Punjabi Screen

ਨਹੀਂ ਰਹੀ ਮਾਰੂਫ਼ ਗੁਲੂਕਾਰਾ ਮੁਬਾਰਕ ਬੇਗਮ

ਤੁਰ ਗਈਆਂ ਬੇੜੀਆਂ ਤੇ ਲੰਘ ਗਏ ਨੇ ਪੂਰੇ ਓਏ

ਕੱਲੀ ਮੈਂ ਖਲੋਤੀ ਰਹਿ ਗਈ, ਕੰਢੜੇ ਤੇ ਦੂਰ ਓਏ
ਤੁਰ ਗਈਆਂ ਬੇੜੀਆਂ……….

ਇਹ ਪੁਰਸੋਜ਼ ਨਗ਼ਮਾ 1960 ‘ਚ ਨੁਮਾਇਸ਼ ਹੋਈ ਕਵਾਤੜਾ ਪਿਕਚਰਸ, ਬੰਬੇ ਦੀ ਫ਼ਿਲਮ ‘ਹੀਰ ਸਿਆਲ’ ਦਾ ਹੈ, ਜਿਸਦੀ ਖ਼ੂਬਸੂਰਤ ਬੋਲ ਲਿਖੇ ਸਨ ਮਨੋਹਰ ਸਿੰਘ ਸਹਿਰਾਈ ਨੇ ਅਤੇ ਮੌਸੀਕੀ ਤਰਤੀਬ ਕੀਤੀ ਸੀ ਸਰਦੂਲ ਕਵਾਤੜਾ ਨੇ ਐਪਰ ਅਫ਼ਸੋਸ ਇਸ ਲਾਫ਼ਾਨੀ ਨਗ਼ਮੇ ਨੂੰ ਆਪਣੀ ਆਵਾਜ਼ ਦਾ ਹੁਸਨ ਦੇਣ ਵਾਲੀ ਮਾਜ਼ੀ ਦੀ ਮਾਰੂਫ਼ ਗੁਲੂਕਾਰਾ ਮੁਬਾਰਕ ਬੇਗਮ ਬੀਤੇ ਸੋਮਵਾਰ 18 ਜੁਲਾਈ ਦੀ ਰਾਤ 9 ਵੱਜ ਕੇ 30 ਮਿੰਟ ‘ਤੇ ਆਪਣੇ ਗ੍ਰਹਿ ਜੋਗੇਸ਼ਵਰੀ ਵਿਖੇ 80 ਸਾਲਾਂ ਦੀ ਬਜ਼ੁਰਗ਼ ਉਮਰੇ ਵਫ਼ਾਤ ਪਾ ਗਈ ਹੈ। 50 ਅਤੇ 70 ਦੇ ਅਸ਼ਰੇ ਵਿਚ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿਚ ਉਨ੍ਹਾਂ ਨੇ ਬੇਸ਼ੁਮਾਰ ਗੀਤਾਂ ਅਤੇ ਗ਼ਜ਼ਲਾਂ ਨਾਲ ਚੌਖੀ ਮਕਬੂਲੀਅਤ ਹਾਸਿਲ ਕੀਤੀ ਸੀ। ਉਨ੍ਹਾਂ ਦੀ ਫ਼ਿਲਮ ‘ਹਮਾਰੀ ਯਾਦ ਆਏਗੀ’ (1961) ‘ਚ ਗਾਈ ਉਰਦੂ ਗ਼ਜ਼ਲ ‘ਕਭੀ ਤਨਹਾਈਓਂ ਮੇਂ ਯੂੰ, ਹਮਾਰੀ ਯਾਦ ਆਏਗੀ, ਅੰਧੇਰੇਂ ਛਾ ਰਹੇ ਹੋਂਗੇ ਕਿ ਬਿਜਲੀ ਕੌਂਧ ਜਾਏਗੀ..’ ਅੱਜ ਵੀ ਸੰਗੀਤ-ਮੱਦਾਹਾਂ ਦੀ ਰੂਹ ਨੂੰ ਟੁੰਬ-ਟੁੰਬ ਜਾਂਦੀ ਹੈ।
