ਪੰਜਾਬੀ ਦਰਸ਼ਕ ਕਮੇਡੀ ਦੇ ਨਾਲ ਸਾਰਥਕ ਸਿਨੇਮੇ ਲਈ ਵੀ ਸੰਵੇਦਨਸ਼ੀਲ ਹੋਣ- ਗੁਨਬੀਰ ਸਿੱਧੂ

By  |  0 Comments

ਪੰਜਾਬੀ ਕਲਾ ਖੇਤਰ ਦਾ ਚਮਕਦਾ ਸਿਤਾਰਾ ਹੈ ਗੁਨਬੀਰ ਸਿੱਧੂ
ਸੁਭਾਅ ਦਾ ਮਿਲਾਪੜਾ ਤੇ ਸ਼ਖ਼ਸੀਅਤ ਦਾ ਨਿਆਰਾ ਹੈ ਗੁਨਬੀਰ ਸਿੱਧੂ
ਕਾਬਲੀਅਤ ਪਰਖਣ ਵਿਚ ਅੱਖ ਰੱਖਦਾ ਹੈ ਉਹ ਬਾਜ ਵਾਲੀ
ਮਾਪਿਆਂ ਦਾ ਹੈ ਤਾਬਿਆਦਾਰ ਉਡਾਰੀ ਲਾ ਰਿਹਾ ਹੈ ਉਕਾਬ ਵਾਲੀ
`ਵਾਈਟ ਹਿੱਲ` ਨੂੰ ਬੁਲੰਦੀ `ਤੇ ਲੈ ਜਾਣਾ ਉਹਦਾ ਖੁਆਬ ਆ
ਅਸਮਾਨਾਂ ਨੂੰ ਹੈ ਛੋਂਹਦਾ ਜਿਵੇਂ ਆਲਣ੍ਹਾ ਸੁਰਖ਼ਾਬ ਦਾ
`ਪੰਜਾਬੀ ਸਕਰੀਨ` ਦੀ ਹੈ ਦੁਆ ਮੋਢੇ ਸਦਾ ਸਜਣ ਕਾਮਯਾਬੀ ਦੀਆਂ ਫੀਤੀਆਂ
ਲਓ ਫਿਰ ਪੜ੍ਹੋ ਤੁਸੀਂ ਵੀ ਮਿੱਤਰੋ, ਜੋ ਗੱਲਾਂ ਦੀਪ ਗਿੱਲ ਨਾਲ ਕੀਤੀਆਂ।

 

ਸਤਿ ਸ਼੍ਰੀ ਅਕਾਲ ਗੁਨਬੀਰ ਜੀ।
ਸਤਿ ਸ਼੍ਰੀ ਅਕਾਲ ਦੀਪ ਜੀ।

 

ਤੁਹਾਡੇ ਕੀਮਤੀ ਸਮੇਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਮੈਂ ਤੁਹਾਡੀ ਕਮਰਸ਼ੀਅਲ ਜ਼ਿੰਦਗੀ ਬਾਰੇ ਗੱਲਬਾਤ ਤੋਂ ਹੀ ਮੁਲਾਕਾਤ ਸ਼ੁਰੂ ਕਰਦੀ ਹਾਂ। ਤੁਸੀਂ ਪਹਿਲਾਂ ਰੀਅਲ ਅਸਟੇਟ ਦੇ ਕਿੱਤੇ ਵਿਚ ਸੀ ਤੇ ਕਾਮਯਾਬ ਵੀ ਸੀ। ਰੀਅਲ ਅਸਟੇਟ ਤੋਂ ਸਿੱਧਾ ਫ਼ਿਲਮ ਨਿਰਮਾਣ ਵੱਲ ਕਿਵੇਂ ? ਇਹ ਇਕਦਮ ਵਿਚਾਰ ਬਣਿਆ ਜਾਂ ਪਹਿਲਾਂ ਹੀ ਕੋਈ ਵਿਉਂਤਬੰਦੀ ਸੀ ਤੁਹਾਡੇ ਦਿਮਾਗ ਵਿਚ ?
ਮੈਂ ਬੇਸੀਕਲੀ ਇੰਜੀਨਿਅਰ ਹਾਂ। 2003 ਵਿਚ ਮੈਂ ਇਮਪੀਰੀਅਲ ਕਾਲਜ ਲੰਡਨ ਤੋਂ ਮਾਸਟਰ ਕੀਤੀ ਸੀ। ਸ਼ੁਰੂ ਤੋਂ ਹੀ ਮੈਂ ਵਪਾਰ ਵਿਚ ਵਧੀਆ ਸੀ। ਇੰਜੀਨਿਅਰ, ਮੈਡੀਕਲ ਆਦਿ ਖੇਤਰਾਂ ਵਿਚ ਵੀ ਮੈਨੂੰ ਮੁਹਾਰਤ ਹਾਸਲ ਸੀ। ਡਿਗਰੀ ਤੋਂ ਬਾਅਦ ਇੰਜੀਨਿਅਰ ਖੇਤਰ ਵਿਚ ਉੱਥੇ ਹੀ ਨੌਕਰੀ ਵੀ ਮਿਲ ਗਈ ਸੀ ਪਰ ਸ਼ਾਇਦ ਨੌਕਰੀ ਮੇਰੇ ਅੰਦਰਲੇ ਬਿਜ਼ਨੈਸਮੈਨ ਨੂੰ ਸੰਤੁਸ਼ਟ ਨਹੀਂ ਕਰ ਸਕੀ ਤੇ ਮੈਂ ਸੋਚ ਲਿਆ ਕਿ ਮੈਂ ਨੌਕਰੀ ਨਹੀਂ ਕਰਨੀ। ਮੇਰੇ ਪਰਿਵਾਰ ਵਿਚ ਕੋਈ ਵੀ ਵਪਾਰ ਨਾਲ ਸਬੰਧਿਤ ਨਹੀਂ ਸੀ। ਮੇਰੇ ਪਿਤਾ ਜੀ ਸੇਵਾ ਮੁਕਤ IAS ਅਫ਼ਸਰ ਹਨ। ਮਾਤਾ ਜੀ ਅਧਿਆਪਕਾ ਰਹੇ ਹਨ। ਬਾਕੀ ਸਾਰੇ ਪਰਿਵਾਰਿਕ ਮੈਂਬਰ ਵੀ ਨੌਕਰੀਪੇਸ਼ਾ ਰਹੇ ਹਨ। ਮੈਂ ਵਪਾਰਕ ਖੇਤਰ ਵਿਚ ਜਾਣਾ ਸੀ ਪਰ ਕੁਝ ਪਤਾ ਨਹੀਂ ਸੀ ਕਿ ਕਿਹੜਾ ਵਪਾਰ ਕਰਾਂ। ਉਸ ਸਮੇਂ ਰੀਅਲ ਅਸਟੇਟ ਦਾ ਕੰਮ ਸਿਖ਼ਰ `ਤੇ ਸੀ, ਇਸ ਲਈ ਮੈਂ ਇਸ ਧੰਦੇ ਨਾਲ ਜੁੜ ਗਿਆ, ਸ਼ੁਰੂਆਤ ਵਿਚ ਤਾਂ ਪੈਸੇ ਜ਼ਿਆਦਾ ਨਹੀਂ ਸਨ ਪਰ 4-5 ਸਾਲ ਤੱਕ ਇਸੇ ਕੰਮ `ਚ ਮਿਹਨਤ ਕਰਕੇ ਆਪਣੇ ਪੈਰਾਂ `ਤੇ ਖੜ੍ਹਾ ਹੋ ਗਿਆ।
ਫ਼ਿਲਮ ਉਦਯੋਗ ਨਾਲ ਜੁੜਨਾ ਮੇਰਾ ਹਮੇਸ਼ਾ ਤੋਂ ਸੁਪਨਾ ਸੀ। ਮੈਂ ਹਰ ਫ਼ਿਲਮ ਦੀ ਸਟਾਰ ਕਾਸਟਿੰਗ, ਮਿਊਜ਼ਿਕ, ਕਹਾਣੀ ਤੋਂ ਲੈ ਕੇ ਟੈਕਨੀਕਲ ਚੀਜ਼ਾਂ ਨੂੰ ਬੜੇ ਗਹੁ ਨਾਲ ਵਾਚਦਾ ਸੀ। ਰੀਅਲ ਅਸਟੇਟ ਵਿਚ ਪੈਸਾ ਕਮਾਉਣ ਦਾ ਕਾਰਨ ਮੇਰਾ ਫ਼ਿਲਮ ਉਦਯੋਗ ਪ੍ਰਤੀ ਲਗਾਅ ਸੀ, ਕਿਉਂ ਕਿ ਫ਼ਿਲਮ ਉਦਯੋਗ ਮਿਹਨਤ ਦੇ ਨਾਲ-ਨਾਲ ਪੈਸਾ ਵੀ ਮੰਗਦਾ। ਸੋ ਇਹ ਮੇਰੇ ਸੁਪਨੇ ਨੂੰ ਸਕਾਰ ਕਰਨ ਲਈ ਚੁੱਕਿਆ ਪਹਿਲਾ ਕਦਮ ਸੀ। ਜੇ ਤੁਹਾਡੇ ਕੋਲ ਚਾਰ ਪੈਸੇ ਨਹੀਂ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ, ਸੋ ਰੀਅਲ ਅਸਟੇਟ ਦਾ ਬਿਜ਼ਨਸ ਮੇਰਾ ਸ਼ੌਕ ਨਹੀਂ ਇਕ ਪੁਖਤਾ ਅਧਾਰ ਬਣਾਉਣ ਦਾ ਪਹਿਲਾ ਪੜਾਅ ਸੀ।

 

ਤੁਸੀਂ ਫ਼ਿਲਮੀ ਪਿਛੋਕੜ੍ਹ ਤੋਂ ਨਹੀਂ ਹੋ। ਫਿਰ ਵੀ ਤੁਸੀਂ ਇਸ ਖੇਤਰ ਵਿਚ ਇਕ ਵੱਡੀ ਮੱਲ ਮਾਰੀ ਹੈ, ਉਹ ਹੈ `ਵਾਈਟ ਹਿੱਲ` ਕੰਪਨੀ ਨੂੰ ਘੱਟ ਸਮੇਂ `ਚ ਬੁਲੰਦੀਆਂ ਵੱਲ ਲੈ ਜਾਣਾ। ਤੁਸੀਂ `ਵਾਈਟ ਹਿੱਲ` ਬਾਰੇ ਜਾਣਕਾਰੀ ਸਾਡੇ ਪਾਠਕਾਂ ਨਾਲ ਸਾਂਝੀ ਕਰੋ, ਕੀ ਤੁਸੀਂ ਇਕੱਲੇ ਇਸ ਨੂੰ ਸੰਭਾਲ ਰਹੇ ਹੋ ਜਾਂ ਕੋਈ ਹੋਰ ਵੀ ਤੁਹਾਡਾ ਸਾਥ ਦੇ ਰਿਹਾ ਹੈ ?
