ਨਾਮ ਬੜੇ ਔਰ ਦਰਸ਼ਨ ਛੋਟੇ ‘ਲਾਈਏ ਜੇ ਯਾਰੀਆਂ’ (ਸਮੀਖਿਆ)

By  |  0 Comments

ਬੈਨਰ ਵੀ ਵੱਡਾ, ਐਕਟਰ ਵੀ ਵੱਡੇ ਅਤੇ ਟਾਈਟਲ, ਜੋ ਸਭ ਤੋਂ ਵੱਡਾ, ਤੇ ਫ਼ਿਲਮ ਬਹੁਤੀ ਹਲਕੀ ! ਇਸੇ ਲਈ ਉਪਰੋਤਕ ਦੋ ਲਾਈਨਾਂ ਲਿਖਣੀਆਂ ਪਈਆਂ !
ਪਹਿਲਾਂ ਗੱਲ ਫ਼ਿਲਮ ਦੇ ਟਾਈਟਲ ਦੀ ਤਾਂ “ਲਾਈਏ ਜੇ ਯਾਰੀਆਂ ” ਜੋ ਆਪਣੇ ਆਪ ਵਿਚ ਬਹੁਤ ਹੀ ਵੱਡਾ ਅਤੇ ਅਰਥ ਭਰਪੂਰ ਹੈ, ਪਰ ਫ਼ਿਲਮ ਵਿਚ ਇਸ ਦੇ ਅਰਥ ਜਮਾ ਹੀ ਅਲੋਪ ਹਨ , ਮਤਲਬ ਕਿ ਟਾਈਟਲ ਦਾ ਸਵਾ ਸੱਤਿਆਨਾਸ।
ਦੋਸਤੋ ਫ਼ਿਲਮ ਦਾ ਟਾਈਟਲ ਤਾਂ ਆਪਾਂ ਕੋਈ ਵੀ ਸੋਚ ਲਈਏੇ ਜਾਂ ਸਲਾਹਾ ਦੇਣ ਵਾਲੇ ਵੀ ਬੜੇ ਆ ਜਾਂਦੇ ਨੇ, ਇਸ ਤੇ ਬਹੁਤਾ ਦਿਮਾਗ ਲਾਉਣ ਦੀ ਲੋੜ ਨਹੀਂ ਪੈਂਦੀ, ਪਰ ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਦੀ ਮਜਬੂਤੀ, ਫ਼ਿਲਮ ਦੀ ਸ਼ੁਰੂਆਤ, ਕਹਾਣੀ ਦੀ ਟਰੈਵਲ ਗਰਿੱਪ ਅਤੇ ਸ਼ਾਨਦਾਰ ਐਂਡ ਲਈ ਦਿਮਾਗ ਜ਼ਰੂਰ ਖਰਚਣਾ ਪੈਂਦਾ ਹੈ, ਜੋ ਕਿ ਸ਼ਾਇਦ ਬਹੁਤਾ ਖਰਚ ਨਹੀਂ ਕੀਤਾ ਗਿਆ, ਜਿਸ ਕਾਰਨ ਫ਼ਿਲਮ ਦਾ ਵਿਸ਼ਾ ਊਟ ਪਟਾਂਗ ਬਣ ਕੇ ਰਹਿ ਗਿਆ।
ਕਹਾਣੀ ਦਾ ਕੋਈ ਵੀ ਅਧਾਰ ਨਜ਼ਰ ਨਹੀ ਆਇਆ, ਹਾਂ ਲੇਖਕ ਜੇ ਥੋੜਾ ਸਿਆਣਪ ਨਾਲ ਚਲਦਾ ਤਾਂ ਫ਼ਿਲਮ ਵਿਚ ਅਧੂਰਾ ਅਤੇ ਹਾਸੋਹੀਣਾ ਛੱਡਿਆ ਸਭ ਕੁਝ, ਪੂਰੀ ਜਸਟੀਫਿਕੇਸ਼ਨ ਨਾਲ ਠੀਕ ਹੋ ਸਕਦਾ ਸੀ।
