Articles

ਪੰਜਾਬੀ ਮਸਖ਼ਰੇ ਨਹੀਂ ਸੂਰਮੇ ਹਨ -ਦਲਜੀਤ ਕਲਸੀ

Written by admin

ਜੀ ਹਾਂ, ਉਪਰੋਕਤ ਵਿਚਾਰ ਹਨ `ਜੱਗਾ ਜਿਊਂਦਾ ਏ` ਫ਼ਿਲਮ ਦੇ ਹੀਰੋ ਦਲਜੀਤ ਕਲਸੀ ਜੀ ਦੇੇ। ਸੰਘਰਸ਼ ਦੀ ਤਪਦੀ ਮਿਹਨਤ ਰੂਪੀ ਭੱਠੀ `ਚ ਤੱਪ ਕੇ, ਅੱਜ ਉਹ ਆਪਣੀ ਮੰਜ਼ਿਲ ਵੱਲ ਬੇਰੋਕ ਵੱਧ ਰਿਹਾ ਹੈ। 3 ਅਗਸਤ ਨੂੰ ਆ ਰਹੀ ਆਪਣੀ ਫ਼ਿਲਮ `ਜੱਗਾ ਜਿਊਂਦਾ ਏ` ਦੀ ਪ੍ਰੈੱਸ ਮਿਲਣੀ ਦੌਰਾਨ ਦਲਜੀਤ ਕਲਸੀ ਨਾਲ ਹੋਈ ਮੇਰੀ, ਯਾਨੀ ਦੀਪ ਗਿੱਲ ਦੀ ਸੰਖੇਪ ਮੁਲਾਕਾਤ ਦੇ ਕੁਝ ਰੌਚਕ ਅੰਸ਼ ਤੁਹਾਡੇ ਨਾਲ ਸਾਂਝੇ ਕਰ ਰਹੀ ਹਾਂ।

ਅਦਾਰਾ `ਪੰਜਾਬੀ ਸਕਰੀਨ` ਤੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦਲਜੀਤ ਜੀ।
ਮੇਰੇ ਵੱਲੋਂ ਵੀ ਤੁਹਾਨੂੰ ਤੇ ਅਦਾਰਾ `ਪੰਜਾਬੀ ਸਕਰੀਨ` ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।

