ਫ਼ਿਲਮ ਸਮੀਖਿਆ: ਚਰਚਾ `ਚ ਹੈ ਨਿਰਦੇਸ਼ਕ ਹਰਜੀਤ ਰਿੱਕੀ ਦੀ “ਉੱਚਾ ਪਿੰਡ”

By  |  0 Comments

ਗੱਲ ਸ਼ੁਰੂ ਕਰਦੇ ਹਾਂ ਫਿ਼ਲਮ ਦੇ ਹੀਰੋ ਨਵਦੀਪ ਕਲੇਰ ਤੋਂ ਜਿਸ ਦੀ ਦਮਦਾਰ ਅਦਾਕਾਰੀ ਨੇ ਸਾਬਤ ਕਰ ਦਿੱਤਾ ਕਿ ਜੇ ਗੈਰ ਗਾਇਕ ਕਲਾਕਾਰਾਂ ਨੂੰ ਸਹੀ ਢੰਗ ਨਾਲ ਪੇਸ਼ਕਾਰੀ ਦਾ ਮੌਕਾ ਮਿਲੇ ਤਾਂ ਉਹਨਾਂ ਨੂੰ ਸਿਨੇਮਾ ਵਿਚ ਆਪਣਾ ਸਥਾਨ ਹਾਸਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਭਾਂਵੇ ਨਵਦੀਪ ਇਸ ਤੋਂ ਪਹਿਲਾਂ ਵੀ ਕਾਫੀ ਫਿਲਮਾ ਕਰ ਚੁੱਕਾ ਹੈ ਪਰ ਇਸ ਫਿ਼ਲਮ ਰਾਹੀਂ ਦੇਵ ਖਰੋੜ ਵਾਂਗ ਬਤੌਰ ਐਕਸ਼ਨ ਹੀਰੋ ਸਥਾਪਿਤ ਹੋਣ ਲਈ ਸੰਭਾਵਿਤ ਚਿਹਰਾ ਬਣ ਗਿਆ ਹੈ, ਲੋੜ ਹੈ ਬਸ ਹੁਣ ਪੰਜਾਬੀ ਨਿਰਮਾਤਾ-ਨਿਰਦੇਸ਼ਕਾਂ ਦੀ ਸਵੱਲੀ ਨਜ਼ਰ ਦੀ !
ਜੇ ਗੱਲ ਫ਼ਿਲਮ “ਉੱਚਾ ਪਿੰਡ” ਦੀ ਕਹਾਣੀ ਦੀ ਕਰੀਏ ਤਾਂ ਕਹਾਣੀ ਦਾ ਅਧਾਰ ਭਾਵੇਂ ਪੁਰਾਣਾ ਅਤੇ ਮਾਰ ਧਾੜ ਵਾਲਾ ਹੈ ਪਰ… ਕਿਉਂਕਿ ਫਿ਼ਲਮ ਵੀ ਇਕ ਪੀਰੀਅਡ ਦੀ ਹੀ ਹੈ ਇਸ ਲਈ ਗੱਲ ਇਸ ਵਿਚਲੀਆਂ ਖੂਬੀਆਂ ਦੀ ਕਰਨੀ ਬਣਦੀ ਹੈ ਕਿ ਨਿਰਦੇਸ਼ਕ ਹਰਜੀਤ ਰਿੱਕੀ ਨੇ ‘ਨਰਿੰਦਰ ਅੰਬਰਸਰੀਆ’ ਰਚਿਤ ਮਜਬੂਤ ਫਿ਼ਲਮ ਦੀ ਕਹਾਣੀ-ਪਟਕਥਾ ਨੂੰ ਜਿਸ ਪ੍ਰਭਾਵਸ਼ਾਲੀ, ਮਨੋਰੰਜਕ ਅਤੇ ਸਸਪੈਂਸ ਨੁੰਮਾ ਤਰੀਕੇ ਨਾਲ ਅੱਗੇ ਤੋਰਦਿਆਂ ਅੰਤ ਤੱਕ ਪਹੁੰਚਦੇ ਪਹੁੰਚਦੇ ਹਰ ਚੀਜ਼ ਨੂੰ ਬੜੀ ਸੋਹਣੀ ਤਰ੍ਹਾਂ ਪੇਸ਼ ਕਰ ਕੇ ਪਰਦੇ ਤੇ ਸਪਸ਼ਟ ਕੀਤਾ ਹੈ ਤਾਂ ਕਿ ਦਰਸ਼ਕਾਂ ਨੂੰ ਇਕੋ ਵਾਰ ਹੀ ਇਹ ਸਸਪੈਂਸ-ਐਕਸ਼ਨ ਡਰਾਮਾ ਸਮਝ ਆ ਜਾਏੇ। ਇਸ ਲਈ ਇਸ ਕਾਬਿਲ ਏ ਤਾਰੀਫ ਪੇਸ਼ਕਾਰੀ ਲਈ ਉਹ ਵੀ ਵਿਸ਼ੇਸ਼ ਵਧਾਈ ਦਾ ਪਾਤਰ ਹੈ।
ਗੱਲ ਫ਼ਿਲਮ ਵਿਚਲੇ ਕਲਾਕਾਰਾਂ ਦੀ ਤਾਂ ਇਹਨਾਂ ਦੀ ਚੋਣ ਵੀ ਸੂਝਬੂਝ ਨਾਲ ਕੀਤੀ ਗਈ ਹੈ ਅਤੇ ਲੱਗਦਾ ਹੈ ਕਿ ਕਲਾਕਾਰਾਂ ਦੀ ਫ਼ਿਲਮ ਹੈ। ਸਭ ਨੂੰ ਆਪਣੀ ਆਪਣੀ ਛਾਪ ਛੱਡਣ ਦਾ ਪੂਰਾ ਪੂਰਾ ਮੌਕਾ ਤਾਂ ਮਿਲਿਆ ਹੀ ਹੈ ਪਰ ਹਰ ਕਰੈਕਟਰ ਨੂੰ ਚਲਦੀ ਫ਼ਿਲਮ ਦੇ ਨਾਲ ਨਾਲ ਪੇਸ਼ ਕਰਨ ਦੇ ਸੋਹਣੇ ਢੰਗ ਨੇ ਵੀ ਸਭ ਕਲਾਕਾਰਾਂ ਦੀ ਹੌਸਲਾ ਅਫ਼ਜਾਈ ਕੀਤੀ ਹੈ ਅਤੇ ਇਸ ਨਾਲ ਦਰਸ਼ਕ ਵੀ ਪ੍ਰਭਾਵਿਤ ਹੇਏ ਲੱਗੇ।
ਬਾਕੀ ਸਾਰੇ ਕਲਾਕਾਰਾਂ ਦੀ ਮੰਝੀ ਹੋਈ ਅਦਾਕਾਰੀ ਦੇ ਨਾਲ ਨਾਲ ਸਰਦਾਰ ਸੋਹੀ ਨੇ ਜਿੱਥੇ ਆਪਣੀ ਅਦਾਕਾਰੀ ਦੇ ਨਿਵੇਕਲਾਪਣ ਨਾਲ ਇਕ ਵਾਰ ਫੇਰ ਦਰਸ਼ਕਾਂ ਦਾ ਦਿਲ ਜਿੱਤਿਆ ਉੱਥੇ ਜਤਿੰਦਰ ਕੌਰ ਨੇ ਵੀ ਆਪਣੇ ਨੈਚੂਰਲ ਅਭਿਨੈ ਨਾਲ ਫ਼ਿਲਮ ਵਿਚ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ। ਫ਼ਿਲਮ ਦੇ ਸਭ ਕਲਾਕਾਰ ਵਧਾਈ ਦੇ ਪਾਤਰ ਹਨ।
ਫ਼ਿਲਮ ਵਿਚਲੇ ਕਲਾਕਾਰਾਂ ਬਾਬਤ ਇਕ ਹੋਰ ਵਿਸ਼ੇਸ ਗੱਲ ਕਿ ਜੇ ਕਿਸੇ ਨਿਰਮਾਤਾ-ਨਿਰਦੇਸ਼ਕ ਨੂੰ ਆਪਣੀ ਫ਼ਿਲਮ ਲਈ ਪੰਜਾਬ ਵਿਚਲੇ ਨੈਗੇਟਿਵ ਦਿੱਖ ਅਤੇ ਦਮਦਾਰ ਅਦਾਕਾਰੀ ਵਾਲੇ ਚਿਹਰੇ ਚਾਹੀਦੇ ਹੋਣ ਤਾਂ ਬਸ ਇਹ ਇਕੋ ਫਿਲਮ ਹੀ ਦੇਖ ਲੈਣ ਹੋਰ ਆਡੀਸ਼ਨ ਲੈਣ ਦੀ ਸ਼ਾਇਦ ਨਾ ਲੋੜ ਪਵੇ ।
ਫਿ਼ਲਮ ਦਾ ਸੰਗੀਤ ਵੀ ਵਧੀਆ ਅਤੇ ਢੁਕਵਾਂ ਲੱਗਾ। ਬਾਲੀਵੁੱਡ ਟੀਊਨਡ “ਫੈਵੀਕੋਲ ਸੇ” ਗੀਤ ਨੂੰ ਪੰਜਾਬੀ ਤੜਕੇ ਲਾਉਂਦੇ ਸ਼ਬਦਾਂ ਨਾਲ ਘੜਿਆ ਆਈਟਮ ਸੋਂਗ ਵੀ ਜੱਚਿਆ ਹੈ। ਆਪਣੀ ਪੰਜਾਬੀ ਫ਼ਿਲਮ ਵਿਚ ਆਈਟਮ ਗੀਤ ਦੀ ਪੇਸ਼ਕਾਰੀ ਹਰਜੀਤ ਰਿੱਕੀ ਦਾ ਪੁਰਾਣਾ ਟੇਸਟ ਹੈ।
