ਫ਼ਿਲਮ ਸਮੀਖਿਆ “ਮਿੰਦੋ ਤਸੀਲਦਾਰਨੀ” ਕਬੀਰ ਸਿੰਘ, ਛੜਾ ਅਤੇ ਆਰਟੀਕਲ 15, ‘ਚ ਘਿਰੀ ਮਿੰਦੋ !

By  |  0 Comments

ਫ਼ਿਲਮ ਚੰਗੀ ਜਾਂ ਮਾੜੀ ਹੋਣਾ ਬਾਅਦ ਦੀ ਗੱਲ ਹੈ ਪਰ ਕਿਸੇ ਵੇਲੇ ਕਿਸੇੇ ਫ਼ਿਲਮ ਦੀ ਕਿਸਮਤ ਜਾਂ ਸਮਾ ਹੀ ਖਰਾਬ ਨਿਕਲ ਆਉਂਦਾ ਹੈ ਜੋਕਿ ਨਿਰਮਾਤਾਵਾਂ ਨੂੰ ਸਭ ਤੋਂ ਵੱਧ ਪ੍ਭਾਵਿਤ ਕਰਦਾ ਹੈ😥
ਮੈਨੂੰ ਲਗਦੈ ਇਹੋ ਕੁਝ ਮਿੱਦੋ ਤਸੀਲਦਾਰਨੀ ਨਾਲ ਹੋ ਰਿਹਾ ਹੈ ਸਹੀ ਗਿਣਤੀ ਅਤੇ ਸਮੇ ਮੁਤਾਬਕ ਸ਼ੋਅ ਨਾ ਮਿਲਣ ਕਰਕੇ। ਭਾਵੇਂ ਕਿ ਫ਼ਿਲਮ ਦਾ ਵਿਸ਼ਾ ਅਤੇ ਸੰਵਾਦ ਦਿਲਚਸਪ ਹੋਣ ਦੇ ਬਾਵਜੂਦ, ਸਕਰੀਨ ਪਲੇਅ ਅਤੇ ਟਰੀਟਮੈਂਟ ਵਿਚ ਲੇਖਕ ਅਤੇ ਨਿਰਦੇਸ਼ਕ ਕਾਫੀ ਕਮੀਆਂ ਛੱਡ ਗਏ ਪਰ ਫੇਰ ਵੀ ਫ਼ਿਲਮ ਵੇਖ ਕੇ ਤੁਸੀ ਇਹ ਨਹੀਂ ਕਹਿ ਸਕਦੇ ਕਿ ਤੁਹਾਡੇ ਪੈਸੇ ਵੇਸਟ ਹੋਏ ਹਨ..
ਫ਼ਿਲਮ ਦਾ ਵਧੀਆ ਸੰਗੀਤ ਵੀ ਇਸ ਦੇ ਹੱਕ ਵਿਚ ਜਾਂਦਾ ਹੈ ਪਰ ਜਿਹੜੀ ਫ਼ਿਲਮ ਪਹਿਲੇ 10/12 ਮਿੰਟਾ ਵਿਚ ਦਰਸ਼ਕਾਂ ਉੱਤੇ ਆਪਣੀ ਪਕੜ ਨਾ ਬਣਾ ਸਕੇ ਉੱਥੇ ਮਾਮਲਾ ਗੜਬੜ ਹੋ ਹੀ ਜਾਂਦਾ ਹੈ।
ਫ਼ਿਲਮ ਦੇ ਪਹਿਲੇ ਭਾਗ ਦੀ ਜੇ ਗੱਲ ਕਰੀਏ ਮਾਮਲਾ ਕਾਫੀ ਜਗਾ ਢਿੱਲਾ ਅਤੇ ਟਾਈਮ ਪਾਸ ਜਿਹਾ ਲਗਦਾ ਹੈ, ਇਕ ਗੱਲ ਹੋਰ ਕਿ ਨਿਰਦੇਸ਼ਕ ਫ਼ਿਲਮ ਦੇ ਹੀਰੋ ਕਰਮਜੀਤ ਅਨਮੋਲ, ਹੀਰੋਈਨ ਕਵਿਤਾ ਕੌਸ਼ਿਕ ਅਤੇ ਸੈਕਿੰਡ ਲੀਡ ਹੀਰੋ ਰਾਜਵੀਰ ਜਵੰਦਾ ਦੀ ਫ਼ਿਲਮ ਵਿਚ ਪਹਿਲੀ ਐਂਟਰੀ ਪ੍ਭਾਵਸ਼ਾਲੀ ਢੰਗ ਨਾਲ ਨਹੀਂ ਦੇ ਸਕਿਆ, ਜਦ ਕਿ ਕਰਮਜੀਤ ਪਹਿਲੀ ਵਾਰ ਹੀਰੋ ਆ ਰਿਹਾ ਸੀ ਤਾਂ ਕੁਝ ਵੱਖਰੇ ਅੰਦਾਜ਼ ਵਿਚ ਉਸ ਨੂੰ ਪੇਸ਼ ਕਰਨ ਦੀ ਲੋੜ ਸੀ, ਮਿੰਦੋ ਦੀ ਐਂਟਰੀ ਵੀ ਜਬਰਦਸਤ ਚਾਹੀਦੀ ਸੀ ਅਤੇ ਫ਼ਿਲਮ ਦੇ ਵਿਸ਼ੇ ਮੁਤਾਬਕ ਕੁਝ ਦਿਲਚਸਪੀ ਭਰਪੂਰ ਨਵੇਂ ਵੱਖਰੇ ਘਟਨਾਕ੍ਮ ਵੀ ਜੋੜੇ ਜਾ ਸਕਦੇ ਸਨ, ਖੈਰ ਕਲਾਕਾਰਾਂ ਦੀ ਆਪਸ ਵਿਚ ਰਵਾਇਤਨ ਲਾਊਡ ਕਾਮੇਡੀ ਰੂਪੀ ਸੰਵਾਦਬਾਜ਼ੀ ਨਾਲ ਫ਼ਿਲਮ ਅੱਗੇ ਤੁਰਦੀ ਹੋਈ ਹਰ ਦੂਜੀ ਤੀਜੀ ਪੰਜਾਬੀ ਫ਼ਿਲਮ ਵਿਚ ਵਿਖਾਏ ਜਾਣ ਵਾਲੇ ਪੁਰਾਣੇ ਕਿਸਮ ਦੇ ਵਿਆਹ ਵੱਲ ਪਹੁੰਚਦੀ ਹੈ ਅਤੇ ਤਾਜ਼ਾ ਤਾਜ਼ਾ ਫ਼ਿਲਮ ਮੁਕਲਾਵਾ ‘ਚ ਵੀ ਵੇਖਿਆ ਕਿ ਉਹ ਹਿੱਸਾ ਰਪੀਟ ਹੁੰਦਾ ਹੈ ਜਿੱਥੇ ਵਿਆਹ ਵਾਲਾ ਮੁੰਡਾ ਆਪਣੀ ਘਰਵਾਲੀ ਨੂੰ ਵੇਖਣ ਲਈ ਸਹੁਰੇ ਘਰ ਨੂੰ ਤੁਰ ਪੈਂਦਾ ਹੈ, ਕਿੰਨੀ ਹੈਰਾਨਗੀ ਦੀ ਗੱਲ ਹੈ ਕਿ ਉਸ ਨੂੰ ਦਿਨ ਦਿਹਾੜੇ ਪਰਿਵਾਰ ਦਾ ਕੋਈ ਮੈਂਬਰ ਵੀ ਨਹੀ ਪਛਾਣਦਾ, ਬੰਦਾ ਪੁੱਛੇ ਚਲੋ ਮੰਨਿਆ ਕਿ ਲੜਕੀ ਤਾਂ ਉਨਾਂ ਦਿਨਾ ‘ਚ ਮੁੰਡਾ ਨਹੀ ਸੀ ਵੇਖਦੀ ਪਰ ਪਰਿਵਾਰ ਵਾਲੇ ਵੀ ਅੰਦਾਜ਼ੇ ਨਾਲ ਹੀ ਰਿਸ਼ਤਾ ਕਰ ਆਏ ? ……🤔