ਤਿੰਨ ਅਗਸਤ ਨੂੰ ਤੁਹਾਡੀ ਫ਼ਿਲਮ `ਜੱਗਾ ਜਿਊਂਦਾ ਏ` ਪਰਦਾ ਪੇਸ਼ ਹੋ ਰਹੀ ਹੈ। ਇਸ ਫ਼ਿਲਮ ਦੇ ਵਿਸ਼ੇ, ਨਿਰਮਾਣ ਅਤੇ ਸਾਥੀ ਕਲਾਕਾਰਾਂ ਬਾਰੇ ਸੰਖੇਪ ਜਿਹੀ ਜਾਣਕਾਰੀ ਸਾਡੇ ਪਾਠਕਾਂ ਨਾਲ ਸਾਂਝੀ ਕਰੋ।
ਇਹ ਫ਼ਿਲਮ ਪੰਜਾਬੀ ਸਿਨੇਮਾ ਦੀ ਪਹਿਲੀ ਫੈਂਟਿਸੀ ਫ਼ਿਲਮ ਹੈ। ਇਸ ਵਿਚ ਪੰਜਾਬੀ ਸਿਨੇਮਾ ਪਹਿਲੀ ਵਾਰ ਯਮਲੋਕ, ਯਮਰਾਜ, ਯਮਦੂਤ, ਮਰਨ ਤੋਂ ਬਾਅਦ ਵਾਲੀ ਦੁਨੀਆ, ਕਰਮ ਫਲ਼ ਆਦਿ `ਤੇ ਅਧਾਰਿਤ ਵਿਸ਼ੇ ਨੂੰ ਹਾਸਰਸ, ਭਾਵਨਾਤਮਿਕ ਤੇ ਥੋੜ੍ਹੀ ਮਾਰਧਾੜ ਦਾ ਤੜਕਾ ਲਗਾ ਕੇ ਇੱਕ ਵਿਲੱਖਣ ਤਰੀਕੇ ਨਾਲ ਦਰਸ਼ਕਾਂ ਦੇ ਰੂ-ਬੁਰੂ ਕਰੇਗਾ। ਇਸ ਫ਼ਿਲਮ ਦਾ ਮਿਊਜ਼ਿਕ ਹਨੀ ਸਿੰਘ, ਪੰਕਜ ਵਰਮਾ ਤੇ ਮਿਲਨ ਗਾਬਾ ਨੇ ਕੀਤਾ ਹੈ। ਗੀਤ ਲਿਖੇ ਹਨ ਦੇਬੀ ਮਖ਼ਸੂਸਪੁਰੀ ਤੇ ਦੀਪ ਕਾਹਲੋਂ ਨੇ। ਬਾਲੀਵੁੱਡ ਦੇ ਡਾਇਰੈਕਟਰ ਅੰਮ੍ਰਿਤ ਸਿੰਘ ਪਹਿਲੀ ਵਾਰ ਪੰਜਾਬੀ ਫ਼ਿਲਮ ਨਿਰਦੇਸ਼ਨ `ਚ ਆ ਰਹੇ ਹਨ, ਇਸ ਲਈ ਫ਼ਿਲਮ ਰਾਹੀਂ। ਜੈਕੀ ਸ਼ਰਾਫ਼ ਆਧੁਨਿਕ ਯਮਰਾਜ ਦੀ ਭੂਮਿਕਾ ਕਰ ਰਹੇ ਹਨ। ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਸੁਨੀਤਾ ਜੀ, ਅਨੀਤਾ ਦੇਵਗਨ, ਯੋਗਰਾਜ ਸਿੰਘ, ਹਾਰਪ ਫਾਰਮਰ ਤੇ ਹੀਰੋਇਨ ਕਾਇਨਾਤ ਅਰੋੜਾ ਨੇ ਕੰਮ ਕੀਤਾ ਹੈ। ਨਿਰਮਾਤਾ ਵਜੋਂ ਮੀਕਾ ਭਾਅ ਜੀ, ਮੈਂ ਖ਼ੁਦ, ਗੁਰਮੀਤ, ਕਪਿਲ ਜਾਵੇਰੀ ਤੇ ਕ੍ਰਾਂਤੀ ਸ਼ਹਿਨਵਾਜ ਅਸੀਂ 5 ਜਣੇ ਹਾਂ।

Untitled-1ਤੁਸੀਂ ਇਸ ਫ਼ਿਲਮ ਵਿਚ ਮੁੱਖ ਕਿਰਦਾਰ ਜੱਗੇ ਦੀ ਭੂਮਿਕਾ ਨਿਭਾ ਰਹੇ ਹੋ ? ਫ਼ਿਲਮ ਦਾ ਸਿਰਲੇਖ ਜੱਗਾ `ਡਾਕੂ ਜੱਗੇ` ਦਾ ਭੁਲੇਖਾ ਪਾਉਂਦਾ ਹੈ। ਕੀ ਇਹ ਫ਼ਿਲਮ ਜੱਗੇ ਡਾਕੂ `ਤੇ ਅਧਾਰਿਤ ਹੈ ?
(ਥੋੜ੍ਹਾ ਹੱਸ ਕੇ) ਨਹੀਂ ਜੀ ਇਸ ਵਿਚ ਜੱਗਾ ਇਕ ਸਧਾਰਨ ਕਿਰਦਾਰ ਹੈ ਤੇ ਯਮਰਾਜ ਦੀ ਗਲਤੀ ਨਾਲ ਉਹ ਅਣਿਆਈ ਮੌਤੇ ਮਰ ਜਾਂਦਾ ਹੈ। ਮੈਂ ਇਸ ਫ਼ਿਲਮ ਵਿਚ ਡਬਲ ਰੋਲ ਕੀਤਾ ਹੈ। ਮੌਤ ਤੋਂ ਬਾਅਦ ਜੱਗਾ ਯਮਰਾਜ ਤੋਂ ਆਪਣੇ ਨਾਲ ਹੋਈ ਬੇਇਨਸਾਫ਼ੀ ਲਈ ਇਨਸਾਫ਼ ਮੰਗਦਾ ਹੈ ਤੇ ਇਸੇ ਦੁਆਲੇ ਹੀ ਸਾਰੀ ਕਹਾਣੀ ਘੁੰਮਦੀ ਹੈ।

