‘ਫ਼ਿਲਮ ਸਮੀਖਿਆ-ਤੇਰੀ ਮੇਰੀ ਜੋੜੀ’ ਘਰ ਫੂਕ ਤਮਾਸ਼ਾ ਵੇਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ!

By  |  0 Comments

ਅਤੇ ਇਹ ਕੰਮ ਸਿਰਫ ਉਹ ਵਿਅਕਤੀ ਹੀ ਕਰ ਸਕਦੈ ਜਿਸ ਵਿੱਚ ਜਨੂੰਨ ਅਤੇ ਸਿਨੇਮਾ ਪ੍ਰਤੀ ਪਿਆਰ ਹੋਵੇ। 100 ਸਾਲ ਦਾ ਸਿਨੇਮਾ ਇਤਿਹਾਸ ਫਰੋਲ ਲਵੋ, ਜਿੰਨ੍ਹਾਂ ਨੇ ਅਜਿਹਾ ਜ਼ੋਖਮ ਚੁੱਕਿਆ, ਇਕ ਦਿਨ ਆਪਣੇ ਮਿਸ਼ਨ ‘ਚ ਜ਼ਰੂਰ ਕਾਮਯਾਬ ਵੀ ਹੋਏ। ਆਓ ਗੱਲ ਕਰਦੇ ਹਾਂ ਫ਼ਿਲਮ ਤੇਰੀ ਮੇਰੀ ਜੋੜੀ ਦੀ ਕਿ ਉਪਰੋਤਕ ਸਿਰਲੇਖ ਇਸ ਫ਼ਿਲਮ ਤੇ ਕਿਉਂ ਢੁੱਕਦਾ ਹੈ। ਸਮੀਖਿਆ ਦੀ ਸ਼ੁਰੂਆਤ ਇਸ ਵਾਰ ਕਰਦੇ ਹਾਂ ਫ਼ਿਲਮ ਰਾਹੀਂ ਪੇਸ਼ ਹੋਏ ਨਵੇਂ, ਖੂਬਸੂਰਤ ਅਤੇ ਫ਼ਿਲਮ ਅਦਾਕਾਰੀ ਦੀ ਸਮਰੱਥਾ ਰੱਖਦੇ ਐਕਟਰ ਚਿਹਰਿਆਂ ਤੋਂ ਅਤੇ ਸਭ ਤੋਂ ਪਹਿਲਾ ਗੱਲ ਇਸ ਫ਼ਿਲਮ ਦੋ ਨੌਜਵਾਨਾਂ ਕਿੰਗ ਬੀ ਚੌਹਾਨ ਅਤੇ ਸੈਮੀ ਗਿੱਲ ਦੀ ਜਿੰਨ੍ਹਾਂ ਨੇ ਆਪਣੀ ਹੀਰੋਗਿਰੀ ਸਾਬਤ ਕਰਨ ਦੇ ਨਾਲ ਨਾਲ ਆਪੋ ਆਪਣੇ ਸਟਾਈਲ ਦੀ ਵਧੀਆ ਅਦਾਕਾਰੀ ਕਰ ਕੇ ਸੰਜੀਦਾ ਐਕਟਰ ਹੋਣ ਦਾ ਸਬੂਤ ਵੀ ਦਿੱਤਾ ਅਤੇ ਹੁਣ ਕਹਿ ਸਕਦੇ ਹਾਂ ਕਿ ਪੰਜਾਬੀ ਸਿਨੇਮਾ ਨੂੰ ਦੋ ਹੋਰ ਗੈਰ ਗਾਇਕ ਹੀਰੋ ਚਿਹਰੇ ਵੀ ਮਿਲ ਗਏ ਹਨ। ਅਦਾਕਾਰਾ ਅਰਸ਼ ਪੁਰਬਾ ਅਤੇ ਮੋਨੀਕਾ ਸ਼ਰਮਾ ਨੇ ਵੀ ਲੀਡ ਅਦਾਕਾਰੀ ਵਾਲੇ ਮਿਲੇ ਰੋਲ ਨਾਲ ਇਨਸਾਫ ਕਰ ਕੇ ਸਿਨੇਮਾ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਜੇ ਗੱਲ ਤੀਸਰੀ ਅਦਾਕਾਰਾ ਬ੍ਰਿਟਿਸ਼ ਅਦਾਕਾਰਾ ਜੈਜ਼ ਦੀ ਕਰੀਏ ਤਾਂ ਜਿਸ ਢੰਗ ਨਾਲ ਨਿਰਦੇਸ਼ਕ ਨੇ ਉਸ ਕੋਲੋਂ ਕੰਮ ਲਿਆ, ਉਹ ਕਿਤੇ ਵੀ ਓਪਰੀ ਨਹੀਂ ਲੱਗੀ ਬਲਕਿ ਉਸ ਦਾ ਰੋਲ ਵੀ ਪੂਰਾ ਜਸਟੀਫਿਕੇਸ਼ਨ ਵਾਲਾ ਅਤੇ ਦਿਲਚਸਪ ਹੈ। ਇਸ ਤੋਂ ਇਲਾਵਾ ਅਦਿਤਯਾ ਸੂਦ ਦੇ ਬੇਟੇ ਨੇ ਵੀ ਆਪਣੀ ਅਦਾਕਾਰੀ ਦੀ ਛਾਪ ਛੱਡੀ ਅਤੇ ਫ਼ਿਲਮ ਦਾ ਧੁਰਾ ਰੂਪੀ ਇਕ ਕਰੈਕਟਰ ਰੋਲ ਕਰਨ ਵਾਲੀ ਯੰਗ ਅਦਾਕਾਰਾ ਕਰਮ ਕੌਰ, ਜਿਸ ਨੇ ਕਿ ਹੀਰੋ ਸੈਮੀ ਗਿੱਲ ਦੀ ਭੈਣ ਰਾਣੋ ਦਾ ਰੋਲ ਨਿਭਾਇਆ, ਵੀ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ਅਤੇ ਮੈਨੂੰ ਲਗਦੈ ਕਿ ਉਪਰੋਤਕ ਦਰਸਾਏ ਸਾਰੇ ਪਾਤਰ ਪੰਜਾਬੀ ਫ਼ਿਲਮ ਐਕਟਰਾਂ ਦੀ ਮੋਹਰਲੀ ਕਤਾਰ ਵਿਚ ਜ਼ਰੂਰ ਸ਼ਾਮਲ ਹੋਣਗੇ।

ਹੁਣ ਗੱਲ ਫ਼ਿਲਮ ਦੇ ਸੱਭ ਤੋਂ ਵੱਡੇ ਮੁੱਖ ਕਿਰਦਾਰ ਯੋਗਰਾਜ ਸਿੰਘ ਦੀ ਤਾਂ ਉਸ ਨੇ ਆਪਣੀ ਜਜ਼ਬਾਤਾਂ ਭਰੀ ਪੁੱਖਤਾ ਅਦਾਕਾਰੀ ਦੀ ਜੋ ਛਾਪ ਇਸ ਵਾਰ ਛੱਡੀ ਹੈ, ਸ਼ਾਇਦ ਪਹਿਲਾਂ ਨਹੀਂ ਵੇਖੀ ਗਈ ਅਤੇ ਉਨਾਂ ਦੇ ਬੇਟੇ ਵਿਕਟਰ ਯੁਵਰਾਜ ਦੀ ਡੈਬਿਊ ਪੇਸ਼ਕਾਰੀ ਵੀ ਪ੍ਭਾਰਵਸ਼ਾਲੀ ਰਹੀ, ਆਉਣ ਵਾਲੇ ਦਿਨਾਂ ਵਿਚ ਇਹ ਮੁੰਡਾ ਵੀ ਆਪਣੇ ਕੌਤਕ ਜ਼ਰੂਰ ਵਿਖਾਏਗਾ। ਸ਼ਕਤੀ ਕਪੂਰ, ਵਿਜੇ ਟੰਡਨ, ਰਾਣਾ ਜੰਗ ਬਹਾਦੁਰ, ਗੁਰਿੰਦਰ ਮਕਨਾ, ਨਾਜ਼ੀਆ, ਪਰਮਿੰਦਰ ਗਿੱਲ, ਹਰਪਾਲ ਸਿੰਘ, ਗੋਪੀ ਭੱਲਾ ਅਤੇ ਸਿੱਧੂ ਮੂਸੇ ਵਾਲਾ ਸਮੇਤ ਫ਼ਿਲਮ ਦੇ ਸਾਰੇ ਕਲਾਕਾਰ ਹੀ ਆਪੋ ਆਪਣੀ ਬੇਹਤਰੀਨ ਪ੍ਫੋਰਮੈਂਸ ਦਾ ਪ੍ਭਾਰਵ ਛੱਡਦੇ ਹਨ। ਜੇ ਗੱਲ ਕਰੀਏ ਫ਼ਿਲਮ ਲੇਖਕ ਅਤੇ ਨਿਰਦੇਸ਼ਕ ਅਦਿਤਯ ਸੂਦ ਦੀ ਤਾਂ ਜਿਸ ਤਰਾਂ ਉਸ ਨੇ ਨਵੇਂ ਅਤੇ ਪੁਰਾਣੇ ਕਲਾਕਾਰਾਂ ਤੋਂ ਕੰਮ ਲਿਆ ਹੈ ਵਾਕਿਆ ਹੀ ਕਾਬਿਲ-ਏ-ਤਾਰੀਫ ਹੈ ਜਿਸ ਦਾ ਅੰਦਾਜ਼ਾ ਫ਼ਿਲਮ ਵੇਖ ਕੇ ਹੀ ਲਗਾਇਆ ਜਾ ਸਕਦਾ ਹੈ। ਆਪਣੀ ਲਿਖੀ ਇਸ ਫ਼ਿਲਮ ਦੀ ਖਿਲਾਰ ਵਾਲੀ ਕਹਾਣੀ ਨੂੰ ਜਿਸ ਤਰਾਂ ਉਸ ਨੇ ਮਜਬੂਤ ਸਕਰੀਨ ਪਲੇਅ ਵਿੱਚ ਜਕੜ ਕੇ ਆਪਣੇ ਨਿਰਦੇਸ਼ਨ ਵਿੱਚ ਪਕੜ ਸਾਬਤ ਕੀਤੀ ਹੈ ਉਹ ਸ਼ਾਇਦ ਨਾਮੀ ਗਰਾਮੀ ਲੇਖਕ ਅਤੇ ਨਿਰਦੇਸ਼ਕ ਵੀ ਨਹੀਂ ਕਰ ਪਾਉਂਦੇ, ਜਿਸ ਦੀ ਤਾਜ਼ਾ ਉਦਹਾਰਣ ‘ਸਿੰਘਮ’ ਅਤੇ ‘ਨੌਕਰ ਵੋਹਟੀ ਦਾ’ ਫ਼ਿਲਮਾਂ ਹਨ, ਇਹਦਾ ਮਤਲਬ ਇਹ ਨਹੀਂ ਕਿ ਉਨਾਂ ਨੂੰ ਕੰਮ ਨਹੀਂ ਕਰਨਾ ਆਉਂਦਾ, ਬਸ ਅਣਗਹਿਲੀਆਂ ਅਤੇ ਮਿਹਨਤ-ਲਗਨ ਤੋਂ ਗੁਰੇਜ਼ ਜਾਂ ਮਿੱਥੀਆ ਤਰੀਕਾਂ ਮੁਤਾਬਕ ਫ਼ਿਲਮ ਮੁਕੰਮਲ ਕਰਨ ਦੀ ਕਾਹਲ ਕਹਿ ਲਓ।
ਖੈਰ ਜੇ ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਇਕ ਕਿ੍ਏਰਟਿਵ ਸੋਚ ਵਾਲੀ, ਰੋਮਾਂਟਿਕ, ਜਜ਼ਬਾਤਾਂ ਅਤੇ ਪਰਿਵਾਰਕ ਕਦਰਾਂ ਕੀਮਤਾਂ ਪ੍ਰਤੀ ਸਾਰਥਕ ਸੁਨੇਹਾਂ ਦਿੰਦੀ ਪੂਰੀ ਤਰਾਂ ਫ਼ਿਲਮੀ ਕਹਾਣੀ ਹੈ, ਜਿਸ ਬਾਰੇ ਸਾਡੇ ਇਕ ਫੇਸ ਬੁਕ ਦੋਸਤ ਨੇ ਇਹ ਲਿਖਿਆ ਸੀ ਕਿ ਪੰਜਾਬ ਵਿੱਚ ਡਾਕੂ ਦੀ ਵੇਸਭੂਸ਼ਾ ਵਿੱਚ ਕੁੜੀ ਦਾ ਕੀ ਕੰਮ? ਤਾਂ ਉਸ ਦਾ ਜਵਾਬ ਫ਼ਿਲਮੀ ਕਹਾਣੀ ਦੇ ਨਾਲ ਨਾਲ ਫ਼ਿਲਮ ਲਿਬਰਟੀ ਵੀ ਹੈ, ਪਰ ਸ਼ਰਤ ਹੈ ਕਿ ਦਰਸ਼ਕਾਂ ਨੂੰ ਹਜ਼ਮ ਹੋਣ ਵਾਲੀ ਹੋਵੇ ਅਤੇ ਜਿੱਥੋਂ ਤੱਕ ਡਾਕੂ ਕੁੜੀ ਵਿਖਾਏ ਜਾਣ ਦਾ ਸਵਾਲ ਹੈ ਤਾਂ ਪੰਜਾਬ ਵਿੱਚ ਡਾਕੂਆਂ ਤੇ ਕਈ ਫ਼ਿਲਮਾਂ ਬਣੀਆਂ ਹਨ, ਹੁਣ ਡਾਕੂ ਦੇ ਰੂਪ ਵਿੱਚ ਮੁੰਡਾ ਹੈ ਜਾਂ ਕੁੜੀ ਕੀ ਫਰਕ ਪੈਂਦਾ! ਪਰ ਫ਼ਿਲਮ ਤੇਰੀ ਮੇਰੀ ਜੋੜੀ ਦਾ ਇਹ ਹਿੱਸਾ ਪੂਰੀ ਤਰਾਂ ਦਿਲਚਸਪ ਹੈ। ਕੁੱਲ ਮਿਲਾ ਕੇ ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਨੂੰ ਵਧੀਆ ਹੀ ਕਿਹਾ ਜਾ ਸਕਦਾ ਹੈ।
ਬਾਕੀ ਐਡੀ ਵੱਡੀ ਫ਼ਿਲਮ ਮੇਕਿੰਗ ਵਿੱਚ ਗਲਤੀਆਂ ਜਾਂ ਕੋਈ ਨਾ ਕੋਈ ਅਣਗਹਿਲੀ ਹੋ ਹੀ ਜਾਂਦੀ ਹੈ ਜਾਂ ਫੇਰ ਕਿਸੇ ਗੱਲੋਂ ਦਰਸ਼ਕਾਂ ਦੀ ਸੋਚ ਦਾ ਲੇਖਕ-ਨਿਰਦੇਸ਼ਕ ਨਾਲ ਮੇਲ ਨਾ ਖਾਣਾ ਵੀ ਕੋਈ ਵੱਡੀ ਗੱਲ ਨਹੀਂ। ਇਸ ਫ਼ਿਲਮ ਦਾ ਵੀ ਨੰਬਰਿੰਗ ਤੋਂ ਪਹਿਲਾਂ ਵਾਲਾ ਸ਼ੁਰੂਆਤੀ ਹਿੱਸਾ ਮੇਰੇ ਮੁਤਾਬਕ ਬਹੁਤਾ ਪ੍ਭਾਰਵਸ਼ਾਲੀ ਨਹੀ ਅਤੇ ਫ਼ਿਲਮ ਦੇ ਆਖ਼ਰੀ ਸੀਨਾਂ ਵਿੱਚ ਵੀ ਇਕ-ਦੋ ਥਾਂ ਦਰਸ਼ਕਾਂ ਨੂੰ ਝੱਟਕੇ ਲੱਗਦੇ ਹਨ, ਥੋੜਾ ਹੋਰ ਸੋਚਣ ਤੇ ਜਿਸ ਨੂੰ ਠੀਕ ਕੀਤਾ ਜਾ ਸਕਦਾ ਸੀ, ਪਰ ਫੇਰ ਵੀ ਓਵਰਆਲ ਸਭ ਕੁਝ ਠੀਕ ਠਾਕ ਹੀ ਨਜ਼ਰ ਆਉਂਦਾ ਹੈ ਫ਼ਿਲਮ ਵਿਚ। ਜੇ ਫ਼ਿਲਮ ਦੇ ਸੰਗੀਤ ਨੂੰ ਸਾਹਮਣੇ ਰੱਖੀਏ ਤਾਂ ਲੇਖਕ-ਨਿਰਦੇਸ਼ਕ ਇਸ ਨੂੰ ਹਰ ਤਰਾਂ ਫ਼ਿਲਮੀ ਅਤੇ ਢੁੱਕਵਾਂ ਸਾਬਤ ਕਰਨ ਵਿਚ ਕਾਮਯਾਬ ਨਜ਼ਰ ਆਇਆ। ਫ਼ਿਲਮ ਸੰਗੀਤਕਾਰਾਂ ਗੁਰਮੀਤ ਸਿੰਘ, ਜੱਸੀ ਕਟਿਆਲ, ਸਨੈਪੀ, ਨਿਕ ਧੱਮੂ ਅਤੇ ਨੇਸ਼ਨ ਬਰਦ੍ਰਜ਼ ਏ.ਐਨ, ਗਾਇਕ ਸਿੱਧੂ ਮੂਸੇ ਵਾਲਾ, ਗੁਰਨਾਮ ਭੁੱਲਰ, ਪ੍ਰਭ ਗਿੱਲ, ਗੁਰਲੇਜ਼ ਅਖ਼ਤਰ, ਰਾਸ਼ੀ ਸੂਦ, ਹਿੱਮਤ ਸੰਧੂ, ਤਨਿਸ਼ਕ ਕੌਰ, ਜੰਨਤ ਕੌਰ, ਇੰਦਰ ਧੁੱਮੂ, ਦਲਵੀਰ ਸਾਰੋਬਾਦ ਅਤੇ ਗੀਤਕਾਰ ਸਿੱਧੂ ਮੂਸੇ ਵਾਲਾ, ਨਵੀ ਅਤੇ ਅਭੀ ਫਤਿਹ ਗੜੀਆ, ਇੰਦਰ ਧੱਮੂ, ਦਲਵੀਰ ਸਾਰੋਬਾਦ ‘ਤੇ ਸੁਰਫਾਜ਼ ਅਤੇ ਬੈਕਰਾਉਂਡ ਸਕੋਰ ਦੇਣ ਵਾਲੇ ਅਮਲ ਮੋਹੀਲੇ ਅਦਿ ਸਭ ਦੀ ਮੇਹਨਤ ਸਾਫ ਝਲਕ ਰਹੀ ਹੈ। ਸਿੱਧੂ ਮੂਸੇ ਵਾਲੇ ਦਾ ਗੀਤ ਵੀ ਫ਼ਿਲਮ ਦੀ ਸੰਗੀਤ ਰੂਪੀ ਰੀੜ ਦੀ ਹੱਡੀ ਦਾ ਮਜਬੂਤ ਮਣਕਾ ਸਾਬਤ ਹੋਇਆ ਹੈ।
ਹੁਣ ਗੱਲ ਅਸਲ ਮੁੱਦੇ ਦੀ ਤਾਂ ਘਰ ਫੂਕ ਤਮਾਸ਼ਾ ਵੇਖਣ ਵਾਲੀ ਗੱਲ ਫ਼ਿਲਮ ਨਿਰਮਾਤਾ-ਨਿਰਦੇਸ਼ਕ ਤੇ ਪੂਰੀ ਪੂਰੀ ਇਸ ਲਈ ਵੀ ਢੁੱਕਦੀ ਹੈ ਕਿ ਫ਼ਿਲਮ ਤੇ ਹਰ ਪੱਖੋਂ ਵਧੀਆ ਖਰਚਾ ਕਰ ਕੇ ਇਨ੍ਹਾਂ ਨੇ ਜੋ ਫ਼ਿਲਮ ਦੀ ਪੋ@ਡਕਸ਼ਨ ਵੈਲੀਊ ਸਾਬਤ ਕੀਤੀ ਹੈ, ਜੇ ਇਹ ਲੋਕ ਚਾਹੁੰਦੇ ਤਾਂ ਆਮ ਨਿਰਮਾਤਾਵਾਂ ਵਾਂਗ ਰਿਸਕ ਤੋਂ ਬਚਣ ਲਈ ਕੋਈ ਨਾਮੀ-ਗਰਾਮੀ ਗਾਇਕ-ਨਾਇਕ ਵੀ ਲੈ ਸਕਦੇ ਸਨ ਪਰ ਉਨਾਂ ਨੇ ਸ਼ਾਇਦ ਆਪਣੀ  ਰਿਅਲ ਪੰਜਾਬੀ ਸਿਨੇਮਾ ਪ੍ਰਤੀ ਆਪਣੀ ਚਾਹਤ ਅਤੇ ਜਨੂੰਨ ਕਰ ਕੇ ਹੀ ਨਵੇਂ ਕਲਾਕਾਰਾਂ ਨੂੰ ਤਰਜੀਹ ਦਿੱਤੀ।ਇਸ ਤੋਂ ਇਲਾਵਾ ਉਨ੍ਹਾਂ ਦੁਆਰਾ ਬਣਾਈਆਂ ਪਹਿਲੀਆਂ ਦੋ ਫ਼ਿਲਮਾਂ ਵਿਚੋਂ ਨਾਮੀ ਕਲਾਕਾਰਾਂ ਪ੍ਰਤੀ ਹਾਸਲ ਹੋਏ ਆਪਣੇ ਤਜੁਰਬੇ ਦਾ ਸਿੱਟਾ ਵੀ ਹੈ ਫ਼ਿਲਮ ‘ਤੇਰੀ ਮੇਰੀ ਜੋੜੀ’ ਵਿਚ ਨਵੇਂ ਕਲਾਕਾਰਾਂ ਦੀ ਆਮਦ ਅਤੇ ਜੇ ਕੋਈ ਵੀ ਨਵਾਂ ਨਿਰਮਾਤਾ-ਨਿਰਦੇਸ਼ਕ ਨਵੇਂ ਕਲਾਕਾਰਾਂ ਨੂੰ ਮੌਕਾ ਨਹੀ ਦੇਵੇਗਾ ਤਾਂ ਪੰਜਾਬੀ ਸਿਨੇਮਾ ਵਿਚ ਨਵੀਨਤਾ ਦੀ ਆਸ ਵੀ ਮੁਸ਼ਕਿਲ ਹੈ। ਪੰਜਾਬੀ ਸਕਰੀਨ ਅਦਾਰਾ ਤਾਂ ਅਜਿਹੇ ਨਿਰਮਾਤਾ-ਨਿਰਦੇਸ਼ਕ ਦੀ ਹਮਾਇਤ ਅਤੇ ਉਸ ਦੀ ਹੌਸਲਾ ਅਫ਼ਜਾਈ ਲਈ ਹਰ ਵੇਲੇ ਨਾਲ ਖੜਾ ਹੈ ਅਤੇ ਇਸ ਫ਼ਿਲਮ ਰਾਹੀਂ ਮੌਕਾ ਪ੍ਰਾਪਤ ਕਰਨ ਵਾਲੇ ਸਾਰੇ ਕਲਾਕਾਰਾਂ ਨੂੰ ਵੀ ਆਪਣੇ ਨਿਰਮਾਤਾ-ਨਿਰਦੇਸ਼ਕ ਦਾ ਅਹਿਸਾਨਮੰਦ ਹੋਣਾ ਬਣਦਾ ਹੈ।
ਫ਼ਿਲਮ ‘ਤੇਰੀ ਮੇਰੀ ਜੋੜੀ’ ਦੇ ਨਿਰਮਾਤਾ ਹਰਮਨਦੀਪ ਅਤੇ ਨਿਰਦੇਸ਼ਕ ਅਦਿਤਯ ਸੂਦ ਨੂੰ ਪਤਾ ਵੀ ਸੀ ਕਿ ਫ਼ਿਲਮ ਵਿੱਚ ਸਭ ਕੁਝ ਵਧੀਆ ਹੋਣ ਦੇ ਬਾਵਜੂਦ ਵੀ ਸ਼ਾਇਦ ਨਵੇਂ ਲੀਡ ਕਲਾਕਾਰਾਂ ਕਰਕੇ ਫ਼ਿਲਮ ਨੂੰ ਭਰਵੀਂ ਓਪਨਿੰਗ ਨਾ ਮਿਲੇ ਅਤੇ ਅਜਿਹਾ ਨਜ਼ਰ ਵੀ ਆਇਆ ਅਤੇ ਨਿਰਮਾਤਾ-ਨਿਰਦੇਸ਼ਕ ਸਮੇਤ ਇਸ ਫ਼ਿਲਮ ਨਾਲ ਜੁੜੇ ਲੋਕ, ਸਮੇਂ ਅਤੇ ਗਿਣਤੀ ਮੁਤਾਬਕ ਢੁਕਵੇਂ ਸ਼ੋਅ ਨਾਲ ਮਿਲਣ ਤੋਂ ਨਿਰਾਸ਼ ਵੀ ਨਜ਼ਰ ਆ ਰਹੇ ਹਨ, ਪਰ ਫੇਰ ਵੀ ਉਨਾਂ ਦੀ ਹਿੰਮਤ ਦੀ ਦਾਦ ਦੇਣੀ ਅਤੇ ਹੌਸਲਾ ਅਫਜਾਈ ਕਰਨੀ ਬਣਦੀ ਹੈ, ਕਿਉਂਕਿ  ਨਵਿਆਂ ਨੂੰ ਇੱਥੇ ਪੈਰ ਜਮਾਉਣ ਲਈ ਅਜਿਹੀਆਂ ਮੁਸ਼ਕਿਲਾਂ ਚੋਂ ਲੰਘਣਾ ਹੀ ਪੈਣਾ ਹੈ।
