ਫ਼ਿਲਮ ਸਮੀਖਿਆ “ਆਸਰਾ” 2019 ਦੀਆਂ ਵਧੀਆ ਪੰਜਾਬੀ ਫ਼ਿਲਮਾਂ ਚ’ ਹੋਵੇਗੀ ਸ਼ਾਮਲ !

By  |  0 Comments

ਗੁੱਗੂ ਗਿੱਲ ਦੇ ਫ਼ਿਲਮੀ ਕਰੀਅਰ ਦੀ ਇਕ ਹੋਰ ਬੇਹਤਰੀਨ ਫ਼ਿਲਮ ‘ਆਸਰਾ’

ਭਾਵੇਂ ਇਹ ਫ਼ਿਲਮ ਪ੍ਚਾਰ ਅਤੇ ਵਪਾਰ ਤੋਂ ਮਾਰ ਖਾ ਗਈ ਅਤੇ ਫਿਲਹਾਲ ਪੰਜਾਬੀ ਫ਼ਿਲਮਾਂ ਪ੍ਰਤੀ ਦਰਸ਼ਕਾਂ ਦੇ ਘਟੇ ਰੁਝਾਣ ਦਾ ਸ਼ਿਕਾਰ ਵੀ ਹੋਵੇਗੀ ਪਰ ਆਪਣਾ ਨਾਮ 2019 ਦੀਆਂ ਵਧੀਆ ਫ਼ਿਲਮਾਂ ਵਿਚ ਦਰਜ ਕਰਵਾਉਣ ਦਾ ਦਮ ਰੱਖਦੀ ਅਰਥ ਭਰਪੂਰ ਫ਼ਿਲਮ ਹੈ, ਜਿਸ ਦਾ ਅੰਦਾਜ਼ਾ ਫ਼ਿਲਮ ਵੇਖਣ ਤੇ ਹੀ ਲਗਦਾ ਹੈ। ਕਿ ਬੇਸ਼ਕ ਕੁਝ ਲੇਖਕ, ਨਿਰਦੇਸ਼ਕ ਜਾਂ ਕਹਾਣੀਕਾਰ ਪੰਜਾਬੀ ਸਿਨੇਮਾ ਲਈ ਨਵੇਂ, ਅਣਜਾਨੇ, ਜਾਂ ਕਹਿ ਲੋ ਲੁਕੇ ਹੋਏ ਹਨ,ਪਰ ਵਧੀਆ ਕੰਮ ਕਰਨ ਦਾ ਹੁਨਰ ਰੱਖਦੇ ਹਨ, ਜਿੰਨਾ ਦਾ ਕੰਮ ਪਰਦੇ ਤੇ ਵੇਖਣ ਦੇ ਨਾਲ ਨਾਲ ਇਹੋ ਜਿਹੀਆਂ ਅਰਥ ਭਰਪੂਰ ਫ਼ਿਲਮਾਂ ਦੇ ਨਿਰਮਾਤਾਵਾਂ ਦੀ ਪੰਜਾਬੀ ਫ਼ਿਲਮ ਪ੍ਤੀ ਸਾਰਥਕ ਸੋਚ ਦਾ ਵੀ ਪਤਾ ਲਗਦਾ ਹੈ।


ਫ਼ਿਲਮ ਦਾ ਵਿਸ਼ਾ ਬੇਸ਼ੱਕ ਇਕ ਰਵਾਇਤਨ ਪਰਿਵਾਰਕ ਕਹਾਣੀ ਨਾਲ ਜੁੜਿਆ ਹੈ, ਨਾਇਕ ਚਾਰ ਬੱਚਿਆਂ ਦਾ ਬਾਪ, ਸ਼ਰਾਬ ਦੀ ਆਦਤ ਤੋਂ ਮਜਬੂਰ ਤਾਂ ਹੈ ਪਰ ਇਸ ਦੇ ਨਫੇ-ਨੁਕਸਾਨ ਤੋਂ ਵੀ ਵਾਕਫ ਹੈ ਅਤੇ ਇਸ ਨਸ਼ੇ ਦੀ ਆਦਤ ਨੂੰ ਛੱਡਣਾ ਵੀ ਚਾਹੁੰਦਾ ਹੈ। ਇਕ ਆਮ ਬੰਦੇ ਦੀ ਜ਼ਿੰਦਗੀ ਦੀ ਉੱਥਲ-ਪੁੱਥਲ, ਕਿ ਇਕ ਪਾਸੇ ਨਾਇਕ ਗੁੱਗੂ ਗਿੱਲ ਦੀ ਪਤਨੀ ਮੁੱਖ ਨਾਇਕਾ (ਭੋਜਪੁਰੀ ਫੇਮ) ਬੇਹਤਰੀਨ ਅਦਾਕਾਰਾ ਰਾਣੀ ਚੈਟਰਜੀ ਨੂੰ ਕੈਂਸਰ ਹੋਣ ਦਾ ਪਤਾ ਲੱਗਣ ਤੇ ਨਾਇਕ ਸੱਚਮੁੱਚ ਸ਼ਰਾਬ ਛੱਡ ਕੇ ਅਪਣੀ ਪਤਨੀ ਦੇ ਇਲਾਜ਼ ਵੱਲ ਜੁਟਣ ਲਗਦਾ ਹੈ, ਪਰ ਫ਼ਿਲਮੀ ਖਲਨਾਇਕ ਅਤੇ ਬਾਲੀਵੁੱਡ ਦੇ ਪ੍ਸਿੱਧ ਤੇ ਨਿਪੁੰਨ ਫਾਈਟ ਮਾਸਟਰ ਟੀਨੂੰ ਵਰਮਾ ਨਾਲ ਦੁਸ਼ਮਣੀ ਦੇ ਚਲਦਿਆਂ ਨਾਇਕ ਦੀ ਮੌਤ ਹੋ ਜਾਂਦੀ ਹੈ ਅਤੇ ਨਾਇਕਾ ਜੋਕਿ ਖੁਦ ਕੈਂਸਰ ਦੀ ਮਰੀਜ ਹੋਣ ਕਾਰਨ, ਮਰਨ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਅਨਾਥ ਆਸ਼ਰਮ ਦੇ ਆਸਰੇ ਛੱਡਣ ਦੀ ਬਜਾਏ (ਜਿਸ ਦਾ ਕਾਰਨ ਫ਼ਿਲਮ ਵੇਖਣ ਤੇ ਹੀ ਪਤਾ ਲਗਦਾ ਹੈ), ਸਮਾਜ ਵਿਚ ਔਲਾਦ ਦੇ ਲੋੜਵੰਦਾਂ (ਵੱਖੋ ਵੱਖ ਲੋਕਾਂ) ਨੂੰ ਗੋਦ ਦੇਣਾ ਚਾਹੁੰਦੀ ਹੈ, ਤਾਂਕਿ ਉਸ ਦੇ ਬੰਚਿਆਂ ਨੂੰ ਆਪੋ ਆਪਣਾ ਪਰਿਵਾਰ ਮਿਲ ਸਕੇ।
ਫ਼ਿਲਮ ਦੇ ਇਨਾਂ ਸਭ ਉਪਰੋਤਕ ਰੰਗਾਂ ਨੂੰ ਜਿਹੜੇ ਹਿਸਾਬ ਨਾਲ ਇਕ ਔਰਤ, ਇਕ ਮਾਂ ਦੀ ਸਹਿਣ ਸ਼ੀਲਤਾ, ਸੰਜਮ, ਜਿਗਰਾ ਅਤੇ ਇਕ ਪਰਿਵਾਰ ਮੁਖੀ ਦੇ ਜਜ਼ਬਾਤਾਂ ਰਾਹੀ ਮਜਬੂਤ ਸਕਰੀਨ ਪਲੇਅ ਨਾਲ ਜੋੜ ਕੇ ਡੀ਼ ਓ਼ ਪੀ ਦੇਵੀ ਸ਼ਰਮਾ ਦੇ ਸੋਹਣੇ ਦਿ੍ਰਸ਼ ਫ਼ਿਲਮਾਂਕਣ ਰਾਹੀਂ ਪਰਦੇ ਤੇ ਪੇਸ਼ ਕੀਤਾ ਗਿਆ ਹੈ, ਸਹਿਜ ਹੀ ਦਰਸ਼ਕਾ ਦੀਆਂ ਅੱਖਾਂ ਨਮ ਹੁੰਦੀਆਂ ਹਨ। ਇਕ ਔਰਤ ਦਾ ਆਪਣੇ ਜਿਊਂਦਿਆਂ ਜੀਅ ਆਪਣੇ ਬੱਚਿਆਂ ਨੂੰ ਇਕ ਇਕ ਕਰਕੇ ਕਿਸੇ ਹੋਰ ਦੇ ਸਪੁਰਦ ਕਰਨਾ, ਵਾਕਿਆ ਹੀ ਫ਼ਿਲਮ ਦਾ ਭਾਵਪੂਰਨ ਤੇ ਕਾਬਿਲੇ ਤਾਰੀਫ ਪਾਰਟ ਹੈ।
ਜਿੱਥੇ ਇਹ ਫ਼ਿਲਮ ਗੁੱਗੂ ਗਿੱਲ ਦੇ ਫ਼ਿਲਮੀ ਕਰੀਅਰ ਦੀ ਇਕ ਬੇਹਤਰੀਨ ਫ਼ਿਲਮ ਸਾਬਤ ਹੁੰਦੀ ਹੈ, ਉੱਥੇ ਇਸ ਦੇ ਨਿਰਮਾਤਾ ਰਾਜ ਕੁਮਾਰ ਨੂੰ ਵਧੀਆ ਫ਼ਿਲਮ ਮੇਕਰਾਂ ਦੀ ਕਤਾਰ ਵਿਚ ਖੜਾ ਕਰਦੀ ਹੈ ਅਤੇ ਇਹ ਵੀ ਸਿੱਧ ਕਰਦੀ ਹੈ ਕਿ ਜ਼ਰੂਰੀ ਨਹੀਂ ਕਿ ਇਕ ਵਧੀਆ ਫ਼ਿਲਮ ਲਈ ਵੱਡਾ ਬਜਟ ਅਤੇ ਮਹਿੰਗੇ ਕਲਾਕਾਰ ਹੀ ਚਾਹੀਦੇ ਹਨ, ਬਸ ਦਰਸ਼ਕਾਂ ਨੂੰ ਅਜਿਹੀਆਂ ਵਿਸ਼ਾ ਭਰਪੂਰ ਫ਼ਿਲਮਾਂ ਨਾਲ ਜੋੜਣ ਦੀ ਲੋੜ ਹੈ ਪਰ ਇਸ ਦੇ ਨਾਲ ਨਾਲ ਅਜਿਹੀਆਂ ਫ਼ਿਲਮਾਂ ਦੇ ਨਿਰਮਾਤਾਵਾਂ ਨੂੰ ਵੀ ਚਾਹੀਦਾ ਹੈ ਕਿ ਫ਼ਿਲਮ ਸ਼ੁਰੂ ਕਰਨ ਤੋਂ ਪਹਿਲਾਂ ਫ਼ਿਲਮ ਦੇ ਸਹੀ ਵਿਤਰਨ ਅਤੇ ਅੰਤਰ ਰਾਸ਼ਟਰੀ ਪ੍ਚਾਰ ਦਾ ਹਿਸਾਬ ਜ਼ਰੂਰ ਸੋਚ ਕਿ ਚੱਲਣ। ਚਾਹੇ ਫ਼ਿਲਮ ਮੇਕਿੰਗ ਦਾ ਬਜਟ ਘੱਟ ਹੀ ਕਿਉਂ ਨਾ ਹੋਵੇ ਪਰ ਆਮ ਲੋਕਾਂ ਤੱਕ ਪਹੁੰਚਣੀ ਜ਼ਰੂਰੀ ਹੈ।
ਇਸ ਫ਼ਿਲਮ ਦੇ ਬਾਕੀ ਕਲਾਕਾਰਾਂ ਹਰਮੀਤ ਸਾਂਘੀ, ਸੀਮਾ ਸ਼ਰਮਾ, ਅਮਰੀਕ ਰੰਧਾਵਾ, ਅਸ਼ੋਕ ਮਲਹੋਤਰਾ, ਪੁਨੀਤ ਰਾਏ, ਗੁਰਪਾਲ ਸਿੰਘ, ਸ਼ੁਭਮ ਕਸ਼ਅਪ ਅਤੇ ਰਾਜ ਕੁਮਾਰ ਆਦਿ ਦੇ ਵਧੀਆ ਅਭਿਨੈ ਤੋਂ ਇਲਾਵਾ ਫ਼ਿਲਮ ਵਿਚ ਕੰਮ ਕਰਨ ਵਾਲੇ ਬੱਚਿਆਂ ਨੇ ਆਪਣੀ ਵੀ ਤਾਰੀਫਯੋਗ ਪੇਸ਼ਕਾਰੀ ਨਾਲ ਦਰਸ਼ਕਾਂ ਦੇ ਮਨਾਂ ਨੂੰ ਛੁਹਿਆ ਹੈ।
ਸੰਗੀਤਕਾਰ ਡੀ.ਐਚ ਹਾਰਮੋਨੀ, ਮਿਊਜ਼ਿਕ ਬੋਆਏ, ਪੈਰੀਦੀਪ ਅਤੇ ਜਗਜੀਤ ਦੁਆਰਾ ਰਚਿਤ ਦੇ ਗੀਤ-ਸੰਗੀਤ ਤੇ ਬੈਕਰਾਉਂਡ ਸਕੋਰ ਢੁਕਵਾਂ ਹੈ। ਗੀਤਕਾਰਾਂ ਦੇ ਢੁਕਵੇਂ ਬੋਲਾਂ ਨੂੰ ਜਪਿੰਦਰ ਨਰੂਲਾ, ਮਾਸਟਰ ਸਲੀਮ, ਲਹਿੰਬਰ ਹੁਸੈਨਪੂਰੀ, ਰੁਪਾਲੀ ਜੱਗਾ ਅਤੇ ਰਾਜਨ ਬਾਲੀ ਆਦਿ ਸਭ ਦੀਆਂ ਦਮਦਾਰ ਅਵਾਜ਼ਾਂ ਨਾਲ ਸ਼ਿੰਗਾਰਿਆ ਜਾਣਾ ਫ਼ਿਲਮ ਸੰਗਤ ਦਾ ਦਿਲਕਸ਼ ਪਹਿਲੂ ਹੈ, ਫ਼ਿਲਮ ਵਿਚ ਛੋਟੀਆਂ-ਮੋਟੀਆਂ ਤਕਨੀਕੀ ਗਲਤੀਆਂ ਵੀ ਜ਼ਰੂਰ ਹਨ, ਫ਼ਿਲਮ ਦਾ ਪਹਿਲਾ ਹਿੱਸਾ ਕਿਤੇ ਕਿਤੇ ਥੋੜਾ ਢਿਲਾ ਵੀ ਲੱਗਦਾ ਹੈ ਜਿਸ ਵੱਲ ਕਿ ਨਿਰਦੇਸ਼ਕ ਦਾ ਹੋਰ ਧਿਆਨ ਦੇਣਾ ਬਣਦਾ ਸੀ ਪਰ ਦੂਜਾ ਹਿੱਸਾ ਉਨਾ ਹੀ ਮਜ਼ਬੂਤ ਅਤੇ ਦਿਲ ਖਿਚਵਾਂ ਹੈ ਅਤੇ ਫ਼ਿਲਮ ਆਸਰਾ ਦੇ ਨਿਰਦੇਸ਼ਕ ਬਲਕਾਰ ਸਿੰਘ ਬਾਲੀ ਵਲੋਂ ਹੀ ਲਿਖੀ ਕਹਾਣੀ ਅਤੇ ਸੰਵਾਦਾਂ ਦੀ ਦਰਸ਼ਕਾਂ ਤੇ ਪਕੜ ਕਾਰਨ ਦਰਸ਼ਕਾਂ ਦਾ ਧਿਆਨ ਹੋਰ ਪਾਸੇ ਨਹੀਂ ਜਾਂਦਾ।
ਕੁਲ ਮਿਲਾ ਕੇ ਦਿਵਿਆ ਜੋਤੀ ਮੂਵੀਜ਼ ਐਂਟਰਟੇਨਮੈਂਟ ਦੀ ਸਾਰੀ ਟੀਮ ਵਧਾਈ ਦੀ ਪਾਤਰ ਹੈ, ਜੇ ਪੰਜਾਬੀ ਸਿਨੇ ਪੇ੍ਮੀ ਪਰਿਵਾਰ ਸਮੇਤ ਅਜੇ ਇਸ ਫ਼ਿਲਮ ਨੂੰ ਦੇਖਣਾ ਚਾਹੁਣ ਤਾਂ ਜ਼ਰੂਰ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਵਲ ਰੁਖ ਕਰ ਸਕਦੇ ਹਨ, ਫ਼ਿਲਮ ਨਿਰਾਸ਼ ਨਹੀ ਕਰਦੀ ਅਤੇ ਇਸ ਫ਼ਿਲਮ ਨੂੰ ਵੇਖਣ ਲਈ ਪੀ੍ਤੀ ਸਪਰੂ, ਕਰਮਜੀਤ ਅਨਮੋਲ, ਐਮੀ ਵਿਰਕ, ਖੁਦ ਗੁੱਗੂ ਗਿਲ ਅਤੇ ਹੋਰ ਕਈ ਨਾਮੀ ਕਲਾਕਾਰ ਵੀ ਸ਼ੋਸ਼ਲ ਮੀਡੀਆ ਰਾਹੀ ਅਪੀਲ ਕਰ ਰਹੇ ਹਨ।
“ਆਸਰਾ” ਵਰਗੀਆਂ ਫ਼ਿਲਮਾਂ ਬਨਾਉਣ ਅਤੇ ਸਾਰਥਕ ਸਿਨੇਮੇ ਦੀ ਸੋਚ ਰੱਖਣ ਵਾਲੇ, ਘਟ ਬਜਟੀ ਫ਼ਿਲਮ ਨਿਰਮਾਤਾਵਾਂ ਦੇ ਇੰਡਸਟਰੀ ਵਿਚ ਟਿਕੇ ਰਹਿਣ ਲਈ ਉਨਾਂ ਦੀ ਹੌਸਲਾ ਅਫ਼ਜਾਈ ਬੇਹੱਦ ਜ਼ਰੂਰੀ ਹੈ।
-ਦਲਜੀਤ ਅਰੋੜਾ

Comments & Suggestions

Comments & Suggestions