ਇਸ ਫ਼ਿਲਮ ਦਾ ਲੇਖਕ ਪੰਜਾਬੀ ਤਾਂ ਨਹੀਂ ਹੋ ਸਕਦਾ। ਕਿਉਂ ਕਿ ਪੰਜਾਬੀ ਤਾਂ ਯਮਰਾਜ ਨੂੰ ਯਾਦ ਨਹੀਂ ਰੱਖਦੇ, ਫਿਰ ਇਹ ਖਿਆਲ ਕਿਸ ਦੇ ਤੇ ਕਿਵੇਂ ਦਿਮਾਗ `ਚ ਆਇਆ ਕਿ ਇਸ ਵਿਸ਼ੇ `ਤੇ ਫ਼ਿਲਮ ਬਣਾਈ ਜਾਵੇ ?
(ਹਾ-ਹਾ-ਹਾ) ਬਿਲਕੁਲ ਜੀ, ਪੰਜਾਬੀ ਜ਼ਿੰਦਾਦਿਲ ਕੌਮ ਹੈ ਤੇ ਜਿਊਂਦੇ ਜੀਅ ਯਮਰਾਜ ਨੂੰ ਯਾਦ ਨਹੀਂ ਰੱਖਦੇ। ਸਾਡੀ ਇਹ ਫ਼ਿਲਮ 50 ਕੁ ਸਾਲ ਪਹਿਲਾਂ ਆਈ ਸ੍ਰੀ ਰਾਜਿੰਦਰ ਕੁਮਾਰ ਜੀ ਦੀ ਫ਼ਿਲਮ `ਝੁਕ ਗਿਆ ਆਸਮਾਨ` ਤੋਂ ਪੇ੍ਰਰਿਤ ਹੋ ਕੇ, ਉਸੇ ਨੂੰ ਅਧਾਰ ਬਣਾ ਕੇ, ਆਧੁਨਿਕ ਤਰੀਕੇ ਨਾਲ ਕਿਰਦਾਰਾਂ ਨੂੰ ਢਾਲ ਕੇ ਬਣਾਈ ਗਈ ਹੈ।

ਤੁਹਾਡਾ ਹੁਣ ਤੱਕ ਦਾ ਫ਼ਿਲਮੀ ਸਫ਼ਰ ਕਿਵੇਂ ਦਾ ਰਿਹਾ ? ਐਕਟਿੰਗ ਦੇ ਨਾਲ-ਨਾਲ ਫ਼ਿਲਮ ਨਿਰਮਾਣ ਵੱਲ ਜਾਣ ਦਾ ਸਬੱਬ ਕੀ ਇਤਫ਼ਾਕਨ ਹੈ ?
ਛੋਟੇ ਹੁੰਦੇ ਤੋਂ ਹੀ ਮੈਨੂੰ ਫ਼ਿਲਮਾਂ ਵੇਖਣ ਦਾ ਸ਼ੌਕ ਸੀ। ਜਦੋਂ ਮੈਂ ਤਕਨੀਕ ਪੱਖੋਂ ਮਾੜੀਆਂ ਫ਼ਿਲਮਾਂ ਵੇਖਦਾ ਸੀ ਤਾਂ ਮੇਰਾ ਦਿਲ ਸ਼ਾਹਦੀ ਭਰਦਾ ਸੀ ਕਿ ਇਸ ਤੋਂ ਵਧੀਆ ਫ਼ਿਲਮ ਮੈਂ ਬਣਾ ਸਕਦਾ ਹਾਂ। ਮੈਂ ਨਿਰਦੇਸ਼ਕ ਬਣਨਾ ਲੋਚਿਆ ਤੇ ਮੁੰਬਈ ਚਲਾ ਗਿਆ। ਮੇਰੇ ਬਾਪੂ ਜੀ ਫ਼ਿਲਮ ਲਾਈਨ ਤੇ ਮੇਰੇ ਮੁੰਬਈ ਜਾਣ ਦੇ ਵਿਰੁੱਧ ਸੀ। ਬਾਗੀ ਹੋ ਕੇ ਮੇਰੇ ਮੁੰਬਈ ਜਾਣ ਦੇ ਫੈਸਲੇ ਕਰਕੇ ਮੈਨੂੰ ਇਕ ਭਿਖਾਰੀ ਵਰਗੀ ਜ਼ਿੰਦਗੀ ਜਿਊਣੀ ਪਈ। ਝੁੱਗੀ ਵਿਚ ਰਿਹਾ। ਮੈਂ ਮਿਰਚ ਮਸਾਲੇ ਵਾਲਾ ਖਾਣਾ ਨਹੀਂ ਖਾ ਸਕਦਾ ਪਰ ਉਸ ਸਮੇਂ ਢਿੱਡ ਭਰਨ ਲਈ ਉੱਥੇ ਵੜਾ ਪਾਓ ਹੀ ਸਭ ਤੋਂ ਸਸਤਾ ਮਿਲਦਾ ਸੀ, ਜਿਸ ਨਾਲ ਨਿਰੀ ਮਿਰਚ ਦੀ ਚਟਨੀ ਹੁੰਦੀ ਸੀ ਤੇ ਮੈਂ ਉਹ ਹੀ ਖਾਂਦਾ ਸੀ। ਜਦੋਂ ਕਿਤੇ ਵੜਾ ਪਾਓ ਲੈਣ ਵਾਸਤੇ ਡੇਢ ਰੁਪਈਆ ਵੀ ਨਹੀਂ ਸੀ ਹੁੰਦਾ ਤਾਂ ਮੈਨੂੰ ਭੁੱਖਾ ਸੌਣਾ ਪੈਂਦਾ ਸੀ। ਇਸ ਤਰ੍ਹਾਂ ਡੇਢ ਸਾਲ ਬੀਤਣ ਤੋਂ ਬਾਅਦ ਮੈਂ ਖਾਲੀ ਹੱਥ ਦਿੱਲੀ ਆ ਗਿਆ। ਮੇਰੇ ਚਾਚਾ ਜੀ ਨੇ ਏਅਰਪੋਰਟ `ਤੇ ਨੌਕਰੀ ਦਿਵਾ ਦਿੱਤੀ। ਮੈਂ ਚਾਰ ਪੈਸੇ ਕਮਾਉਣ ਦਾ ਵਸੀਲਾ ਸਮਝ ਉਹ ਨੌਕਰੀ ਕਰ ਲਈ ਪਰ ਪੈਸੇ ਜੋੜਨ ਦੇ ਚੱਕਰ `ਚ ਪੈ ਗਿਆ। ਇਸੇ ਦੌਰਾਨ ਵਪਾਰ ਸ਼ੁਰੂ ਕਰ ਲਿਆ ਪਰ ਡਿਨਰ-ਪਾਰਟੀਆਂ ਦੇ ਆਨੇ-ਬਹਾਨੇ ਮੈਂ ਫ਼ਿਲਮੀ ਸਿਤਾਰਿਆਂ ਨੂੰ ਮਿਲਦਾ ਰਿਹਾ, ਕਿਉਂ ਕਿ ਫ਼ਿਲਮਾਂ ਦਾ ਕੀੜਾ ਦਿਮਾਗ `ਚ ਦੰਦੀਆਂ ਵੱਢ ਰਿਹਾ ਸੀ। ਇਸ ਦੌਰਾਨ ਮੈਂ ਧਰਮ ਜੀ ਨੂੰ ਮਿਲਿਆ। ਮੀਕਾ ਭਾਅ ਜੀ ਨਾਲ ਦੋਸਤੀ ਹੋਈ, ਉਸ ਸਮੇਂ ਉਹ ਗਾਇਕ ਨਹੀਂ ਸੀ। ਕਰਦੇ-ਕਰਦੇ ਮੇਰਾ ਮਿਲਣਾ ਜੈਕੀ ਸ਼ਰਾਫ਼ ਜੀ ਨਾਲ ਹੋਇਆ ਤੇ ਉਨ੍ਹਾਂ ਮੈਨੂੰ ਐਕਟਰ ਬਣਨ ਲਈ ਪ੍ਰੇਰਿਆ ਕਿ ਤੇਰਾ ਮੁਹਾਂਦਰਾ ਮਲਟੀ ਕਰੈਕਟਰਜ਼ ਵਿਚ ਫਿੱਟ ਬੈਠਦਾ, ਤੂੰ ਫਾਇਦਾ ਚੁੱਕ ਤੇ ਐਕਟਿੰਗ ਸਿੱਖ। ਮੈਂ ਐਕਟਿੰਗ ਸਿੱਖੀ ਤੇ `ਸਰਦਾਰ ਸਾਹਿਬ` `ਚ ਡੈਬਿਊ ਕੀਤਾ। ਮੈਨੂੰ ਆਪਣੀ ਜਗ੍ਹਾ ਬਣਾਉਣ ਲਈ ਨਿਰਮਾਣ ਵੱਲ ਵੀ ਆਉਣਾ ਪਿਆ, ਕਿਉਂ ਕਿ ਅਜੇ ਮੈਂ ਉਹ ਜਗ੍ਹਾ ਨਹੀਂ ਬਣਾ ਸਕਿਆ ਕਿ ਕੋਈ ਦੂਜਾ ਨਿਰਮਾਤਾ ਮੈਨੂੰ ਕੰਮ ਦੇਵੇ।Untitled-1

ਅੱਜ ਕੱਲ ਪੰਜਾਬੀ ਸਿਨੇਮਾ ਵਿਚ ਹਾਸਰਸ ਪ੍ਰਧਾਨ ਫ਼ਿਲਮਾਂ ਦਾ ਬੋਲਬਾਲਾ ਹੈ। ਕੀ ਤੁਹਾਡੀ ਫ਼ਿਲਮ ਵੀ ਹਾਸਰਸ ਪ੍ਰਧਾਨ ਫ਼ਿਲਮ ਹੈ ? ਇਹ ਗੱਲ ਵੀ ਆਮ ਕਹੀ ਜਾਂਦੀ ਹੈ ਕਿ ਪੰਜਾਬੀ ਦਰਸ਼ਕ ਚੁਟਕਲੇ ਜੋੜ ਕੇ ਲੜੀ `ਚ ਪ੍ਰੋਈਆਂ ਮਸਖ਼ਰੀਆਂ ਨੂੰ ਫ਼ਿਲਮੀ ਰੂਪ ਦੇਣ ਵਾਲੇ ਵਿਸ਼ਿਆਂ ਨੂੰ ਹੀ ਹੁੰਗਾਰਾ ਦਿੰਦੇ ਹਨ। ਕੀ ਪੰਜਾਬੀ ਦਰਸ਼ਕ ਸਿਰਫ਼ ਮਸਖ਼ਰੀਆਂ ਵੇਖਣ ਤੱਕ ਹੀ ਸੀਮਤ ਹੋ ਗਿਆ ਹੈ ?