ਖੈਰ ਇਨਾਂ ਚੀਜਾਂ ਦਾ ਜਵਾਬ ਉਨਾਂ ਸਿਆਣੇ ਦਰਸ਼ਕਾਂ ਨੂੰ ਮਿਲ ਹੀ ਗਿਆ ਹੋਵੇਗਾ ਜਿਨਾਂ ਨੇ ਫ਼ਿਲਮ ਵੇਖ ਲਈ ਹੈ ਅਤੇ ਸਿਨੇਮਾ ਦੀ ਸਮਝ ਵੀ ਰੱਖਦੇ ਹਨ, ਪਰ ਮੈ ਇੱਥੇ ਉਨਾਂ ਦਰਸ਼ਕਾਂ ਦੀ ਗੱਲ ਨਹੀਂ ਕਰ ਰਿਹਾ ਜਿਨਾਂ ਦੇ ਅੱਗੇ ਮਾਈਕ ਕਰ ਦਿੱਤਾ ਜਾਂਦਾ ਹੈ ਫ਼ਿਲਮ ਖਤਮ ਹੋਣ ਤੋਂ ਬਾਅਦ, ਫ਼ਿਲਮ ਪ੍ਰਚਾਰ ਨਾਲ ਜੁੜੇ ਛੋਟੇ-ਵੱਡੇ ਚੈਨਲਾਂ ਦੁਆਰਾ ਅਤੇ ਫੇਰ ਤੁਸੀ ਵੇਖਦੇ ਹੀ ਹੋ ਕਿ ਕੋਈ ਬੰਦਾ ਫ਼ਿਲਮ ਨੂੰ ਪੰਜਾਂ ਚੋਂ ਪੌਣੇ ਪੰਜ ਨੰਬਰ ਵੀ ਨਹੀਂ ਦਿੰਦਾ, ਸਭ 100/100! ਯਾਰ ਇੰਨੇ ਲਾਈਕ ਤਾਂ ਅਜੇ ਹਾਲੀਵੁੱਡ ਵਾਲੇ ਫ਼ਿਲਮ ਮੇਕਰ ਵੀ ਨਹੀਂ ਹੋਏ।
ਪੰਜਾਬ ਦੀਆਂ ਵੱਡੇ ਅਕਸ ਵਾਲੀਆਂ ਅਖਬਾਰਾਂ ਵਿਚ ਵੀ ਫ਼ਿਲਮ ਸਮੀਖਿਆਵਾਂ ਬੜੇ ਜੁੰਮੇਵਾਰਾਨਾ ਢੰਗ ਨਾਲ ਛਪਣੀਆਂ ਚਾਹੀਦੀਆਂ ਹਨ, ਕਿਉਕਿ ਇਨਾਂ ਦੀਆਂ ਖਬਰਾਂ ਨੂੰ ਸਹੀ ਸਮਝ ਕੇ ਅਸੀ ਲੋਕ ਬਚਪਨ ਤੋਂ ਅੱਖਾਂ ਬੰਦ ਕਰਕੇ ਯਕੀਨ ਕਰਦੇ ਆ ਰਹੇ ਹਾਂ।
ਇਸੇ ਤਰ੍ਹਾਂ ਹੀ ਘਰ ਘਰ ਖੁੱਲ ਰਹੀਆਂ ਨਵੀਆਂ ਨਵੀਆਂ ਪੀ.ਆਰ ਏਜੰਸੀਆਂ ਅਤੇ ਹਰ ਦੂਜੇ ਦਿਨ ਬਣਦੇ ਸ਼ੋਸ਼ਲ ਮੀਡੀਆ ਤੇ ਪੰਜਾਬੀ ਸਿਨੇਮਾ ਦੇ ਨਵੇਂ ਨਵੇਂ ਠੇਕੇਦਾਰਾਂ ਰੂਪੀ ਪੇਜਾਂ, ਦਰਾਸਲ ਇਨਾਂ ਸਾਰੇ ਕਾਰਨਾ ਕਰਕੇ ਹੀ ਸਾਡੇ ਸਿਨੇਮਾ ਨੂੰ ਸਹੀ ਗਾਈਡ ਲਾਈਨ ਨਹੀ ਮਿਲ ਰਹੀ, ਹਰ ਕੋਈ ਇਕ ਦੂਜੇ ਨੂੰ ਗੁੰਮਰਾਹ ਕਰਨ ਤੇ ਤੁਲਿਆ ਹੈ, ਸਿਰਫ ਪੈਸੇ ਦੀ ਦੌੜ ਵਿਚ !
ਗੱਲ ਫੇਰ ਬੇਤੁਕੀ ਫ਼ਿਲਮ ਦੀ, ਪਰ ਇਸ ਦਾ ਇਕ ਪਹਿਲੂ ਚੰਗਾ ਵੀ ਹੈ ਕਿ ਫ਼ਿਲਮ ਦੇ ਕੁਝ ਸੰਵਾਦ ਜੋ ਕਿ ਦਿਲਚਸਪ ਤੇ ਸੋਹਣੇ ਰਚੇ ਗਏ ਹਨ, ਦੀ ਹਰੀਸ਼ ਵਰਮਾ ਅਤੇ ਰੂਪੀ ਗਿੱਲ ਵਲੋਂਂ ਖੂਬਸੂਰਤ ਅਦਾਇਗੀ , ਜ਼ਰੂਰ ਹੀ ਬੈਠੇ ਦਰਸ਼ਕਾਂ ਨੂੰ ਰਿਲੀਫ ਦੇਂਦੀ ਹੈ ਅਤੇ ਅਮਰਿੰਦਰ ਗਿੱਲ ਦੀ ਫ਼ਿਲਮ ਅਦਾਕਾਰੀ ਦਾ ਸੈੱਟ ਹੋ ਚੁੱਕਾ ਸਿੰਪਲ ਸਟਾਈਲ ਵੀ ਦਰਸ਼ਕਾ ਨੂੰ ਚੰਗਾ ਲੱਗਦਾ ਹੈ, ਕਹਿਣ ਦਾ ਮਤਲਬ ਕਿ ਇਹ ਤਿੰਨੋ ਕਰੈਕਟਰ ਆਪੋ ਆਪਣੀ ਜਗਾ ਪਰਫੈਕਟ ਹਨ। ਇਕ ਗੱਲ ਹੋਰ ਕਿ ਇਸ ਵਾਰ ਰੂਪੀ ਗਿੱਲ ਨੇ ਆਪਣੀ ਗੁੱਝੀ ਅਦਾਕਾਰੀ ਨਾਲ ਜਿੱਥੇ ਦਰਸ਼ਕਾਂ ਦੇ ਦਿਲਾਂ ਵਿਚ ਆਪਣੀ ਸੋਹਣੀ ਥਾਂ ਬਣਾਈ ਹੈ ਉੱਥੇ ਆਉਣ ਵਾਲੇ ਦਿਨਾਂ ਵਿਚ ਪੰਜਾਬੀ ਸਿਨੇਮਾ ਦੀ ਸਥਾਪਿਤ ਹੀਰੋਈਨ ਵਜੋਂ ਵੀ ਜਾਣੀ ਜਾਣ ਲੱਗ ਪਵੇਗੀ। ਬਾਕੀ ਫ਼ਿਲਮ ਨੂੰ ਮਲਟੀ ਸਿੰਗਰ ਫ਼ਿਲਮ ਵੀ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦਾ ਬਹੁਤਾ ਫਾਇਦਾ ਨਹੀਂ ਹੋਣ ਵਾਲਾ, ਤੋਂ ਇਲਾਵਾ ਰੁਬੀਨਾ ਬਾਜਵਾ ਅਤੇ ਬਾਕੀ ਛੋਟੇ ਛੋਟੇ ਕਿਰਦਾਰ ਨਿਭਾਉਣ ਵਾਲੇ ਸਭ ਕਲਾਕਾਰ ਠੀਕ ਹਨ। ਫ਼ਿਲਮ ਦਾ ਸੰਗੀਤ ਕੋਈ ਬਹੁਤਾ ਵਧੀਆ ਪ੍ਰਭਾਵ ਨਹੀਂ ਛੱਡਦਾ।
ਫ਼ਿਲਮ ਨੂੰ ਲਮਕਾ ਕੇ ਸਮੇ ਪੂਰਤੀ ਲਈ ਕਾਫੀ ਕੁਝ ਫਾਲਤੂ ਹੈ, ਜਿਵੇਂ ਗਾਇਕਾਂ ਅਤੇ ਸ਼ੂਟਿੰਗ ਵਾਲਿਆਂ ਦੀ ਐਂਟਰੀ ਵਗੈਰਾ। ਇਕ ਸੀਨ ‘ਚ ਤਾਂ ਐਂ ਲੱਗਾ ਜਿਵੇ “ਹਾਈ ਐਂਡ ਯਾਰੀਆਂ ” ਫ਼ਿਲਮ ਚਲਦੀ ਹੋਵੇ। ਨਿਰਦੇਸ਼ਕ ਨੇ ਵੀ ਕਈ ਥਾਈਂ ਅਣਗਿਹਲੀ ਕੀਤੀ ਹੈ, ਉਦਹਾਰਣ ਵਜੋਂ ਬਾਰਿਸ਼ ਦੇ ਚਲਦਿਆਂ ਹਰੀਸ਼ ਵਰਮਾ ਨੂੰ ਪਿਕ-ਡਰੋਪ ਕਰਨ ਦਾ ਸੀਨ ਕਿ ਬੰਦਾ ਵੱਡੇ ਸਮਾਨ ਸਨੇ ਕਿੰਨਾਂ ਚਿਰ ਸੜਕ ਤੇ ਇਕੋ ਜਗਾ ਭਿਜਦਾ ਰਿਹਾ! ਇਹੀ ਬਰਕੀਆਂ ਦਾ ਧਿਆਨ ਰੱਖਣਾ ਨਿਰਦੇਸ਼ਕ ਦਾ ਕੰਮ ਹੈ ਇਸ ਲਈ ਕਹਾਣੀਕਾਰ ਜੁੰਮੇਵਾਰ ਨਹੀਂ ਹੁੰਦਾ, ਅਜਿਹੇ ਹੋਰ ਵੀ ਬਹੁਤ ਸੀਨ ਅਨਾੜੀਪੁਣੇ ਵਾਲੇ ਲਿਖੇ ਤੇ ਫ਼ਿਲਮਾਏ ਗਏ, ਜਿਸ ਵਿਚ ਹੀਰੋ ਹਰੀਸ਼ ਵਰਮਾ ਦਾ ਪੰਜਾਬ ਤੋਂ ਕਨੇਡਾ ਪਹੁੰਚਣ ਵਾਲਾ ਵਾਹਯਤ ਹਿੱਸਾ ਸ਼ਮਲ ਹੈ। ਬਾਕੀ ਫ਼ਿਲਮ ਦਾ ਆਖਰੀ ਬਚਕਾਨਾ ਹਿੱਸਾ ਵੀ ਜਿੱਥੇ ਦੋ ਬਚਪਣ-ਪ੍ਰੇਮੀਆਂ ਅਮਰਿੰਦਰ ਗਿੱਲ ਅਤੇ ਰੂਪੀ ਗਿੱਲ ਦਾ ਮੇਲ ਹੋਣ ਵੇਲੇ, ਕੁੜੀ ਦੇ ਬਾਪ ਦੀ ਮੁੰਡੇ ਦੇ ਬਾਪ ਵਲੋਂ ਧੋਖੇ ਨਾਲ ਹੱੜਪੀ ਜਾਇਦਾਦ ਨੂੰ, “ਮੁੰਡੇ ਦੁਆਰਾ ਆਪਣਾ ਸੱਚੇ ਪਿਆਰ ਹਾਸਲ ਕਰਨ ਲਈ ਕੁਰਬਾਨੀ ਰੂਪੀ’ ਲੜਕੀ ਦੇ ਘਰਵਾਲਿਆਂ ਨੂੰ ਵਾਪਸ ਕਰ ਕੇ ਅਤੇ ਆਪਣੇ ਬਾਪ ਦੀ ਗਲਤੀ ਨੂੰ ਮੰਨ ਕੇ ਹੀ ਸੋਹਣਾ, ਸੰਤੁਸ਼ਟੀਜਨਕ ਅਤੇ ਟਾਈਟਲ ਨਾਲ ਢੁੱਕਵਾਂ ਸਾਬਤ ਕੀਤਾ ਜਾ ਸਕਦਾ ਸੀ, ਫੇਰ ਅਸਲ ਵਿਚ ਲਾਈਆਂ ਯਾਰੀਆਂ ਦੇ ਸੰਦੇਸ਼ ਭਰਪੂਰ ਅਰਥ ਸਾਹਮਣੇ ਆਉਣੇ ਸੀ, ਪਰ ਇੱਥੇ ਤਾਂ ਆਪ ਹੀ ਫ਼ਿਲਮ ਦੀ ਕਾਹਾਣੀ ਨੂੰ ਵਪਾਰਕ ਦੁਸ਼ਮਣੀ ਦਾ ਅਧਾਰ ਬਣਾ ਕੇ, ਆਖਿਰ ਤੇ ਆਪ ਹੀ ਮਜ਼ਾਕ ਬਣਾ ਦਿੱਤਾ ਗਿਆ।
ਇਹ ਫ਼ਿਲਮ ਆਪਣੇ ਵੱਡੇ ਸਿਰਲੇਖ ਮੁਤਾਬਕ ਕੋਈ ਵੀ ਸੰਦੇਸ਼ ਨਹੀਂ ਛੱਡਦੀ ਜਿਸ ਤੋਂ “ਲਾਈਏ ਜੇ ਯਾਰੀਆਂ” ਦੀ ਜਸਟੀਫਿਕੇਸ਼ਨ ਹੁੰਦੀ ਹੋਵੇ। ਬਾਕੀ ਜੋ ਚਾਹੇ, ਆਪਣੇ ਚਹੇਤੇ ਕਲਾਕਾਰਾਂ ਦੀ ਫੈਨ ਫੋਲੋਇੰਗ ਮੁਤਾਬਕ ਫ਼ਿਲਮ ਵੇਖਣ ਜਾ ਸਕਦਾ ਹੈ। ਆਖਰ ਵਿਚ ਫਿਲਮ ਮੇਕਰਾਂ ਇਹੀ ਕਹਾਂਗਾ ਕਿ ਜੇ ਸਿਨੇਮਾ ਨੂੰ ਸਹੀ ਦਿਸ਼ਾ ਦੇਣੀ ਹੈ ਤਾਂ ਗਿਣਤੀ ਦੀ ਜਗਾ ਗੁਣਵਤਾ ਤੇ ਜ਼ੋਰ ਦਿਓ। ਦੋ/ਤਿੰਨ ਮਹੀਨਿਆਂ ਵਿਚ ਫ਼ਿਲਮ ਬਣਾ ਕੇ ਥਿਏਟਰਾਂ ‘ਚ ਲਾਉਣ ਵਾਲੀਆਂ ਸ਼ੇਖੀਆਂ ਮਾਰ ਕੇ ਸਿਨੇਮਾ ਦਾ ਮਜ਼ਾਕ ਨਾ ਉਡਾਓ ! ਧੰਨਵਾਦ..
– ਦਲਜੀਤ ਅਰੋੜਾ

Comments & Suggestions

Comments & Suggestions