ਫ਼ਿਲਮ ਸਮੀਖਿਆ ‘ਨੌਕਰ ਵਹੁਟੀ ਦਾ’ ਨਾ ਮਜ਼ਾਕ ਉਡਾਓ ਪੁਰਾਣੀਆਂ ਹਿੱਟ ਫ਼ਿਲਮਾਂ ਦੇ ਸਿਰਲੇਖਾਂ ਦਾ

By  |  0 Comments

ਖੈਰ! ਜੇ ਕਿਸੇ ਨੇ ਸਮਾਂ ਤੇ ਪੈਸਾ ਬਰਬਾਦ ਕਰਨਾ ਹੈ ਤਾਂ ਜ਼ਰੂਰ ਵੇਖ ਸਕਦਾ ਹੈ ਨੌਕਰ ਵਹੁਟੀ ਦਾ, ਬਾਕੀ ਪਸੰਦ ਅਤੇ ਇੱਛਾ ਆਪੋ ਆਪਣੀ..
ਉਪਰੋਤਕ ਗੱਲ ਸਿਰਫ ਇਸ ਕਰ ਕੇ ਕੀਤੀ ਗਈ ਹੈ ਕਿ ‘ਸਿੰਘਮ’ ਦੀ ਜੋ ਕਸਰ ਰਹਿ ਗਈ ਸੀ ਉਹ ਇਸ ਫ਼ਿਲਮ ਨੇ ਪੂਰੀ ਕਰ ਤੀ। ਜੇ ਤੁਸੀਂ ਪੁਰਾਣੇ ਟਾਈਟਲ ਵਰਤ ਕੇ ਉਸ ਲੈਵਲ ਦੀ ਫ਼ਿਲਮ ਬਨਾਉਣ ਦੀ ਸਮਝ ਜਾਂ ਸਮਰੱਥਾ ਨਹੀਂ ਰੱਖਦੇ ਤਾਂ ਕਿਉਂ ਪੰਗੇ ਲੈ ਕੇ ਇਹ ਦੱਸਣਾ ਚਾਹੁੰਦੇ ਹੋ ਕਿ ਅਸੀ ਸਿਰਫ਼ ਇਸੇ ਜੋਗੇ ਹਾਂ, ਕਿ ਨਾ ਅਸੀ ਨਵੀਆਂ ਕਹਾਣੀਆਂ ਸੋਚ ਸਕਦੇ ਹਾਂ, ਨਾ ਅਸੀ ਪੁਰਾਣੀਆਂ ਦੀ ਚੰਗੀ ਤਰਾਂ ਨਕਲ ਕਰ ਸਕਦੇ ਹਾਂ।ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਫ਼ਿਲਮ ਨਾਲ ਜੁੜੇ ਸਭ ਲੋਕ, ਚਾਹੇ ਕੋਈ ਨਿਰਮਾਤਾ ਹੈ, ਚਾਹੇ ਨਿਰਦੇਸ਼ਕ, ਲੇਖਕ ਜਾ ਕੋਈ ਸੀਨੀਅਰ ਤੇ ਨਾਮੀ ਐਕਟਰ, ਸਭ ਨੇ ਹੀ ਬੁਰੀ ਤਰਾਂ ਨਿਰਾਸ਼ ਕੀਤਾ ਹੈ ਅਤੇ ਸਭ ਤੋਂ ਵੱਧ ਸਲਾਹਿਆ ਜਾਣ ਵਾਲਾ ਰੋਲ ਹੈ ਤਾਂ ਸਿਰਫ ਛੋਟੀ ਬੱਚੀ ਅਦਾਕਾਰਾ ਦਾ।


    ਜੇ ਅਸੀ ਬਾਲੀਵੁੱਡ ਦੀਆਂ ਉਦਹਾਰਣਾ ਦਿੰਦੇ ਹਾਂ ਤਾਂ, ਮੰਝੇ ਹੋਏ ਨਾਮੀ ਨਿਰਦੇਸ਼ਕ ਅਜਿਹੀਆਂ ਸਕ੍ਰਿਪਟਾਂ ਨੂੰ ਭੁਆਂ ਕੇ ਪਰਾਂ ਸੁੱਟਦੇ ਨੇ, ਨਾ ਕਿ ਅੱਖਾਂ ਮੀਟ ਕੇ, ਫ਼ਿਲਮ ਬਨਾਉਣ ਲੱਗ ਪੈਂਦੇ ਨੇ, ਨਿਰਦੇਸ਼ਕ ਵਾਸਤੇ ਤਾਂ ਸ਼ਾਇਦ ਇਨਾਂ ਹੀ ਕਹਿਣਾ ਕਾਫੀ ਹੈ।
ਹੁਣ ਜੇ ਫ਼ਿਲਮ ਦੇ ਹੀਰੋ ਬਿਨੂੰ ਢਿੱਲੋਂ ਦੀ ਗੱਲ ਕਰੀਏ ਤਾਂ ‘ਕਾਲਾ ਸ਼ਾਹ ਕਾਲਾ’, ‘ਵਧਾਈਆਂ ਜੀ ਵਧਾਈਆਂ’ ਅਤੇ ‘ਵੇਖ ਬਰਾਤਾਂ ਚੱਲੀਆਂ’ ਵਰਗੀਆਂ ਸ਼ਾਨਦਾਰ ਫ਼ਿਲਮਾਂ ਦੇਣ ਤੋਂ ਬਾਅਦ ਹਰ ਪੱਖੋਂ ਐਨੀ ਮਾੜੀ ਫ਼ਿਲਮ ਦੀ ਤਾਂ ਇਸ ਤੋਂ ਉਮੀਦ ਨਹੀ ਸੀ ਅਤੇ ਨਾ ਹੀ ਫ਼ਿਲਮ ਵਿਚਲੇ ਸੀਨੀਅਰ ਕਰੈਕਟਰ ਐਕਟਰਾਂ ਤੋਂ।
  ਇਹਨਾਂ ਸਭ ਤੋਂ ਫ਼ਿਲਮ ਵਿੱਚ ਨਿਭਾਏ ਗਏ ਰੋਲ ਕਾਰਨ ਨਿਰਾਸ਼ਾ ਇਸ ਕਰਕੇ ਹੋਈ ਕਿ ਸਾਰੇ ਦੇ ਸਾਰੇ ਸ਼ਕਲੋਂ ਵਡੇਰੀ ਉਮਰ ਦੇ ਨਜ਼ਰ ਆਉਂਦੇ ਕਰੈਕਟਰ ਐਕਟਰ ਹੀਰੋਗਿਰੀ ਅਤੇ ਆਸ਼ਕੀ ਕਰਦੇ ਨਜ਼ਰ ਆਏ। ਇਹ ਕਿਹੜੇ ਪੰਜਾਬ ‘ਚ ਵੱਸਦੇ ਲੋਕਾਂ ਦਾ ਸਿਨੇਮਾ ਹੈ, ਸਮਝ ਤੋਂ ਬਾਹਰ ਵਾਲੀ ਗੱਲ ਹੈ, ਪੰਜਾਬੀ ਸੂਬੇ ਤੋਂ ਬਾਹਰ ਵਾਲਾ ਫ਼ਿਲਮੀ ਜਾਂ ਗੈਰ ਫ਼ਿਲਮੀ ਕਲਚਰ ਪੰਜਾਬ ਵਿਚ ਨਹੀਂ ਚੱਲ ਸਕਦਾ ਚਾਹੇ ਜਿੰਨੀ ਮਰਜ਼ੀ ਹੁਸ਼ਿਆਰੀ ਵਖਾ ਲਓ।ਫ਼ਿਲਮ ਲਿਬਰਟੀ ਦੀ ਵੀ ਕੋਈ ਵੀ ਹੱਦ ਹੁੰਦੀ ਹੈ, ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੂਸੀ ਆਪਣੀ ਨਵੀਂ ਜਨਰੇਸ਼ਨ ਨੂੰ ਅਤੇ ਕਿਹੋ ਜਿਹਾ ਸਿਰਜਨਾ ਚਾਹੁੰਦੇ ਹੋ ਪੰਜਾਬੀ ਸਿਨੇਮਾ ਜਾਂ ਫੇਰ ਸਭ ਪੈਸੇ ਕਮਾਉਣ ਤੱਕ ਹੀ ਸੀਮਤ ਹਨ। ਸਭ ਗੱਲਾਂ ਸੋਚਣਯੋਗ ਹਨ..