ਮੈਂ ਨਹੀਂ ਕਹਿੰਦਾ ਕਿ ਹਾਸਰਸ ਨੂੰ ਫ਼ਿਲਮਾਂ `ਚੋਂ ਮਨਫ਼ੀ ਕਰ ਦਿਓ ਪਰ ਨਾਲ ਹੀ ਨਾਲ ਸੰਜੀਦਾ ਵਿਸ਼ਿਆਂ ਨੂੰ ਵੀ ਖਿੜੇ ਮੱਥੇ ਕਬੂਲਣਾ ਚਾਹੀਦਾ ਹੈ। ਸਾਡੇ ਪੰਜਾਬੀ ਦਰਸ਼ਕਾਂ `ਤੇ ਕਮੇਡੀ ਥੋਪੀ ਜਾ ਰਹੀ ਹੈ। ਜੇ ਅਸੀਂ ਵਧੀਆ ਵਿਸ਼ਿਆਂ ਨੂੰ ਹਾਸਰਸ `ਚ ਲਬਰੇਜ਼ ਕਰਕੇ ਦਰਸ਼ਕਾਂ ਨੂੰ ਪਰੋਸੀਏ ਤਾਂ ਕੋਈ ਮਾੜੀ ਗੱਲ ਨਹੀਂ ਪਰ ਬਿਨਾ ਸਿਰ ਪੈਰ ਦੀ ਕਮੇਡੀ ਪਰੋਸਣਾ ਇਕ ਮਾੜਾ ਰੁਝਾਨ ਹੈ, ਅਸੀਂ ਮਸਖ਼ਰੇ ਨਹੀਂ ਹਾਂ। ਸਾਡਾ ਇਤਿਹਾਸ ਗੌਰਵਮਈ ਹੈ, ਅਸੀਂ ਸੂਰਮਿਆਂ ਦੀ ਕੌਮ ਹਾਂ। ਸਾਡਾ ਇਤਿਹਾਸ ਦੁਨੀਆ ਨੂੰ ਝੰਜੋੜ ਦੇਣ ਦੇ ਸਮਰੱਥ ਹੈ। ਫਿਰ ਕਿਉਂ ਅਸੀਂ ਆਪਣੇ ਆਪ ਨੂੰ ਮਸਖ਼ਰੇ ਸਾਬਿਤ ਕਰ ਰਹੇ ਹਾਂ ? ਪਹਿਲਾਂ ਜਾਨੀ ਲੀਵਰ ਨੇ ਫ਼ਿਲਮਾਂ `ਚ ਪੰਜਾਬੀਆਂ ਨੂੰ ਇਕ ਮਸਖ਼ਰੇ ਦੇ ਰੂਪ `ਚ ਪੇਸ਼ ਕੀਤਾ। ਸਾਨੂੰ ਸੰਨੀ ਦਿਓਲ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਸ ਨੇ ਪੰਜਾਬੀਆਂ ਨੂੰ ਬਾਰਡਰ `ਤੇ `ਗਦਰ` ਫ਼ਿਲਮ ਰਾਹੀਂ ਅਸਲੀ ਪਛਾਣ ਦਿਵਾਈ। ਅੱਜ ਬਾਲੀਵੁੱਡ ਸਾਡੀ ਕਦਰ ਕਰ ਰਿਹਾ ਹੈ ਤੇ ਸਾਡੀ ਦਲੇਰੀ ਤੇ ਕੁਰਬਾਨੀ ਵਾਲੇ ਜਜ਼ਬੇ ਭਰਪੂਰ ਫ਼ਿਲਮਾਂ ਬਣਾ ਰਿਹਾ ਪਰ ਅਫ਼ਸੋਸ ਕਿ ਸਾਡਾ ਆਪਣਾ ਪੰਜਾਬੀ ਫ਼ਿਲਮ ਉਦਯੋਗ ਸਾਨੂੰ ਮਸਖ਼ਰੇ ਸਾਬਿਤ ਕਰਨ `ਚ ਲੱਗਿਆ। ਇਸ ਰੁਝਾਨ ਨਾਲ ਫ਼ਿਲਮਾਂ ਹੀ ਬਣ ਰਹੀਆਂ ਹਨ ਪਰ ਸਿਨੇਮਾ ਮਰ ਰਿਹਾ ਹੈ। ਜਿਵੇਂ ਵਿਆਹ ਦੀ ਮੂਵੀ ਤੇ ਪੋਰਨ ਵੀ ਫ਼ਿਲਮਾਂ ਹਨ ਪਰ ਇਹ ਸਿਨੇਮਾ ਨਹੀਂ ਹੋ ਸਕਦੀਆਂ। `ਜੱਗਾ ਜਿਊਂਦਾ ਏ` ਹਾਸਰਸ ਹੈ ਪਰ ਇਸ ਵਿਚ ਐਕਸ਼ਨ ਤੇ ਇਮੋਸ਼ਨਲ ਟੱਚ ਵੀ ਹੈ।