ਮੁਬਾਰਕ ਬੇਗ਼ਮ ਦੇ ਖ਼ਾਨਦਾਨ ਦਾ ਤਅਲੁੱਕ ਰਾਜਸਥਾਨ ਦੇ ਨਵਲਗੜ• ਨਾਲ ਸੀ ਜਦ ਕਿ ਵਾਲਿਦਾ ਗਰਾਂ ਝੁੰਝਨੂੰ ਦੀ ਰਹਿਣ ਵਾਲੀ ਸੀ। ਮੁਬਾਰਕ ਬੇਗ਼ਮ ਦੀ ਪੈਦਾਇਸ਼ 5 ਜਨਵਰੀ, 1936 ਨੂੰ ਝੁੰਝਨੂੰ ‘ਚ ਹੋਈ। ਉਨ੍ਹਾਂ ਦੇ ਦਾਦਾ ਜੀ ਦੀ ਅਹਿਮਦਾਬਾਦ ‘ਚ ਚਾਹ ਦੀ ਦੁਕਾਨ ਸੀ। ਇਸ ਲਈ ਉਨ੍ਹਾਂ ਦੇ ਅੱਬਾ ਵੀ ਸਮੇਤ ਪਰਿਵਾਰ ਅਹਿਮਦਾਬਾਦ ਆਣ ਵੱਸੇ ਸਨ। ਇੱਥੇ ਉਨ੍ਹਾਂ ਨੇ ਫ਼ਲ ਵੇਚਣ ਦਾ ਕਾਰੋਬਾਰ ਸ਼ੁਰੂ ਕੀਤਾ। ਅਹਿਮਦਾਬਾਦ ‘ਚ ਮੁਬਾਰਕ ਬੇਗ਼ਮ ਦਾ ਬਚਪਨ ਬੀਤਿਆ। ਉਨ੍ਹਾਂ ਦੀ ਤਅਲੀਮ ਨਾਮ-ਨਿਹਾਦ ਸੀ। 1943-44 ਦੇ ਲਗਭਗ ਉਨ੍ਹਾਂ ਦੇ ਅੱਬਾ ਨੇ ਬੰਬਈ ਵਸੇਬਾ ਕਰ ਲਿਆ। ਮੁਬਾਰਕ ਬੇਗ਼ਮ ਦੇ ਵਾਲਿਦ ਸਾਹਿਬ ਨੂੰ ਤਬਲਾ ਵਜਾਉਣ ਦਾ ਜਬਰਦਸਤ ਸ਼ੌਕ ਸੀ। ਲਿਹਾਜਾ ਆਪ ਨੂੰ ਵਾਲਿਦ ਤੋਂ ਮੌਸੀਕੀ ਦੀ ਤਰਬੀਅਤ ਮਿਲਣੀ ਸੁਭਾਵਿਕ ਗੱਲ ਸੀ। ਉਹ ਬੇਹੱਦ ਸ਼ੌਕ ਨਾਲ ਸੁਰੱਈਆ ਅਤੇ ਨੂਰਜਹਾਂ ਦੇ ਗੀਤ ਗੁਣ-ਗਣਾਉਂਦੀ ਰਹਿੰਦੀ ਸੀ। ਮੌਸੀਕੀ ‘ਚ ਉਨ੍ਹਾਂ ਦੀ ਦਿਲਚਸਪੀ ਵੇਖਦਿਆਂ ਹੋਇਆਂ ਉਨ੍ਹਾਂ ਦੇ ਵਾਲਿਦ ਨੇ ਉਨ੍ਹਾਂ ਨੂੰ ਕਿਰਾਨਾ ਘਰਾਣੇ ਦੇ ਉਸਤਾਦ ਰਿਆਜ਼ੂਦੀਨ ਖ਼ਾਨ ਅਤੇ ਸਮਦ ਖ਼ਾਨ ਦੀ ਸ਼ਾਗ਼ਿਰਦੀ ‘ਚ ਗਾਇਨ ਦੀ ਤਅਲੀਮ ਦਿਵਾਉਣੀ ਸ਼ੁਰੂ ਕਰ ਦਿੱਤੀ ਸੀ। ਇਸਦੇ ਨਾਲ ਮੁਬਾਰਕ ਬੇਗ਼ਮ ਨੂੰ ਆਲ ਇੰਡੀਆ ਰੇਡੀਓ ‘ਤੇ ਵੀ ਗਾਉਣ ਦਾ ਮੌਕਾ ਮਿਲਣ ਲੱਗਿਆ। ਇਕ ਦਿਨ ਮੌਸੀਕਾਰ, ਅਦਕਾਰ, ਹਿਦਾਇਤਕਾਰ ਰਫ਼ੀਕ ਗ਼ਜ਼ਨਵੀ ਨੇ ਉਨ੍ਹਾਂ ਦਾ ਨਗ਼ਮਾ ਸੁਣ ਕੇ ਆਪਣੀ ਫ਼ਿਲਮ ‘ਚ ਗਾਉਣ ਲਈ ਸੱਦਿਆ ਐਪਰ ਸਟੂਡੀਓ ‘ਚ ਲੋਕਾਂ ਦੀ ਭੀੜ ਨੂੰ ਵੇਖ ਕੇ ਘਬਰਾ ਗਈ ਅਤੇ ਗਾ ਨਹੀਂ ਸਕੀ। ਮੌਸੀਕਾਰ ਸ਼ਿਆਮ ਸੁੰਦਰ ਨੇ ਵੀ ਇਕ ਫ਼ਿਲਮ ‘ਚ ਮੌਕਾ ਫਰਹਾਮ ਕੀਤਾ ਐਪਰ ਰਿਕਾਰਡਿੰਗ ਦੌਰਾਨ ਜ਼ਬਾਨ ਤਾਲ਼ੂ ਨਾਲ ਚਿਪਕ ਗਈ ਤੇ ਗੀਤ ਗਾਇਆ ਨਹੀਂ ਗਿਆ। ਇਨ•ਾਂ ਨਾਕਾਮੀਆਂ ਤੋਂ ਘਬਰਾ ਕੇ ਇਕ ਵਾਰ ਉਨ੍ਹਾਂ ਨੇ ਫ਼ਿਲਮਾਂ ‘ਚ ਗਾਉਣ ਦਾ ਫ਼ੈਸਲਾ ਕਰ ਲਿਆ ਸੀ। ਫਿਰ ਹੌਲ਼ੀ ਹੌਲ਼ੀ ਹਿੰਮਤ ਕਰਕੇ ਭਰਪੂਰ ਮਿਹਨਤ ਕੀਤੀ।
1949 ‘ਚ ਨੁਮਾਇਸ਼ ਹੋਈ ਇੰਡੀਆ ਪ੍ਰੋਡਕਸ਼ਨ, ਬੰਬੇ ਦੇ ਬੈਨਰ ਹੇਠ ਯਾਕੂਬ ਦੀ ਹਿਦਾਇਤਕਾਰੀ ‘ਚ ਨੁਮਾਇਸ਼ ਹੋਈ ਫ਼ਿਲਮ ‘ਆਈਏ’ ‘ਚ ਨਕਸ਼ਬ ਦਾ ਲਿਖਿਆ ਆਪਣਾ ਪਹਿਲਾ ਨਗ਼ਮਾ ‘ਮੋਹੇ ਆਨੇ ਲਗੀ ਅੰਗੜਾਈ, ਆਜਾ ਆਜਾ ਬਲਮ ਹਰਜ਼ਾਈ…’ ਰਿਕਾਰਡ ਕਰਵਾਇਆ, ਜਿਸਦੇ ਮੌਸੀਕਾਰ ਸ਼ੌਕਤ ਦੇਹਲਵੀ (ਉਰਫ਼ ਸ਼ੌਕਤ ਹੈਦਰੀ, ਉਰਫ਼ ਨਾਸ਼ਾਦ)) ਸਨ, ਜਿਨ•ਾਂ ਨੇ ਨਾਸ਼ਾਦ (ਨੌਸ਼ਾਦ ਅਲੀ ਨਹੀਂ ਦੇ ਨਾਂਅ ਨਾਲ ਕਈ ਹਿੰਦੀ ਫ਼ਿਲਮਾਂ ‘ਚ ਸੰਗੀਤ ਦਿੱਤਾ। ਇਸ ਫ਼ਿਲਮ ‘ਚ ਮੁਬਾਰਕ ਬੇਗ਼ਮ ਨੇ ਅਦਾਕਾਰੀ ਵੀ ਕੀਤੀ ਸੀ। ਫ਼ਿਲਮ ‘ਚ ਲਤਾ ਮੰਗਹੇਸ਼ਕਰ ਅਤੇ ਜੀ. ਐਮ. ਦੁਰਾਨੀ ਨੇ ਵੀ ਨਗ਼ਮਾਸਰਾਈ ਕੀਤੀ ਸੀ ਤੇ ਲਤਾ ਜੀ ਦੇ ਨਾਲ ਮੁਬਾਰਕ ਬੇਗਮ ਦਾ ਗਾਇਆ ਯੁਗਲ ਤਰਾਨਾ ‘ਆਓ ਚਲੇਂ.. ਆਓ ਚਲੇਂ ਵੀ ਕਾਫ਼ੀ ਮਕਬੂਲ ਹੋਇਆ ਸੀ। ਇਸ ਤੋਂ  ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਗੀਤ ਗਾਏ ਫ਼ਿਲਮ ‘ਬਸੇਰਾ’ (1950) ‘ਚ ਮੌਸੀਕਾਰ ਐਮ.