ਫ਼ਿਲਮ ਸਮੀਖਿਆ-ਜ਼ਖਮੀ: ਦੇਵ ਖਰੋੜ ਵਿਚਾਰੇ ਨੂੰ ਬਿਨਾਂ ਵਜਾ ਲੜਾ ਲੜਾ ਥਕਾ ਹੀ ਨਾ ਦਿਓ !

By  |  0 Comments

ਜੇ ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਤੁਸੀ ਰੋਜ਼ ਦੀਆਂ ਘੱਟ ਤੋਂ ਘੱਟ 20 ਸਾਊਥ ਦੀਆਂ
ਫ਼ਿਲਮਾਂ ਵੱਖ-ਵੱਖ ਟੀ.ਵੀ ਚੈਨਲਾਂ ਤੇ ਚਲਦੀਆਂ ਵੇਖ ਸਕਦੇ ਹੋ ਅਤੇ ਇਨਾਂ ਵਿਚਲੇ ਸੀਨਾਂ ਦਾ ਇਸਤਮਾਲ ਵੀ ਬਾਲੀਵੁੱਡ ਤੋਂ ਬਾਅਦ ਸਾਡੀਆਂ ਪੰਜਾਬੀ ਐਕਸ਼ਨ ਫ਼ਿਲਮਾਂ ਵਿਚ ਵੀ ਲਗਾਤਾਰ ਹੋ ਰਿਹਾ ਹੈ।ਫ਼ਿਲਮ ਵਿਚ ਕੋਈ ਠੋਸ ਕਹਾਣੀ ਤਾਂ ਦੂਰ-ਦੂਰ ਤੱਕ ਨਹੀ ਦਿਸਦੀ ਪਰ ਲੇਖਕ-ਨਿਰਦੇਸ਼ਕ ਹਿੰਦੀ ਅਤੇ ਦੱਖਣੀ ਫ਼ਿਲਮਾਂ ਦੇ ਐਕਸ਼ਨ ਸੀਨਾ ਦਾ ਸਵਾਦ ਚੱਖਦਾ ਜ਼ਰੂਰ ਨਜ਼ਰ ਆ ਰਿਹਾ ਹੈ ਅਤੇ ਇਸੇ ਤਰਾਂ ਹੀ ਉਨ੍ਹਾਂ ਐਕਸ਼ਨ ਹੀਰੋਆਂ ਦੀਆਂ ਫੀਲਿੰਗਸ ਸਾਡਾ ਇਸ ਫ਼ਿਲਮ ਦਾ ਹੀਰੋ ਵੀ ਲੈ ਰਿਹਾ ਹੈ, ਜੋਕਿ ਹਰ ਵਾਰ ਦੁਹਰਾਉਣ ਨਾਲ ਉਸ ਦਾ ਅਪਣਾ ਹੀ ਦਰਸ਼ਕ ਵਰਗ ਟੁੱਟ ਰਿਹਾ ਹੈ, ਜਿਸ ਦਾ ਉਸ ਨੂੰ ਧਿਆਨ ਰੱਖਣਾ ਚਾਹੀਦਾ ਹੈ ।
ਜਿਵੇਂ ਸਾਡੇ ਕੁਝ ਕਲਾਕਾਰ ਪਹਿਲਾਂ ਕਾਮੇਡੀ ਨੂੰ ਐਕਟਿੰਗ ਸਮਝਣ ਲੱਗ ਪਏ ਸਨ, ਪਰ ਹੌਲੀ-ਹੌਲੀ ਉਹਨਾਂ ਨੂੰ ਸਮਝ ਆਉਣੀ ਸ਼ੁਰੂ ਹੋਈ ਤੇ ਹੁਣ ਘਸੁੰਨਾਂ ਨਾਲ ਬੰਦੇ ਉਡਾਉਣ ਨੂੰ ਐਕਟਿੰਗ ਸਮਝਿਆ ਜਾਣਾ ਸ਼ੁਰੂ ਹੋ ਗਿਆ ਹੈ।