ਮੇਰੇ ਕਜ਼ਨ ਹਨ ਸਨੀ ਸਿੱਧੂ, ਉਹ ਕਨੇਡਾ ਦੇ ਨਾਗਰਿਕ ਹਨ। `ਵਾਈਟ ਹਿੱਲ` ਅਸਲ ਵਿਚ ਉਨ੍ਹਾਂ ਨੇ ਸ਼ੁਰੂ ਕੀਤੀ ਸੀ `ਨਵੀਨ ਪੋ੍ਰਡਕਸ਼ਨ ਕੰਪਨੀ ਕਨੇਡਾ` ਦੇ ਵਿੱਚੋਂ। `ਜੱਟ ਐਂਡ ਜੂਲੀਅਟ` ਦਾ ਨਿਰਮਾਣ ਕਰਨ ਤੋਂ ਪਹਿਲਾਂ ਅਸੀਂ ਕਾਫ਼ੀ ਫ਼ਿਲਮਾਂ ਲਾਈਨ ਪੋ੍ਰਡਿਊਸਰ ਵਜੋਂ ਕੀਤੀਆਂ ਸੀ। ਮੈਂ ਥੋੜ੍ਹਾ ਲੇਟ ਆਇਆ ਕੰਪਨੀ ਦੇ ਵਿਚ। ਪਹਿਲਾਂ ਸਨੀ ਸਿੱਧੂ, `ਜੱਟ ਐਂਡ ਜੂਲੀਅਟ` ਜੋ ਮੇਰੀ ਨਿਰਮਾਤਾ ਵਜੋਂ ਪਹਿਲੀ ਫ਼ਿਲਮ ਸੀ, ਉਸ ਦਾ ਲਾਈਨ ਪੋ੍ਰਡਿਊਸਰ ਉਹ ਸੀ। ਉਸ ਸਮੇਂ ਮੈਂ ਇਕ-ਦੋ ਫ਼ਿਲਮਾਂ ਆਪਣੀ ਕੰਪਨੀ `ਬੇਸਿਕ ਬ੍ਰਦਰਜ਼` ਵੱਲੋਂ ਬਣਾ ਚੁੱਕਿਆ ਸੀ, ਜਿਵੇਂ `ਰੋਮੀਓ ਰਾਂਝਾ` ਤੇ `ਪੰਜਾਬ 1984` ਪਰ `ਜੱਟ ਐਂਡ ਜੂਲੀਅਟ` ਸਮੇਂ ਸਾਨੂੰ ਮਹਿਸੂਸ ਹੋਇਆ ਕਿ ਸਾਨੂੰ ਇਕੱਠੇ ਕੰਮ ਕਰਨਾ ਚਾਹੀਦਾ ਹੈ ਤੇ ਮੈਂ ਆਪਣੀ ਕੰਪਨੀ `ਬੇਸਿਕ ਬ੍ਰਦਰਜ਼` ਨੂੰ `ਵਾਈਟ ਹਿੱਲ` ਨਾਲ ਕੰਬਾਈਨ ਕਰ ਦਿੱਤਾ ਤੇ ਇਸ ਤਰ੍ਹਾਂ `ਵਾਈਟ ਹਿੱਲ` ਨੂੰ ਇਕ ਲਾਈਨ ਪੋ੍ਡਕਸ਼ਨ ਕੰਪਨੀ ਤੋਂ ਅਸੀਂ ਇਕ ਪੋ੍ਡਕਸ਼ਨ ਕੰਪਨੀ ਵਜੋਂ ਖੜ੍ਹਾ ਕੀਤਾ।
ਗੁਨਬੀਰ ਜੀ, `ਵਾਈਟ ਹਿੱਲ` ਕੰਪਨੀ ਅੱਜ ਇਕ ਵੱਡਾ ਮੁਕਾਮ ਹਾਸਲ ਕਰ ਚੁੱਕੀ ਹੈ। ਜੋ ਵੀ ਤੁਹਾਡੀ ਕੰਪਨੀ ਵੱਲੋਂ ਕੰਮ ਕੀਤਾ ਜਾ ਰਿਹਾ ਹੈ, ਉਹ ਹਮੇਸ਼ਾ ਪਾਇਦਾਰ ਹੁੰਦਾ। ਤੁਹਾਡੀਆਂ ਭਵਿੱਖ ਦੀਆਂ ਕੀ ਯੋਜਨਾਵਾਂ ਹਨ ?
ਅੱਗੇ ਸਾਡੀ ਪਲੈਨਿੰਗ ਵਿਚ ਸਰਦਾਰ ਜੀ 3, ਜੱਟ ਐਂਡ ਜੂਲੀਅਟ 3 ਹੈ। ਉਸ ਤੋਂ ਇਲਾਵਾ ਜਿਹੜੇ ਆਰਟਿਸਟਾਂ ਨਾਲ ਅਸੀਂ ਪਹਿਲਾਂ ਫ਼ਿਲਮਾਂ ਕਰ ਚੁੱਕੇ ਹਾਂ, ਉਨ੍ਹਾਂ ਵਿੱਚੋਂ ਕਿਸੇ ਇਕ ਨਾਲ ਨਵਾਂ ਪੋ੍ਰਜੈਕਟ ਲੈ ਕੇ ਆਵਾਂਗੇ। ਇਕ ਜਾਂ ਦੋ ਨਵੇਂ ਚਿਹਰੇ ਵੀ ਲਾਂਚ ਕੀਤੇ ਜਾਣਗੇ। ਸੋ ਤਿੰਨ-ਚਾਰ ਪੋ੍ਰਜੈਕਟ ਲਾਈਨਅੱਪ ਹੋ ਚੁੱਕੇ ਹਨ।
ਸਾਊਥ ਫ਼ਿਲਮ ਉਦਯੋਗ ਤੇ ਪੰਜਾਬੀ ਫ਼ਿਲਮ ਉਦਯੋਗ ਦੀ ਤੁਲਨਾ ਕਰਨੀ ਹੋਵੇ ਤਾਂ ਕੀ ਕਹੋਗੇ ?
ਅਸੀਂ `ਰੋਮੀਓ ਰਾਂਝਾ` ਵਰਗੀ ਐਕਸ਼ਨ ਫ਼ਿਲਮ ਕਰਕੇ ਪਹਿਲਾਂ ਹੀ ਸਾਊਥ ਦੇ ਰਾਹ `ਤੇ ਚੱਲਣ ਦੀ ਕੋਸ਼ਿਸ਼ ਕਰ ਚੁੱਕੇ ਹਾਂ ਪਰ ਪੰਜਾਬੀ ਦਰਸ਼ਕਾਂ ਨੇ ਇਹ ਬਦਲ ਮਨਜ਼ੂਰ ਨਹੀਂ ਕੀਤਾ। ਹੁਣ ਤੁਸੀਂ ਵੇਖੋ `ਸੂਬੇਦਾਰ ਜੋਗਿੰਦਰ ਸਿੰਘ` ਤੇ `ਸੱਜਣ ਸਿੰਘ ਰੰਗਰੂਟ` ਵਰਗੀਆਂ ਵੱਡੀਆਂ ਤੇ ਵਧੀਆ ਫ਼ਿਲਮਾਂ ਨੂੰ ਵੀ ਪੰਜਾਬੀ ਦਰਸ਼ਕਾਂ ਨੇ ਨਕਾਰ ਦਿੱਤਾ, ਜਦਕਿ ਫ਼ਿਲਮਾਂ ਵਿਸ਼ੇ ਪੱਖੋਂ ਵੀ ਵਧੀਆ ਸੀ। ਇਸ ਦੇ ਦੋ ਕਾਰਨ ਹਨ, ਇਕ ਤਾਂ ਸਾਡੀ ਪੰਜਾਬੀ ਦਰਸ਼ਕਾਂ ਦੀ ਸੋਚ ਪ੍ਰਪੱਕ ਨਹੀਂ ਹੋਈ, ਦੂਜਾ ਅਸੀਂ ਪੰਜਾਬੀ, ਹਿੰਦੀ ਨੂੰ ਵਧੀਆ ਬੋਲਦੇ ਤੇ ਸਮਝਦੇ ਹਾਂ, ਜਿਸ ਕਰਕੇ ਸ਼ਾਇਦ ਐਕਸ਼ਨ ਵਗੈਰਾ ਅਸੀਂ ਹਿੰਦੀ ਫ਼ਿਲਮਾਂ `ਚ ਵੇਖ ਲੈਂਦੇ ਹਾਂ, ਜਦਕਿ ਸਾਊਥ ਦੇ ਲੋਕ ਆਪਣੀ ਮਾਂ ਬੋਲੀ ਪ੍ਰਤੀ 100% ਸਮਰਪਿਤ ਹਨ। ਉਹ ਲੋਕ ਹਿੰਦੀ ਨਹੀਂ ਸਮਝਦੇ, ਬੋਲਦੇ ਤੇ ਆਪਣੀ ਜ਼ੁਬਾਨ ਵਿਚ ਹੀ ਫ਼ਿਲਮਾਂ ਵੇਖਣ ਨੂੰ ਤਰਜੀਹ ਦਿੰਦੇ ਹਨ ਤੇ ਆਪਣੇ ਸਿਨੇਮੇ ਪ੍ਰਤੀ ਬਹੁਤ ਸੰਵੇਦਨਸ਼ੀਲ ਹਨ। ਪੰਜਾਬੀ ਪੋ੍ਰਡਿਊਸਰ ਦਾ ਉਦੋਂ ਹੌਸਲਾ ਟੁੱਟ ਜਾਂਦਾ, ਜਦੋਂ ਟੈਕਨੀਕਲੀ ਫ਼ਿਲਮਾਂਕਣ ਅਤੇ ਵੱਡੇ ਵਿਸ਼ੇ ਨੂੰ ਲੈ ਕੇ ਕੀਤਾ ਗਿਆ ਤਜ਼ਰਬਾ ਦਰਸ਼ਕਾਂ ਦੁਆਰਾ ਨਕਾਰ ਦਿੱਤਾ ਜਾਂਦਾ ਹੈ। ਬਾਕੀ ਪਹਿਲਾਂ ਨਾਲੋਂ ਪੰਜਾਬੀ ਸਿਨੇਮਾ ਨੇ ਬਹੁਤ ਤਰੱਕੀ ਕੀਤੀ ਹੈ ਤੇ ਨਿਰੰਤਰ ਕਰੇਗਾ।
ਇਕ ਨਿਰਮਾਤਾ ਵਜੋਂ ਫ਼ਿਲਮ ਦੀ ਚੋਣ ਕਿਵੇਂ ਕਰਦੇ ਹੋ ?
ਮੈਂ ਦੋ ਪੱਖਾਂ `ਤੇ ਜ਼ਿਆਦਾ ਧਿਆਨ ਦਿੰਦਾ ਹਾਂ। ਇਕ ਤਾਂ ਵਿਸ਼ਾ ਤੇ ਦੂਜਾ ਆਪਣੀ ਪੋ੍ਰਡਕਸ਼ਨ ਕੰਪਨੀ `ਵਾਈਟ ਹਿੱਲ` ਜ਼ਰੀਏ ਦਰਸ਼ਕਾਂ ਦੀ ਉਮੀਦ `ਤੇ ਪੂਰੇ ਉਤਰਨ ਦੀ ਕੋਸ਼ਿਸ਼। ਇਸ ਦੇ ਨਾਲ ਹੀ ਕਮਰਸ਼ੀਅਲ ਪੱਖ ਵੀ ਵੇਖਦੇ ਹਾਂ ਕਿ ਕਿਹੜਾ ਕਲਾਕਾਰ ਕਿੰਨੀ ਓਪਨਿੰਗ ਪੁਆ ਸਕਦਾ। ਸਟਾਰਕਾਸਟ `ਤੇ ਟੈਕਨੀਕਲ ਟੀਮ `ਤੇ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ।
ਇਕ ਡਿਸਟੀਬਿਊਟਰ ਵਜੋਂ ਫ਼ਿਲਮ ਵਿਚ ਕੀ ਖਾਸੀਅਤ ਵੇਖਦੇ ਹੋ ?
