ਫ਼ਿਲਮ ਸਮੀਖਿਆ “ਤੀਜਾ ਪੰਜਾਬ” / Film Review Teeja Punjab ਯਾਤਰਾ ਅਸਫਲ ਰਹੀ “ਤੀਜੇ ਪੰਜਾਬ” ਦੀ❗ 🎞🎞🎞🎞🎞🎞

By  |  0 Comments

ਪਤਾ ਨਹੀਂ ਅਸੀ ਕਿਉਂ ਪੰਜਾਬੀ ਸਿਨੇਮਾ ਨੂੰ ਐਨੇ ਹਲਕੇ ਹੱਥੀਂ ਲੈਣ ਲੱਗ ਪਏ ਹਾਂ।ਪਹਿਲਾ “ਮੂਸਾ ਜੱਟ” ਨੇ ਫ਼ਿਲਮ ਨੂੰ ਬਿਨਾਂ ਸਿਰ ਪੈਰ ਕਿਸਾਨੀ ਮੁੱਦੇ ਨਾ ਜੋੜ ਕੇ ਇਸ ਨੂੰ ਕੈਸ਼ ਕਰਨਾ ਚਾਹਿਆ ਤੇ ਹੁਣ ਇਸ ਫ਼ਿਲਮ ਦੀ ਅਧਾਰ ਰਹਿਤ ਕਹਾਣੀ ਨੂੰ ਕਿਸਾਨੀ ਸੰਘਰਸ਼ ਵਿਚ ਵਾੜ ਕੇ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ।
ਜੇ ਫ਼ਿਲਮ ਦੇ ਵਿਸ਼ੇ ਦੀ ਗੱਲ ਕਰੀਏ ਤਾਂ ਤਾਂ 1980 ਦਹਾਕੇ ਵਿਚਲੀਆਂ “ਜੱਟ ਤੇ ਜ਼ਮੀਨ” ਨਾਲ ਜੁੜੀਆਂ ਅਨੇਕਾਂ ਫ਼ਿਲਮਾਂ ਦੇ ਕਿੱਸਿਆਂ ਨਾਲ ਮੇਲ ਖਾਂਦਾ ਹੈ ਜਿਸ ਨੂੰ 2021 ਦੇ ਜਾਗਰੁਕ ਮਾਹੌਲ ਨਾਲ ਜੋੜਿਆ ਜਾਣਾ ਹਕੀਕਤਨ ਤਾਂ ਸੰਭਵ ਨਹੀਂ ਹੋ ਸਕਦਾ ਕਿ ਕਿਸੇ ਪਿੰਡ ਦਾ ਸਰਪੰਚ ਆਪਣੇ ਹੀ ਇਲਾਕੇ ਚੋਂ ਕਿਸੇ ਚੰਗੇ ਭਲੇ ਚੁਸਤ ਚਲਾਕ ਬੰਦੇ ਅਤੇ ਪਰਿਵਾਰ ਦੀ 10 ਕਿੱਲੇ ਜ਼ਮੀਨ ਹੜੱਪ ਲਵੇ, ਤੇ ਇਲਾਕੇ/ਪਿੰਡ ਦੇ ਲੋਕ/ਕਾਨੂੰਨ ਸਭ ਚੁੱਪ !