ਹੁਣ ਜਿਹੜੇ ਲੋਕ ਆਪਣੇ ਨਿੱਜੀ ਮੁਫਾਦਾਂ ਕਰਕੇ ਜਾਂ ਹੋਸ਼ੇਪਣ ਵਿੱਚ ਆਪਣੀ ਆਖੌਤੀ ਫ਼ਿਲਮ ਸਮੀਖਿਆ ਰਾਹੀਂ ਅਜਿਹੇ ਨਿਰਮਾਤਾ-ਨਿਰਦੇਸ਼ਕਾਂ ਅਤੇ ਨਵੇਂ ਕਲਾਕਾਰਾਂ ਦਾ ਹੌਸਲਾ ਢਾਉਣ ਜਾਂ ਉਨਾਂ ਨੂੰ ਜਾਣਬੁਝ ਕੇ ਜਲੀਲ ਕਰਨ ਕੋਸ਼ਿਸ਼ ਕਰਦੇ ਹਨ, ਤਾਂ ਸਮਝ ਲਵੋ ਕਿ ਅਜਿਹੇ ਲੋਕ ਪੰਜਾਬੀ ਸਿਨੇਮਾ ਦੇ ਸ਼ੁੱਭਚਿੰਤਕ ਨਹੀਂ ਹੋ ਸਕਦੇ ਕਿਉਂਕਿ ਹਰ ਕੰਮ ਆਪਣੇ ਪੇਸ਼ੇ ਦੀ ਸੀਮਾ ‘ਚ ਰਹਿ ਕੇ ਹੀ ਸੋਭਦਾ ਹੈ। ਫ਼ਿਲਮ ਮੇਕਰਾਂ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਇਨ੍ਹਾਂ ਤੋਂ ਡਰਨ ਦੀ ਬਜਾਏ ਆਪਣੇ ਦੁਆਰਾ ਕੀਤੇ ਕੰਮ ਤੇ ਭਰੋਸਾ ਰੱਖਣਾ ਜ਼ਿਆਦਾ ਬੇਹਤਰ ਹੈ।
ਵੈਸੇ ਫ਼ਿਲਮ ਸਮੀਖਿਅਕਾਂ ਬਾਰੇ ਮੈਂ ਆਪਣੇ ਆਪ ਨੂੰ ਵੀ ਸ਼ਾਮਲ ਕਰਦਾ ਹੋਇਆ ਇਕ ਗੱਲ ਅਕਸਰ ਕਹਿੰਦਾ ਰਹਿੰਦਾ ਹਾਂ ਕਿ ਸਾਡੀਆਂ ਸਮੀਖਿਆਵਾਂ ਦਾ ਆਮ ਸਿਨੇ ਦਰਸ਼ਕਾਂ ਤੇ ਕੋਈ ਬਹੁਤਾ ਪ੍ਭਾਰਵ ਨਹੀਂ ਪੈਦਾਂ ਅਤੇ ਅਸਲ ਫ਼ਿਲਮ ਸਮੀਖਿਕ ਦਾ ਕੰਮ ਫ਼ਿਲਮ ਮੇਕਰਾਂ ਅਤੇ ਕਲਾਕਾਰਾਂ ਨੂੰ ਵਧੀਆ ਕੰਮ ਲਈ ਅਗਾਹ ਕਰਨਾ ਹੁੰਦਾ ਹੈ, ਨਾ ਕਿ ਦਰਸ਼ਕਾਂ ਨੂੰ ਗੁਮਰਾਹ ਕਰਨਾ!

ਧੰਨਵਾਦ

-ਦਲਜੀਤ ਅਰੋੜਾ

Comments & Suggestions

Comments & Suggestions