Pollywood Punjabi Screen

ਫ਼ਿਲਮ ਸਮੀਖਿਆ- “ਬਾਜਰੇ ਦਾ ਸਿੱਟਾ” ਰਹੀ ਬੇ ਸਿੱਟਾ ! -ਦਲਜੀਤ ਅਰੋੜਾ 🎞🎞🎞🎞🎞🎞🎞🎞

Written by admin

ਰੰਗਦਾਰ ਟੀ.ਵੀ.’ਚ ਬਲੈਕ ਐਂਡ ਵਾਈਟ ਫ਼ਿਲਮਾਂ – ਆਖਰ ਕਦੋਂ ਤੱਕ❓

ਸਮਝ ਤਾਂ ਗਏ ਹੋਵੋਗੇ ਕਿ ਮੈਂ ਕੀ ਕਹਿਣਾ ਚਾਹਿਆ ਹੈ।ਫ਼ਿਲਮ ਚੰਗੀ ਬਣੀ ਕੇ ਨਹੀਂ, ਕਹਾਣੀ ਮਜਬੂਤ ਹੈ ਕੇ ਨਹੀਂ, ਇਹ ਸਭ ਗੱਲਾਂ ਬਾਅਦ ਦੀਆਂ ਨੇ, ਸਬ ਤੋਂ ਪਹਿਲਾਂ ਇਹ ਵੇਖਣਾ ਲਾਜ਼ਮੀ ਹੈ ਕਿ, ਕੀ ਇਸ ਫ਼ਿਲਮ ਦਾ ਕੰਟੈਟ ਅੱਜ ਦੇ ਸਿਨੇਮਾ ਦਰਸ਼ਕ ਦੇ ਹਾਣ ਦਾ ਹੈ ? ਕੀ ਯੂਥ ਇਸ ਨਾਲ ਜੁੜੇਗਾ ? ਇਹੀ ਸੋਚਣ ਦੀ ਲੋੜ ਹੈ ਲੇਖਕ- ਨਿਰਦੇਸ਼ਕ ਅਤੇ ਨਿਰਮਾਤਾ ਨੂੰ। ਆਖਰ ਕਿਉਂ ਦਰਸ਼ਕ ਬਾਰ ਬਾਰ ਬੀਤੀਆਂ ਗੱਲਾਂ, ਘਟਨਾਵਾਂ ਦੇਖਣ ਸਿਨੇਮਾਂ ਘਰਾਂ ਵਿਚ ਜਾਵੇਗਾ। ਜਾਂ ਤਾਂ ਤੁਸੀਂ ਕਿਸੇ ਦੀ ਬਾਇਓਪਿਕ ਬਣਾ ਰਹੇ ਹੋ ਤਾਂ ਵੀ ਗੱਲ ਸਮਝ ਆਵੇ, ਲੱਗਾ ਤਾਂ ਪਹਿਲਾਂ ਇਸ ਫ਼ਿਲਮ ਦੀ ਸ਼ੁਰੂਆਤ ਤੋਂ ਵੀ ਇਸੇ ਤਰਾਂ ਸੀ, ਪਰ ਬਾਅਦ ਵਿਚ ਹੋਰ ਹੀ ਊਟ-ਪਟਾਂਗ ਘਟਨਾਵਾਂ ਨਾਲ ਜੋੜ ਦਿੱਤਾ ਫਿਲਮ ਨੂੰ !

ਜੇ ਕੁਝ ਤਾਜ਼ੀਆਂ ਉਦਹਾਰਣਾਂ ਦੀ ਗੱਲ ਕਰੀਏ ਤਾਂ ਨੈਸ਼ਨਲ ਐਵਾਰਡ ਜੇਤੂ ਫ਼ਿਲਮ ਚੰਨ ਪ੍ਰਦੇਸੀ ਨੂੰ ਨਵੇਂ ਰੰਗ-ਢੰਗ ਨਾਲ ਸਜਾ ਕੇ ਪੂਰੇ ਰੌਲੇ-ਰੱਪੇ ਨਾਲ ਰਿਲੀਜ਼ ਕੀਤਾ ਗਿਆ ਪਰ ਕਿਸੇ ਪਾਣੀ ਵੀ ਨਹੀਂ ਪੁਛਿਆ ! ਨਵੀਂ ਫਿ਼ਲਮਾਂ ਚੋਂ ਪਾਣੀ ‘ਚ ਮਧਾਣੀ, ਪੋਸਤੀ, ਟੈਲੀਵੀਜ਼ਨ, ਸ਼ਰੀਕ 2 ਅਤੇ ਸਹੁਰਿਆ ਦਾ ਪਿੰਡ ਆ ਗਿਆ ਆਦਿ ਦਾ ਵੀ ਕੁੱਝ ਨਹੀਂ ਬਣਿਆ, ਤੇ ਬਾਜਰੇ ਦਾ ਸਿੱਟਾ ਵੀ ਬੇ ਸਿੱਟਾ ਰਹਿਣ ਦਾ ਇਹੋ ਕਾਰਨ ਹੈ ਕਿ ਪੁਰਾਣਾ ਸੱਭਿਆਚਾਰ ਜੋ ਹੁਣ ਵਿਰਾਸਤ ਵਿਚ ਬਦਲ ਚੁੱਕਿਆ ਹੈ , ਅਜਾਇਬ ਘਰਾਂ ਅਤੇ ਕਿੱਸੇ-ਕਹਾਣੀਆਂ ਤੱਕ ਹੀ ਰਹਿਣ ਦਿਓ ਤਾਂ ਬੇਹਤਰ ਹੈ, ਕਿਉਂਕਿ ਬਾਰ ਬਾਰ ਉਹੀ ਮਿੱਟੀ ਦੀਆਂ ਕੰਧਾਂ, ਪੁਰਾਤਨ ਕਪੜੇ-ਲੀੜੇ, ਭਾਂਡੇ, ਟਰੈਕਟਰ, ਗੱਡੇ-ਗੱਡੀਆਂ, ਵਿਆਹ, ਭੂਆ-ਫੁਫੜ ਜਿਹੇ ਰਿਸ਼ਤੇ ਤੇ ਹੋਰ ਵੀ ਬਹੁਤ ਕੁਝ ਵੇਖ-ਵੇਖ ਕੇ ਦਰਸ਼ਕ ਅੱਕ ਚੁੱਕਾ ਹੈ, ਵੈਸੇ ਵੀ “ਅੰਗਰੇਜ” ਵਰਗੀ ਕਾਮਯਾਬ ਫਿ਼ਲਮ ਤੋਂ ਬਾਅਦ ਇਹੋ ਜਿਹੀਆਂ ਪੁਰਾਤਨ ਸੰਗੀਤ ਅਤੇ ਸੱਭਿਆਚਾਰ ਵਾਲੀਆ ਹੋਰ ਫ਼ਿਲਮਾਂ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਜਦ ਤੱਕ ਕੋਈ ਬਹੁਤ ਹੀ ਮਜਬੂਤ ਕਹਾਣੀ ਨਾ ਹੋਵੇ ਅਤੇ ਇਸ ਫ਼ਿਲਮ ਦੇ ਲੇਖਕ-ਨਿਰਦੇਸ਼ਕ ਜੱਸ ਗਰੇਵਾਲ ਦੀ ਜੁੰਮੇਵਾਰੀ ਵੀ ਦੋ-ਤਿੰਨ ਹਿੱਟ ਫ਼ਿਲਮਾਂ ਲਿਖਣ ਤੋਂ ਬਾਅਦ ਹੋਰ ਵੱਧ ਜਾਣੀ ਚਾਹੀਦੀ ਸੀ ਤੇ ਆਪਣੇ ਆਪ ਨਾਲ ਕੰਪੀਟੀਸ਼ਨ ਵੀ, ਕਿਉਂਕਿ ਦਰਸ਼ਕਾਂ ਦੀ ਕਚਿਹਰੀ ਵਿਚ ਤਾਂ ਹਰ ਵਾਰ ਤੁਹਾਨੂੰ ਨਵਾਂ ਇਮਤਿਹਾਨ ਹੀ ਦੇਣਾ ਪਵੇਗਾ ਅਤੇ ਇਹੀ ਫਰਕ ਹੈ ਇਕ ਆਮ ਅਤੇ ਫਿ਼ਲਮ ਖੇਤਰ ਵਰਗੇ ਕਿ੍ਰਏਟਿਵ ਧੰਦੇ ਵਿਚ।

