( ਫ਼ਿਲਮ ਸਮੀਖਿਆ ) ਪਾਕਿਸਤਾਨੀ ਕਲਾਕਾਰਾਂ ਦੁਆਰਾ ਕੀਤੀ ਭੰਡਗਿਰੀ ਦੀ, ਕਹਾਣੀ ਰਹਿਤ ਪੇਸ਼ਕਾਰੀ ਹੈ ਫ਼ਿਲਮ “ਚੱਲ ਮੇਰਾ ਪੁੱਤ”

By  |  0 Comments

ਜਿੱਥੋਂ ਤੱਕ ਪਾਕਿਸਤਾਨੀ ਕਲਾਕਾਰਾਂ ਦਾ ਇੰਡੀਅਨ ਸਿਨੇਮਾ ਵਿਚ ਕੰਮ ਕਰਨ ਦਾ ਸਵਾਲ ਹੈ ਤਾਂ ਸਭ ਤੋਂ ਪਹਿਲਾਂ ਸ਼ਾਇਦ ਪੰਜਾਬੀ ਸਕਰੀਨ ਅਦਾਰੇ ਵਲੋ ਹੀ ਫ਼ਿਲਮ “ਚੱਲ ਮੇਰਾ ਪੁੱਤ” ਦੀ ਖੁੱਲ੍ਹ ਕੇ ਹਮਾਇਤ ਕੀਤੀ ਗਈ ਪਰ ਹੁਣ ਫ਼ਿਲਮ ਨੂੰ ਵੇਖਣ ਉਪਰੰਤ ਜਦੋਂ ਇਨਾਂ ਕਲਾਕਾਰਾਂ ਨੂੰ ਆਪਣੀ ਫ਼ਿਲਮ ਵਿਚ ਲੈਣ ਦਾ ਕੋਈ ਠੋਸ ਅਧਾਰ ਨਜ਼ਰ ਨਹੀਂ ਆਇਆ ਤਾਂ ਇਸ ਫ਼ਿਲਮ ਦੇ ਮੇਕਰਾਂ ਦਾ ਮਕਸਦ ਸਿਰਫ਼ ਫ਼ਿਲਮ ਚਲਾਉਣ ਅਤੇ ਪੈਸਾ ਕਮਾਉਣ ਦੀ ਕੋਸ਼ਿਸ਼ ਤੱਕ ਸਿਮਟਿਆ ਨਜ਼ਰ ਆਉਂਦਾ ਹੈ। ਫ਼ਿਲਮ ਵਿਚਲਾ ਵਿਸ਼ਾ, ਜੋਕਿ ਵਿਦੇਸ਼ ਵਿਚ ਪੱਕੇ ਹੋਣ ਲਈ ਵਰਤੇ ਜਾਂਦੇ ਪੁੱਠੇ-ਸਿੱਧੇ ਹੱਥਕੰਡੇ ਅਪਨਾਉਣ ਜਾਂ ਉਥੇ ਜਾ ਕੇ ਕੰਮ ਕਰਨ ਵਾਲੇ ਵਿਅਕਤੀਆਂ ਦੇ ਹਲਾਤਾਂ ਨੂੰ ਵਿਖਾਉਣ ਵਾਲਾ, ਛੋਇਆ ਗਿਆ ਹੈ, ਕੋਈ ਨਵਾਂ ਨਹੀਂ ਹੈ, ਪਹਿਲਾਂ ਹੀ ਕਈ ਫ਼ਿਲਮਾ ਚ ਵੇਖ ਚੁੱਕੇ ਹਾਂ ਅਤੇ ਰੋਜ਼ ਇਧਰੋ-ਓਧਰੋਂ ਪੜਦੇ ਸੁਣਦੇ ਵੀ ਹਾਂ…
ਫ਼ਿਲਮ ਦੇ ਮੱਧ ਤੱਕ ਤਾਂ ਉਹੀ ਬਿਨਾ ਸਿਰ-ਪੈਰ ਵਾਲੀ ਭੰਡਗਿਰੀ ਕਿ ਬਸ ਬਿਨਾਂ ਗੱਲ ਇਕ ਦੂਜੇ ਦੀ ਬੇਜ਼ਤੀ ਕਰੀ ਜਾਓ, ਹੀ ਚਲਦੀ ਹੈ, ਜਿੱਥੇ ਕਹਾਣੀ ਨਾਮ ਦੀ ਕੋਈ ਚੀਜ਼ ਫ਼ਿਲਮ ਵਿਚ ਨਜ਼ਰ ਨਹੀਂ ਆਉਂਦੀ ਅਤੇ ਬਾਅਦ ਵਿਚ ਵੀ ਇਹ ਸਿਲਸਲਾ ਇਦਾਂ ਹੀ ਚਲਦੇ- ਚਲਦੇ ਆਖਿਰ ਵਿਚ ਕੁਝ ਮਾਮੁਲੀ ਭਾਵੁਕ ਦਿ੍ਸ਼ਾਂ ਅਤੇ ਹਿੰਦ-ਪਾਕ ਰਿਸ਼ਤਿਅਆਂ ਦੀ ਮਜਬੂਤੀ ਲਈ ਵਰਤੇ ਗਏ ਕੁਝ ਸੰਵਾਦਾਂ ਨਾਲ ਫ਼ਿਲਮ ਮੁੱਕ ਜਾਂਦੀ ਹੈ ।