ਪਰ ਅਸਲ ਵਿਚ ਇਕ ਫ਼ਿਲਮ ਦੀ ਕਹਾਣੀ ਦੇ ਹਰ ਰੰਗ ਨਾਲ ਇਨਸਾਫ ਕਰ ਕੇ ਖੇਡਣ ਵਾਲਾ ਹੀ ਅਸਲ ਹੀਰੋ ਅਤੇ ਐਕਟਰ ਕਹਾਉਂਦਾ ਹੈ, ਸਮਝਣ ਦੀ ਬੇਹੱਦ ਲੋੜ ਹੈ ਅਤੇ ਸਥਾਪਿਤ ਕਲਾਕਾਰ ਕੰਮ ਕਰਨ ਤੋਂ ਪਹਿਲਾਂ ਫ਼ਿਲਮ ਦੀ ਕਹਾਣੀ ਦਾ ਆਸਾ-ਪਾਸਾ ਜ਼ਰੂਰ ਪਲਟ ਕੇ ਵੇਖਿਆ ਕਰਨ ਕਿ ਉਨਾਂ ਦੇ ਬਣੇ ਨਾਮ ਮੁਤਾਬਕ ਇਸ ਵਿਚ ਕਿੰਨੀ ਕ੍ਰਿਏਵਿਟੀ ਅਤੇ ਨਵਾਂਪਣ ਹੈ ? ਅੱਧੇ ਦਰਸ਼ਕ ਤਾਂ ਉਸ ਵੇਲੇ ਹੀ ਟੁੱਟ ਜਾਂਦੇ ਹਨ ਜਦੋਂ ਫ਼ਿਲਮ ਦੇ ਟਾਈਟਲ ਤੋਂ ਕਹਾਣੀ ਅਤੇ ਵਿਸ਼ਾ ਪਹਿਲਾਂ ਹੀ ਝਲਕਣ ਲੱਗ ਪਵੇ।
ਪੰਜਾਬੀ ਫ਼ਿਲਮ ਦੀ ਹਰ ਕਹਾਣੀ ਜਿੰਨਾਂ ਚਿਰ ਤੱਕ ਪੰਜਾਬੀ ਦਰਸ਼ਕਾਂ ਨੂੰ ਆਪਣੇ ਨਾਲ ਨਹੀਂ ਜੋੜੇਗੀ ਉਨਾਂ ਚਿਰ ਫ਼ਿਲਮ ਨਹੀਂ ਚੱਲਣੀ ।ਮੰਨਿਆ ਕਿ ਦੇਵ ਖਰੋੜ ਦੀ ਯੂਥ ਵਿਚ ਬਤੌਰ ਐਕਸ਼ਨ ਹੀਰੋ ਮੰਗ ਹੈ ਪਰ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਸਾਡੇ ਬਹੁਤ ਸਿਆਣੇ ਅਤੇ ਤਜ਼ੁਰਬੇਕਾਰ ਕਹੇ ਜਾਂਦੇ ਪੰਜਾਬੀ ਫ਼ਿਲਮ ਨਿਰਮਾਤਾ ਵੀ ਅਜਿਹੀਆਂ ਕਾਪੀ ਪੇਸਟ ਕਹਾਣੀ ਤੇ ਅੰਨੇਵਾਹ ਪੈਸੇ ਇੰਨਵੈਸਟ ਕਰ ਰਹੇ ਹਨ, ਜਾਂ ਫੇਰ ਉਨਾਂ ਦੀ ਨਜ਼ਰ ਹੁਣ ਯੂ.ਕੇ ਤੋਂ ਬਾਅਦ ਹੁਣ ਹਰਿਆਣਾ ਦੀ ਸਬਸਿਡੀ ਤੇ ਟਿਕ ਗਈ ਹੈ, ਕਿ ਜੋੜ ਤੋੜ ਕੇ ਕਹਾਣੀ ਘੜੀ ਜਾਓ ਤੇ ਫ਼ਿਲਮਾਂ ਬਣਾਈ ਜਾਓ, ਵੇਖੀ ਜਾਊ ਜੋ ਹੋਊ, ਸੱਚੀ ਗੱਲ ਹੈ ਕਿ ਕਿਤੇ ਇਸੇ ਚੱਕਰ ਵਿਚ ਵਿਚਾਰੇ ਦੇਵ ਖਰੋੜ ਨੂੰ ਬਿਨਾਂ ਵਜਾ ਲੜਾ-ਲੜਾ ਥਕਾ ਹੀ ਨਾ ਦੇਣ ਸਾਡੇ ਨਿਰਮਾਤਾ !

ਫ਼ਿਲਮ ਲੇਖਣੀ ਅਤੇ ਨਿਰਦੇਸ਼ਨ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਫ਼ਿਲਮ ਜ਼ਖਮੀ ਵਿਚਲੇ ਬੇ-ਦਲੀਲੇ, ਬੇ- ਲੋੜੇ ਅਤੇ ਬੇ-ਧਿਆਨੇ ਫ਼ਿਲਮਾਏ ਗਏ ਸੀਨਾਂ ਤੋਂ ਲੇਖਣੀ ਅਤੇ ਨਿਰਦੇਸ਼ਨ ਸਾਫ-ਸਾਫ ਝਲਕ ਰਿਹਾ ਹੈ।ਲੇਖਕ ਦਾ ਦੋ-ਤਿੰਨ ਫ਼ਿਲਮਾਂ ਦੇ ਲੇਖਣ ਤੋਂ ਬਾਅਦ ਹੋਰ ਪਰਪੱਕ ਹੋਣ ਦੀ ਬਜਾਏ ਓਵਰ ਕਾਨਫਿਡੈਂਟ ਹੋ ਕੇ ਬਿਨਾਂ ਤਿਆਰੀ-ਜਾਣਕਾਰੀ ਨਿਰਦੇਸ਼ਨ ਵੱਲ ਆਉਣਾ ਤਾਂ ਫ਼ਿਲਮਾਂ ਡੋਬਣ ਦਾ ਹੀ ਰਸਤਾ ਹੈ ਜਿਸ ਲਈ ਨਿਰਦੇਸ਼ਕ ਨਾਲੋ ਵੱਧ ਨਿਰਮਾਤਾ ਖੁੱਦ ਜੁੰਮੇਵਾਰ ਹਨ।ਨਤੀਜਾ ਜ਼ਖਮੀ ਫ਼ਿਲਮ ਤੋਂ ਸਾਹਮਣੇ ਹੈ ਸਭ ਦੇ।ਬਾਲੀਵੁੱਡ ਦੇ ਬਰਾਬਰ ਆਪਣੀਆਂ ਫ਼ਿਲਮਾਂ ਨੂੰ ਸਮਝਣ ਵਾਲੇ ਉਨਾਂ ਲੋਕਾਂ ਨੂੰ ਵੀ ਸਮਝਣ ਜਿੰਨਾਂ ਨੇ ਸਾਰੀ ਉਮਰ ਇਕੋ ਕੰਮ ਵਿਚ ਨਾਮ ਕਮਾਇਆ ਤੇ ਲੀਜੈਂਡ ਕਹਾਏ।
ਬਾਕੀ ਲੇਖਕ-ਨਿਰਦੇਸ਼ਕ ਇੰਦਰਪਾਲ ਅਤੇ ਕੇ-ਗਨੇਸ਼ ਦੇ ਐਕਸ਼ਨ ਵਾਲੀ ਇਸ ਫ਼ਿਲਮ ਵਿਚ ਦੇਵ ਖਰੋੜ ਤੋਂ ਇਲਾਵਾ ਹੀਰੋਈਨ ਆਂਚਲ ਸਿੰਘ (ਜਿਸ ਤੋਂ ਕਿ ਵਧੀਆ ਕੰਮ ਨਹੀਂ ਲੈ ਸਕਿਆ ਨਿਰਦੇਸ਼ਕ) ਅਤੇ ਬਾਕੀ ਕਲਾਕਾਰ ਬੋਬੀ ਤੇਜੂ ਪੋਪਲੀ, ਸ਼ਵਿੰਦਰ ਵਿੱਕੀ, ਗੁਰਿੰਦਰ ਡਿੰਪੀ, ਜੱਗੀ ਧੂਰੀ, ਲੱਖਾ ਲਹਿਰੀ, ਸੰਜੂ ਸੋਲੰਕੀ, ਰਾਮ ਔਜਲਾ ਅਤੇ ਕਰਮਜੀਤ ਬਰਾੜ ਆਦਿ ਨੇ ਆਪਣੇ ਕਿਰਦਾਰਾਂ ਨਾਲ ਪੂਰਾ ਇਨਸਾਫ ਕੀਤਾ ਦਿਸਦਾ ਹੈ।
