ਫ਼ਿਲਮ ਸਮੀਖਿਆ / Film Review: ਪੰਜਾਬੀ ਦਰਸ਼ਕਾਂ ਲਈ ਬਹੁਤ ਹੀ ਫਜ਼ੂਲ ਕਿਸਮ ਦੀ ਫ਼ਿਲਮ ਹੈ “ਮਰਜਾਣੇ” 🎞🎞🎞🎞🎞🎞🎞🎞

By  |  0 Comments

ਮੰਨਿਆ ਕਿ ਡਾਰਕ ਸਿਨੇਮਾ ਵੀ ਸਾਡੇ ਭਾਰਤੀ ਸਿਨੇਮਾ ਦਾ ਹਿੱਸਾ ਹੈ ਅਤੇ ਇਸ ਵਿਚ ਵੀ ਬਹੁਤ ਰਚਨਾਤਮਕਤਾ ਕਰਨ-ਵਿਖਾਉਣ ਲਈ ਹੈ ਫਿਲਮ ਮੇਕਰਾਂ ਕੋਲ ਪਰ ਇਹ ਜ਼ਰੂਰੀ ਨਹੀਂ ਕਿ ਇਹੋ ਜਿਹੀਆਂ ਫ਼ਿਲਮਾਂ ਹਰ ਖੇਤਰ ਦੇ ਸਿਨੇਮਾ ਦਾ ਹਿੱਸਾ ਹੋਣ ।
ਬਾਕੀ ਫਿਰ ਵੀ ਜੇ ਅਜਿਹੀ ਫਿਲਮ ਬਨਾਉਣੀ ਹੀ ਹੈ ਤਾਂ, ਜਿਹਨਾਂ ਦੇ ਪਿੱਛੇ ਲੱਗ ਕੇ ਅਸੀਂ ਅਜਿਹੀਆਂ ਫ਼ਿਲਮਾਂ ਬਨਾਉਣ ਦਾ ਰਾਹ ਚੁਣਿਆ ਉਹਨਾਂ ਵਰਗੀਆਂ ਮਜਬੂਤ ਕਹਾਣੀਆਂ ਅਤੇ ਸੰਵਾਦ-ਪਟਕਥਾਵਾਂ ਦੀ ਰਚਨਾ ਵੀ ਹੋਣੀ ਚਾਹੀਦੀ ਹੈ ਅਤੇ ਓਹੋ ਜਿਹੇ ਦਮਦਾਰ ਕਲਾਕਾਰ ਚਿਹਰੇ ਵੀ ਪੇਸ਼ ਕੀਤੇ ਜਾਣੇ ਚਾਹੀਦੇ ਹਨ,ਇਹ ਨਹੀਂ ਕਿ ਫੜਿਆ ਥੋੜੀ-ਬਹੁਤੀ ਫੈਨਫੋਲਿੰਗ ਵਾਲਾ ਕੋਈ ਵੀ ਪੰਜਾਬੀ ਗਾਇਕ ਜਾਂ ਹੋਰ ਕੋਈ ਸ਼ੌਕੀਨ, ਜੋ ਅਜਿਹੇ ਸਿਨੇਮਾ ਵਾਲੀ ਅਦਾਕਾਰੀ ਦੇ ਨੇੜੇ ਵੀ ਨਾ ਹੋਵੇ ਤੇ ਉਹਨੂੰ ਹੀਰੋ ਲੈ ਕੇ ਫ਼ਿਲਮ ਸ਼ੁਰੂ ਕਰ ਦਿਓ।
ਬਾਲੀਵੁੱਡ ਵਿਚ ਅਜਿਹੇ ਸਮਝੌਤਿਆਂ ਦੀ ਕੋਈ ਜਗਾ ਨਹੀਂ ਜਿਸ ਦੇ ਮਗਰ ਲੱਗਣ ਦੀ ਮੈ ਗੱਲ ਕਰ ਰਿਹਾ ਹਾਂ।