ਤਕਰੀਬਨ 100 ਤੋਂ ਜ਼ਿਆਦਾ ਫ਼ਿਲਮਾਂ ਅੰਤਰਦੇਸ਼ੀ ਪੱਧਰ `ਤੇ ਡ੍ਰਿਸਟੀਬਿਊਟ ਕਰ ਚੁੱਕੇ ਹਾਂ। ਪਿਛਲੇ ਸਾਲ `ਮੰਜੇ ਬਿਸਤਰੇ` ਕੀਤੀ ਸੀ। ਜਿਹੜੀ ਸਭ ਤੋਂ ਵੱਡੀ ਹਿੱਟ ਰਹੀ ਸੀ। ਹੁਣ `ਮੰਜੇ ਬਿਸਤਰੇ 2` ਵੀ ਕਰਨੀ ਹੈ ਪਰ ਮੈਂ ਬਹੁਤ ਸੀਮਤ ਫ਼ਿਲਮਾਂ ਡਿਸਟ੍ਰੀਬਿਊਟ ਕਰਦਾ, ਕਿਉਂ ਕਿ ਜੇ ਫ਼ਿਲਮ ਕਿਸੇ ਵੀ ਪੱਖੋਂ ਕਮਜ਼ੋਰ ਹੋਣ ਕਰਕੇ ਨਾ ਚੱਲੇ ਤਾਂ ਸਾਰੀ ਗੱਲ ਡਿਸਟ੍ਰੀਬਿਊਟਰ `ਤੇ ਆ ਜਾਂਦੀ ਹੈ, ਜਦੋਂ ਕਿ ਉਸਦਾ ਕੋਈ ਕਸੂਰ ਵੀ ਨਹੀਂ ਹੁੰਦਾ। ਇਸ ਗੱਲ ਨੂੰ ਮੱਦੇ-ਨਜ਼ਰ ਰੱਖਦੇ ਹੋਏ ਮੈਂ ਇੰਡਸਟਰੀ ਦੇ ਰੈਗੂਲਰ, ਪ੍ਰਪੱਕ ਤੇ ਮੰਝੇ ਹੋਏ ਲੋਕਾਂ ਦੀਆਂ ਫ਼ਿਲਮਾਂ ਹੀ ਕਰਦਾ ਹਾਂ।
ਕੀ `ਵਾਈਟ ਹਿੱਲ` ਸ਼ਾਰਟ ਫ਼ਿਲਮ ਉਦਯੋਗ ਵਿਚ ਵੀ ਕ੍ਰਿਆਸ਼ੀਲ ਹੈ ?
ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਕੰਪਨੀ ਨੇ `ਸ਼ੁਕਰ ਦਾਤਿਆ` ਸ਼ਾਰਟ ਫ਼ਿਲਮ ਰਾਹੀਂ ਸਭ ਤੋਂ ਪਹਿਲਾਂ ਛੋਟੀਆਂ ਫ਼ਿਲਮਾਂ ਨੂੰ ਯੂ ਟਿਊਬ ਰਾਹੀਂ ਸਪੋਰਟ ਕਰਨਾ ਸ਼ੁਰੂ ਕੀਤਾ ਸੀ। ਹੁਣ ਤੱਕ ਅਸੀਂ 25 ਸ਼ਾਰਟ ਫ਼ਿਲਮਾਂ ਰਿਲੀਜ਼ ਕਰ ਚੁੱਕੇ ਹਾਂ। ਜਲਦੀ ਹੀ ਅਸੀਂ ਇਕ `ਸ਼ਾਰਟ ਫ਼ਿਲਮ ਫੈਸਟੀਵਲ` ਵੀ ਕਰਨ ਦੀ ਯੋਜਨਾ ਬਣਾ ਰਹੇ ਹਾਂ, ਜਿਸ ਵਿਚ ਪੰਜਾਬ ਦੇ ਸਾਰੇ ਨਵੇਂ ਨਿਰਦੇਸ਼ਕਾਂ ਤੇ ਫ਼ਿਲਮ ਕਹਾਣੀਕਾਰਾਂ ਤੋਂ ਫ਼ਿਲਮਾਂ ਲੈ ਕੇ ਪ੍ਰਦਰਸ਼ਿਤ ਕਰਾਂਗੇ ਤੇ ਜਿਸ ਨਿਰਦੇਸ਼ਕ ਤੇ ਲੇਖਕ ਦੀ ਫ਼ਿਲਮ ਐਵਾਰਡ ਲੈਂਦੀ ਹੈ ਤਾਂ ਅਸੀਂ ਉਨ੍ਹਾਂ ਨੂੰ ਵਾਜਬ ਇਨਾਮ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਾਂਗੇ।
ਕੀ ਫੀਚਰ ਫ਼ਿਲਮ ਐਵਾਰਡ ਸਮਾਰੋਹ ਬਾਰੇ ਵੀ ਕੋਈ ਯੋਜਨਾ ਹੈ ?
ਨਹੀਂ, ਇਹੋ-ਜਿਹੇ ਐਵਾਰਡ ਸਮਾਰੋਹ ਤਾਂ ਪਹਿਲਾਂ ਹੀ ਬਥੇਰੇ ਹੋ ਰਹੇ ਹਨ।
ਪੰਜਾਬੀ ਸੰਗੀਤ ਖੇਤਰ ਵਿਚ `ਵਾਈਟ ਹਿੱਲ` ਦੀ ਕਾਰਗੁਜ਼ਾਰੀ ਬਾਰੇ ਦੱਸੋ ?