ਖੈਰ ਮੈਨੂੰ ਲਗਦਾ ਹੈ ਕਿ ਐਕਸ਼ਨ ਫ਼ਿਲਮਾਂ ਦੇ ਸ਼ੌਕੀਨ ਦਰਸ਼ਕਾਂ ਨੂੰ ਇਸ ਫ਼ਿਲਮ ਦੀ ਬਜਾਏ ਅੱਗੋਂ ਹੋਰ ਆਉਣ ਵਾਲੀਆਂ ਪੰਜਾਬੀ ਐਕਸ਼ਨ ਫ਼ਿਲਮਾਂ ਲਈ ਪੈਸੇ ਬਚਾ ਕੇ ਰੱਖਣੇ ਚਾਹੀਦੇ ਹਨ ! ਕਹਿਣ ਦਾ ਮਤਲਬ ਕਿ ਇਸ ਫ਼ਿਲਮੀ ਪਲਾਟ ਵਿਚ ਕੁਝ ਵੀ ਨਵਾਂ ਨਹੀਂ ਹੈ ਵੇਖਣ ਨੂੰ, ਸਿਵਾ ਇਸਦੇ ਕਿ ਏਸ ਵਾਰ ਬੰਦੇ ਮਾਰੇ ਨਹੀਂ ਸਿਰਫ ਕੁੱਟੇ ਹਨ।
ਬਾਕੀ ਸਪੀਡ ਰਿਕਾਰਡਜ਼, ਬਿੰਨੂੰ ਢਿੱਲੋ ਅਤੇ ਓਮਜੀ ਸਟਾਰ ਸਟੂਡੀਓਜ਼ ਦੀ ਇਸ ਫ਼ਿਲਮ ਦੇ ਜੱਗੀ ਸਿੰਘ-ਲਾਡੀ ਸਿੰਘ ਵਲੋਂ ਦਿੱਤੇ ਸੰਗੀਤ ਵਿਚ ਮਸ਼ਹੂਰ ਗਾਇਕਾਂ ਵਲੋਂ ਗਾਏ ਇਸ ਫ਼ਿਲਮ ਦੇ ਗੀਤ ਵੀ ਫ਼ਿਲਮ ਦੇ ਨਾ ਟਿਕਣ ਕਾਰਨ ਲੰਮਾ ਸਮਾ ਨਹੀ ਚੱਲਣਗੇ ਜਦਕਿ ਸੰਗੀਤ ਚੰਗਾ ਹੈ।
ਅਫਸੋਸ ਹੈ ਅਣਗਿਣਤ ਸ਼ੋਅਸ ਨਾਲ 7 ਫਰਵਰੀ ਨੂੰ ਖੁੱਲੀ ਫ਼ਿਲਮ ਜ਼ਖਮੀ ਦਾ ਬਹੁਤ ਹੀ ਮਾੜੀ ਕੁਲੈਕਸ਼ਨ ਨਾਲ ਪਹਿਲਾ ਦਿਨ ਸਮਾਪਤ ਹੋਇਆ।

ਸਿੱਟਾ-ਪੰਜਾਬੀ ਫ਼ਿਲਮ ਲੇਖਣੀ ਅਤੇ ਨਿਰਦੇਸ਼ਨ ਵਿਚ ਰਚਨਾਤਮਕ-ਨਿਵੇਕਲਾਪਣ ਜ਼ਰੂਰ ਹੋਵੇ, ਹੋਰ ਜੋ ਮਰਜ਼ੀ ਕਰੋ !
ਧੰਨਵਾਦ -ਦਲਜੀਤ ਅਰੋੜਾ

Comments & Suggestions

Comments & Suggestions