ਹਾਂ, ਆਮ ਦਰਸ਼ਕਾਂ ਦੇ ਮਨੋਰੰਜਨ ਦੀ ਹਦ ਤੱਕ ਇਹ ਕਮੇਡੀ ਫ਼ਿਲਮ ਠੀਕ ਹੈ,ਜਿਨਾਂ ਨੂੰ ਕਹਾਣੀ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਜਿੱਥੇ ਇਸ ਵਿਚ “ਕੰਟੀਨਿਊਟੀ ਬਰੇਕ” ਸਮੇਤ ਕਈ ਹਾਸੋਹੀਣੀਆਂ ਗਲਤੀਆਂ ਵੀ ਹਨ ਉਥੇ ਇਸ ਵਿਚ ਇਕ ਖੂਬਸੂਰਤੀ ਵੀ ਹੈ ਕਿ ਦੋਹਰੇ ਮਤਲਬ ਵਾਲੇ ਸੰਵਾਦਾ ਦੀ ਵਰਤੋਂ ਗੁਰੇਜ ਕੀਤਾ ਗਿਆ ਹੈ।
ਜਿਸ ਤਰਾਂ ਇਸ ਪੰਜਾਬੀ ਫ਼ਿਲਮ ਵਿਚ ਪਾਕਿਸਤਾਨੀ ਕਾਮੇਡੀ ਕਲਾਕਾਰਾਂ ਨੂੰ ਗੈਰ ਮਜਬੂਤ ਅਧਾਰ ਨਾਲ ਵਰਤਿਆ ਗਿਆ ਹੈ, ਉਹ ਆਪਣੇ ਹਿੰਦੁਸਤਾਨੀ ਪੰਜਾਬੀ ਕਾਮੇਡੀ ਕਲਾਕਾਰਾਂ ਦਾ ਮੂੰਹ ਚਿੜਾਉਣ ਤੁਲ ਨਜ਼ਰ ਆ ਰਿਹਾ ਹੈ ਜੋਕਿ ਕਿਤੇ ਨਾ ਕਿਤੇ ਆਪਣਿਆਂ ਦਾ ਹੱਕ ਖੋਹਣ ਵਰਗਾ ਵੀ ਮਹਿਸੂਸ ਹੁੰਦਾ ਹੈ। ਇਕ ਗੱਲ ਹੋਰ ਕੇ ਜੇ ਸਿਰਫ ਅੱਜ ਦੀ ਪੀੜੀ ਦੇ ਪੰਜਾਬੀ ਸਿਨੇ ਦਰਸ਼ਕਾਂ ਨੂੰ ਪਾਕਿਸਤਾਨੀ ਕਲਾਕਾਰਾਂ ਦੀ ਉਹ ਸਟੈਂਡਅਪ ਕਾਮੇਡੀ, ਜੋਕਿ ਕਈ ਸਾਲਾਂ ਤੋਂ ਪਾਕਿਸਤਾਨੀ ਨਾਟਕਾਂ ਅਤੇ ਸਟੇਜਾਂ ਅਤੇ ਹੁਣ ਯੂਟਿਊਬ ਤੇ ਵੇਖੀ ਜਾ ਰਹੀ ਹੈ ਅਤੇ ਜਿਸ ਦੀ ਨਕਲ ਵਿਚ ਕਪਿਲ ਸ਼ਰਮਾ ਦਾ ਸ਼ੋਅ ਵੀ ਰਚਿਆ ਜਾ ਚੁਕਾ ਹੈ, ਰਾਹੀਂ ਇਧਰਲੇ ਕਾਮੇਡੀ ਪਸੰਦ ਸਿਨੇ ਦਰਸ਼ਕਾਂ ਤੋਂ ਪੈਸੇ ਕਮਾਉਣ ਵਾਲਾ ਮਕਸਦ ਪੂਰਾ ਕਰਨ ਦੀ ਕੋਸ਼ਿਸ਼ ਵਿਚ ਇਨਾਂ ਸਸਤੇ ਕਾਮੇਡੀ ਕਲਾਕਾਰਾਂ ਦਾ ਦਾਖਲਾ ਆਪਣੀ ਪੰਜਾਬੀ ਫ਼ਿਲਮ ਵਿਚ ਕੀਤਾ ਗਿਆ ਹੈ ਤਾਂ, ਇਹ ਸੋਚ ਸਾਰਥਕ ਨਹੀ ਹੈ।

