਂ ਫ਼ਿਲਮ ਦੀ ਕੁਲੈਕਸ਼ਨ ਦਾ ਹਿਸਾਬ ਨਹੀਂ ਮਿਲਿਆ, ਕੋਈ ਕਹਿੰਦਾ ਮੈਂ ਫੀਸ ਵੀ ਦਿੱਤੀ ਅਤੇ ਫ਼ਿਲਮ ਦੀ ਪਬਲੀਸਿਟੀ ਦੇ ਸਾਰੇ ਪੈਸੇ ਵੀ ਉਸੇ ਨੂੰ ਦੇ ਛੱਡੇ ਪਰ ਡਿਸਟ੍ਰੀਬਿਊਟਰ ਨੇ ਅੱਗੇ ਸਹੀ ਤਰੀਕੇ ਨਾਲ ਜਾਂ ਪੂਰੇ ਪੈਸੇ ਖਰਚੇ ਹੀ ਨਹੀਂ। ਖਰਚਿਆਂ ਦੇ ਝੂਠੇ ਬਿਲ ਤਾਂ ਸਾਡੇ ਅੱਗੇ ਪੇਸ਼ ਕਰ ਦਿੱਤੇ ਗਏ ਜਦ ਕਿ ਨਾ ਤਾਂ ਵਾਅਦੇ ਮੁਤਾਬਕ ਫ਼ਿਲਮ ਨੂੰ ਪੂਰੀ ਐਡ ਅਤੇ ਪ੍ਰਮੋਸ਼ਨ ਮਿਲੀ, ਨਾ ਹੀ ਸਿਨੇਮਾ ਘਰਾਂ ’ਚ ਪੋਸਟਰ-ਸਟੈਂਡੀਜ਼ ਤੱਕ ਲੱਗੀਆਂ ਅਤੇ ਨਾ ਹੀ ਬਾਹਰ ਕਿਤੇ ਪੋਸਟਰ ਨਜ਼ਰ ਆਏ, ਜਦ ਕਿ ਸਾਡੇ ਵੱਲੋਂ ਹਰ ਕੰਮ ਦੇ ਪੂਰੇ ਪੈਸੇ ਦਿੱਤੇ ਗਏ। ਕਈ ਨਿਰਮਾਤਾਵਾਂ ਅਤੇ ਡਿਸਟ੍ਰੀਬਿਊਟਰਾਂ ਦੇ ਝਗੜੇ ਥਾਣੇ-ਕਚਹਿਰੀਆਂ ਤੱਕ ਪਹੁੰਚੇ। ਕਈ ਵਧੀਆ ਫ਼ਿਲਮਾਂ ਡਿਸਟ੍ਰੀਬਿਊਟਰਾਂ ਹੱਥੋਂ ਤਬਾਹ ਹੁੰਦੀਆਂ ਨਜ਼ਰ ਆਈਆਂ। ਕਈ ਨਿਰਮਾਤਾ ਵਿਦੇਸ਼ ਵਿਚ ਫ਼ਿਲਮਾਂ ਲਾਉਣ ਦੇ ਮਾਰੇੇ ਉੱਥੋਂ ਦੇ ਦਲਾਲਾਂ ਵੱਲੋਂ ਲੁੱਟੇ ਗਏ ਅਤੇ ਉਨ੍ਹਾਂ ਦਾ ਇਕ ਵੀ ਰੁਪਈਆ ਵਾਪਸ ਨਹੀਂ ਮਿਲਿਆ।
ਅੱਜ ਪੰਜਾਬੀ ਸਿਨੇਮਾ ਚੰਦ ਘਰਾਂ ਤੱਕ ਸੀਮਤ ਹੋਇਆ ਨਜ਼ਰ ਆ ਰਿਹਾ ਹੈ, ਜਿਸ ਕਾਰਨ ਨਵੇਂ ਨਿਰਮਾਤਾ ਨੂੰ ਸਟੈਂਡ ਨਹੀਂ ਹੋਣ ਦਿੱਤਾ ਜਾ ਰਿਹਾ। ਕਿਤੇ-ਕਿਤੇ ਫ਼ਿਲਮੀ ਲੋਕਾਂ ਵਿਚ ਧੜੇਬੰਦੀ ਵੀ ਨਜ਼ਰ ਆ ਰਹੀ ਹੈ, ਜੋ ਕਿ ਵਧੀਆ ਗੱਲ ਨਹੀਂ।