ਮਿਊਜ਼ਿਕ ਨੂੰ ਵੀ ਫ਼ਿਲਮਾਂ ਜਿੰਨੀ ਤਵੱਜੋਂ ਦਿੱਤੀ ਜਾ ਰਹੀ ਹੈ। ਤੁਸੀਂ ਵੇਖੋ ਨਵੰਬਰ 2016 ਵਿਚ `ਵਾਈਟ ਹਿੱਲ` ਨੇ ਮਿਊਜ਼ਿਕ ਖੇਤਰ ਵਿਚ ਪੈਰ ਰੱਖਿਆ ਸੀ ਤੇ ਸਾਡੇ 32 ਹਜ਼ਾਰ ਸਬਸਕਰਾਈਬਰਜ਼ ਸੀ ਯੂ ਟਿਊਬ `ਤੇ ਪਰ ਅੱਜ ਅਸੀਂ 35 ਲੱਖ ਕਰੌਸ ਕਰ ਚੁੱਕੇ ਹਾਂ। ਤਕਰੀਬਨ ਡੇਢ ਸਾਲ ਦੇ ਸਫ਼ਰ `ਚ ਅਸੀਂ ਵਧੀਆ ਮੁਕਾਮ ਬਣਾ ਲਿਆ ਹੈ ਤੇ ਸਾਡੀ ਇਕੱਲੀ ਕੰਪਨੀ ਹੈ ਜੋ ਨਵੇਂ ਗਾਇਕਾਂ ਨੂੰ ਇਕ ਵੱਡੇ ਪੱਧਰ `ਤੇ ਕਲਾ ਦੇ ਜੌਹਰ ਵਿਖਾਉਣ ਦਾ ਮੌਕਾ ਦੇ ਰਹੀ ਹੈ। ਅਸੀਂ 300 ਤੋਂ ਜ਼ਿਆਦਾ ਨਵਾਂ ਟੈਲੇਂਟ ਰਿਲੀਜ਼ ਕਰ ਚੁੱਕੇ ਹਾਂ। ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਮੈਂ ਮਿਊਜ਼ਿਕ ਖੇਤਰ ਵਿਚ ਕਹਿਣੀ ਨੂੰ ਕਰਨੀ ਵਿਚ ਤਬਦੀਲ ਕਰ ਕੇ ਵਿਖਾਇਆ ਹੈ। ਮੈਂ ਫ਼ਿਲਮਾਂ ਅਤੇ ਮਿਊਜ਼ਿਕ ਵਿਚ ਹਮੇਸ਼ਾ ਨਵੇਂ ਟੈਲੇਂਟ ਨੂੰ ਮੌਕਾ ਦੇਣ ਲਈ ਵਚਨਬੱਧ ਹਾਂ, ਕਿਉਂ ਕਿ ਕਦੇ ਮੈਂ ਵੀ ਨਵਾਂ ਸੀ। ਕਲਾ ਮੌਕਾ ਮਿਲਣ `ਤੇ ਨਿਖ਼ਰਦੀ ਹੈ। ਮੈਂ ਫੇਸਬੁੱਕ `ਤੇ ਵੀ ਹਮੇਸ਼ਾ ਨਵੇਂ ਟੈਲੇਂਟ ਦੀ ਭਾਲ ਵਿਚ ਰਹਿੰਦਾ ਹਾਂ।
ਪੰਜਾਬੀ ਫ਼ਿਲਮ ਨਿਰਮਾਤਾ ਹੋਣਾ ਇਕ ਬਹੁਤ ਵੱਡਾ ਖ਼ਤਰਾ ਹੈ। ਤੁਸੀਂ ਇਹ ਖਤਰਾ ਮੁੱਲ ਲੈ ਕੇ `ਡਰ ਦੇ ਅੱਗੇ ਜਿੱਤ` ਵਾਲੀ ਕਹਾਵਤ ਨੂੰ ਸਹੀ ਸਿੱਧ ਕਰ ਦਿੱਤਾ। ਇਸ ਕਮਯਾਬੀ ਦਾ ਰਾਜ਼ ?
ਵੇਖੋ ਮਿਹਨਤ ਤਾਂ ਹੁੰਦੀ ਹੀ ਹੁੰਦੀ ਹੈ ਪਰ ਸਭ ਤੋਂ ਜ਼ਿਆਦਾ ਯੋਗਦਾਨ ਹੁੰਦਾ ਮਾਪਿਆਂ ਤੋਂ ਮਿਲੀ ਹੱਲਾਸ਼ੇਰੀ ਤੇ ਉਨ੍ਹਾਂ ਦੀਆਂ ਅਸੀਸਾਂ ਦਾ। ਮੇਰੇ ਪਾਪਾ ਨੇ ਬਿਨਾ ਕੋਈ ਸਵਾਲ ਪੁੱਛੇ ਮੈਨੂੰ ਹਿੰਮਤ ਦਿੱਤੀ ਹੈ ਕਿ ਤੂੰ ਜੋ ਕਰਨਾ ਕਰ, ਮੈਂ ਤੇਰੇ ਨਾਲ ਹਾਂ। ਮੰਮੀ ਨੇ ਵੀ ਹਮੇਸ਼ਾ ਹੌਸਲਾ ਅਫ਼ਜ਼ਾਈ ਕੀਤੀ। ਇਸ ਤਰ੍ਹਾਂ ਮੇਰੇ ਮਾਂ-ਬਾਪ ਦਾ ਮੇਰੇ ਸਿਰ `ਤੇ ਜੋ ਹੱਥ ਹੈ, ਉਹ ਹੀ ਮੇਰੀ ਕਾਮਯਾਬੀ ਦਾ ਵੱਡਾ ਕਾਰਨ ਹੈ।
ਅੱਜ ਤੱਕ `ਵਾਈਟ ਹਿੱਲ ਤੋਂ ਕਿੰਨੀਆਂ ਫ਼ਿਲਮਾਂ ਆਈਆਂ ਤੇ ਤੁਹਾਡੇ ਦਿਲ ਦੇ ਨੇੜੇ ਕਿਹੜੀ ਫ਼ਿਲਮ ਹੈ, ਜਿਸ ਤੋਂ ਬਾਅਦ ਤੁਹਾਨੂੰ ਲੱਗਿਆ ਹੋਵੇ ਕਿ ਇਸ ਫ਼ਿਲਮ ਨੇ ਤੁਹਾਡੇ ਪੈਰ ਜਮਾਉਣ `ਚ ਅਹਿਮ ਯੋਗਦਾਨ ਪਾਇਆ ?
