ਫ਼ਿਲਮ ਸਮੀਖਿਆ “ਛੜਾ” ਇਕ ਵਾਰ ਫੇਰ ਸਟੈਂਡਅੱਪ ਕਾਮੇਡੀ ਨੇ ਜਕੜਿਆ ਪੰਜਾਬੀ ਸਿਨੇਮਾ

By  |  0 Comments

ਜਾਂ ਇਸ ਫ਼ਿਲਮ ਨੂੰ ਮਿਲੇ ਦਰਸ਼ਕਾਂ ਦੇ ਵੱਡੇ ਹੁੰਗਾਰੇ ਨੂੰ ਵੇਖ ਕੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਜੇ ਵੀ ਪੰਜਾਬੀ ਸਿਨੇ ਦਰਸ਼ਕ ਦੀ ਸੋਚ ਅਤੇ ਸਿਨੇਮਾ ਜ਼ਿਆਦਾਤਰ ਕਾਮੇਡੀ ਤੱਕ ਹੀ ਸਿਮਟਿਆ ਹੋਇਆ ਨਜ਼ਰ ਆ ਰਿਹਾ ਹੈ, ਖੈਰ ਦਰਸ਼ਕਾਂ ਦਾ ਕਿਸੇ ਵੀ ਰੂਪ ਵਿਚ ਮਨੋਰੰਜਨ ਤਾਂ ਮਾੜੀ ਗੱਲ ਨਹੀਂ ਪਰ ਕਹਾਣੀ ਦੀ ਮਜਬੂਤੀ ਵੀ ਤਾਂ ਜ਼ਰੂਰੀ ਹੈ । ਇਸ ਫ਼ਿਲਮ ਵਿਚ ਵੀ ਅਧਾਰਹੀਨ ਕਹਾਣੀ , ਅਤੇ ਹਲਕੇ ਸਕਰੀਨ ਪਲੇਅ ਵਾਲੀਾਆਂ ਫ਼ਿਲਮਾਈਆਂ ਗਈਆਂ ਊਟਪਟਾਂਗ ਸਿਚੂਏਸ਼ਨਾਂ, ਸੁਲਝੇ ਹੋਏ ਦਰਸ਼ਕ ਵਰਗ ਨੂੰ ਨਿਰਾਸ਼ ਕਰਦੀਆਂ ਹਨ, ਜੋਕਿ ਮੈ ਖੁਦ ਸਿਨੇਮਾਂ ਘਰ ਵਿਚ ਬੈਠਿਆਂ ਆਸ ਪਾਸ ਤੋਂ ਸੁਣੀਆਂ।
ਕਹਾਣੀ ਲਈ ਅਧਾਰਹੀਨ ਲਫ਼ਜ ਇਸ ਲਈ ਵਰਤਿਆ ਗਿਆ ਹੈ ਕਿ ਅੱਜ ਦੇ ਅਡਵਾਂਸ ਯੁੱਗ ਦੀ ਪੜੀ ਲਿਖੀ ਪੀੜੀ 30 ਸਾਲ ਦੀ ਉਮਰ ਦੇ ਨੇੜੇ ਤੇੜੇ ਤਾਂ ਮਸਾ ਆਪਣਾ ਕਰੀਅਰ ਸੈੱਟ ਕਰਨ ਦੇ ਚੱਕਰ ਵਿਚ ਹੀ ਹੁੰਦੀ ਹੈ ਪਰ ਫ਼ਿਲਮ ਵਿਚ 29 ਸਾਲਾਂ ਦਾ ਮੁੰਡਾ ਅਤੇ 31 ਸਾਲਾਂ ਦੀ ਕੁੜੀ ਨੂੰ ਛੜਿਆਂ ‘ਚ ਸ਼ਾਮਲ ਕਰ ਕੇ ਕਹਾਣੀ ਅੱਗੇ ਤੋਰੀ ਗਈ ਹੈ (ਉਮਰ ਤਾਂ ਵੱਧ ਵੀ ਲਿਖੀ/ਬੋਲੀ ਜਾ ਸਕਦੀ ਸੀ ਪਰ ਸ਼ਾਇਦ ਉਨਾਂ ਦੇ ਅਸਲ ਫ਼ਿਲਮੀ ਕਰੀਅਰ ਨੂੰ ਧਿਆਨ ‘ਚ ਰੱਖਦਿਆਂ ਨਹੀ ਲਿਖੀ/ਬੋਲੀ ਗਈ ਜਾਂ ਉਨਾਂ ਮਨਾ ਵੀ ਕੀਤਾ ਹੋ ਸਕਦੈ ..🙂