ਖ਼ੈਰ ਗੱਲ ਆਪਣੇ ਮੁੱਦੇ ਦੀ ਕਿ ਜੇ ਪੰਜਾਬੀ ਸਿਨੇਮਾ ਨੂੰ ਬਚਾਏ ਰੱਖਣਾ ਹੈ ਤਾਂ ਨਵੇਂ ਨਿਰਮਾਤਾਵਾਂ ਦਾ ਸਵਾਗਤ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ।  ਫ਼ਿਲਮ ’ਚੋਂ ਕਮਾਈ ਜਿੰਨੀ ਮਰਜ਼ੀ ਕਰੋ ਪਰ ਨਿਰਮਾਤਾ ਨੂੰ ਇਕ ਰੁਪਏ ਵਾਲੀ ਚੀਜ਼ 95 ਪੈਸੇ ’ਚ ਲੈ ਕੇ ਦੇਣ ਦੀ, ਕੋਸ਼ਿਸ਼ ਕਰੋ ਤਾਂ ਕਿ ਨਿਰਮਾਤਾ ਨੂੰ ਇਤਰਾਜ਼ ਨਾ ਹੋਵੇ। ਵੈਸੇ ਅਸੀਂ ਇਹ ਵੀ ਜਾਣਦੇ ਹਾਂ ਕਿ ਫ਼ਿਲਮ ਇੰਡਸਟਰੀ ਵਿਚ ਕਈ ਲੋਕਾਂ ਦੀ ਰੋਜ਼ੀ ਰੋਟੀ ਹੀ ਕਮਸ਼ਿਨਾਂ ਅਤੇ ਦਲਾਲੀਆਂ ’ਤੇ ਟਿਕੀ ਹੋਈ ਹੈ ਪਰ ਕਈ ਲੋਕਾਂ ਦੀ ਆਪਣੀ ਕਮਾਈ ਹੁੰਦਿਆਂ ਵੀ ਆਪਣੀ ਬਣੀ-ਬਣਾਈ ਇੱਜ਼ਤ ਦਾ ਖਿਆਲ ਕੀਤੇ ਬਿਨ੍ਹਾਂ ਦੂਜਿਆਂ ਦਾ ਹੱਕ ਮਾਰ ਕੇ ਇੱਧਰੋ-ਉਧਰੋਂ ਠੱਗੀਆਂ ਤੋਂ ਨਹੀਂ ਹੱਟਦੇ। ਸੋ ਦੋਸਤੋ ਰੋਜ਼ਾਨਾ ਅੰਡੇ ਖਾਣ ਲਈ ਮੁਰਗੀ ਦੀ ਧੋਣ ਤਾਂ ਬਚਾ ਕੇ ਰੱਖਣੀ ਪਏਗੀ।
ਆਖਰ ਵਿਚ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਸ ਸੰਪਾਦਕੀ ਲੇਖ ਵਿਚ ਕਿਸੇ ਖਾਸ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਕੁਝ ਨਹੀਂ ਲਿਖਿਆ ਗਿਆ ਅਤੇ ਨਾ ਹੀ ਇਸ ਲੇਖ ਵਿਚ ਜ਼ਿਕਰ ਕੀਤੇ ਵਿਅਕਤੀਆਂ ਦਾ ਮਤਲਬ ਇਹ ਕੱਢਿਆ ਜਾਣਾ ਚਾਹੀਦਾ ਹੈ ਕਿ ਇੰਡਸਟਰੀ ਵਿਚ ਕੰਮ ਕਰ ਰਹੇ ਸਾਰੇ ਵਿਅਕਤੀ ਇੱਕੋ-ਜਿਹੇ ਹੁੰਦੇ ਹਨ। ਆਖਰਕਾਰ ਚੰਗੇ ਅਤੇ ਸਾਫ਼ ਨੀਅਤ ਵਾਲੇ ਬੰਦਿਆਂ ਕਰ ਕੇ ਹੀ ਪਿਛਲੇ 100 ਸਾਲ ਤੋਂ ਫ਼ਿਲਮ ਇੰਡਸਟਰੀ ਵਧੀ-ਫੁੱਲੀ ਹੈ ਅਤੇ ਨਿਰੰਤਰ ਚੱਲ ਰਹੀ ਹੈ ਪਰ ਉਪਰੋਕਤ ਦਰਸਾਈਆਂ ਊਣਤਾਈਆਂ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੋਵੇਗਾ ਕਿ ਵਾਕਿਆ ਹੀ ਨਵੇਂ ਨਿਰਮਾਤਾ ਦੀ ਫ਼ਿਲਮ ਨਾਲ ਗੈਂਗਰੇਪ ਹੁੰਦਾ ਹੈ ਅਤੇ ਇਸ ਲਈ ਕੌਣ-ਕੌਣ ਜ਼ਿੰਮੇਵਾਰ ਹੈ।
ਦੂਜੇ ਪਾਸੇ ਨਿਰਮਾਤਾ ਵੀ ਲਾਈਲੱਗ ਨਾ ਬਣਨ ਬਲਕਿ ਇਮਾਨਦਾਰ ਅਤੇ ਤਜ਼ਰਬੇਕਾਰ ਲੋਕਾਂ ਦੀ ਸਲਾਹ ਲੈ ਕੇ ਚੱਲਣ। ਫ਼ਿਲਮ ਲਈ ਲੋੜੀਂਦੇ ਹਰ ਬੰਦੇ ਨਾਲ ਸਿੱਧਾ ਸੰਪਰਕ ਕਰਨ ਦੀ ਕੋਸ਼ਿਸ਼ ਕਰਨ, ਕਿਉਂਕਿ ਅੱਜਕੱਲ੍ਹ ਹਰ ਚੀਜ਼ ਦਾ ਪਤਾ ਆਨਲਾਈਨ ਲੱਗ ਜਾਂਦਾ ਹੈ ਕਿ ਕੌਣ ਕਿੰਨੇ ਪਾਣੀ ਵਿਚ ਹੈ ਅਤੇ ਕਿੱਥੋਂ ਕੀ, ਕਿੰਨੀ ਕੀਮਤ ਵਿਚ ਮਿਲਦਾ ਹੈ। ਜੇ ਗੰਭੀਰਤਾ ਨਾਲ ਫ਼ਿਲਮਾਂ ਬਣਾਉਣੀਆ ਹਨ ਅਤੇ ਪੈਸੇ ਵੀ ਬਚਾਉਣੇ ਹਨ ਤਾਂ ਥੋੜ੍ਹਾ ਸਮਾਂ ਕੱਢਣਾ ਪਵੇਗਾ, ਥੋੜ੍ਹੀ ਸਿਆਣਪ ਤੋਂ ਕੰਮ ਲੈਣਾ ਪਵੇਗਾ। ਕਿਸੇ ਵੀ ਨਵੇਂ ਕੰਮ ਵਿਚ ਪੈਣ ਤੋਂ ਪਹਿਲਾਂ ਨਫ਼ੇ-ਨੁਕਸਾਨ ਦੀ ਜਾਣਕਾਰੀ ਅਤੇ ਹੋਰ ਤਕਨੀਕੀ ਜਾਣਕਾਰੀ ਲੈਣੀ ਹਰ ਸਿਆਣੇ ਬਿਜ਼ਨਸਮੈਨ ਲਈ ਜ਼ਰੂਰੀ ਹੈ। ਬਾਕੀ ਗੱਲਾਂ ਫੇਰ!
ਗੁਸਤਾਖ਼ੀ ਮਾਫ਼!

-ਦਲਜੀਤ ਅਰੋੜਾ

Comments & Suggestions

Comments & Suggestions

About the author

admin