ਏ. ਰਾਊਫ਼ ਨੇ ਮੁਬਾਰਕ ਬੇਗਮ ਤੋਂ ਚਾਰ ਨਗ਼ਮੇ ਗਵਾਏ ਸਨ ਅਤੇ ਮੌਸੀਕਾਰ ਹੰਸਰਾਜ ਬਹਿਲ ਨੇ (1951) ‘ਚ ਪੰਜ ਏਕਲ ਗੀਤਾਂ ਸਮੇਤ ਕੁੱਲ 7 ਗੀਤ ਗਵਾਏ ਸਨ। ਹਿਦਾਇਤਕਾਰ ਕਮਾਲ ਅਮਰੋਹੀ ਦੀ ਹਿਦਾਇਤਕਾਰੀ ‘ਚ ਪ੍ਰਯੋਗਾਤਮਕ ਫ਼ਿਲਮ ‘ਦਾਇਰਾ’ ਦਾ ਸ਼ੁਮਾਰ ਕਲਾ ਫ਼ਿਲਮਾਂ ‘ਚ ਕੀਤਾ ਜਾਂਦਾ ਹੈ, ਜਿਸ ਵਿਚ ਮੌਸੀਕਾਰ ਜਮਾਲ ਸੇਨ ਨੇ ਮੁਬਾਰਕ ਬੇਗਮ ਤੋਂ ਕਈ ਗੀਤ ਗਵਾਏ ਸਨ ‘ਦੀਪ ਕੇ ਸੰਗ ਜਲੂੰ ਮੈਂ’, ‘ਪਲਕਨ ਓਟ, ਸੁਨੋ ਮੋਰੋ ਨਯਨਾ, ਅਲਬੱਤਾ ਮੁਹੰਮਦ ਰਫ਼ੀ ਦੇ ਨਾਲ ਗਾਇਆ ਉਨ੍ਹਾਂ ਦਾ ਭਜਨ ‘ਡਾਲ ਦੀ ਜਲ-ਥਲ ਮੇਂ ਨਈਯਾ..ਦੇਵਤਾ ਤੁਮ ਹੋ ਮੇਰਾ ਸਹਾਰਾ, ਮੈਨੇ ਥਾਮਾ ਹੈ ਦਾਮਨ ਤੁਮਹਾਰਾ’ ਬਹੁਤ ਹਿੱਟ ਹੋਇਆ ਸੀ। ਸ਼ਾਇਰ ਕੈਫ਼ ਇਰਫ਼ਾਨੀ ਦੇ ਲਿਖੇ ਇਸ ਭਜਨ ਦੀ ਧੁਨ ਬੇਸਾਖ਼ਤਾ ਭਗਤਾਂ ਨੂੰ ਸ਼ਰਧਾ ‘ਚ ਝੂੰਮਣ ਲਾ ਦਿੰਦੀ ਹੈ। 1955 ‘ਚ ਬਿਮਲ ਰਾਏ ਪੇਸ਼ਕਾਰੀ ਅਤੇ ਹਿਦਾਇਤਕਾਰੀ ‘ਚ ਪਰਦਾ-ਪੇਸ਼ ਹੋਈ ਨਾਵੇਲ ਬੇਸਡ ਫ਼ਿਲਮ ‘ਦੇਵਦਾਸ’ ‘ਚ ਇਕ ਮੁਜਰਾ ਗੀਤ ‘ਵੋ ਨਾ ਆਏਂਗੇ ਪਲਟ ਕੇ, ਉਨ•ੇ ਲਾਖ ਹਮ ਬੁਲਾਏਂ’ ਅੱਜ ਵੀ ਯਾਦ ਕੀਤਾ ਜਾਂਦਾ ਹੈ। ਮੌਸੀਕਾਰ ਨੌਸ਼ਾਦ ਅਲੀ ਨੇ ਤਵਾਰੀਖੀ ਫ਼ਿਲਮ ‘ਮੁਗ਼ਲ-ਏ-ਆਜ਼ਮ’ (1960) ‘ਚ ਮੁਬਾਰਕ ਬੇਗਮ ਤੋਂ ਇਕ ਸਹਿਗਾਣ ਗਵਾਇਆ ਸੀ ‘ਹੁਸਨ ਕੀ ਬਾਰਾਤ ਚਲੀ..’, ਜਿਸ ‘ਚ ਉਨ੍ਹਾਂ ਦਾ ਸਾਥ ਦਿੱਤਾ ਸੀ ਗੁਲੂਕਾਰਾ ਸ਼ਮਸ਼ਾਦ, ਲਤਾ ਮੰਗੇਸ਼ਕਰ ਅਤੇ ਸਾਥੀਆਂ ਨੇ। ਇਸਨੂੰ ਰਿਕਾਰਡ ਤਾਂ ਕਰ ਲਿਆ ਪਰ ਫ਼ਿਲਮ ‘ਚ ਸ਼ਾਮਿਲ ਨਹੀਂ ਕੀਤਾ ਗਿਆ ਸੀ। 1961 ਵਿਚ ਰਿਲੀਜ਼ ਹੋਈ ਫ਼ਿਲਮ ‘ਹਮਾਰੀ ਯਾਦ ਆਏਗੀ’ ‘ਚ ਗਾਈ ਉਰਦੂ ਗ਼ਜ਼ਲ ‘ਕਭੀ ਤਨਹਾਈਓਂ ਮੇਂ ਯੂੰ, ਹਮਾਰੀ ਯਾਦ ਆਏਗੀ, ਅੰਧੇਰੇਂ ਯਾਦ ਛਾ ਰਹੇ ਹੋਂਗੇ ਕਿ ਬਿਜਲੀ ਕੌਂਧ ਜਾਏਗੀ..’ ਜਦੋਂ ਫ਼ਿਜ਼ਾਵਾਂ ‘ਚ ਗੂੰਜੀ ਤਾਂ ਸੰਗੀਤ-ਮੱਦਾਹਾਂ ਨੇ ਉਨ੍ਹਾਂ ਨੂੰ ਖੁਲ•ੇ ਦਿਲ ਨਾ ਖ਼ੁਸ਼-ਆਮਦੀਦ ਕਿਹਾ। 1963 ‘ਚ ਨੁਮਾਇਸ਼ ਹੋਈ ਹਿਦਾਇਤਕਾਰ ਟੀ. ਪ੍ਰਕਾਸ਼ ਰਾਓ ਦੀ ਫ਼ਿਲਮ ‘ਹਮਰਾਹੀ’ ‘ਚ ਸ਼ੰਕਰ-ਜੈਕਿਸ਼ਨ ਦੀ ਤਰਤੀਬ ਮੌਸੀਕੀ ‘ਚ ਮੁਹੰਮਦ ਰਫ਼ੀ ਦੇ ਨਾਲ ਗਾਇਆ ਯੁਗਲ ਗੀਤ ‘ਮੁਝਕੋ ਆਪਣੇ ਗਲੇ ਲਗਾ ਲੋ..ਐ ਮੇਰੇ ਹਮਰਾਹੀ’ ਨੂੰ ਅਦਾਕਾਰਾ ਜਮੁਨਾ ਤੇ ਰਜਿੰਦਰ ਕੁਮਾਰ ‘ਤੇ ਫ਼ਿਲਮਾਇਆ ਗਿਆ, ਜਿਸਨੇ ਬੇਹੱਦ ਮਕਬੂਲੀਅਤ ਹਾਸਿਲ ਕੀਤੀ।

ਮੁਬਾਰਕ ਬੇਗ਼ਮ ਨੇ ਹਿੰਦੀ ਤੋਂ ਇਲਾਵਾ ਪੰਜਾਬੀ, ਰਾਜਸਥਾਨੀ, ਭੋਜਪੁਰੀ ਜ਼ਬਾਨ ‘ਚ ਬਣੀਆਂ ਤਕਰੀਬਨ 140 ਫ਼ਿਲਮਾਂ ‘ਚ 200 ਤੋਂ ਵੀ ਮਜ਼ੀਦ ਨਗ਼ਮੇ ਗਾਏ। ਉਨ੍ਹਾਂ ਤੋਂ ਗੀਤ ਗਵਾਉਣ ਵਾਲੇ ਮੌਸੀਕਾਰਾਂ ਦੀ ਕੁਲ ਤਅਦਾਦ 69 ਹੈ ਜੋ ਇਸ ਗੱਲ ਸ਼ਾਹਦੀ ਭਰਦੀ ਹੈ ਕਿ ਉਨ੍ਹਾਂ ਦੀ ਜ਼ੁਦਾਗ਼ਾਨਾ ਆਵਾਜ਼ ਦਾ ਤਮਾਮ ਮੌਸੀਕਾਰਾਂ ਨੇ ਖ਼ੂਬਸੂਰਤ ਇਸਤੇਮਾਲ ਕੀਤਾ। ਫ਼ਿਲਮਾਂ ‘ਚ ਪਸ-ਏ-ਪਰਦਾ ਗੁਲੂਕਾਰਾ ਵਜੋਂ ਮਕਬੂਲੀਅਤ ਹਾਸਿਲ ਕਰਨ ਦੇ ਨਾਲ ਮੁਬਾਰਕ ਬੇਗਮ ਨੇ ਗ਼ੈਰ-ਫ਼ਿਲਮੀ 55 ਗ਼ਜ਼ਲੇਂ, ਨਾਤ ਅਤੇ ਕੱਵਾਲੀਆਂ ਵੀ ਰਿਕਾਰਡ ਕਰਵਾਈਆਂ, ਜਿਨ•ਾਂ ਨੂੰ 78 ਆਰਪੀਐਮ. ਦੇ ਗਰਾਮੋਫ਼ੋਨ ‘ਤੇ ਰਿਕਾਰਡ ਕੀਤਾ ਗਿਆ ਸੀ।
ਬੱਸ ਐਨਾ ਹੀ ਨਹੀਂ ਮੁਬਾਰਕ ਬੇਗਮ ਨੇ ਆਪਣਾ ਪਹਿਲਾ ਪੰਜਾਬੀ ਨਗ਼ਮਾ 1960 ‘ਚ ਨੁਮਾਇਸ਼ ਹੋਈ ਕਵਾਤੜਾ ਪਿਕਚਰਸ, ਬੰਬੇ ਦੀ ਫ਼ਿਲਮ ‘ਹੀਰ ਸਿਆਲ’ ‘ਚ ਗਾਇਆ। ਸਰਦੂਲ ਕਵਾਤੜਾ ਦੀ ਮੌਸੀਕੀ ‘ਚ ਮਨੋਹਰ ਸਿੰਘ ਸਹਿਰਾਈ ਦੇ ਲਿਖੇ ਇਸ ਪੁਰਸੋਜ਼ ਗੀਤ ਦੇ ਬੋਲ ਸਨ ‘ਤੁਰ ਗਈਆਂ ਬੇੜੀਆਂ ਤੇ ਲੰਘ ਗਏ ਨੇ ਪੂਰੇ ਓਏ..’, ਜਿਸਨੂੰ ਫ਼ਿਲਮ ਦੀ ਅਦਾਕਾਰਾ ਇੰਦਰ ਬਿੱਲੀ ‘ਤੇ ਫ਼ਿਲਮਾਇਆ ਗਿਆ ਜੋ ਅੱਜ ਵੀ ਬਹੱਦ ਮਕਬੂਲ, ਜਿੰਨਾ ਉਸ ਵਕਤ ਸੀ। ਇਸੇ ਸਾਲ ਨੁਮਾਇਸ਼ ਹੋਈ ਈਸਟ ਐਂਡ ਵੈਸਟ ਮੂਵੀਜ਼, ਬੰਬੇ ਦੀ ਫ਼ਿਲਮ ‘ਪੱਗੜੀ ਸੰਭਾਲ ਜੱਟਾ’ ‘ਚ ਇਕ ਉਰਦੂ ਗ਼ਜ਼ਲ ‘ਅਰਜ਼ ਮਨਜ਼ੂਰ ਹੋ ਇਸਰਾਰ ਮੈਂ ਕਯਾ ਰੱਖਾ ਹੈ’ ਵੀ ਖ਼ੂਬ ਚੱਲੀ। 1976 ‘ਚ ਰਿਲੀਜ਼ ਹੋਈ ਸੁਪਰਮੈਕਸ ਫ਼ਿਲਮਸ, ਬੰਬੇ ਦੀ ‘ਨੌਕਰ ਬੀਵੀ ਦਾ’ ਵਿਚ ਮੌਸੀਕਾਰ ਖ਼ਯਾਮ ਦੀ ਮੌਸੀਕੀ ‘ਚ ਦੋ ਗੀਤ ਗਾਏ ‘ਸੁੱਕ ਗਏ ਨੇ ਹੰਝੂ ਮੇਰੇ ਤੱਕ-ਤੱਕ ਵਾਟਾਂ ਵੇ’ ਅਦਾਕਾਰਾ ਰਾਣੀ ‘ਤੇ ਅਤੇ ਦੂਸਰਾ ਐਸ. ਬਲਬੀਰ ਨਾਲ ‘ਮੁੜ-ਮੁੜ ਕੇ ਨਾ ਵੇਖ ਝਾਂਜਰਾ ਵਾਲੀਏ’, ਜਿਸਨੂੰ ਹਰੀਸ਼ ਤੇ ਰੈਣੂਕਾ ਉੱਪਰ ਫ਼ਿਲਮਾਇਆ ਗਿਆ।