ਫ਼ਿਲਮ ਦਾ ਪਹਿਲਾ ਹਿੱਸਾ ਗਾਣੇ ਸ਼ਾਣੇ ਪਾਉਣ ਨਾਲ ਤਾਂ ਟਾਈਮ ਪਾਸ ਹੈ ਹੀ ਪਰ ਮੱਧ ਤੋਂ ਬਾਅਦ ਜੋ ਫ਼ਿਲਮ ਵਿਚ ਜੋ ਚਲਦਾ ਹੈ, ਕਿਸ ਤਰਾਂ ਦਿਲਜੀਤ ਘਟੀਆ ਤਰੀਕੇ ਨਾਲ ਨੀਰੂ ਦੇ ਰਿਸ਼ਤੇ ਨੂੰ ਤੁੜਵਾਉਦਾਂ ਹੈ ਅਤੇ ਕਿਸ ਤਰਾਂ ਦਿਲਜੀਤ ਨੂੰ ਜਬਰਨ ਅਤੇ ਗੈਰਰਸਮੀ ਤਰੀਕੇ ਨਾਲ ਵਿਆਹ ਦੇ ਬੰਧਨ ਵਿਚ ਜਕੜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਬਸ ਫ਼ਿਲਮਸਤਾਨੀ ਸੱਭਿਆਚਾਰ ਤੱਕ ਹੀ ਸੀਮਤ ਹੈ, ਠੋਸ ਕਹਾਣੀ ਅਤੇ ਸਕਰੀਨ ਪਲੇਅ ਤਾਂ ਕਿਤੇ ਵੀ ਨਜ਼ਰ ਨਹੀ ਆਉਂਦਾ, ਜਿਸ ਬਾਰੇ ਲੇਖਕ ਨੂੰ ਕਲਾਕਾਰ ਨੂੰ ਵੱਡਾ ਸਮਝਣ ਦੀ ਬਜਾਏ ਕਹਾਣੀ ਨੂੰ ਵੱਡੀ ਹੋਣ ਦੇ ਨਜ਼ਰੀਏ ਨਾਲ ਸੋਚਣਾ ਚਾਹੀਦਾ ਸੀ। ਫ਼ਿਲਮ ਦਾ ਨਿਰਦੇਸ਼ਕ ਅਤੇ ਲੇਖਕ ਇਕੋ ਹੋਣ ਨਾਲ ਉਸ ਤੇ, ਦੋਨਾਂ ਕੰਮਾ ਦਾ ਚੰਗਾ-ਮਾੜਾ ਅਸਰ ਸੁਭਾਵਿਕ ਹੈ !
ਖੈਰ, ਚਲਤੀ ਕਾ ਨਾਮ ਗਾੜੀ, ਹੀਰੋ ਆਪਣਾ ਸਮਾ ਕੈਸ਼ ਕਰਨ ਦੀ ਕੋਸ਼ਿਸ਼ ਵਿਚ ਹੈ (ਜੋਕਿ ਕਰਨਾ ਵੀ ਚਾਹੀਦਾ ਹੈ) ਅਤੇ ਨਿਰਮਾਤਾ ਉਸ ਦੀ ਇਮੇਜ ਕੈਸ਼ ਕਰਨ ਦੀ ਕੋਸ਼ਿਸ਼ ਵਿਚ ਹੈ, ਪਰ ਪੰਜਾਬੀ ਸਿਨੇਮਾ ਦੀ ਈਮੇਜ ਨੂੰ ਵੀ ਧਿਆਨ ‘ਚ ਰੱਖਣਾ ਜ਼ਰੂਰੀ ਹੈ।
ਸਾਰੀ ਫ਼ਿਲਮ ਵਿਚ ਪਰਦੇ ਤੇ ਰਹੇ ਦਿਲਜੀਤ-ਨੀਰੂ ਦੇ ਉਹੀ ਪੁਰਾਣੇ ਟੋਟਕਿਆਂ ਦਾ ਰਪੀਟ ਟੈਲੀਕਾਸਟ, ਕੁਝ ਵੀ ਨਵਾਂਪਣ ਨਹੀਂ ਝਲਕਿਆ! ਪਰ ਕਾਫੀ ਗੈਪ ਬਾਅਦ ਆਉਣ ਦਾ ਫਾਇਦਾ ਜ਼ਰੂਰ ਹੋਇਆ।
ਫ਼ਿਲਮ ਵਿਚ ਬਹੁਤ ਸਾਰੇ ਨਾਮੀ ਵਧੀਆ ਅਤੇ ਕਾਬੀਲ-ਏ-ਤਾਰੀਫ਼ ਐਕਟਰ ਚਿਹਰੇ ਹੋਰ ਵੀ ਹਨ, ਪਰ ਅਫਸੋਸ ਕੇ 4/5 ਨੂੰ ਛੱਡ ਕੇ ਬਾਕੀ ਸਭ ਮਿਸਲੀਨਿਅਸ ਕਰੈਕਟਰਸ ਦੀ ਤਰਾਂ ਹੀ ਵਰਤੇ ਗਏ ਜਦਕਿ ਪੰਜਾਬੀ ਸਿਨੇਮਾ ਦੇ ਸਥਾਪਿਤ ਚਰਿੱਤਰ ਕਲਾਕਾਰਾਂ ਨੂੰ ਆਪਣੇ ਰੋਲ ਦੀ ਲੰਬਾਈ ਤਾਂ ਨਹੀ (ਕਿਉਂਕਿ ਰੋਲ ਕੋਈ ਛੋਟਾ ਵੱਡਾ ਨਹੀਂ ਹੁੰਦਾ) ਪਰ ਘੱਟ ਤੋਂ ਘੱਟ ਉਚਾਈ ਜ਼ਰੂਰ ਨਾਪ ਲੈਣੀ ਚਾਹੀਦੀ ਸੀ।
ਜੇ ਫ਼ਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਬਹੁਤਾ ਪ੍ਭਾਵ ਨਹੀ ਛੱਡਦਾ, ਕਾਰਨ ਕਿ ਦਿਲਜੀਤ ਦਾ ਸਿੰਗਲ ਟਰੈਕ ਹੋਵੇ ਜਾ ਫ਼ਿਲਮੀ ਗੀਤ, ਡਾਂਸਬੀਟ ਗਾਣਿਆਂ ਦੀਆਂ ਤਰਜ਼ਾਂ ਇਕੋ ਜਿਹੀਆਂ ਹੋਣ ਕਾਰਨ ਕੋਈ ਨਵਾਪਣ ਨਹੀ ਲਗਦਾ ਅਤੇ ਗੁਣਗੁਣਾਉਂਦੇ ਹੋਏ ਬੰਦਾ ਦਿਲਜੀਤ ਦੇ ਕਿਸੇ ਹੋਰ ਗੀਤ ਵਿਚ ਵੜ ਜਾਂਦਾ ਹੈ। ਫ਼ਿਲਮ ਸੰਗੀਤ ਕੁਝ ਵੱਖਰਾ ਹੋਵੇ ਤਾਂ ਹੀ ਬੇਹਤਰ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਫ਼ਿਲਮ ਨੂੰ ਇਕ ਵਾਰ ਬੜੇ ਅਰਾਮ ਨਾਲ ਵੇਖਿਆ ਜਾ ਸਕਦਾ ਹੈ, ਜੇ ਦਰਸ਼ਕਾ ਨੇ ਫ਼ਿਲਮ ਨੂੰ ਕਬੂਲਿਆ ਹੈ ਤਾਂ ਬਤੌਰ ਅਲੋਚਕ ਅਸੀਂ ਵੀ ਕਬੂਲਦੇ ਹਾਂ ਪਰ ਅਪਣਾ ਨਜ਼ਰੀਆ ਰੱਖਣਾ ਵੀ ਲਾਜ਼ਮੀ ਹੈ ਜੋ ਅਸੀ ਰੱਖ ਰਹੇ ਹਾਂ। ਬਾਕੀ ਫ਼ਿਲਮ, ਆਪਣੇ ਖਰਚਿਆਂ ਮੁਤਾਬਕ ਸਹੀ ਕਮਾਈ ਕਿੰਨੀ ਕੁ ਕਰ ਪਾਉਂਦੀ ਹੈ ਇਹ ਤਾਂ ਬਾਅਦ ਦੀ ਗੱਲ ਹੈ ਪਰ ਪੂਰੀ ਟੀਮ ਨੂੰ ਚੌਖੀ ਕੁਲੈਕਸ਼ਨ ਦੀ ਵਧਾਈ ਆਪਾਂ ਪਹਿਲਾਂ ਹੀ ਦੇ ਚੁੱਕੇ ਹਾਂ।
ਧੰਨਵਾਦ

-ਦਲਜੀਤ ਸਿੰਘ ਅਰੋੜਾ

Comments & Suggestions

Comments & Suggestions