ਜਾਂ ਤਾਂ ਤੁਸੀਂ ਜ਼ਮੀਨ ਹੜਪਣ ਵਾਲੇ ਕਿਰਦਾਰ ਨੂੰ ਸਰਪੰਚ ਦੀ ਬਜਾਏ ਕੋਈ ਬਹੁਤ ਵੱਡਾ ਗੁੰਡਾ ਬਦਮਾਸ਼ ਜਾਂ ਸਿਆਸੀ ਸ਼ਹਿ ਵਾਲਾ ਕੋਈ ਮਾਫੀਆ ਸਰਗਨਾ ਸਥਾਪਿਤ ਕਰੋ , ਮਗਰ ਕਹਾਣੀਕਾਰ ਬੀ.ਐਨ.ਸ਼ਰਮਾ ਵਲੋਂ ਨਿਭਾਏ ਇਸ ਸਰਪੰਚ ਦੇ ਕਿਰਦਾਰ ਰਾਹੀਂ ਅਜਿਹਾ ਕੁਝ ਨਹੀਂ ਸਾਬਤ ਕਰ ਸਕਿਆ ਬਲਕਿ ਉਸ ਵਿਚੋਂ ਤਾਂ ਉਹੀ ਆਮ ਫਿਲਮਾਂ ਵਾਂਗ ਕਮੇਡੀ ਕਿਰਦਾਰ ਝਲਕਦਾ ਹੈ, ਜੋ ਕਿ ਕਹਾਣੀ ਵਿਚ ਮੁੱਦੇ ਮੁਤਾਬਕ ਮਿਸ ਫਿਟ ਸਾਬਤ ਹੋਇਆ। ਹਾਂ ਫ਼ਿਲਮ ਵਿਚਲਾ ਸਮਾਂ ਵੀ ਜੇ 1975/80 ਦੇ ਦਹਾਕੇ ਦਾ ਹੁੰਦਾ ਤਾਂ ਜੋ ਮਰਜ਼ੀ ਕਰੀ ਜਾਂਦੇ ਸਭ ਜਾਇਜ਼ ਸੀ ਪਰ 2021 ਦੇ ਫਿਲਮ ਦਰਸ਼ਕਾਂ ਨੂੰ ਪਿੰਡਾ ਵਿਚਲੀਆਂ ਅੱਜ ਵੀ ਅਜਿਹੀਆਂ ਘਟਨਾਵਾਂ/ਪ੍ਰਸਥਿਤੀਆਂ ਦਿਖਾ ਕੇ ਹਲਕਾ ਲੈ ਰਹੇ ਹੋ ਜੋ ਕਿ ਫ਼ਿਲਮ ਮੇਕਰਾਂ ਲਈ ਆਰਥਿਕ ਹਾਨੀਕਾਰਕ ਤਾਂ ਹੈ ਹੀ ਪਰ ਨਾਲ ਦੇ ਨਾਲ ਇਹ ਲੋਕ ਸਿਨੇਮਾ ਦਾ ਧੱਧਰ ਹੀ ਨੀਵਾਂ ਕਰ ਰਹੇ ਹਨ।
ਦੂਜਾ ਇਸ ਫ਼ਿਲਮ ਵਿਚ ਨਿਰਮਲ ਰਿਸ਼ੀ ਹੀਰੋ ਦੀ ਮਾਂ ਵਿਖਾਈ ਗਈ ਹੈ ਜੋ ਕਿ ਵੱਡੀ ਉਮਰੇ ਇਕ ਹੋਰ 10/12 ਸਾਲ ਦੇ ਬੱਚੇ ਦੀ ਵੀ ਮਾਂ ਹੈ ਯਾਨੀਕਿ ਹੀਰੋ ਦਾ ਛੋਟਾ ਭਰਾ ❗ਹੁਣ ਦੱਸੋ ਅੱਜ ਦੇ ਪੇਂਡੂ ਸੱਭਿਆਚਾਰ ਵਿਚ ਇਹ ਵੀ ਫ਼ਿਲਮ ਵਿਚ ਕਾਮੇਡੀ ਪਾਉਣ ਲਈ ਹੈ ⁉️,ਉੱਤੋਂ ਇਸ ਸਬੰਧ ਵਿਚ ਘਰ ਵਿਚ ਨੂੰਹ ਦੇ ਸੰਵਾਦ ਅਤੇ ਇਕ ਛੋਟੇ ਜਿਹੇ ਬੱਚੇ ਦਾ ਆਪਣੇ ਹੀਰੋ ਬਾਪ ਗੱਲ ਨੂੰ ਗੱਲ ਗੱਲ ਤੇ ਤੂੰ ਤੂੰ ਕਹਿ ਕੇ ਬਲਾਉਣਾ ਕਿੰਨਾ ਬੇਹੁਦਾ ਲਗਦਾ ਹੈ,ਪਤਾ ਨਹੀਂ ਕਿਹੜਾ ਸੱਭਿਆਚਾਰ ਸਿਖਾਉਣਾ ਚਾਹੁੰਦੇ ਹਾਂ ਅਸੀ ਇਹੋ ਜਿਹੀਆਂ ਫਿਲਮਾ ਰਾਹੀਂ ❗