ਜੇ ਇਸ ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਕਿਉਂ ਅੱਜ ਦਾ ਯੂਥ, ਵਿਸ਼ੇਸ ਕਰ ਕੁੜੀਆਂ, ਤੁਹਾਡੀ ਇਸ ਗੱਲ ਵਿਚ ਦਿਲਚਸਪੀ ਲੈਣਗੀਆਂ ਅਤੇ ਫ਼ਿਲਮ ਵੇਖ ਕੇ ਖੁਸ਼ ਹੋਣਗੀਆਂ ਕੇ ਕੁੜੀਆਂ ਨੂੰ ਪੁਰਾਣੇ ਸਮੇ ਆਪਣੀ ਮਰਜ਼ੀ ਨਾਲ ਕੋਈ ਕੰਮ ਕਰਨ ਜਾਂ ਗਾਉਣ ਦੀ ਇਜਾਜ਼ਤ ਨਹੀਂ ਸੀ ਮਿਲਦੀ।
ਅੱਜ ਦਾ ਯੂਥ ਇਸ ਫ਼ਿਲਮ ਦੇ ਵਿਸ਼ੇ ਨੂੰ ਨੈਗੇਟਿਵ ਵੀ ਲੈ ਸਕਦਾ ਹੈ ਕਿ ਸਾਡੇ ਵਡਿਰਿਆਂ ਨੇ ਹੀ ਔਰਤਾਂ ਨੂੰ ਅਜ਼ਾਦ ਨਹੀਂ ਹੋਣ ਦਿੱਤਾ, ਕਿਸੇ ਕੰਮ ਵਿਚ ਮਰਦਾਂ ਦੇ ਬਰਾਬਰ ਨਹੀਂ ਆਉਣ ਦਿੱਤਾ, ਇਹ ਤਾਂ ਔਰਤਾਂ ਦੇ ਮਾਨਸਿਕ ਜਖਮਾਂ ਨੂੰ ਕੁਰੇਦਨ ਵਾਲੀ ਗੱਲ ਹੈ, ਸੋਚੋ ਜ਼ਰਾ ?
ਮੈਨੂੰ ਤਾਂ ਇਹ ਸਮਝ ਨਹੀਂ ਆਈ ਕਿ ਇਸ ਵਿਸ਼ੇ ਤੇ ਸਾਰੀ ਟੀਮ ਵਲੋਂ ਕੀ ਸੋਚ ਕੰਮ ਕੀਤਾ ਗਿਆ❗
ਜੇ ਆਪਾਂ ਇਸ ਫ਼ਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਸੰਗੀਤਕਾਰ ਜੈ ਦੇਵ ਕੁਮਾਰ ਦੀ ਕਾਬਲੀਅਤ ਤੇ ਕੋਈ ਸ਼ੱਕ ਨਹੀਂ ਕਿ ਉਸ ਨੇ ਬਹੁਤ ਵਧੀਆ ਢੰਗ ਨਾਲ ਪੁਰਾਤਨ ਗਾਣੇ ਅਤੇ ਸੰਗੀਤਕ ਸ਼ੈਲੀ ਨੂੰ, ਫ਼ਿਲਮ ਦੀ ਬੈਕਰਾਊਂਡ ਸਕੋਰ ਸਮੇਤ ਮੁੜ ਤੋਂ ਖੂਬਸੂਰਤ ਬਣਾਇਆ ਹੈ, ਪਰ ਇਹ ਸੰਗੀਤ ਵੀ ਸਾਨੂੰ ਪੁਰਾਣੀ ਪੀੜੀ ਨੂੰ ਹੀ ਚੰਗਾ ਲੱਗ ਰਿਹਾ ਸੀ, ਰਿਲੀਜ਼ ਤੋਂ ਪਹਿਲਾ, ਨਵਿਆਂ ਨੂੰ ਇਸ ਸੰਗੀਤ ਨਾਲ ਵੀ ਕੋਈ ਬਹੁਤੀ ਦਿਲਚਸਪੀ ਨਹੀਂ, ਉਹਨਾਂ ਦੀ ਆਪਣੀ ਹੀ ਦੁਨੀਆਂ ਹੈ ਤੇ ਆਪਣਾ ਜ਼ਮਾਨਾ ਹੈ।