ਕਿਉਂਕਿ ਇਹ ਫਿ਼ਲਮ 20ਰੁਪਏ ਲੀਟਰ ਪੈਟਰੋਲ ਅਤੇ 12ਰੁਪਏ ਲੀਟਰ ਡੀਜ਼ਲ ਸਮੇਂ ਦੀ ਫਿ਼ਲਮ ਵਿਖਾਈ ਗਈ ਹੈ ਇਸ ਲਈ ਕਿਤੇ ਕਿਤੇ ਕਲੈਰੀਕਲ ਮਿਸਟੇਕਸ ਵੀ ਨਜ਼ਰ ਆਈਆਂ, ਕਹਿਣ ਦਾ ਭਾਵ ਕਿ ਕਿਤੇ ਕਿਤੇ ਨਵਾਂ ਪੰਜਾਬ ਵੀ ਟਪਕਿਆ! ਅੱਗੇ ਤੋਂ ਅਜਿਹੀਆਂ ਗੱਲਾਂ ਦਾ ਹੋਰ ਧਿਆਨ ਰੱਖਣ ਦੀ ਲੋੜ ਹੈ।
ਪੰਜਾਬੀ ਸਕਰੀਨ ਵਲੋਂ ਕੀਤੇ ਜਾਂਦੇ ਆਨਲਾਈਨ ਫ਼ਿਲਮ ਰਿਵੀਊ ਵਿਚ ਅਸੀਂ ਬਹੁਤੇ ਜ਼ਿਆਦਾ ਵਿਸਥਾਰ ਵਿਚ ਨਾ ਜਾਂਦੇ ਹੋਏ ਫਿ਼ਲਮ ਵਿਚਲੇ ਪਰਦੇ ਦੇ ਅੱਗੇ ਅਤੇ ਪਿੱਛੇ ਕੰਮ ਕਰਨ ਵਾਲੇ ਸਾਰੇ ਲੋਕਾਂ ਦੀ ਵਿਅਕਤੀਗਤ ਕਾਰੁਜਗਾਰੀ ਦਾ ਜ਼ਿਕਰ ਸਿਰਫ ਆਪਣੇ ਪ੍ਰਿੰਟ ਮੈਗਜ਼ੀਨ ਵਿਚ ਹੀ ਕਰਦੇ ਹਾਂ, ਇਹ ਤਾਂ ਮਹਿਜ ਇਕ ਸੰਖੇਪ ਸਮੀਖਿਆ ਹੀ ਹੁੰਦੀ ਹੈ।
ਆਖਰੀ ਗੱਲ ਕਿ ਸਿਨੇਮਾ ਹਾਲ ਵਿਚ ਬੈਠਿਆਂ ਪਰਦੇ ਤੇ ਇਕ ਫ਼ਿਲਮ ਚਲਦੀ ਨਜ਼ਰ ਆਉਂਦੀ ਹੈ ਅਤੇ ਵੱਡੀ ਗੱਲ ਇਹ ਵੀ ਹੈ ਕਿ ਫਿਲਮ ਵਿਚਲੇ ਲੀਡ ਐਕਟਰ ਬਹੁਤੀ ਜਾਣ ਪਛਾਣ ਵਾਲੇ ਨਾ ਹੋਣ ਦੇ ਬਾਵਜੂਦ ਇਹ ਫ਼ਿਲਮ ਪੰਜਾਬੀ ਸਿਨੇ ਦਰਸ਼ਕਾਂ ਦੀ ਨਜ਼ਰੀਂ ਚੜ੍ਹੀ ਹੈ, ਜਦਕਿ ਕਿ ਅਜੇ ਕੋਰੋਨਾ ਦਾ ਸਹਿਮ ਵੀ ਜਾਰੀ ਹੈ।
ਫਿਲਮ “ਉੱਚਾ ਪਿੰਡ” ਆਉਣ ਵਾਲੇ ਸਮੇਂ ਜ਼ਰੂਰ ਹੀ ਨਿਰਮਾਤਾ-ਨਿਰਦੇਸ਼ਕ ਅਤੇ ਨਵੇਂ ਕਲਾਕਾਰਾਂ ਦੀ ਪੰਜਾਬੀ ਸਿਨੇਮਾਂ ਵਿਚ ਹੋਰ ਮਜਬੂਤੀ ਦਾ ਅਧਾਰ ਸਾਬਤ ਹੋਵੇਗੀ। ਫ਼ਿਲਮ ਦੇਖਣ ਲਈ ਦਰਸ਼ਕ ਦਾ ਖਰਚਿਆ ਪੈਸਾ ਵਿਅਰਥ ਨਹੀਂ ਜਾਂਦਾ, ਸੋ ਫਿ਼ਲਮ ਦੀ ਸਾਰੀ ਟੀਮ ਨੂੰ ਪੰਜਾਬੀ ਸਕਰੀਨ ਅਦਾਰੇ ਵਲੋਂ ਮੁਬਾਰਕ !

-ਦਲਜੀਤ ਸਿੰਘ

Comments & Suggestions

Comments & Suggestions