  ਹੁਣ ਜੇ ਹਿੰਦੀ ਤੇ ਹੋਰ ਭਾਸ਼ਵਾਂ ਦੀਆਂ ਫ਼ਿਲਮਾਂ ਦੇ ਟੋਟੇ ਜੋੜ ਕੇ ਘੜੀ ਇਸ ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਆਮ ਲੋਕਾਂ ਲਈ ਇਹ ਇਕ ਮਜਾਹੀਆ ਸਵਾਲ ਹੈ ਕੀ ਜੇ ਕਿਸੇ ਬਾਲ ਬੱਚੇਦਾਰ ਬੰਦੇ ਦੀ ਪਤਨੀ ਬਿਨਾ ਕਿਸੇ ਠੋਸ ਕਾਰਨ (ਜਿਸ ਨੂੰ ਕੇ ਫ਼ਿਲਮ ਦਾ ਅਧਾਰ ਬਣਾਇਆ ਗਿਆ ਹੈ) ਰੁੱਸ ਕੇ ਪੇਕੇ ਚਲੇ ਜਾਏ ਅਤੇ ਵਾਪਸ ਨਾ ਆਉਣ ਦੀ ਜਿੱਦ ਕਰਨ ਉਪਰੰਤ ਉਸ ਦਾ ਬੰਦਾ ਉਸ ਨੂੰ ਮਨਾਉਣ ਸਮਝਾਉਣ ਅਤੇ ਆਪਣੀ ਬੇਟੀ ਨੂੰ ਮਿਲਣ ਖਾਤਰ ਇਕ ਹੱਟੇ ਕੱਟੇ ਸਮਾਰਟ ਟਾਈਪ ਬਜ਼ੁਰਗ, ਉਹ ਵੀ ਅਮਿਤਾਭ ਬਚਨ ਦੇ ਸ਼ਹਿਨਸ਼ਾਹ ਟਾਈਪ ਹੇਅਰ ਸਟਾਈਲ ਵਾਲੇ ਬੰਦੇ ਦਾ ਭੇਸ ਬਦਲ ਕੇ (ਜਿਸ ਵਿਚ ਕੇ ਉਸ ਦੀ ਉਮਰ ਦਾੜੀ ਕਾਲੀ-ਚਿੱਟੀ ਕੀਤਿਆਂ ਵੀ ਨਹੀਂ ਲੁਕਦੀ) ਆਪਣੀ ਹੀ ਵਹੁਟੀ ਦਾ ਡਰਾਈਵਰ ਬਣ ਕੇ ਆਪਣੇ ਹੀ ਸੋਹਰਿਆਂ ਘਰ ਨੌਕਰੀ ਕਰ ਲਵੇ ਤਾਂ, ਕੀ ਉਸ ਦੀ ਵਹੁਟੀ ਉਸ ਨੂੰ ਨਹੀਂ ਪਛਾਣੇਗੀ, ਜਿਸ ਨੇ ਉਦੇ ਬੱਚੇ ਜੰਮੇ ਹੋਣ…? ਕਿੱਢੀ ਬੇਹੁਦਾ ਕਹਾਣੀ ਤੇ ਸਕਰੀਨ ਪਲੇਅ ਹੈ ਲੇਖਕ ਦਾ ਲਿਖਿਆ…
  ‘ਨੌਕਰ ਵਹੁਟੀ ਦਾ’ ਟਾਈਟਲ ਵਾਲੀਆਂ ਹੋਰ ਭਾਰਤੀ ਤੇ ਪਾਕਿਸਤਾਨੀ ਫ਼ਿਲਮਾਂ ਦੀ ਨਕਲ ਦੀ ਗੱਲ ਛੱਡੋ, ਫ਼ਿਲਮ ਬਾਰੇ ਸਿਰਫ ਇਕ ਚਰਚਿਤ ਗੱਲ ਹੀ ਕਰ ਲਈਏ ਅਤੇ ਇਸ ਨੂੰ ਕਿ ਕਮਲ ਹਸਨ ਦੀ ਫ਼ਿਲਮ ‘ਚਾਚੀ 420’ ਵਾਲਾ ਆਡੀਆ ਹੀ ਮਨ ਲਈਏ ਤਾਂ ਵੀ ਘੱਟ ਤੋਂ ਘੱਟ ਜਨਾਨੀ ਤਾਂ ਬਣ ਕੇ ਜਾਂਦਾ ਸਾਡਾ ਹੀਰੋ ਜਾਂ ਕੋਈ ਹੋਰ ਖਾਸ ਲੁੱਕ, ਤਾਂ ਕਿ ਉਸ ਦੀ ਪਤਨੀ ਅਤੇ ਬਾਕੀਆਂ ਨੂੰ, ਉਸ ਨੂੰ ਪਛਾਣਨ ਵਿਚ ਥੋੜਾ ਬਹੁਤ ਭੁਲੇਖਾ ਤਾਂ ਪੈਂਦਾ, ਇੱਥੇ ਤਾਂ ਸ਼ਰੇਆਮ ਦਰਸ਼ਕਾਂ ਨੂੰ ਬੁੱਧੂ ਹੀ ਸਮਝਣਾ ਸ਼ੁਰੂ ਕਰ ਤਾ ਅਸੀ, ਇਕ ਗੱਲ ਹੋਰ ਕਿ ਭੇਸ ਬਦਲ ਆਪਣੀ ਵਹੁਟੀ ਨੂੰ ਮਨਉੁਣ ਦੀਆਂ ਕੋਸ਼ਿਸ਼ਾਂ ਦੀ ਬਜਾਏ ਇਧਰ ਉਧਰ ਹੀ ਉਲਝਦਾ/ਭਟਕਦਾ ਰਿਹਾ ਕਹਾਣੀਕਾਰ ਦੀ ਲਿਖਤ ਮੁਤਾਬਕ ਸਾਡਾ ਹੀਰੋ….! ਇਸ ਤੋਂ ਇਲਾਵਾ ਇਕ ਤੋਂ ਇਕ ਵਾਹਯਾਤ ਨਕਲੀ ਲਗਦੇ ਸੀਨਾ ਦੀ ਭਰਮਾਰ ਹੈ ਸਾਰੀ ਫ਼ਿਲਮ ਵਿਚ ਕਿਹੜਾ ਕਿਹੜਾ ਗਿਣਾਇਆ ਜਾਏ… ਜਿਹੜਾ ਫ਼ਿਲਮ ਵੇਖੂ ਆਪੇ ਪਤਾ ਲੱਗ ਜੂ…!
    ਬਸ ਆਖਰ ਵਿਚ ਇਹੋ ਕਹਾਂਗਾ ਕਿ ਜੇ ਨਿਰਦੇਸ਼ਕ ਨੇ ਕਾਮੇਡੀ ਟਾਈਪ ਦੀਆਂ ਫ਼ਿਲਮਾਂ ਬਨਾਉਣ ਦਾ ਹੀ ਤਹਈਆ ਕੀਤਾ ਹੋਇਆ ਹੈ ਤਾਂ, ਕੁਝ ਨਵੇਂ ਕਾਮੇਡੀ ਵਾਲੇ ਆਡੀਆਸ ਤੇ ਕੰਮ ਕਰੇ ਅਤੇ ਪੁਰਾਣਾ ਸਟਾਈਲ ਛੱਡ ਕੇ ਆਪਣੇ ਕੰਮ ਵਿਚ ਵੀ ਕ੍ਰਿਏਟੀਵਿਟੀ ਲਿਅਉੁਣ ਦੀ ਕੋਸ਼ਿਸ਼ ਕਰੇ ਕਿਉਂਕਿ ਹੁਣ ਤੁਹਾਡਾ ਨਾਮ ਵੱਡੇ ਅਤੇ ਨਾਮੀ ਨਿਰਦੇਸ਼ਕਾਂ ਵਿੱਚ ਸ਼ਾਮਲ ਹੋਣ ਕਾਰਨ, ਦਰਸ਼ਕ ਤੁਹਾਡੇ ਤੋਂ ਵਧੇਰੇ ਵਧੀਆ ਉਮੀਦਾਂ ਰੱਖਦੇ ਹਨ।