ਬਾਕੀ ਰਹੀ ਗੱਲ ਇਸ ਫ਼ਿਲਮ ਰਾਹੀਂ ਹਿੰਦ-ਪਾਕ ਦੇ ਆਪਸੀ ਕਲਾਕਾਰ ਭਾਈਚਾਰੇ ਦੀ ਸਾਂਝ ਸਾਬਤ ਕਰਨ ਦੀ ਤਾਂ ਜਿਸ ਤਰਾਂ “ਰਿਧਮ ਬੋਆਇਜ਼” ਨੇ ਫਰਾਖਦਿਲੀ ਅਤੇ ਨਿਧੜਕ ਹੋ ਕੇ ਪਾਕਿਸਤਾਨੀ ਕਲਾਕਾਰਾਂ ਨੂੰ ਆਪਣੀ ਪੰਜਾਬੀ ਫ਼ਿਲਮ ਵਿਚ ਕੰਮ ਦਿੱਤਾ ਹੈ ਅਤੇ ਜਿਸ ਤਰਾਂ ਸਭ ਕੁਝ ਭੁੱਲ ਕੇ ਫਰਾਖਦਿਲੀ ਨਾਲ ਅਸੀ ਹਿੰਦੁਸਤਾਨੀ ਪੰਜਾਬੀ ਸਿਨੇ ਦਰਸ਼ਕ ਸਿਨੇਮਾ ਘਰਾਂ ਵਿਚ ਬੈਠੇ, ਇਹਨਾਂ ਪਾਕਿਸਤਾਨੀ ਕਲਾਕਾਰਾਂ ਦੇ ਸੰਵਾਦਾਂ ਤੇ ਉੱਚੀ ਉੱਚੀ ਹੱਸ ਕੇ ਇਹਨਾਂ ਨੂੰ ਸਿਰ ਤੇ ਚੁੱਕ ਰਹੇ ਹਾਂ, ਜੇ ਇਸੇ ਤਰਾਂ ਨਿਧੜਕ ਹੋ ਕਿ ਇਕ ਪੰਜਾਬੀ ਫ਼ਿਲਮ ਪਾਕਿਸਤਾਨ ਵਾਲੇ ਵੀ ਬਨਾਉਣ ਜਿਸ ਵਿਚ “ਚੱਲ ਮੇਰਾ ਪੁੱਤ” ਵਾਲੇ ਹਿੰਦੁਸਤਾਨੀ ਐਕਟਰ ਵੀ ਨਿਧੜਕ ਹੋ ਕੇ ਕੰਮ ਕਰਨ ਅਤੇ ਜਿਸ ਤਰਾਂ ਫ਼ਿਲਮ “ਚੱਲ ਮੇਰਾ ਪੁੱਤ” ਪਾਕਿਸਤਾਨੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਹੈ ਉਸੇ ਤਰਾਂ ਹਿੰਦੁਸਤਾਨੀ ਐਕਟਰਾਂ ਵਾਲੀ ਪਾਕਿਸਤਾਨੀ ਫ਼ਿਲਮ ਵੀ ਦੋਨਾਂ ਮੁਲਕਾਂ ਦੇ ਸਿਨੇਮਾ ਘਰਾਂ ਦਾ ਨਿਰਵਿਘਨ ਸ਼ਿੰਗਾਰ ਬਣੇ ‘ਤੇ ਦੋਨਾਂ ਮੁਲਕਾਂ ਦੇ ਬਸ਼ਿੰਦੇ ਤੇ ਸਰਕਾਰਾਂ ਵੀ ਇਸ ਫ਼ਿਲਮ ਨੂੰ ਹੱਸ ਹੱਸ ਕੇ ਪ੍ਰਵਾਨ ਕਰਨ ਤਾਂ ਕਲਾਕਾਰ ਭਾਈਚਾਰੇ ਦੀ ਸਾਂਝ ਵਾਲੀ ਅਸਲੀਅਤ ਸਾਹਮਣੇ ਆਵੇਗੀ ਅਤੇ ਆਪਸੀ ਸਾਂਝ ਵਾਲਾ ਮਕਸਦ ਵੀ ਪੂਰਾ ਹੋਣ ਦੀ ਦਿਸ਼ਾ ਵੱਲ ਕਦਮ ਵਧਾਏਗਾ ।
ਭਾਵੇਂ ਕਿ ਮੇਰੀ ਸਮਝ ਮੁਤਾਬਕ ਮਿਆਰੀ ਗਾਇਕੀ ਦੇ ਨਾਲ ਨਾਲ ਅਤੇ ‘ਅੰਗਰੇਜ’ ਅਤੇ ‘ਲਵ ਪੰਜਾਬ’ ਜਿਹੀਆਂ ਉਚ ਪੱਧਰੀ ਫ਼ਿਲਮਾਂ ਨਾਲ ਪੰਜਾਬੀ ਸਿਨੇਮਾ ਵਿਚ ਬਤੌਰ ਨਾਇਕ ਆਪਣਾ ਮਿਆਰੀ ਸਥਾਨ ਬਨਾਉਣ ਵਾਲੇ ਨਾਇਕ ਅਮਰਿੰਦਰ ਗਿੱਲ ਦੇ ਸਟੈਂਡਰਡ ਦੀ ਨਹੀਂ ਹੈ “ਚੱਲ ਮੇਰਾ ਪੁੱਤ” ਪਰ ਫੇਰ ਵੀ ਹੀਰੋ ਸਮੇਤ ਸਾਰੇ ਐਕਟਰਾਂ ਨੇ ਵਧੀਆ ਅਦਾਕਾਰੀ ਕੀਤੀ ਹੈ। ਡੈਬਿਊ ਡਾਇਰੈਕਟ ਜਨਜੋਤ ਨੂੰ ਇਕ ਵੱਡੇ ਪੋ੍ਡਕਸ਼ਨ ਹਾਊਸ ਰਾਹੀਂ ਕੰਮ ਮਿਲਣ ਤੇ ਵਿਸ਼ੇਸ਼ ਵਧਾਈ ਅਤੇ ਉਸ ਨੂੰ ਭਵਿੱਖ ਵਿਚ ਹੋਰ ਵਧੀਆ, ਉਸਾਰੂ ਅਤੇ ਸੂਝਬੂਝ ਨਾਲ ਕੰਮ ਕਰ ਕੇ ਵਿਖਾਉਣ ਲਈ ਸਾਡੀਆਂ ਸ਼ੁੱਭ ਕਾਮਨਾਵਾਂ ।

-ਦਲਜੀਤ ਅਰੋੜਾ

Comments & Suggestions

Comments & Suggestions