ਗੱਲ ਫੇਰ ਉਹੀ ਕਿ ਸਵਾਲ ਚੰਗੇ ਮਾੜੇ ਦਾ ਨਹੀਂ, ਸਵਾਲ ਸਬਜੈਕਟ ਦਾ ਹੈ, ਫਿ਼ਲਮੀ ਦੁਨੀਆ ਕਿਤੇ ਹੋਰ ਪਹੁੰਚ ਚੁੱਕੀ ਹੈ ਤੇ ਆਪਾਂ 30/40 ਸਾਲ ਪਹਿਲਾਂ ਦੀਆਂ ਕਿਸੇ-ਕਹਾਣੀਆਂ ਤੇ ਫਿ਼ਲਮਾਂ ਬਣਾਈ ਜਾ ਰਹੇ ਹਾਂ।
ਖੈਰ ਫ਼ਿਲਮ ਦਾ ਵਿਸ਼ਾ ਜੋ ਵੀ ਸੀ ਪਰ ਕਹਾਣੀ ਵੀ ਤਾਂ ਮਜਬੂਤ ਨਹੀਂ ਬਣ ਸਕੀ।
ਕਾਫੀ ਕੁਝ ਅੱਧ-ਅਧੂਰਾ ਜਿਹਾ ਲੱਗਾ ਤੇ ਕੁਝ ਸੀਨ ਤਾਂ ਇਮੋਸ਼ਨਲ ਦੀ ਬਜਾਏ ਅਧਾਰ ਰਹਿਤ ਜਾਂ ਹਾਸੋਹੀਣੇ ਹੀ ਬਣ ਕੇ ਰਹੇ ਗਏ ਖਾਸਕਰ ਫ਼ਿਲਮ ਦੇ ਆਖਰੀ ਹਿੱਸੇ ਵਿਚ। ਬਾਕੀ ਫ਼ਿਲਮ ਦੀ ਇਸ ਕਹਾਣੀ ਨੂੰ ਵੀ ਮਜਬੂਤ ਅਤੇ ਦਿਲਚਸਪ ਬਣਾਇਆ ਜਾ ਸਕਦਾ ਸੀ, ਜੋ ਨਹੀਂ ਬਣ ਸਕੀ, ਜੇ ਮੈਨੂੰ ਕੋਈ ਪੁੱਛੇਗਾ ਤਾਂ ਮੈਂ ਵੀ ਦੱਸ ਸਕਦਾ ਹਾਂ ਕਿ ਹੋਣਾ ਕੀ ਚਾਹੀਦਾ ਸੀ ਤੇ ਹੋਇਆ ਕੀ ਨਜ਼ਰ ਆਇਆ। ਫ਼ਿਲਮ ਫਲਾਪ ਹੋਣ ਦਾ ਦ੍ਰਿਸ਼ ਮੈਂ ਆਪਣੀ ਅੱਖੀਂ ਸਿਨੇਮਾਂ ਘਰ ਵਿਚ ਵੇਖਿਆ ਕਿ ਦੂਜੇ ਹੀ ਦਿਨ ਕੁੱਲ 9 ਦਰਸ਼ਕਾਂ ਚੋਂ 6 ਕੁੜੀਆਂ ਅੰਤਰਾਲ ਤੋਂ ਪਹਿਲਾਂ ਹੀ ਫਿਲਮ ਛੱਡ ਕੇ ਚਲੀਆਂ ਗਈਆਂ, ਬਾਕੀ ਰਿਹਾ ਇਕ ਪ੍ਰੇਮੀ ਜੋੜਾ ਤੇ ਇੱਕਲਾ ਮੈ❗