ਪੰਜਾਬੀ ਫ਼ਿਲਮ ਉਦਯੋਗ ਵਿਚ ਫ਼ਿਲਮ ਨਿਰਮਾਣ ਦੇ ਤਕਨੀਕੀ ਪੱਖ ਤੋਂ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ ?
ਦੇਖੋ ਜੀ, ਪੰਜਾਬੀਆਂ ਤੋਂ ਵੱਡੀ ਇੰਟਰਨੈਸ਼ਨਲ ਕਮਿਊਨਿਟੀ ਕੋਈ ਨਹੀਂ ਹੈ। ਅਸੀਂ ਰਾਜੇ ਸੁਭਾਅ ਦੀ ਦਿਲਦਾਰ ਕੌਮ ਹਾਂ। ਅਮਰੀਕਾ, ਕਨੇਡਾ, ਯੂ.ਕੇ., ਤੱਕ ਅਸੀਂ ਰਾਜਨੀਤਿਕ ਤੌਰ `ਤੇ ਝੰਡੇ ਗੱਡ ਚੁੱਕੇ ਹਾਂ। ਅਸੀਂ ਕਨੇਡਾ ਦੇ ਪ੍ਰਧਾਨ ਮੰਤਰੀ ਦੀ ਦਾਅਵੇਦਾਰ ਕੌਮ ਹਾਂ। ਦੁਨੀਆ `ਚ ਸਭ ਤੋਂ ਜ਼ਿਆਦਾ ਮਹਿੰਗੀਆਂ ਗੱਡੀਆਂ ਤੇ ਬਰੈਂਡ ਅਸੀਂ ਪਾਉਂਦੇ ਹਾਂ। ਮੈਨੂੰ ਹੈਰਾਨੀ ਹੈ ਕਿ ਇਕ ਸਿਰਕੱਢ ਕੌਮ ਹੋਣ ਦੇ ਬਾਵਜੂਦ ਅਸੀਂ ਫ਼ਿਲਮ ਨਿਰਮਾਣ ਮੌਕੇ ਆਪਣੇ ਆਪ ਨੂੰ ਗ਼ਰੀਬੜੇ ਕਿਉਂ ਪੇਸ਼ ਕਰਦੇ ਹਾਂ। ਕਮਜ਼ੋਰ ਫ਼ਿਲਮ ਨਿਰਮਾਣ ਸਾਡੇ ਪੰਜਾਬੀ ਸਿਨੇਮਾ ਦੇ ਪਤਨ ਦਾ ਕਾਰਨ ਬਣ ਸਕਦਾ। ਨਿਰਾ ਭੰਡਪੁਣਾ ਤੇ ਰਾਜਸਥਾਨ `ਚ ਜਾ ਕੇ ਸਿਰਫ਼ ਗ਼ਰੀਬ ਰਹਿਣ-ਸਹਿਣ ਦਿਖਾ ਦੇਣਾ ਹੀ ਸਿਨੇਮਾ ਨਹੀਂ ਹੁੰਦਾ। ਜੇ ਸਾਊਥ ਵਾਲੇ ਬਾਹੂਬਲੀ, ਰੋਬੇਟ ਤੇ ਮੱਖੀ ਵਰਗੀਆਂ ਬਿਹਤਰੀਨ ਫ਼ਿਲਮਾਂ ਬਣਾ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ ? ਜੇ ਅਸੀਂ ਵੱਡੇ ਪੱਧਰ ਦੀ ਫ਼ਿਲਮ ਬਣਾਵਾਂਗੇ ਤਾਂ ਪੰਜਾਬੀ ਦਰਸ਼ਕ ਬਾਲੀਵੁੱਡ ਤੇ ਸਾਊਥ ਦੀਆਂ ਫ਼ਿਲਮਾਂ ਦੀ ਤਰ੍ਹਾਂ ਹੁੰਗਾਰਾ ਦੇਣਗੇ ਪਰ ਅਸੀਂ ਪੰਜਾਬੀ ਦਰਸ਼ਕਾਂ ਦੀ ਸੂਝ ਨੂੰ ਅਣਦੇਖਿਆ ਕਰ ਸਿਰਫ਼ ਆਪਣੇ ਵੱਲੋਂ ਹੀ ਉਨ੍ਹਾਂ ਨੂੰ ਮਸਖ਼ਰੇ ਸਮਝ ਦੋਹਰੇ ਅਰਥਾਂ ਵਾਲੀ ਕਮੇਡੀ ਵੱਲ ਚੱਲ ਪਏ ਹਾਂ। ਬਜਾਇ ਕਿ ਫ਼ਿਲਮ ਨਿਰਮਾਣ ਨੂੰ ਉੱਚ ਪੱਧਰ ਦਾ ਕਰਦੇ।

ਪੰਜਾਬੀ ਸਕਰੀਨ ਬਾਰੇ ਦੋ ਸ਼ਬਦ ?
ਅਦਾਰਾ `ਪੰਜਾਬੀ ਸਕਰੀਨ` ਦਾ ਅੱਜ ਦੇ ਦੌਰ ਵਿਚ ਪ੍ਰਿੰਟ ਰਸਾਲਾ ਚਲਾਉਣ ਦਾ ਉੱਦਮ ਕਾਬਿਲ-ਏ-ਤਾਰੀਫ਼ ਹੈ। ਇਹ ਹਿੰਮਤ ਤੇ ਜ਼ੋਖਮ ਭਰਿਆ ਕਦਮ ਹੈ। ਮੇਰੇ ਵੱਲੋਂ ਸ਼ੁੱਭ ਕਾਮਨਾਵਾਂ!