ਸਾਲ 1980 ‘ਚ ਫ਼ਿਲਮ ‘ਰਾਮੂ ਤੋ ਦੀਵਾਨਾ ਹੈ’ ਤੇ ਲਈ ਚੰਦੂ ਦੀ ਮੌਸੀਕੀ ‘ਚ ਗਾਇਆ ‘ਸਾਂਵਰੀਆ ਤੇਰੀ ਯਾਦ ਮੇਂ…’ ਮੁਬਾਰਕ ਬੇਗ਼ਮ ਦਾ ਅੰਤਿਮ ਨਗ਼ਮਾ ਸੀ। ਉਨ•ਾਂ ਨੇ ਬਹੁਤ ਸਾਰੇ ਸਟੇਜ-ਸ਼ੋਅ ਵੀ ਕੀਤੇ ਸਨ। ਉਨ੍ਹਾਂ ਦੀ ਆਵਾਜ਼ ‘ਚ ਰਾਜਸਥਾਨ ਦਾ ਲੋਕ-ਰੰਗ ਅਤੇ ਰਸੀਲਾਪਣ ਵੱਸਿਆ ਹੋਇਆ ਸੀ। ਆਪਣੇ ਗਾਇਨ ਦੇ ਆਰੰਭਿਕ ਦੌਰ ‘ਚ ਮੁਬਾਰਕ ਬੇਗ਼ਮ ਦੀ ਆਵਾਜ਼ ਮੀਨਾ ਕਪੂਰ ਅਤੇ ਮਧੂਬਾਲਾ ਝਵੇਰੀ ਦੇ ਦਰਮਿਆਨ ਆਉਂਦੀ ਸੀ। ਉਸ ਵਿਚ ਕੋਮਲਤਾ ਸੀ ਕਸ਼ਿਸ਼ ਸੀ। ਐਪਰ ਬਾਅਦ ‘ਚ ਉਨ੍ਹਾਂ ਨੇ ਆਵਾਜ਼ ਨੂੰ ਬਦਲਣ ਦੀ ਵੀ ਕੌਸ਼ਿਸ਼ ਕੀਤੀ ਅਤੇ ਨੂਰਜਹਾਂ ਸ਼ੈਲੀ ਅਪਨਾਉਣ ਦੀ ਕੋਸ਼ਿਸ਼ ਵੀ ਕੀਤੀ। ਮੁਬਾਰਕ ਬੇਗ਼ਮ ਦਾ ਵਿਆਹ ਫ਼ਿਲਮਸਾਜ਼ ਜਗਨਨਾਥ ਸ਼ਰਮਾ ਨਾਲ ਹੋਇਆ ਸੀ, ਜਿਨ•ਾਂ ਨੇ ਨਰਗਿਸ ਅਤੇ ਦੇਵ ਆਨੰਦ ਦੇ ਮਰਕਜ਼ੀ ਕਿਰਦਾਰ ਵਾਲੀ ਫ਼ਿਲਮ ਬਿਰਹਾ ਕੀ ਰਾਤ ਦਾ ਨਿਰਮਾਣ ਕੀਤਾ ਸੀ। ਉਨ੍ਹਾਂ ਦੀਆਂ ਤਿੰਨ ਧੀਆਂ ਤੇ ਇਕ ਪੁੱਤਰ ਸੀ। ਬੇਸ਼ੱਕ ਤਅਲੀਮਯਾਫ਼ਤਾ ਨਾ ਹੋਣ ਕਾਰਨ ਮੁਬਾਰਕ ਬੇਗਮ ਫ਼ਿਲਮ ਗੁਲੂਕਾਰੀ ਦੇ ਖ਼ੇਤਰ ‘ਚ ਉਹ ਨਾਂਅ ਨਹੀਂ ਕਮਾ ਸਕੀ ਜੋ ਉਨ੍ਹਾਂ ਦੀਆਂ ਹਮ-ਅਸਰ ਗੁਲੂਕਾਰਾਵਾਂ ਨੇ ਹਾਸਿਲ ਕੀਤਾ। ਪਿਛਲੇ ਕਈ ਸਾਲਾਂ ਤੋਂ ਬੰਬਈ ਦੀ ਇਕ ਖੰਡਰਨੁਮਾ ਖ਼ਸਤਾਹਾਲ ਇਮਾਰਤ ਵਿਚ ਲੰਮੇ ਅਰਸੇ ਤੋਂ ਬਦਹਾਲੀ ਦੀ ਜ਼ਿੰਦਗ਼ੀ ਬਸਰ ਕਰ ਰਹੀ ਸੀ। ਉਸਦੀ ਤਰਸਯੋਗ ਹਾਲਤ ਵੰਨੀ ਤੱਕਦਿਆਂ ਅਦਾਕਾਰ ਸੁਨੀਲ ਦੱਤ ਨੇ ਆਪਣੇ ਰਸੂਖ਼ ਸਦਕਾ ਜੋਗੇਸ਼ਵਰੀ ‘ਚ ਇਕ ਛੋਟਾ ਜਿਹਾ ਫਲੈਟ ਲੈ ਦਿੱਤਾ ਸੀ। ਫਿਰ ਸੱਤ ਸੌ ਰੁਪਏ ਪੈਨਸ਼ਨ ਵੀ ਮਿਲਣ ਲੱਗ ਪਈ ਸੀ। ਮਹਿੰਗਾਈ ਦੇ ਯੁੱਗ ਵਿਚ ਸੱਤ ਰੁਪਏ ‘ਚ ਗ਼ੁਜ਼ਾਰਾ ਵੀ ਕਿਵੇਂ ਹੁੰਦਾ। ਪ੍ਰਸ਼ੰਸਕਾਂ ਨੇ ਵੀ ਬਥੇਰੀ ਮੱਦਦ ਕੀਤੀ। ਅਖ਼ੀਰਨ ਮੁਫ਼ਲਿਸੀ ਨੇ ਬਿਸਤਰ ਮਰਗ ‘ਤੇ ਪੈਣ ਤੀਕਰ ਵੀ ਉਸਦਾ ਦਾਮਨ ਨਾ ਛੱਡਿਆ। ਉੜਕ ਜਿਸ ਗੁਲੂਕਾਰਾ ਦਾ ਸਿੱਕਾ ਪੂਰੇ ਹਿੰਦੁਸਤਾਨ ‘ਚ ਗੂੰਜਦਾ ਸੀ ਤੰਗਦਸਤੀ ਨਾਲ ਜੂਝਦੀ ਇਸ ਦੁਨੀਆਂ ਤੋਂ ਰੁਖ਼ਸਤ ਅਤਾ ਫ਼ਰਮਾ ਗਈ। ਇਸ ਅਜ਼ੀਮ ਗੁਲੂਕਾਰ ਨੂੰ ਯਾਦ ਕਰਦਿਆਂ ‘ਫ਼ਿਲਮਸ ਡਿਵੀਜ਼ਨ ਨੇ ਸਾਲ 2008 ਵਿਚ ਇਕ ਰੇਖਾ ਚਿੱਤਰ ਵੀ ਬਣਾਇਆ ਸੀ, ਜਿਸਨੂੰ ਗੋਆ ਵਿਚ ਹੋਏ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਵਿਚ ਵਿਖਾਇਆ ਗਿਆ ਸੀ।
ਮਨਦੀਪ ਸਿੰਘ ਸਿੱਧੂ, ਮੋਗਾ
9780509545
ਈ-ਮੇਲ:mandeepsidhu.news0yahoo.com

Comments & Suggestions

Comments & Suggestions

About the author

Punjabi Screen

Leave a Comment

Enter Code *