ਪੰਜਾਬੀ ਸਿਨੇਮਾ ਦਾ ਥੰਮ੍ਹ ਵਰਿੰਦਰ ਨੂੰ ਚੇਤੇ ਕਰਦਿਆਂ

By  |  0 Comments

6 ਦਸੰਬਰ 30ਵੀਂ ਬਰਸੀ `ਤੇ ਵਿਸ਼ੇਸ਼

ਪੰਜਾਬੀ ਸਿਨੇਮਾ ਦੀ ਜਿੰਦ ਜਾਨ ਸੀ ਵਰਿੰਦਰ

ਸਵਰਗੀ ਵਰਿੰਦਰ ਨੂੰ ਯਾਦ ਕਰਦਿਆਂ ਪੰਜਾਬੀ ਸਿਨੇਮਾ ਦਾ ਉਹ ਸੁਨਹਿਰੀ ਦੌਰ ਅੱਖਾਂ ਸਾਹਮਣੇ ਆ ਜਾਂਦਾ ਹੈ ਜਦੋਂ ਚਾਰੇ ਪਾਸੇ ਵਰਿੰਦਰ ਦੀਆਂ ਫ਼ਿਲਮਾਂ ਦੀ ਹੀ ਚਰਚਾ ਹੰੁਦੀ ਸੀ। ਪੰਜਾਬੀ ਸਿਨੇਮਾ ਨੂੰ ਬੜੀ ਮਿਹਨਤ ਤੇ ਲਗਨ ਨਾਲ ਉੱਚੀਆਂ ਬੁਲੰਦੀਆਂ ਤੇ ਪਹੰੁਚਾਉਣ ਵਿਚ ਵਰਿੰਦਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਵਰਿੰਦਰ (ਬਾਸ਼ੀ) ਦਾ ਜਨਮ 15 ਅਗਸਤ 1948 ਨੂੰ ਜ਼ਿਲ੍ਹਾ ਕਪੂਰਥਲਾ ਦੇ ਸ਼ਹਿਰ ਫਗਵਾੜੇ ਵਿਚ ਹੋਇਆ। ਵਰਿੰਦਰ ਨੇ ਆਰੀਆ ਹਾਈ ਸਕੂਲ ਫਗਵਾੜਾ ਵਿਖੇ ਮੁੱਢਲੀ ਪੜ੍ਹਾਈ ਪੂਰੀ ਕੀਤੀ ਤੇ ਫਿਰ ਰਾਮਗੜ੍ਹੀਆ ਕਾਲਜ ਵਿਚ ਦਾਖਲਾ ਲੈ ਲਿਆ। ਵਰਿੰਦਰ ਨੇ ਸ਼ੂਰੂਆਤੀ ਦਿਨਾਂ `ਚ ਨੌਕਰੀ ਵੀ ਕੀਤੀ ਪਰ ਜਲਦੀ ਹੀ ਧਰਮਿੰਦਰ ਨੇ ਉਸਨੂੰ ਪੰਜਾਬੀ ਫ਼ਿਲਮਾਂ `ਚ ਕੰਮ ਕਰਨ ਦਾ ਮੌਕਾ ਦੇ ਦਿੱਤਾ। ਇੱਕੋ ਸਮੇਂ ਫ਼ਿਲਮ ਵਿਚ ਨਾਇਕ, ਸਕਰੀਨ ਪਲੇਅ, ਨਿਰਮਾਤਾ, ਨਿਰਦੇਸ਼ਕ ਤੇ ਫ਼ਿਲਮ ਦੀ ਕਹਾਣੀ ਲਿਖਣਾ ਵਰਿੰਦਰ ਦੇ ਹੀ ਹਿੱਸੇ ਆਇਆ ਹੈ।image a (2)
ਸੰਗਾਊ ਸੁਭਾਅ ਵਾਲੇ ਵਰਿੰਦਰ ਦਾ ਫ਼ਿਲਮਾਂ ਵਿਚ ਜਾਣ ਦਾ ਸੁਪਨਾ ਉਦੋਂ ਪੂਰਾ ਹੋਇਆ ਜਦੋਂ ਉਸਦੇ ਚਚੇਰੇ ਭਰਾ ਧਰਮਿੰਦਰ ਨੇ ਉਸਨੂੰ 1975 ਵਿਚ ਆਈ ਪੰਜਾਬੀ ਫ਼ਿਲਮ `ਤੇਰੀ ਮੇਰੀ ਇਕ ਜਿੰਦੜੀ` ਵਿੱਚ ਬਤੌਰ ਹੀਰੋ ਮੌਕਾ ਦਿੱਤਾ। ਇਹ ਫ਼ਿਲਮ ਵਰਿੰਦਰ ਦੀ ਪਹਿਲੀ ਫ਼ਿਲਮ ਸੀ, ਜਿਸ ਵਿਚਲੇ ਕਈ ਸੀਨ ਉਸ ਨੇ ਅਦਾਕਾਰਾ ਮੀਨਾ ਰਾਏ ਨਾਲ ਸੰਗ-ਸੰਗ ਕੇ ਫ਼ਿਲਮਾਏ। ਇਸ ਤੋਂ ਬਾਅਦ ਵਰਿੰਦਰ ਨੇ ਫ਼ਿਲਮਾਂ ਦੀ ਪਟਕਥਾ ਲਿਖੀ ਤੇ ਕਈ ਫ਼ਿਲਮਾਂ ਵਿਚ ਨਿਰਮਾਤਾ, ਨਿਰਦੇਸ਼ਨ ਦਾ ਕੰਮ ਆਪ ਕੀਤਾ। ਉਸ ਸਮੇਂ ਲੋਕ ਵਰਿੰਦਰ ਤੇ ਮਿਹਰ ਮਿੱਤਲ ਨੂੰ ਹਰ ਫ਼ਿਲਮ ਵਿਚ ਦੇਖਣਾ ਚਾਹੰੁਦੇ ਸਨ। ਕਈ ਨਵੇਂ ਕਲਾਕਾਰਾਂ ਨੂੰ ਵਰਿੰਦਰ ਨੇ ਆਪਣੀਆਂ ਫ਼ਿਲਮਾਂ ਰਾਹੀਂ ਮੌਕਾ ਵੀ ਦਿੱਤਾ। ਪੰਜਾਬੀ ਫ਼ਿਲਮਾਂ ਦੀ ਬਾਹਰਲੇ ਦੇਸ਼ਾਂ ਵਿਚ ਸ਼ੂਟਿੰਗ ਦੀ ਸ਼ੁਰੂਆਤ ਵੀ ਵਰਿੰਦਰ ਦੀਆਂ ਫ਼ਿਲਮਾਂ ਤੋਂ ਹੀ ਹੋਈ। ਵਰਿੰਦਰ ਦੀਆਂ ਜਿੰਨੀਆਂ ਵੀ ਫ਼ਿਲਮਾਂ ਆਈਆਂ, ਸਾਰੀਆਂ ਹੀ ਸਫ਼ਲ ਹੋਈਆਂ, ਕਿਉਂਕਿ ਹਰ ਫ਼ਿਲਮ ਵਿਚ ਕੋਈ ਨਾ ਕੋਈ ਸੰਦੇਸ਼ ਹੁੰਦਾ ਸੀ, ਜੋ ਅੱਜ ਦੀਆਂ ਕਮੇਡੀ ਭਰਪੂਰ ਫ਼ਿਲਮਾਂ ਵਿੱਚੋਂ ਨਹੀਂ ਮਿਲਦਾ।
ਇਕ ਲੇਖਕ, ਅਦਾਕਾਰ, ਨਿਰਮਾਤਾ, ਨਿਰਦੇਸ਼ਕ ਦੇ ਤੌਰ ਤੇ ਵਰਿੰਦਰ ਨੇ ਯਾਰੀ ਜੱਟ ਦੀ, ਲੰਬੜਦਾਰਨੀ, ਜਿੰਦੜੀ ਯਾਰ ਦੀ, ਸੰਤੋ ਬੰਤੋ, ਟਾਕਰਾ, ਤੇਰੀ ਮੇਰੀ ਇਕ ਜਿੰਦੜੀ, ਜੱਟ ਤੇ ਜ਼ਮੀਨ, ਪਟੋਲਾ, ਨਿੰਮੋ, ਜੱਟ ਸੂਰਮੇ, ਸਰਪੰਚ, ਰਾਂਝਣ ਮੇਰਾ ਯਾਰ, ਸੰਤੋ ਬੰਤੋ, ਦੁਸ਼ਮਣੀ ਦੀ ਅੱਗ, ਬਟਵਾਰਾ, ਲਾਜੋ ਤੇ ਬਲਬੀਰੋ ਭਾਬੀ ਵਿਚ ਕੰਮ ਕੀਤਾ। ਸਰਦਾਰਾ ਕਰਤਾਰਾ, ਜਿਗਰੀ ਯਾਰ, ਕੁੰਵਾਰਾ ਮਾਮਾ, ਰਾਣੋ, ਵੈਰੀ ਜੱਟ, ਗਿੱਧਾ, ਧਰਮਜੀਤ, ਸੈਦਾਂ ਜੋਗਣ, ਸਵਾ ਲਾਖ ਸੇ ਏਕ ਲੜਾਊਂ, ਦੋ ਚਿਹਰੇ, ਖੇਲ veerindra and dara singhਮੁਕੱਦਰ ਕਾ ਫ਼ਿਲਮਾਂ ਵੀ ਉਸ ਸਮੇਂ ਬਹੁਤ ਹਿੱਟ ਹੋਈਆਂ। ਵਰਿੰਦਰ ਨੇ ਕਈ ਹੀਰੋਇਨਾਂ ਨਾਲ ਫ਼ਿਲਮਾਂ ਵਿਚ ਕੰਮ ਕੀਤਾ ਪਰ ਪ੍ਰੀਤੀ ਸਪਰੂ ਜਿਸ ਨੂੰ ਉਹ ਪੰਜਾਬੀ ਫ਼ਿਲਮਾਂ ਚ ਲੈ ਕੇ ਆਇਆ ਸੀ, ਉਸ ਨਾਲ ਉਸਦੀ ਜੋੜੀ ਸਭ ਤੋਂ ਜ਼ਿਆਦਾ ਮਕਬੂਲ ਹੋਈ। ਵਰਿੰਦਰ ਨੇ ਫ਼ਿਲਮਾਂ ਵਿਚ ਪੇਂਡੂ ਜਨਜੀਵਨ ਵਿਚ ਜੋ ਕੁਝ ਵਾਪਰਦਾ ਹ,ੈ ਉਸ ਨੂੰ ਹੂਬਹੂੂ ਆਪਣੀਆਂ ਫ਼ਿਲਮਾਂ ਵਿਚ ਪੇਸ਼ ਕੀਤਾ। ਵਰਿੰਦਰ ਵੱਲੋਂ ਪੰਜਾਬੀ ਫ਼ਿਲਮਾਂ ਵਿਚ ਸੁੱਚਾ, ਜੀਤਾ ਤੇ ਕਰਮਾ ਦੇ ਨਿਭਾਏ ਕਿਰਦਾਰ ਅੱਜ ਵੀ ਲੋਕਾਂ ਨੂੰ ਨਹੀਂ ਭੁੱਲੇ। ਵਰਿੰਦਰ ਨੇ ਬੜੀ ਮਿਹਨਤ ਤੇ ਲਗਨ ਨਾਲ ਸਰਪੰਚ ਵਰਗੀਆਂ ਅਰਥ-ਭਰਪੂਰ ਫ਼ਿਲਮਾਂ ਦਾ ਨਿਰਮਾਣ ਕੀਤਾ, ਜਿਸ ਵਿਚ ਉਸਨੇ ਇਹ ਦੱਸਿਆ ਕਿ ਨਸ਼ਿਆਂ ਨਾਲ ਉੱਜੜ ਕੇ ਕਿਵੇਂ ਪੰਜਾਬ ਦੀ ਜਵਾਨੀ ਖ਼ਤਮ ਹੋ ਰਹੀ ਹੈ। ਵਰਿੰਦਰ ਦੀ ਖ਼ੂਬੀ ਸੀ ਕਿ ਫ਼ਿਲਮ ਵਿਚਲੇ ਗੀਤ ਕਿਸ ਗਾਇਕ ਕੋਲੋਂ ਗਵਾਉਣੇ ਹਨ, ਫ਼ਿਲਮ ਦੀ ਕਹਾਣੀ, ਲੁਕੇਸ਼ਨ, ਕਮੇਡੀ, ਡਾਇਲਾਗ ਤੇ ਇੰਟਰਵਲ ਤੋਂ ਬਾਅਦ ਜਦੋਂ ਲੋਕ ਚਾਹ ਪਾਣੀ ਪੀਣ ਲਈ ਕੁਝ ਸਮਾਂ ਬਾਹਰ ਚਲੇ ਜਾਂਦੇ ਹਨ, ਉਸ ਤੋਂ ਬਾਅਦ ਕਿਹੜਾ ਸੀਨ ਆਉਣਾ ਚਾਹੀਦਾ ਹੈ, ਉਸਦਾ ਖ਼ਾਸ ਖਿਆਲ ਰੱਖਦਾ ਸੀ ਤਾਂ ਕਿ ਜੇ ਕੁਝ ਸਮਾਂ ਫ਼ਿਲਮ ਲੰਘ ਵੀ ਜਾਵੇ ਤਾਂ ਫ਼ਿਲਮ ਦਾ ਮਜ਼ਾ ਖ਼ਰਾਬ ਨਾ ਹੋਵੇ। ਵਰਿੰਦਰ ਦਾ ਕੰਮ ਪ੍ਰਤੀ ਇਮਾਨਦਾਰ ਹੋਣਾ, ਅਣਥੱਕ ਮਿਹਨਤ ਨਾਲ ਫ਼ਿਲਮਾਂ ਦਾ ਨਿਰਮਾਣ ਕਰਨਾ ਹੀ ਸੀ, ਜਿਸ ਕਰਕੇ ਲੋਕ ਉਸਦੀ ਫ਼ਿਲਮ ਦੇਖਣ ਲਈ ਸਿਨੇਮਾ ਘਰਾਂ ਵੱਲ ਵਹੀਰਾਂ ਘੱਤੀ ਆਉਂਦੇ ਸਨ। ਉਸਦਾ ਸੁਭਾਅ ਏਨਾ ਵਧੀਆ ਤੇ ਨਿਮਰਤਾ ਵਾਲਾ ਸੀ ਕਿ ਉਹ ਸੈੱਟ ਤੇ ਹਰੇਕ ਵਿਅਕਤੀ ਨਾਲ ਬੜੇ ਪਿਆਰ ਨਾਲ ਪੇਸ਼ ਆਉਂਦਾ ਸੀ ਤੇ ਪੂਰੀ ਤਸੱਲੀ ਹੋਣ `ਤੇ ਹੀ ਉਹ ਸੀਨ ਨੂੰ ਓ. ਕੇ. ਕਰਦਾ ਸੀ। ਭਾਵੇਂ ਕਈ ਫ਼ਿਲਮਾਂ ਚ ਵਰਿੰਦਰ ਨੇ ਗਾਇਕ ਮੁਹੰਮਦ ਸਦੀਕ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ ਨਾਲ ਕੰਮ ਕੀਤਾ ਪਰ ਉਸਦਾ ਪਸੰਦੀਦਾ ਗਾਇਕ ਅਮਰ ਸਿੰਘ ਚਮਕੀਲਾ ਸੀ। ਵਰਿੰਦਰ ਦੇ ਕਹਿਣ `ਤੇ ਹੀ `ਪਟੋਲਾ` ਫ਼ਿਲਮ `ਚ ਅਮਰਜੋਤ ਤੇ ਅਮਰ ਸਿੰਘ ਚਮਕੀਲਾ ਦਾ ਦੋਗਾਣਾ `ਪਹਿਲੇ ਲਲਕਾਰੇ ਨਾਲ ਮੈਂ ਡਰ ਗਈ` ਆਇਆ ਸੀ ਤੇ ਆਉਣ ਵਾਲੇ ਸਮੇਂ ਚ ਉਸਦੀ ਸੋਚ ਅਮਰਜੋਤ ਤੇ ਚਮਕੀਲਾ ਨੂੰ ਫ਼ਿਲਮਾਂ `ਚ ਲਿਆਉਣ ਦੀ ਸੀ।
ਜਿਸ ਸਮੇਂ ਪੰਜਾਬ ਵਿਚ ਖਾੜਕੂਵਾਦ ਪੂਰੇ ਜ਼ੋਰਾਂ ਤੇ ਸੀ, ਉਨੀਂ ਦਿਨੀਂ ਵਰਿੰਦਰ ਦੀ ਵੀ ਪੂਰੀ ਚੜ੍ਹਾਈ ਸੀ ਪਰ ਉਹ ਬਿਨਾਂ ਕਿਸੇ ਡਰ ਤੋਂ ਇਸ ਖ਼ਰਾਬ ਮਾਹੌਲ ਵਿਚ ਨਿਧੜਕ ਹੋ ਕੇ ਪੰਜਾਬ ਦੇ ਪਿੰਡਾਂ ਵਿਚ ਜਾਂਦਾ ਸੀ ਤੇ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਕਰਦਾ ਸੀ। ਹਾਲੇ 8 ਮਾਰਚ, 1988 ਦਿਨ ਮੰਗਲਵਾਰ ਨੂੰ ਅਮਰਜੋਤ ਤੇ ਅਮਰ ਸਿੰਘ ਚਮਕੀਲਾ ਦੀ ਹੋਈ ਮੌਤ ਦਾ ਦਰਦ ਲੋਕਾਂ ਨੂੰ ਭੁੱਲਿਆ ਨਹੀਂ ਸੀ ਕਿ 6 ਦਸੰਬਰ, 1988 ਦਿਨ ਮੰਗਲਵਾਰ ਨੂੰ ਪਿੰਡ ਤਲਵੰਡੀ ਕਲਾਂ ਜ਼ਿਲ੍ਹਾ ਲੁਧਿਆਣਾ ਵਿਖੇ ਜਦੋਂ ਵਰਿੰਦਰ ਆਪਣੀ ਫ਼ਿਲਮ `ਜੱਟ ਤੇ ਜ਼ਮੀਨ` ਦੀ ਸ਼ੂਟਿੰਗ ਸਮੇਂ ਅਦਾਕਾਰਾ ਮਨਪ੍ਰੀਤ ਕੌਰ ਨਾਲ ਇਕ ਗੀਤ `ਮੁੰਡਾ ਪੱਟ ਲਿਆ ਪਤਲੀ ਪਤੰਗ ਜੱਟੀ ਨੇ` ਦੇ ਫ਼ਿਲਮਾਂਕਣ `ਚ ਮਸਰੂਫ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਉਸਨੂੰ ਸਾਥੋਂ ਸਦਾ ਲਈ ਖੋਹ ਲਿਆ। ਰਾਤ ਦੇ ਹਨ੍ਹੇਰੇ `ਚ ਸ਼ੂਟਿੰਗ ਦੌਰਾਨ ਗੋਲੀਆਂ ਦੀ ਆਵਾਜ਼ ਸੁਣ ਕੇ ਲੋਕਾਂ ਨੂੰ ਪਹਿਲਾਂ ਤਾਂ ਇਹ ਲੱਗਿਆ ਸੀ ਕਿ ਇਹ ਫ਼ਿਲਮੀ ਸੀਨ ਹੈ ਪਰ ਜਦੋਂ ਹੀਰੋਇਨ ਮਨਪ੍ਰੀਤ ਕੌਰ ਦੇ ਖੂਨ ਨਿਕਲਣ ਲੱਗ ਪਿਆ ਸੀ ਤੇ ਵਰਿੰਦਰ ਵੀ ਗੋਲੀ ਲੱਗਣ ਨਾਲ ਥੱਲੇ ਡਿੱਗ ਪਿਆ ਸੀ ਤਾਂ ਹਜ਼ਾਰਾਂ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਜਾਨ ਬਚਾਉਣ ਖਾਤਰ ਲੋਕ ਭੱਜਣ ਲੱਗ ਪਏ ਤੇ ਕਈ ਲੋਕਾਂ ਨੇ ਕੋਠਿਆਂ ਤੋਂ ਥੱਲੇ ਛਾਲਾਂ ਮਾਰ ਦਿੱਤੀਆਂ। ਹਸਪਤਾਲ ਜਾਂਦੇ ਸਮੇਂ ਰਸਤੇ ਵਿਚ ਹੀ ਵਰਿੰਦਰ ਦੀ ਮੌਤ ਹੋ ਗਈ ਪਰ ਹੀਰੋਇਨ ਤੇ ਕੈਮਰਾਮੈਨ ਬਚ ਗਏ। ਤਲਵੰਡੀ ਕਲਾਂ ਦੇ ਲੋਕਾਂ ਨੇ ਵਰਿੰਦਰ ਦੀ ਮੌਤ `ਤੇ ਬਹੁਤ ਡੂੰਘਾ ਦੁੱਖ ਪ੍ਰਗਟ ਕੀਤਾ ਸੀ।veerindra and pammi veerindra (wife)
ਵਰਿੰਦਰ ਦੀ ਡੈੱਡ ਬਾਡੀ ਨੂੰ ਫਗਵਾੜੇ ਲਿਆਂਦਾ ਗਿਆ ਸੀ। ਉਸ ਸਮੇਂ ਹਰੇਕ ਅਦਾਕਾਰ, ਗਾਇਕ ਤੇ ਉਸਨੂੰ ਚਾਹੁਣ ਵਾਲੇ ਲੋਕਾਂ ਦੇ ਅੱਖਾਂ ਚੋਂ ਹੰਝੂ ਕਿਰੇ ਸਨ ਤੇ ਇਕ ਲੰਮਾ ਹਾਉਕਾ ਭਰਕੇ ਚਾਹੁਣ ਵਾਲਿਆਂ ਵਰਿੰਦਰ ਨੂੰ ਮਾਰਨ ਵਾਲੇ ਪਾਪੀਆਂ ਨੂੰ ਲਾਹਨਤਾਂ ਪਾਈਆਂ ਸਨ। ਇਸ ਤੋਂ ਬਾਅਦ `ਜੱਟ ਤੇ ਜ਼ਮੀਨ` ਦੀ ਅਧੂਰੀ ਰਹਿ ਗਈ ਸ਼ੂਟਿੰਗ ਡੁਪਲੀਕੇਟ ਦੀ ਸਹਾਇਤਾ ਲੈ ਕੇ ਪੂਰੀ ਕੀਤੀ ਗਈ ਸੀ। ਵਰਿੰਦਰ ਦੀ ਮੌਤ ਦੇ ਅਸਲੀ ਕਾਰਨ ਕੀ ਸਨ, ਹਾਲੇ ਵੀ ਬਹੁਤੇ ਲੋਕਾਂ ਦੀ ਸਮਝ ਤੋਂ ਪਰ੍ਹੇ ਹਨ। ਕੁਝ ਲੋਕ ਅੱਜ ਵੀ ਵਰਿੰਦਰ ਦੀ ਮੌਤ ਨੂੰ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕਰਵਾਇਆ ਗਿਆ ਕੰਮ ਹੀ ਮੰਨਦੇ ਹਨ ਪਰ ਲੇਖਕ ਕੁਲਬੀਰ ਸਿੰਘ ਕੌੜਾ ਨੇ ਆਪਣੀ ਕਿਤਾਬ ਤੇ `ਸਿੱਖ ਵੀ ਨਿਗਲਿਆ ਗਿਆ` ਦੇ ਪੰਨਾ ਨੰਬਰ 256257 ਤੇ ਵਰਿੰਦਰ ਦੀ ਮੌਤ ਦਾ ਅਸਲ ਸੱਚ ਲਿਖਿਆ ਹੈ। ਵਰਿੰਦਰ ਦੇ ਬੱਚੇ ਇਸ ਸਮੇਂ ਮੁੰਬਈ ਰਹਿ ਰਹੇ ਹਨ ਤੇ ਉਸਦੀ ਪਤਨੀ ਪੰਮੀ ਵਰਿੰਦਰ ਦੀ ਮੌਤ ਹੋ ਚੁੱਕੀ ਹੈ। ਵਰਿੰਦਰ ਦੀ ਮੌਤ ਤੋਂ ਬਾਅਦ ਪੰਜਾਬੀ ਫ਼ਿਲਮਾਂ ਵਿਚ ਵਿਰਾਨੀ ਦਾ ਦੌਰ ਸ਼ੁਰੂ ਹੋਇਆ, ਜੋ ਦੋ ਦਹਾਕੇ ਤੱਕ ਰਿਹਾ। ਅੱਜ ਦੇ ਸਮੇਂ ਭਾਵੇਂ ਪੰਜਾਬੀ ਸਿਨੇਮੇ ਨੂੰ ਮੁੜ ਪੈਰਾਂ ਤੇ ਖੜ੍ਹਾ ਕਰਨ ਲਈ ਕੁਝ ਕੰਮ ਦੀਆਂ ਫ਼ਿਲਮਾਂ ਬਣ ਰਹੀਆਂ ਹਨ ਪਰ ਜ਼ਿਆਦਾ ਪੰਜਾਬੀ ਫ਼ਿਲਮਾਂ ਵਿਚ ਸਿਰਫ਼ ਕਮੇਡੀ ਹੀ ਦਿਖਾਈ ਗਈ ਹੈ। ਲੋੜ ਹੈ ਚੰਗੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕੀਤਾ ਜਾਵੇ ਤਾਂ ਕਿ ਅੱਸੀ-ਨੱਬੇ ਦਾ ਵਰਿੰਦਰ ਵਾਲਾ ਸੁਨਹਿਰੀ ਦੌਰ ਮੁੜ ਆ ਜਾਵੇ ਤੇ ਪੰਜਾਬੀ ਸਿਨੇਮਾ ਵਿਸ਼ਵ ਪੱਧਰ `ਤੇ ਆਪਣੀ ਪਹਿਚਾਣ ਬਣਾ ਸਕੇ।
ਸ਼ਮਸ਼ੇਰ ਸਿੰਘ ਸੋਹੀ
# ਸੰਪਰਕ 9876474671

Comments & Suggestions

Comments & Suggestions