ਪੰਜਾਬੀ ਪਾਠਕਾਂ ਤੇ ਸਿਨੇਮਾ ਪ੍ਰੇਮੀਆਂ ਲਈ ਕੋਈ ਸੁਨੇਹਾ ?
ਬਿਨਾ ਸ਼ੱਕ `ਪੰਜਾਬੀ ਸਕਰੀਨ` ਦੇ ਪਾਠਕ ਸੂਝਵਾਨ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਹਨ ਪਰ ਫੇਰ ਵੀ ਪਾਠਕਾਂ ਤੇ ਸਿਨੇਮਾ ਪ੍ਰੇਮੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬੀ ਸਿਨੇਮਾ ਦੀਆਂ ਵਧੀਆ ਫ਼ਿਲਮਾਂ ਜਿਵੇਂ ਕਿ ਰੰਗਰੂਟ, ਸੂਬੇਦਾਰ ਜੋਗਿੰਦਰ ਸਿੰਘ ਤੇ ਹਰਜੀਤਾ ਵਰਗੀਆਂ ਫ਼ਿਲਮਾਂ ਨੂੰ ਜ਼ਰੂਰ ਭਰਵਾਂ ਹੁੰਗਾਰਾ ਦਿਓ। ਚੰਗੀ ਫ਼ਿਲਮ ਨੂੰ ਤੁਹਾਡਾ ਹੁੰਗਾਰਾ ਨਾ ਮਿਲਣ ਕਰਕੇ ਨਿਰਮਾਤਾ ਹਲਕੇ ਪੱਧਰ ਦੀ ਫ਼ਿਲਮ ਬਣਾਉਂਦਾ ਹੈ, ਜੋ ਕਿ ਬਹੁਤ ਹੀ ਮਾੜਾ ਰੁਝਾਨ ਹੈ। ਤੁਸੀਂ ਹਾਸਰਸ ਦੇਖੋ ਪਰ ਚੰਗੀਆਂ ਫ਼ਿਲਮਾਂ ਨੂੰ ਅੱਖੋਂ ਪਰੋਖੇ ਨਾ ਕਰੋ। ਬਾਕੀ 10 ਅਗਸਤ ਨੂੰ ਨਸ਼ਿਆਂ `ਤੇ ਜਿੱਤ ਪਾਉਣ ਵਾਲੇ ਆਤਮ-ਵਿਸ਼ਵਾਸੀ ਆਮ ਇਨਸਾਨ ਦੀ ਜ਼ਿੰਦਗੀ `ਤੇ ਅਧਾਰਿਤ ਫ਼ਿਲਮ `ਡਾਕੂਆਂ ਦਾ ਮੁੰਡਾ` ਆ ਰਹੀ ਹੈ, ਉਸਨੂੰ ਜ਼ਰੂਰ ਦੇਖੋ। ਇਕ ਤਕੜਾ ਸੁਨੇਹਾ ਹੈ, ਜੋ ਅੱਜ ਦੀ ਮੁੱਖ ਲੋੜ ਹੈ।

ਬਹੁਤ ਹੀ ਵਧੀਆ ਵਿਚਾਰ, ਤੁਸੀਂ `ਪੰਜਾਬੀ ਸਕਰੀਨ` ਨਾਲ ਸਾਂਝੇ ਕੀਤੇ। ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਤੁਹਾਡਾ। ਸਤਿ ਸ੍ਰੀ ਅਕਾਲ ਜੀ।

ਤੁਹਾਡਾ ਵੀ ਸ਼ੁਕਰੀਆ। ਸਤਿ ਸ੍ਰੀ ਅਕਾਲ।

-ਦੀਪ ਗਿੱਲ

Comments & Suggestions

Comments & Suggestions

About the author

admin