ਮੈਂ ਜੋ ਫ਼ਿਲਮਾਂ ਪੋ੍ਰਡਿਊਸ ਕੀਤੀਆਂ, ਉਨ੍ਹਾਂ ਵਿੱਚੋਂ ਕੁਝ ਉਹ ਵੀ ਨੇ, ਜੋ ਮੈਂ `ਵਾਈਟ ਹਿੱਲ` ਨਾਲ ਨਹੀਂ ਕੀਤੀਆਂ। ਉਹ ਮੈਂ ਪਹਿਲਾਂ ਦੱਸ ਦਿੰਨਾ ਜਿਵੇਂ ਕਿ `ਜੱਟ ਐਂਡ ਜੂਲੀਅਟ`, ਜਿਸ ਦਾ ਮੈਂ ਨਿਰਮਾਤਾ ਸੀ, ਫਿਰ `ਤੂੰ ਮੇਰਾ ਬਾਈ ਮੈਂ ਤੇਰਾ ਬਾਈ` ਇਹ ਫ਼ਿਲਮਾਂ ਮੈਂ `ਵਾਈਟ ਹਿੱਲ` ਤੋਂ ਇਲਾਵਾ ਇਕੱਲੇ ਨੇ ਕੀਤੀਆਂ। ਬਾਕੀ ਜੱਟ ਐਂਡ ਜੂਲੀਅਟ 2, ਬੈਸਟ ਆਫ ਲੱਕ, ਰੋਮੀਓ ਰਾਂਝਾ, ਸਰਦਾਰ ਜੀ 1, ਸਰਦਾਰ ਜੀ 2, ਪੰਜਾਬ 1984, ਚੰਨਾ ਮੇਰਿਆ, ਸਾਬ੍ਹ ਬਹਾਦਰ ਤੇ ਹੁਣ ਕੈਰੀ ਆਨ ਜੱਟਾ 2, ਤੇ ਮੇਰੇ ਦਿਲ ਦੇ ਸਭ ਤੋਂ ਨੇੜੇ `ਪੰਜਾਬ 1984` ਹੀ ਹੈ। ਇਸ ਫ਼ਿਲਮ ਲਈ `ਨੈਸ਼ਨਲ ਐਵਾਰਡ` ਵੀ ਮਿਲਿਆ।`ਪੰਜਾਬ 1984` ਉਹ ਫ਼ਿਲਮ ਸੀ ਜੋ ਮੈਂ ਉਸ ਸਮੇਂ ਕੀਤੀ, ਜਦੋਂ ਮੈਨੂੰ ਮੇਰੀ ਆਪਣੀ ਪਛਾਣ ਬਣਾਉਣ ਲਈ ਇਕ ਚੰਗੀ ਫ਼ਿਲਮ ਚਾਹੀਦੀ ਸੀ। ਅਨੁਰਾਗ ਭਾਅ ਜੀ, ਜਿਨ੍ਹਾਂ ਦੀ ਮੈਂ ਬਹੁਤ ਇੱਜ਼ਤ ਕਰਦਾ ਹਾਂ, ਉਨ੍ਹਾਂ ਨਾਲ ਮੇਰੀ ਗੱਲ ਹੋਈ ਤੇ ਉਨ੍ਹਾਂ ਨੇ ਮੈਨੂੰ ਇਸ ਫ਼ਿਲਮ ਦੇ ਸਬਜੈਕਟ ਬਾਰੇ ਦੱਸਿਆ। ਮੈਨੂੰ ਇਸ ਫ਼ਿਲਮ ਦਾ ਵਿਸ਼ਾ ਬਹੁਤ ਹੀ ਅਲੱਗ ਤੇ ਮਾਂ-ਪੁੱਤ ਦੀਆਂ ਭਾਵਨਾਵਾਂ `ਚ ਲਬਰੇਜ਼, ਇਕ ਵੱਖਰਾ ਵਿਸ਼ਾ ਲੱਗਿਆ ਤੇ ਮੈਂ ਇਸ ਫ਼ਿਲਮ ਲਈ ਹਾਂ ਕਰ ਦਿੱਤੀ। ਇਹ ਫ਼ਿਲਮ ਵਾਕਿਆ ਹੀ ਮੇਰੇ ਲਈ ਮੀਲ ਪੱਥਰ ਸਾਬਤ ਹੋਈ ਤੇ ਇਸ ਲਈ ਇਹ ਮੇਰੇ ਦਿਲ ਦੇ ਬਹੁਤ ਨੇੜੇ ਹੈ।
ਹੁਣ ਗੱਲ ਕਰਦੇ ਹਾਂ ਤੁਹਾਡੀ 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ `ਕੈਰੀ ਆਨ ਜੱਟਾ 2` ਬਾਰੇ। ਤੁਸੀਂ ਸਾਨੂੰ ਇਸਦੇ ਵਿਸ਼ੇ, ਸਟਾਰਕਾਸਟ, ਮਿਊਜ਼ਿਕ ਤੇ ਟੈਕਨੀਕਲ ਟੀਮ ਬਾਰੇ ਦੱਸੋ ? ਕਿੰਨੀਆਂ ਸਕ੍ਰੀਨਜ਼ ਤੇ ਪਰਦਾਪੇਸ਼ ਹੋ ਰਹੀ ਹੈ ਇਹ ਫ਼ਿਲਮ ?
ਵੇਖੋ, ਇਸ ਦੀਆਂ ਘੱਟ ਤੋਂ ਘੱਟ 500 ਤੋਂ ਉੱਪਰ ਸਕ੍ਰੀਨਜ਼ ਹੋਣਗੀਆਂ। ਘੱਟੋ-ਘੱਟ 1300 ਤੋਂ 1400 ਸ਼ੋਅ ਹੋਣਗੇ। ਇਹ ਸਾਡੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਲੀਜ਼ Carry on jatta 2 (1st Poster)ਹੋਵੇਗੀ। ਕਿਉਂ ਕਿ ਇਹ ਸਭ ਤੋਂ ਵੱਡੀ ਫ਼ਿਲਮ ਸਟਾਰਕਾਸਟਿੰਗ ਵੱਲੋਂ ਵੀ ਹੈ। ਏਡੀ ਵੱਡੀ ਸਟਾਰਕਾਸਟਿੰਗ ਇਕੱਠੀ ਆਉਣੀ ਆਪਣੇ ਆਪ `ਚ ਇਕ ਪ੍ਰਾਪਤੀ ਹੈ ਇਸ ਫ਼ਿਲਮ ਦੀ। ਇਸ ਵਿਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਉਪਾਸਨਾ ਸਿੰਘ, ਸੋਨਮ ਬਾਜਵਾ, ਜਸਵਿੰਦਰ ਭੱਲਾ ਅਤੇ ਕਰਮਜੀਤ ਅਨਮੋਲ ਵਰਗੇ ਵੱਡੇ ਕਲਾਕਾਰਾਂ ਨੇ ਕੰਮ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਿੰਨੀ ਵੱਡੀ ਇਹ ਫ਼ਿਲਮ ਹੈ, ਉਨੀ ਵੱਡੀ ਹਿੱਟ ਵੀ ਸਾਬਤ ਹੋਵੇਗੀ। ਜਦੋਂ ਅਸੀਂ ਗਿੱਪੀ ਨਾਲ `ਮੰਜੇ ਬਿਸਤਰੇ` ਨੂੰ ਲੈ ਕੇ ਇਕੱਠੇ ਕੰਮ ਕੀਤਾ ਸੀ ਤਾਂ ਉਦੋਂ ਹੀ `ਕੈਰੀ ਆਨ ਜੱਟਾ 2` ਬਾਰੇ ਗੱਲ ਸ਼ੁਰੂ ਹੋ ਗਈ ਸੀ ਪਰ ਕੁਝ ਕਾਰਨਾਂ ਕਰਕੇ ਇਹ ਪੋ੍ਰਜੈਕਟ ਥਰੋ ਨਹੀਂ ਹੋ ਰਿਹਾ ਸੀ। ਸੋ ਅਸੀਂ ਵਿਚ ਪੈ ਕੇ, ਨਿੱਕੀਆਂ-ਮੋਟੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਇਸ ਪੋ੍ਰਜੈਕਟ ਨੂੰ ਪੂਰਾ ਕੀਤਾ। ਇਹ ਫੁੱਲ ਆਫ ਲਾਫਟਰ ਫ਼ਿਲਮ ਹੈ ਜਿਸ ਨੂੰ ਲਾਫਟਰ ਦੇ ਮਾਸਟਰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਗਾਣੇ ਵੀ ਵੱਡੇ ਹਨ, ਸੰਗੀਤ ਜੱਸੀ ਕਟਿਆਲ ਦਾ ਹੈ। ਇਕ ਗਾਣਾ ਸੁੱਖੀ ਦਾ ਤੇ ਇਕ ਗੁਰਮੀਤ ਸਿੰਘ ਦਾ ਹੈ। ਗਾਣੇ ਲਿਖੇ ਹਨ ਹੈਪੀ ਰਾਏਕੋਟੀ ਨੇ ਤੇ ਇਕ ਗਾਣਾ ਜਾਨੀ ਨੇ ਵੀ ਲਿਖਿਆ ਹੈ।

WhatsApp Image 2018-05-21 at 12.31.59 (1)
ਪੰਜਾਬੀ ਸਕਰੀਨ ਬਾਰੇ ਕੀ ਕਹੋਗੇ ? ਕੋਈ ਸੁਨੇਹਾ ਪਾਠਕਾਂ ਲਈ ?
ਪੰਜਾਬੀ ਸਕਰੀਨ ਬਹੁਤ ਵਧੀਆ ਕੰਮ ਕਰ ਰਿਹਾ ਹੈ। ਇਕ ਵਧੀਆ ਪਲੇਟਫਾਰਮ ਹੈ ਇੰਡਸਟਰੀ ਨਾਲ ਜੁੜੇ ਲੋਕਾਂ ਲਈ ਅਤੇ ਪੰਜਾਬੀ ਸਕਰੀਨ ਦੀ ਰਿਲੇਸ਼ਨਸ਼ਿਪ ਬਹੁਤ ਵਧੀਆ ਹੈ।ਬਾਕੀ ਸੁਨੇਹਾ (ਥੋੜ੍ਹਾ ਹੱਸਦੇ ਹੋਏ) ਇਹ ਹੀ ਹੈ ਕਿ ਅਸੀਂ ਬਹੁਤ ਮਿਹਨਤ ਨਾਲ ਫ਼ਿਲਮ ਬਣਾਉਂਦੇ ਹਾਂ। ਠੀਕ ਹੈ, ਤੇ ਕਈ ਵਾਰ ਲੋਕ ਫੋਨ ਕਰਦੇ ਆ ਕਿ ਅਸੀਂ ਬੱਸ ਵਿਚ ਫ਼ਿਲਮ ਵੇਖੀ ਜਾਂ ਅਸੀਂ ਡਾਊਨਲੋਡ ਕਰਕੇ ਵੇਖੀ। ਫ਼ਿਲਮ ਬਹੁਤ ਸੋਹਣੀ ਸੀ ਮੁਬਾਰਕ ਹੋਵੇ। ਹੁਣ ਇੱਥੇ ਇਹ ਸਮਝ ਨਹੀਂ ਆਉਂਦੀ ਕਿ ਬੰਦਾ ਮੁਬਾਰਕਾਂ ਲਵੇ ਜਾਂ ਕੀ ਕਹੇ ? ਇਸ ਲਈ ਦਰਸ਼ਕਾਂ ਨੂੰ ਇਹੀ ਅਪੀਲ ਹੈ ਕਿ ਫ਼ਿਲਮ `ਤੇ ਬਹੁਤ ਪੈਸਾ ਖਰਚ ਆਉਂਦਾ, ਫ਼ਿਲਮ ਹਮੇਸ਼ਾ ਥੀਏਟਰ `ਚ ਹੀ ਵੇਖੋ। ਪੰਜਾਬੀ ਸਿਨੇਮਾ ਤੇ ਨਿਰਮਾਤਾ ਨੂੰ ਸਪੋਰਟ ਕਰੋ। ਜਿਹੜੀ ਚੀਜ਼ ਵੇਖਣੀ ਜਾਂ ਸੁਣਨੀ ਹੈ ਹਮੇਸ਼ਾ ਅਸਲੀ ਹੀ ਵੇਖੋ ਤੇ ਸੁਣੋ। ਪਾਇਰੇਸੀ ਨੂੰ ਨਕਾਰੋ ਤਾਂ ਕਿ ਕੰਪਨੀਆਂ ਦਾ ਹੋਰ ਵਧੀਆ ਤੋਂ ਵਧੀਆ ਫ਼ਿਲਮਾਂ ਬਣਾਉਣ ਲਈ ਹਿੰਮਤ ਹੌਸਲਾ ਦੁੱਗਣਾ ਹੋ ਜਾਵੇ।
ਤੁਹਾਡੀ ਫ਼ਿਲਮ `ਕੈਰੀ ਆਨ ਜੱਟਾ 2` ਲਈ ਪੰਜਾਬੀ ਸਕਰੀਨ ਤੇ ਮੇਰੇ ਵੱਲੋਂ ਸ਼ੁੱਭ ਕਾਮਨਾਵਾਂ। ਸਤਿ ਸ਼੍ਰੀ ਅਕਾਲ।
ਸ਼ੁਕਰੀਆ ਜੀ । ਸਤਿ ਸ਼੍ਰੀ ਅਕਾਲ।

– ਦੀਪ ਗਿੱਲ।

Comments & Suggestions

Comments & Suggestions