ਹੁਣ ਜੇ ਗੱਲ ਫਿਲਮ ਮਰਜਾਣੇ ਦੀ ਕਰੀਏ ਤਾਂ ਇਸ ਦਾ ਲੇਖਕ-ਨਿਰਦੇਸ਼ਕ ਅਮਰਦੀਪ ਗਿੱਲ ਜੋ ਕੇ ਇਸੇ ਤਰਾਂ ਦੇ ਸਿਨੇਮਾ ਨੂੰ ਹੀ ਪੰਜਾਬ ਵਿਚ ਐਸਟੈਬਲਿਸ਼ ਕਰਨ ਦੇ ਚੱਕਰ ਵਿਚ ਲਗਾਤਾਰ ਤਿੰਨ ਫ਼ਿਲਮਾਂ ਬਣਾ ਚੁੱਕਾ ਹੈ, ਪਰ ਬਾਵਜੂਦ ਇਸਦੇ ਉਹ ਦਰਸ਼ਕਾਂ ਦੀਆਂ ਨਜ਼ਰਾਂ ਵਿਚ ਅਜਿਹੇ ਸਿਨੇਮਾ ਦਾ ਰਾਹ ਪੱਧਰਾਂ ਕਰਨ ਵਿਚ ਸਫਲ ਨਹੀਂ ਹੋ ਸਕਿਆ।
ਇਕ ਗੱਲ ਜ਼ਰੂਰ ਹੈ ਜੋਕਿ ਮੈਂ ਉਸ ਦੀ ਪਹਿਲੀ ਫ਼ਿਲਮ “ਜ਼ੋਰਾ” ਦੀ ਸਮੀਖਿਆ ਵੇਲੇ ਵੀ ਕਹੀ ਸੀ ਕਿ ਫ਼ਿਲਮ ਭਾਵੇਂ ਨਹੀਂ ਚੱਲੀ ਪਰ ਉਸ ਨੂੰ ਬਤੌਰ ਨਿਰਦੇਸ਼ਕ ਫ਼ਿਲਮ ਬਨਾਉਣੀ ਜ਼ਰੂਰ ਆ ਗਈ ਹੈ ਅਤੇ ਇਸ ਫ਼ਿਲਮ ਵਿਚ ਵੀ ਉਸਦੇ ਰਚਨਾਤਮਕ ਦ੍ਰਿਸ਼ ਨਜ਼ਰ ਆਉਂਦੇ ਹਨ।


ਪਰ ਫਿਲਮ ਦੀ ਅਸਲ ਖੂਬਸੂਰਤੀ ਤਾਂ ਫ਼ਿਲਮ ਦੇ ਸਬਜੈਕਟ ਤੇ ਅਧਾਰਤ ਹੈ ਜੋ ਆਮ ਪੰਜਾਬੀ ਦਰਸ਼ਕਾਂ ਦੇ ਸਮਝ/ਪਸੰਦ ਆਉਣ ਅਤੇ ਪੰਜਾਬੀ ਖੇਤਰ ਮੁਤਾਬਕ ਢੁਕਵੀਂ ਹੋਵੇ ਪਰ ਅਫਸੋਸ ਕਿ ਅਜੇ ਤੱਕ ਨਿਰਦੇਸ਼ ਆਪਣੀਆਂ ਤਿੰਨਾ ਫ਼ਿਲਮਾਂ “ਜ਼ੋਰਾ 1-2” ਅਤੇ “ਮਰਜਾਣੇ” ਰਾਹੀਂ ਅਜਿਹਾ ਕਰਨ ਵਿਚ ਸਫਲ ਨਹੀਂ ਹੋ ਸਕਿਆ। ਸੋ ਨਿਰਦੇਸ਼ਕ ਨੂੰ ਸਲਾਹ ਹੈ ਕਿ ਪੰਜਾਬੀ ਸਿਨੇਮਾ ਵਿਚ ਚੰਗੇ ਲੇਖਕਾਂ-ਨਿਰਦੇਸ਼ਕਾਂ ਦੀ ਘਾਟ ਨੂੰ ਪੂਰਾ ਕਰਨ ਦੀ ਤੁਹਾਡੇ ਵਿਚ ਸਮਰੱਥਾ ਹੈ , ਸੋ ਤੁਸੀ ਪੈਰਲਰ/ ਰਿਅਲਿਸਟਿਕ/ਆਰਟ ਜਾਂ ਕਮਰਸ਼ੀਅਲ ਜਾਂ ਹੋਰ ਕਿਸੇ ਵੀ ਮੂਡ ਦੇ ਪੰਜਾਬੀ ਸਿਨੇਮੇ ਵੱਲ ਰੁਖ ਕਰ ਕੇ ਨਵਾਂ ਤਜ਼ੁਰਬਾ ਕਰੋ,ਜ਼ਰੂਰ ਕਾਮਯਾਬ ਹੋਵੋਗੇ।
ਕੁਝ ਗੱਲਾਂ ਹੋਰ ਫ਼ਿਲਮ ਮਰਜਾਣੇ ਦੀਆਂ ਤਾਂ, ਨਾ ਤਾਂ ਇਸ ਫ਼ਿਲਮ ਦੀ ਕੋਈ ਮਜਬੂਤ ਕਹਾਣੀ ਹੈ ਅਤੇ ਨਾ ਹੀ ਇਸ ਵਿਚ ਅਮਰਦੀਪ ਗਿੱਲ ਦੀਆਂ ਪਹਿਲੀਆਂ ਫ਼ਿਲਮਾਂ ਨਾਲੋ ਕੁਝ ਵੱਖਰਾ ਹੈ, ਜੋਕਿ ਵੇਖਣਾ ਰਹਿ ਗਿਆ ਹੋਵੇ।
ਭਾਵੇਂ ਕਿ ਇਸ ਫ਼ਿਲਮ ਵਿਚਲੇ ਕੁਝ ਕਲਾਕਾਰ ਕਾਫੀ ਪੁਰਾਣੇ ਅਤੇ ਨਿਪੁੰਨ ਵੀ ਲਏ ਗਏ ਹਨ ਅਤੇ ਕੁਝ ਨਵੇਂ ਚਿਹਰੇ ਵੀ ਦਿਖਾਈ ਦਿੱਤੇ ਜਿੰਨ੍ਹਾਂ ਦੀ ਕਲਾਕਾਰੀ ਵਿਚ ਵੀ ਦਮ ਨਜ਼ਰ ਆਇਆ ਪਰ ਫ਼ਿਲਮ ਵਿਚਲੇ ਕਲਾਕਾਰ ਆਪਣੀ ਕੋਈ ਵੱਖਰੀ ਛਾਪ ਨਹੀਂ ਛੱਡ ਸਕੇ, ਜਿਸਦੀ ਕਿ ਉਦਹਾਰਣ ਦਿੱਤੀ ਜਾ ਸਕੇ।
ਕੁੱਲ ਸਿੱਧੂ ਦੀ ਅਦਾਕਾਰੀ ਤਾਂ ਵਧੀਆ ਹੈ ਹੀ ਅਤੇ ਇਸ ਫ਼ਿਲਮ ਵਿਚ ਗੈਟਅੱਪ ਵੀ ਪ੍ਰਭਾਵਸ਼ਾਲੀ ਸੀ ਪਰ ਇਹ ਆਪਣੇ ਕਿਰਦਾਰ ਮੁਤਾਬਕ ਨਿਭਾਈ ਬੋਲ-ਸ਼ੈਲੀ ਤੋਂ ਫਿੱਕੀ ਪੈ ਗਈ।ਇਸ ਨੂੰ ਇਸ ਕਿਰਦਾਰ ਵਿਚ ਹੋਰ ਖੁੱਬਣ ਦੀ ਲੋੜ ਸੀ।
ਆਸ਼ੀਸ਼ ਦੁੱਗਲ ਅਤੇ ਤਰਸੇਮਪਾਲ ਸਮੇਤ ਬਾਕੀ ਫ਼ਿਲਮ ਕਲਾਕਾਰ ਵੀ ਆਪਣੀ ਰਵਾਇਤਨ ਅਦਾਕਾਰੀ ਹੀ ਕਰਦੇ ਨਜ਼ਰ ਆਏ, ਜਦਕਿ ਕਿ ਅਹਿਜੀਆਂ ਫ਼ਿਲਮਾਂ ਵਿਚ ਥੋੜੀ ਵਿਲੱਖਣਤਾ ਵੀ ਚਾਹੀਦੀ ਹੈ, ਜੋ ਕਿ ਕਿਰਦਾਰਾਂ ਨੂੰ ਖੜੇ ਕਰਨ ਲਈ ਲੇਖਕ-ਨਿਰਦੇਸ਼ਕ ਦੇ ਹੱਥ ਵੀ ਹੁੰਦਾ ਹੈ ਕਿ ਕਿਰਦਾਰ ਕਿਹੋ ਜਿਹੇ ਘੜੇ ਅਤੇ ਕਿਹੋ ਜਿਹੀ ਦਿਖ ਨਾਲ ਪੇਸ਼ ਕੀਤੇ ਜਾਣ ਕੇ ਚੇਤੇ ਰਹਿਣ।
ਵੈਸੇ ਇਸ ਫ਼ਿਲਮ ਵਿਚ ਅਜਿਹੀ ਕੋਸ਼ਿਸ ਕੀਤੀ ਜ਼ਰੂਰ ਗਈ ਹੈ। ਪਹਿਲਾ ਕੁਲ ਸਿੱਧੂ ਵੱਖਰਾ ਰੂਪ ਜਿਸ ਦੀ ਗੱਲ ਉਪਰ ਹੋ ਚੁੱਕੀ ਹੈ ਤੋਂ ਇਲਾਵਾ ਸੋਨਪ੍ਰੀਤ ਜਵੰਦਾ ਦੀ ਦਿੱਖ, ਜੋ ਕਿ ਪੁਲਸ ਅਫਸਰ ਦੇ ਰੂਪ ਵਿਚ ਵਧੀਆ ਵੀ ਲੱਗੀ , ਵੈਸੇ ਉਹ ਵੀ ਇਕ ਵਧੀਆ ਅਦਾਕਾਰ ਹੈ ਪਰ ਉਹਦਾ ਜੋ ਕਿਰਦਾਰ ਉਭਰ ਕੇ ਸਾਹਮਣੇ ਆਉਣਾ ਚਾਹੀਦਾ ਸੀ ਉਹ ਨਹੀਂ ਆ ਸਕਿਆ।

ਬਾਕੀ ਪੁਰਾਣੇ ਮੰਝੇ ਹੋਏ ਕਲਾਕਾਰਾਂ ਨੂੰ ਛੱਡ ਕੇ ਬਾਕੀ ਸਾਰਿਆਂ ਚੋਂ ਜੇ ਸਭ ਤੋ ਸੁਭਾਵਿਕ ਅਤੇ ਵਧੀਆ ਅਦਾਕਾਰੀ ਦਾ ਪ੍ਰਦਰਸ਼ਨ ਕਰਨ ਵਾਲਾ ਮੈਨੂੰ ਕੋਈ ਲੱਗਾ ਤਾਂ ਉਹ ਪੁਲਸ ਇੰਸਪੈਕਟਰ ਰਣਜੀਤ ਦੇ ਕਿਰਦਾਰ ਵਾਲਾ ਅਦਾਕਾਰ ਪ੍ਰੀਤ ਭੁੱਲਰ ਹੈ ਜੋ ਇਸ ਫ਼ਿਲਮ ਵਿਚ ਕੇਸਰ ਬਾਈ (ਕੁਲ ਸਿੱਧੂ)ਦਾ ਪ੍ਰੇਮੀ ਦਿਖਾਇਆ ਗਿਆ ਹੈ।

ਗੱਲ ਜੇ ਫ਼ਿਲਮ ਦੇ ਹੀਰੋ ਦੀ ਕਰੀਏ ਤਾਂ ਫਿਲਮ ਮੇਕਰਾਂ ਨੂੰ ਪਹਿਲਾਂ ਹੀਰੋ ਦੀ ਪ੍ਰਰਿਭਾਸ਼ਾ ਸਮਝਣ ਦੀ ਵੀ ਲੋੜ ਹੈ ਅਤੇ ਇਸੇ ਕਾਰਨ ਅਸੀਂ ਇਕ ਨਹੀਂ ਕਈ ਫ਼ਿਲਮਾਂ ਵਿਚ ਮਾਰ ਵੀ ਖਾਦੀ ਹੈ,ਜਿਸ ਦੀ ਇਕ ਹੋਰ ਤਾਜ਼ਾ ਮਿਸਾਲ ਹੁਣੇ ਜਿਹੇ ਗਾਇਕ ਸਿੰਗੇ ਨੂੰ ਲੈ ਕੇ ਬਣੀ ਤੇ ਫਲਾਪ ਰਹੀ ਫਿਲਮ “ਕਦੇ ਹਾਂ ਕਦੇ ਨਾਂ” ਵੀ ਹੈ
ਖੈਰ ❗ਸਿੱਪੀ ਗਿੱਲ ਦੀ ਗਾਇਕੀ ਨੂੰ ਤਾਂ ਵਧੀਆ ਮੰਨਿਆ ਜਾ ਸਕਦਾ ਹੈ ਪਰ ਇਸ ਫ਼ਿਲਮ ਵਿਚ ਹੀਰੋ ਦੇ ਕਿਰਦਾਰ ਲਈ ਇਹ ਮਿਸ ਫਿੱਟ ਨਜ਼ਰ ਆਇਆ, ਵੈਸੇ ਵੀ ਫ਼ਿਲਮ ਵਿਚਲੇ ਕਿਰਦਾਰ ਵਿਚ ਹੀਰੋਗਿਰੀ ਨਾਲੋ ਵੱਧ ਵਿਲਨਗਿਰੀ ਜ਼ਿਆਦਾ ਝਲਕਦੀ ਹੈ ਅਤੇ ਉਸ ਲਈ ਵੀ ਮੰਝੀ ਹੋਈ ਅਦਾਕਾਰੀ ਦੀ ਲੋੜ ਸੀ ਜੋਕਿ ਸਿੱਪੀ ਗਿੱਲ ਨਹੀਂ ਪੂਰੀ ਕਰ ਸਕਿਆ ਅਤੇ ਇਹ ਗੱਲ ਸ਼ਾਇਦ ਨਿਰਦੇਸ਼ਕ ਨੂੰ ਵੀ ਪਤਾ ਹੋਵੇਗੀ।
ਫ਼ਿਲਮ ਦੀ ਹੀਰੋਇਨ ਪ੍ਰੀਤ ਕਮਲ ਜੱਚੀ ਤਾਂ ਜ਼ਰੂਰ ਪਰ ਉਸ ਦੇ ਕਰਨ ਲਈ ਕੁਝ ਖਾਸ ਨਹੀਂ ਸੀ,ਉਹ ਰਵਾਇਤਨ ਇਕ ਮਰਦ ਪ੍ਰਧਾਨ ਫਿਲਮ ਦਾ ਹਿੱਸਾ ਹੀ ਹੈ। ਫ਼ਿਲਮ ਦੇ ਗਾਣੇ ਸਾਰੇ ਆਪੋ ਆਪਣੀ ਜਗਾ ਸਿਚੂਏਸ਼ਨਾਂ ਮੁਤਾਬਕ ਵਧੀਆ ਹਨ ਅਤੇ ਬੈਕਰਾਊਂਡ ਸਕੋਰ ਵੀ ਢੁਕਵਾਂ ਲੱਗਾ।
ਅਜਿਹੀ ਬੇਵਜਾ ਮਾਰਧਾੜ ਵਾਲੀ ਫ਼ਿਲਮ ਦੀ ਇਕ ਖੂਬੀ ਰਹੀ ਕਿ ਇਸ ਦੇ ਕਲਾਕਾਰਾ ਦੇ ਮੂੰਹੋਂ ਗੰਦ ਨਹੀਂ ਕਢਵਾਇਆ ਗਿਆ। ਜੋ ਕਿ ਅਕਸਰ ਵੇਖਣ ਨੂੰ ਮਿਲ ਰਿਹਾ ਹੈ।