ਮੈਨੂੰ ਲਗਦੈ ਇਸ ਫ਼ਿਲਮ ਵਿਚ ਕਾਫੀ ਕੁਝ ਵਿਚਾਰਨ ਯੋਗ ਹੈ ਜੇ ਫ਼ਿਲਮ ਮੇਕਰ , ਫ਼ਿਲਮ ਅਲੋਚਕ ਨੂੰ ਸਿਨੇਮਾ ਦਾ ਹਿੱਸਾ ਸਮਝਦੇ ਹੋਏ ਖੁੱਲ੍ਹੇ ਦਿਲ ਨਾਲ ਫ਼ਿਲਮ ਦੀ ਸਮੀਖਿਆ ਵੱਲ ਥੋੜਾ ਗੌਰ ਕਰਨ ਤਾਂ ।
ਫ਼ਿਲਮ ਬਾਕਸ ਆਫਿਸ ‘ਤੇ ਨਿਰਮਾਤਾ-ਨਿਰਦੇਸ਼ਕ ਅਤੇ ਕਲਾਕਾਰਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰ ਪਾਈ, ਇਸ ਗੱਲ ਤੋਂ ਕਿਸੇ ਨੂੰ ਇਨਕਾਰ ਨਹੀਂ ਹੋਣਾ ਚਾਹੀਦਾ। ਮਗਰ ਇਹਦਾ ਮਤਲਬ ਇਹ ਵੀ ਨਹੀਂ ਕੇ ਫ਼ਿਲਮ ਨੂੰ ਬਿਲਕੁਲ ਹੀ ਮਾੜਾ ਕਿਹਾ ਜਾਵੇ , ਕਿਉਕਿ ਫਿ਼ਲਮ ਦੇ ਲੇਖਕ-ਨਿਰਦੇਸ਼ਕ ਨੇ ਆਪਣੀ ਸੋਚ-ਸਮਰੱਥਾ ਮੁਤਾਬਕ ਜੋ ਫ਼ਿਲਮ ਦੀ ਕਹਾਣੀ ਘੜੀ ਹੈ ਤੇ ਨਿਰਦੇਸ਼ਨ ਦਿੱਤਾ ਹੈ ਉਹ, ਉਹਦੇ ਮੁਤਾਬਕ ਤਾਂ ਠੀਕ ਹੀ ਹੋਵੇਗਾ। ਇਸ ਫ਼ਿਲਮ ਦੇ ਸੰਗੀਤ, ਬੈਕਰਾਊਂਡ ਸਕੋਰ ਅਤੇ ਪੁਰਾਤਨ ਆਰਟ ਵਰਕ ‘ਤੇ ਕੀਤੀ ਗਈ ਮਿਹਨਤ ਕਾਬਿਲ-ਏ-ਤਾਰੀਫ ਹੈ।
ਇਸ ਫ਼ਿਲਮ ਲਈ ਕਲਾਕਾਰਾਂ ਦੀ ਚੋਣ (ਨਾਮ-ਪੋਸਟਰ ਤੋਂ ਦੇਖ ਸਕਦੇ ਹੋ) ਅਤੇ ਉਹਨਾਂ ਦੀ ਅਦਾਕਾਰੀ ਤੇ ਵੀ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਪਰ ਫ਼ਿਲਮ ਨੂੰ ਦਰਸ਼ਕਾਂ ਦਾ ਹੁੰਗਾਰਾ ਨਾ ਮਿਲਣ ਦੇ ਕਾਰਨਾਂ ਚੋਂ ਵਿਸ਼ੇ ਤੋ ਇਲਾਵਾ ਇਕ ਕਾਰਨ ਅਤੇ ਐਮੀ ਵਿਰਕ ਨੂੰ ਵੀ ਸਲਾਹ ਵੀ ਹੈ ਕਿ ਜੇ ਹੋਰ ਵੀ ਫ਼ਿਲਮਾਂ ਬਣਾ ਕੇ ਰੱਖੀਆਂ ਹਨ ਤਾਂ ਮਿਹਰਬਾਨੀ ਕਰਕੇ 4/5 ਮਹੀਨੇ ਜਾ ਵਕਫਾ ਪਾ ਲਓ ਅਤੇ ਇਸ ਫ਼ਿਲਮ ਵਿਚ ਐਮੀ ਵਿਰਕ ਦਾ ਵੀ ਹੀਰੋ ਵਾਲਾ ਕਿਰਦਾਰ ਪੂਰੀ ਤਰਾਂ ਉੱਭਰ ਨਹੀਂ ਸਕਿਆ।