ਇਸ ਫ਼ਿਲਮੀ ਕਹਾਣੀ ਦੀ ਬਾਕੀ ਕਸਰ ਓਦੋਂ ਪੂਰੀ ਹੁੰਦੀ ਹੈ ਜਦੋ ਫਿਲਮ ਵਿਚਲੇ ਜ਼ਮੀਨ ਹੜਪਣ ਵਾਲੇ ਮਾਮਲੇ ਨੂੰ ਲਮਕਾਉਣ ਲਈ “ਉੱਚੇ ਸੁੱਚੇ ਕਿਸਾਨੀ ਸੰਘਰਸ਼” ਨਾਲ ਜੋੜ ਦਿੱਤਾ ਜਾਂਦਾ ਹੈ । ਫ਼ਿਲਮ ਵਿਚਲੇ ਬੇਤੁਕੇ ਸੀਨਾਂ ਰਾਹੀਂ ਸੰਘਰਸ਼ ਵਿਚਲੀਆਂ ਘਟਨਾਵਾਂ ਦਾ ਹਲਕੇ ਪਧਰ ਦਾ ਫਿਲਮਾਂਕਣ ਅਤੇ ਫ਼ਿਲਮ ਦਾ ਹਾਸੋਹੀਣਾ ਅੰਤ, ਲੇਖਕ-ਨਿਰਦੇਸ਼ਕ ਦੀ ਗੈਰ ਗੰਭੀਰਤਾ , ਅਨਾੜੀਪੁਣਾ ਅਤੇ ਕਾਹਲੀ ਨਾਲ ਫ਼ਿਲਮ ਪ੍ਰਦਰਸ਼ਿਤ ਕਰਨ ਦੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ।
ਇਹੋ ਜਿਹੇ ਇਤਿਹਾਸਕ ਅੰਦੋਲਨਾਂ ਨੂੰ ਫਿਲਮਾਂ ਨਾਲ ਜੋੜਣ ਲਈ ਬਹੁਤ ਹੀ ਉੱਚ ਪੱਧਰੀ ਅਤੇ ਖੋਜ ਭਰਪੂਰ ਸੋਚ, ਦ੍ਰਿਸ਼-ਸੰਵਾਦ ਲੇਖਣੀ , ਸੈੱਟਅੱਪ , ਰੋਚਕਤਾ ਅਤੇ ਰਚਨਾਤਮਕਤਾ ਦੀ ਲੋੜ ਦੇ ਨਾਲ ਨਾਲ ਫਿਲਮਾਂਕਣ ਲਈ ਖੁੱਲ੍ਹਾ ਸਮਾਂ ਤੇ ਅਜਿਹੀ ਫਿਲਮ ਨੂੰ ਦਰਸ਼ਕਾਂ ਅੱਗੇ ਰੱਖਣ ਲਈ ਯੋਗ ਸਮੇ ਦੀ ਵੀ ਲੋੜ ਹੁੰਦੀ ਹੈ। ਵੈਸੇ ਵੀ 700ਦੇ ਕਰੀਬ ਕੀਮਤੀ ਕਿਸਾਨੀ ਜਾਨਾ ਗੁਆਉਣ ਵਾਲਾ ਸੰਘਰਸ਼ ਜਿਸ ਦਾ ਅਸਲੀ ਸਿੱਟਾ ਨਿਕਲਣਾ ਅਜੇ ਬਾਕੀ ਹੈ ਉਸ ਨੂੰ ਕਿਸੇ ਹਲਕੀ ਫਿਲਮੀ ਖੇਡ ਦਾ ਹਿੱਸਾ ਬਣਾਉਣਾ ਠੀਕ ਨਹੀਂ।
ਬਹੁਤ ਸਮਾਂ ਹੈ ਸਾਡੇ ਕੋਲ ਅਜਿਹੀਆਂ ਅਸਲ ਕਹਾਟੀਆਂ ਤੇ ਫ਼ਿਲਮਾਂ ਬਨਾਉਣ ਲਈ, ਫੇਰ ਵੀ ਜੇ ਅਜਿਹੀਆਂ ਫਿਲਮਾਂ ਬਣਾਉਣ ਦੀ ਕਾਹਲੀ ਹੈ ਕਿ ਕੋਈ ਹੋਰ ਨਾ ਅੱਗੇ ਨਿਕਲ ਜਾਏ ਤਾਂ ਫਿਰ ਫਿਲਮ ਮੇਕਿੰਗ ਸਿੱਖਣ ਲਈ “ਸ਼ੁਜੀਤ ਸਿਰਕਾਰ” ਦੀ ਹਾਲ ਹੀ ਵਿਚ ਰਿਲੀਜ ਹੋਈ ਫਿਲਮ “ਸਰਦਾਰ ਊਧਮ” ਤੋਂ ਸਿੱਖੋ ਜੋ ਕਿ ਅਸਲ ਘਟਨਾਕ੍ਰਮ ਦੇ ਕਈ ਵਰਿਆਂ ਬਾਅਦ ਅਤੇ ਮਿਲਦੀਆਂ ਜੁਲਦੀਆਂ ਬਣੀਆਂ ਕਈ ਫ਼ਿਲਮਾਂ ਦੇ ਬਾਵਜੂਦ ਵੀ 2021 ਵਿਚ ਪੇਸ਼ ਹੋ ਕੇ ਸਫਲ ਸਾਬਤ ਹੋਈ। ਸਬਜੈਕਟ ਪੁਰਾਣੇ ਨਹੀਂ ਹੁੰਦੇ ਪੇਸ਼ਕਾਰੀ ਵਿਚ ਦੱਮ ਹੋਣਾ ਚਾਹੀਦੈ। ਵੈਸੇ ਵੀ ਰਿਅਲ ਫਿਲਮ ਮੋਕਰ ਬਣਨਾ ਐਨਾ ਸੌਖਾ ਵੀ ਨਹੀ ਹੈ , ਫਿਲਮ ਚੋਂ ਜਨੂੰਨ ਚਲਕਣਾ ਚਾਹੀਦੈ ਨਾ ਕੇ ਪੈਸਾ ਕਮਾਉਣ ਦੀ ਲਾਲਸਾ, ਪੈਸਾ ਤਾਂ ਪਿੱਛੇ ਪਿੱਛੇ ਵੀ ਆ ਜਾਂਦੈ।

ਬਾਕੀ ਫਿਲਮ ਵਿਚਲੇ ਸਬ ਕਲਾਕਾਰਾਂ ਦੀ ਕਲਾਕਾਰੀ ਸੋਹਣੀ ਲੱਗੀ ਕਿਉਂ ਕਿ ਸਭ ਕਲਾਕਾਲ ਹੀ ਵਧੀਆਂ ਹਨ। ਨਿਮਰਤ ਖਹਿਰਾ ਦੀ ਸੰਵਾਦ ਅਦਾਈਗੀ ਦਿਲਚਸਪ ਹੈ ਜੋ ਉਸ ਦੀ ਪੁਖਤਾ ਅਦਾਕਾਰੀ ਵੱਲ ਵਧਦਾ, ਮਜਬੂਤ ਕਦਮ ਹੈ ਅਤੇ ਦੂਜੇ ਪਾਸੇ ਜੇ ਫ਼ਿਲਮ ਦਾ ਹੀਰੋ ਅੰਬਰਦੀਪ ਆਪਣੀ ਸੰਵਾਦ ਅਦਾਈਗੀ ਦੀ ਥੋੜੀ ਜਿਹੀ ਸਪੀਡ ਕੰਟਰੋਲ ਵਿਚ ਕਰ ਲਵੇ ਤਾਂ ਸ਼ਾਇਦ ਦਰਸ਼ਕਾਂ ਲਈ ਉਸ ਦੀ ਅਦਾਕਾਰੀ ਦਾ ਮਜ਼ਾ ਲੈਣਾ ਥੋੜਾ ਸੁਖਾਵਾਂ ਹੋ ਜਾਏ। ਕਿਸਾਨੀ ਸੰਘਰਸ਼ ਦੇ ਕਿੱਸਿਆਂ ਨਾਲ ਜੁੜੇ ਇਕ-ਦੋ ਸੀਨ ਅਤੇ ਫ਼ਿਲਮ ਵਿਚਲੇ ਕੁਝ ਸੰਵਾਦ ਅਰਥ ਭਰਪੂਰ ਅਤੇ ਪ੍ਰਭਾਵਸ਼ਾਲੀ ਵੀ ਹਨ।
ਫ਼ਿਲਮ ਦਾ ਸੰਗੀਤ ਵੀ ਸੋਹਣਾ ਹੈ ਅਤੇ
ਜੰਤਿੰਦਰ ਸ਼ਾਹ ਵਲੋਂ ਦਿੱਤੇ ਗਏ ਇਸ ਫਿਲਮ ਦੇ ਸੰਗੀਤ ਵਿਚ ਤਾਜ਼ਗੀ ਵੀ ਹੈ। 🎞🎞🎞
ਮੇਰੀ ਯਾਤਰਾ ਤਾਂ ਅਸਫਲ ਰਹੀ “ਤੀਜੇ ਪੰਜਾਬ” ਦੀ, ਬਾਕੀ ਦਾ ਪਤਾ ਆਉਂਦੇ ਦੋ-ਚਾਰ ਦਿਨਾਂ ਵਿਚ ਲੱਗਣ ਦੀ ਸੰਭਾਵਨਾ ਹੈ❗
-ਦਲਜੀਤ-ਪੰਜਾਬੀ ਸਕਰੀਨ

Comments & Suggestions

Comments & Suggestions