ਆਖਰ ਗੱਲ ਕਿ ਜ਼ੋਰਾ 1-2, ਵਾਰਨਿੰਗ, ਕਾਕਾ ਪ੍ਰਧਾਨ ਜਾਂ ਮਰਜਾਣੇ ਵਰਗੀਆਂ ਅਤੇ ਕੁਝ ਹੋਰ ਵੀ , ਡਾਰਕ ਜਾਂ ਗਰੇਅ ਸ਼ੇਡ ਸਿਨੇਮਾ ਦੀਆਂ ਫ਼ਿਲਮਾਂ ਤਾਂ ਜ਼ਰੂਰ ਹਨ ਪਰ ਪੰਜਾਬੀ ਸਿਨੇਮਾ ਅਤੇ ਦਰਸ਼ਕਾਂ ਦੀ ਨਬਜ਼ ਮੁਤਾਬਕ ਢੁਕਵੀਆਂ ਨਹੀਂ ਹਨ ,ਪਰਦੇ ਦੇ ਪਿੱਛੇ ਭਾਂਵੇ ਪੰਜਾਬ ਵਿਚ ਕੁਝ ਵੀ ਚਲਦਾ ਹੋਵੇ ਪਰ ਸ਼ਰੇਆਮ ਖੂਨ-ਖਰਾਬੇ ਵਾਲੀ ਹਨੇਰਗਰਦੀ ਤੋਂ ਪੰਜਾਬ ਅਜੇ ਬਚਿਆ ਹੈ। ਕੁਝ ਨਿੱਜੀ ਲਾਲਚਾਂ ਕਰ ਕੇ ਅਜਿਹਾ ਵਿਖਾਉਂਦੇ ਹੋਏ ਅਸੀ ਆਪਣੇ ਹੀ ਘਰ ਨੂੰ ਬਦਨਾਮ ਕਰਨ ਤੇ ਤੁਲੇ ਹਾਂ। ਇਹੋ ਜਿਹੀਆਂ ਫਿਲਮਾਂ ਸਿਰਫ ਕੁਝ ਨੌਜਵਾਨਾਂ ਦੀ ਪਸੰਦ ਹੋ ਸਕਦੀਆਂ ਹਨ ਅਤੇ ਕਿਤੇ ਨਾ ਕਿਤੇ ਉਹਨਾਂ ਨੂੰ ਹੀ ਕੁਰਾਹੇ ਪਾ ਵੀ ਰਹੀਆਂ ਹਨ। ਡਰ ਹੈ ਕਿ ਅਜਿਹੀਆਂ ਹਨੇਰੀਆਂ ਫ਼ਿਲਮਾਂ ਦੇ ਚਾਅ ਵਿਚ ਕਿਤੇ ਅਸੀਂ ਪੰਜਾਬੀ ਸਿਨੇਮਾ ਨੂੰ ਹੀ ਹਨੇਰੇ ਵੱਲ ਨਾ ਧਕੇਲ ਦਈਏ ।
ਆਖਰੀ ਗੱਲ ਕਿ ਫਿਲਮ “ਮਰਜਾਣੇ” ਨੂੰ ਬਨਾਉਣ ਵਾਲੇ ਅਤੇ ਵੇਖਣ ਵਾਲੇ ਇਕ ਵਾਰ ਜ਼ਰੂਰ ਸੋਚਣ ਕਿ ਇਸ ਫ਼ਿਲਮ ਨੇ ਪੰਜਾਬੀ ਸਮਾਜ ਨੂੰ ਕੀ ਸੰਦੇਸ਼ ਦਿੱਤਾ ਹੈ ⁉️ -ਦਲਜੀਤ-ਪੰਜਾਬੀ ਸਕਰੀਨ

Comments & Suggestions

Comments & Suggestions