ਬਾਕੀ ਪੰਜਾਬੀ ਸਿਨੇਮਾ ਲਈ ਸਾਰਥਕ ਸੋਚ ਰੱਖ ਕੇ ਮਿਹਨਤ ਨਾਲ ਬਣਾਈ ਗਈ ਫ਼ਿਲਮ “ਬਾਜਰੇ ਦਾ ਸਿੱਟਾ” ਦੇ ਕਾਮਯਾਬ ਨਾ ਹੋਣ ਦਾ ਅਫਸੋਸ ਤਾਂ ਹੈ ਪਰ ਸਾਨੂੰ ਵੀ ਪੰਜਾਬੀਆਂ ਅਤੇ ਮੌਜੂਦਾ ਦਰਸ਼ਕ ਵਰਗ ਦੀ ਸੋਚ ਮੇਲ ਨਾਲ ਖਾਂਦੇ ਉਸਾਰੂ ਅਤੇ ਮਨੋਰੰਜਨ ਭਰਪੂਰ ਵਿਸ਼ੇ ਲੱਭਣ ਦੀ ਲੋੜ ਹੈ। ਜਿੱਥੇ ਅੱਜ ਦਾ ਪੰਜਾਬੀ ਯੂਥ ਇਕ ਪਾਸੇ ਸਿੱਧੂ ਮੂਸੇਵਾਲਾ ਤੋਂ ਬਾਅਦ ਉਸ ਦੇ ਗੀਤਾਂ ਚੋਂ ਉਠਾਏ ਪੰਜਾਬ ਬਾਰੇ ਮਸਲਿਆਂ ਤੇ ਰੋਜ਼ਾਨਾ ਲੱਖਾਂ ਦੀ ਤਾਦਾਦ ਵਿਚ ਗੂਗਲ ਤੇ ਸਰਚ ਕਰ ਰਿਹਾ ਹੈ ਅਤੇ ਦੂਜੇ ਪਾਸੇ ਫ਼ਿਲਮਾਂ ਦਾ ਸ਼ੌਕੀਨ ਇਹੀ ਨੌਜਵਾਨ ਵਰਗ ਅੰਤਰ ਰਾਸ਼ਟਰੀ ਸਿਨੇਮਾ ਦੀ ਸੋਚ ਅਤੇ ਪੱਧਰ ਨੂੰ ਆਪਣਾਈ ਬੈਠਾ ਹੈ, ਤਾਂ ਆਪਾਂ ਵੀ ਉਹਨਾਂ ਦੀ ਨਬਜ਼ ਢੋਹਣ ਦੀ ਕੋਸ਼ਿਸ਼ ਕਰੀਏ। ਜੇ ਅਸੀਂ ਪੰਜਾਬੀ ਸਿਨੇਮਾ ਨੂੰ ਹੋਰ ਵਧਦਾ-ਫੁਲਦਾ ਅਤੇ ਅੰਤਰ ਰਾਸ਼ਟਰੀ ਫ਼ਿਲਮ ਮੰਡੀ ਵਿਚ ਵੱਡੇ ਅਤੇ ਬਰਾਬਰ ਦੇ ਪੱਧਰ ਦਾ ਵੇਖਣਾ ਚਾਹੁੰਦੇ ਹਾਂ ਤਾਂ ਉਪਰੋਕਤ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ, ਨਹੀਂ ਤਾਂ ਪੰਜਾਬੀ ਸਿਨੇਮਾ ਜਿਸ ਦਿਸ਼ਾ ਵੱਲ ਜਾ ਰਿਹਾ ਹੈ ਅਸੀਂ ਸਾਰੇ ਵੇਖ ਹੀ ਰਹੇ ਹਾਂ…..⁉️

Comments & Suggestions

Comments & Suggestions

About the author

admin