ਬਾਕੀ ਸਾਰੇ ਨਾਮੀ ਐਕਟਰ ਅਤੇ ਮੇਕਰ ਆਪਣੇ ਸਟਾਰਡਮ ਦੇ ਚਲਦਿਆਂ ਓਵਰ ਕਾਨਫੀਡੈਂਸ ਦਾ ਸ਼ਿਕਾਰ ਹੋਣ ਦੀ ਬਜਾਏ ਆਪਣੀ ਬਣੀ ਬਣਾਈ ਇਮੇਜ ਨੂੰ ਸਾਂਭ ਰੱਖਣ ਦੇ ਨਜ਼ਰੀਏ ਨਾਲ ਕੰਮ ਕਰਨ, ਸੀਨੀਅਰ ਕਰੈਕਟਰ ਐਕਟਰ ਆਪਣੀ ਉਮਰ ਅਤੇ ਸਟੇਟਸ ਦਾ ਖਿਆਲ ਰੱਖ ਕੇ ਹੀ ਰੋਲ ਕਰਨ ਦੀ ਕੋਸ਼ਿਸ਼ ਕਰਨ। ਫ਼ਿਲਮ ਦੀ ਹੀਰੋਈਨ ਕੁਲਰਾਜ ਰੰਧਾਵਾ ਤਾਂ ਸ਼ਾਇਦ ਇਹ ਰੋਲ ਕਰ ਕੇ ਪਛਤਾਉਂਦੀ ਹੀ ਹੋਵੇਗੀ, ਕਿਉਂਕਿ ਕੇ ਉਸ ਨਾਲੋਂ ਵੱਧ ਅਤੇ ਨੋਟਿਸ ਹੋਣ ਵਾਲਾ ਕੰਮ ਤਾਂ ਉਪਾਸਨਾ ਸਿੰਘ ਕਰ ਗਈ ਅਤੇ ਬਾਕੀ ਦਾ ਕ੍ਰੈਡਿਟ ਬਿਨੂੰ-ਕੁਲਰਾਜ ਦੀ ਬੇਟੀ ਬਣੀ, ਛੋਟੀ ਅਦਾਕਾਰਾ ਕੁੜੀ ਲੈ ਗਈ। ਜੇ ਫ਼ਿਲਮ ਵਿਚਲੇ ਗੀਤਾਂ ਦੀ ਗੱਲ ਕਰੀਏ ਤਾਂ ਜਬਰਦਸਤੀ ਦੀਆਂ ਸਿਚੂਏਸ਼ਨਾਂ ਕ੍ਰਿਏਟ ਕਰ ਕੇ ਵਾੜੇ ਗਏ ਹਨ ਜਾਂ ਕਹਿ ਲੋ ਕੇ ਫ਼ਿਲਮ ਦੀ ਲੰਮੀ ਨਾ ਖਿੱਚੀ ਜਾ ਸਕਣ ਵਾਲੀ ਕਹਾਣੀ ਦਾ ਸਮਾ ਵਧਾਉਣ ਲਈ, ਜਾ ਫੇਰ ਟਾਈਮਪਾਸ ਕਰਨ ਲਈ ਵੀ ਕਹਿ ਸਕਦੇ ਹੋ.. ਕਰ ਕਰਾ ਕੇ ਫੇਰ ਵੀ ਫ਼ਿਲਮ ਦੀ ਗਤੀ ਵੀ ਧੀਮੀ ਰਹੀ ਅਤੇ ਸਮਾ ਵੀ ਆਮ ਫ਼ਿਲਮਾਂ ਤੋਂ ਘੱਟ ਰਿਹਾ।
  ਮੈਨੂੰ ਲਗਦੈ ਕਿ ਫ਼ਿਲਮ ਦੀ ਪਹਿਲੇ ਦਿਨ ਦੀ ਕੁਲੈਕਸ਼ਨ ਨਾਲ ਤਾਂ 200 ਤੋਂ ਵੱਧ ਸਕਰੀਨਾ ਦੇ 1000 ਤੋਂ ਵੱਧ ਸ਼ੋਅਸ ਅਤੇ ਸਿਨੇਮਾ ਘਰਾਂ ਦੀ ਫੀਸ ਦਾ ਖਰਚਾ ਵੀ ਨਹੀਂ ਨਿਕਿਲਿਆ ਹੋਣਾ, ਵੱਖਰੀ ਗੱਲ ਹੈ ਜੇ ਆਪਾਂ ਨਾ ਮੰਨੀਏ ਤਾਂ.. ਬਾਕੀ ਅੱਗੋਂ ਫ਼ਿਲਮ ਦਾ ਕੀ ਵਪਾਰ ਹੁੰਦਾ ਹੈ ਉਹ ਤਾਂ ਸਾਹਮਣੇ ਆ ਹੀ ਜਾਣਾ ਹੈ।

-ਪੰਜਾਬੀ ਸਕਰੀਨ

Comments & Suggestions

Comments & Suggestions