ਖੈਰ, ਜੇ ਫ਼ਿਲਮ ਦੇ ਦੂਜੇ ਹਿੱਸੇ ਦੀ ਗੱਲ ਕਰੀਏ ਤਾਂ ਇੱਥੇ ਫ਼ਿਲਮ ਨਿਰਦੇਸ਼ਨ ਅਤੇ ਸਕਰੀਨ ਪਲੇਅ ਬੜਾ ਦਮਦਾਰ ਨਜ਼ਰ ਅਇਆ ਅਤੇ ਦਰਸ਼ਕ ਵੀ ਪਹਿਲਾ ਹਿੱਸਾ ਭੁੱਲ ਕੇ ਇਕ ਚਿੱਤ ਫ਼ਿਲਮ ਨਾਲ ਜੁੜ ਗਿਆ, ਪਰ ਅਚਾਨਕ ਫ਼ਿਲਮ ਦੀ ਭਾਵੁਕ ਲੈਅ ਤੋੜਦਾ , ਫੌਜੀਆਂ ਦੀ ਲੜਾਈ ਵਾਲਾ ਦਾ ਬੇਲੋੜਾ ਹਿੱਸਾ ਸਾਹਮਣੇ ਆਉਂਦਾ ਹੈ, ਜਿੱਥੇ ਕਿ ਨਿਰਮਾਤਾ ਦੇ ਫਾਲਤੂ ਪੈਸੇ ਰੋੜਣ ਦੀ ਬਜਾਏ, ਫ਼ਿਲਮ ਦੀ ਹੈਪੀ ਐਂਡਿੰਗ ਲਈ ਰਾਜਵੀਰ ਜਵੰਦਾ ਕੋਲੋਂ ਇਕ-ਦੋ ਸੰਵਾਦ ਬੁਲਾ ਕੇ ਹੀ ਸਾਰਿਆ ਜਾ ਸਕਦਾ ਸੀ ਕਿ “ਮੈ ਦੁਸ਼ਮਣ ਫੌਜੀਆਂ ਦੇ ਘੇਰੇ ਚੋਂ ਬੱਚ ਕੇ ਨਿਕਲ ਆਇਆਂ”, ਜਿਵੇਂ ਕਿ ਅਸੀ ਦਰਜਨਾਂ ਹਿੰਦੀ ਫਿਲਮਾਂ ‘ਚ ਵੇਖ ਚੁੱਕੇ ਹਾਂ ਕਿ ਦੁਸ਼ਮਣ ਹੱਥੋ ਸ਼ਹੀਦ ਹੋਇਆ ਘੋਸ਼ਿਤ ਕੀਤਾ ਫੌਜੀ ਜਿਉਂਦਾ ਨਿਕਲ ਆਉਂਦਾ ਹੈ, ਉਪਰੋ ਅਸੀ ਦੋਨੋ ਪਾਸੇ ਹਿੰਦ-ਚੀਨ ਬਾਰਡਰਾਂ ਜਾਂ ਕੰਟਰੋਲ ਲਾਈਨ ਤੇ ਦੋ-ਚਾਰ ਤੁੰਬੂ ਗੱਡ ਕੇ 10/10 ਫੌਜੀਆਂ ਨਾਲ ਲੜਾਈ ਵਾਲੇ ਸੀਨ ਘੜ ਕੇ ਹਾਸੋਹੀਨੀ ਸੱਥਿਤੀ ਬਣਾ ਦੇਣੇ ਹਾਂ, ਐਡੀ ਸੌਖੀ ਗੱਲ ਨਹੀਂ ਕਿ ਬਿਨਾ ਇਜਾਜ਼ਤ ਵਰਦੀਧਾਰੀ ਫੌਜੀ ਦਾ ਸ਼ਰੇਆਮ ਗੋਲੀਆਂ ਚਲਾਉਂਦੇ ਸਰਹੱਦ ਪਾਰ ਕਰ ਕੇ ਆਪਣੇ ਬੰਦੀ ਸਾਥੀ ਨੂੰ ਛੁਡਾ ਕੇ ਵਾਪਸ ਲੈ ਆਉਣਾ ! 10 ਮਿੰਟ ਫ਼ਿਲਮ ਛੋਟੀ ਕਰ ਲੈਂਦੇ ਤਾਂ ਕੀ ਫਰਕ ਪੈਣਾ ਸੀ, ਮਾਫ ਕਰਨਾ ਅਵਤਾਰ ਜੀ ਇਸ ਵਾਰ ਸਾਰਾ ਭਾਰ ਤੁਹਾਡੇ ਮੋਢਿਆਂ ਤੇ ਹੀ ਪੈਣ ਵਾਲਾ ਹੈ ਕਿਉਂਕਿ ਫ਼ਿਲਮ ਦੀ ਕਹਾਣੀ ਤੁਸੀ ਘੜੀ ਹੈ ਅਤੇ ਪਟਕਥਾ ਲੇਖਕ, ਦੇ ਲਿਖੇ ਕਿਸੇ ਵੀ ਬੇਲੋੜੇ ਹਿੱਸੇ ਨੂੰ ਨਾ ਫ਼ਿਲਮਾਉਣਾ ਜਾਂ ਨਾ ਮਨਜ਼ੂਰ ਕਰਦੇ ਹੋਏ ਲੇਖਕ ਨੂੰ ਦੁਬਾਰਾ ਕੁਝ ਹੋਰ ਲਿਖਣ ਦੀ ਹਦਾਇਤ ਦੇਣਾ ਨਿਰਦੇਸ਼ਕ ਦੀ ਮਜਬੂਤੀ ਸਮਝੀ ਜਾਂਦੀ ਹੈ, ਬਾਕੀ ਸਭ ਐਕਟਰਾਂ ਅਤੇ ਨਿਰਮਾਤਾਵਾਂ ਨੇ ਫ਼ਿਲਮ ਨੂੰ ਕਾਮਯਾਬ ਬਨਾਉਣ ਵਿਚ ਪੂਰੀ ਅਤੇ ਤਸੱਲੀਬਖਸ਼ ਵਾਹ ਲਾਈ ਅਤੇ ਹੁਣ ਪ੍ਚਾਰ ਰਾਹੀਂ ਵੀ ਲਾ ਰਹੇ ਹਨ, ਚੰਗੀ ਗੱਲ ਹੈ..
ਭਾਵੇਂ ਕੋਈ ਲੱਖ ਵਾਰੀ ਕਹੇ ਕਿ ਕਰਮਜੀਤ ਹੀਰੋ ਨਹੀਂ ਜੱਚਿਆ ਪਰ ਵਿਸ਼ੇ ਮੁਤਾਬਕ ਬਿਲਕੁਲ ਢੁਕਵਾਂ ਕਰੈਕਟਰ ਹੈ ਕਰਮਜੀਤ ਅਨਮੋਲ ਅਤੇ ਇਸ ਤਰਾਂ ਦੇ ਤਜੁਰਬਿਆਂ ਦੀਆਂ ਅਨੇਕਾਂ ਉਦਹਾਰਣਾ ਵੀ ਹਨ ਬਾਲੀਵੁੱਡ ਵਿਚ ਪਰ ਫ਼ਿਲਮ ਦੀ ਹੀਰੋਈਨ ਬਾਰੇ ਮੈ ਜ਼ਰੂਰ ਕਹਾਂਗਾ ਕੇ ਐਨੀਆਂ ਪੰਜਾਬੀ ਹੀਰੋਈਨਾਂ ਦੇ ਹੁੰਦਿਆਂ ਕਵਿਤਾ ਦੀ ਚੋਣ ਜਿਸ ਨੇ ਵੀ ਕੀਤੀ ਸਮਝ ਤੋਂ ਬਾਹਰ ਹੈ.. ਪੰਜਾਬੀ ਨਾ ਬੋਲ ਸਕਣ ਕਾਰਨ ਉਸ ਦੇ ਚਿਹਰੇ ਦੇ ਹਾਵ-ਭਾਵ ਤੇ ਸ਼ਰੀਰਕ ਭਾਸ਼ਾ ਚੋਂ ਪੰਜਾਬੀਅਤ ਨਹੀਂ ਝਲਕਦੀ ਬੇਸ਼ਕ ਉਹ ਬਹੁਤ ਵਧੀਆ ਕਾਲਾਕਾਰ ਹੈ, ਹਾਂ “ਵੇਖ ਬਰਾਤਾਂ ਚੱਲੀਆਂ” ਫ਼ਿਲਮ ਵਰਗੇ ਵਿਸ਼ੇ ਲਈ ਉਸ ਦੀ ਚੋਣ ਬਿਲਕੁਲ ਦਰੁਸਤ ਸੀ.. ਇੱਥੇ ਫ਼ਿਲਮ ਦੇ ਇਕ ਗੀਤ “ਕੱਚੀਏ ਲਗਰੇ” ਦਾ ਵੀ ਜ਼ਿਕਰ ਕਰਨਾ ਚਹਾਂਗਾ ਕਿ ਭਾਂਵੇ ਇਹ ਗੀਤ ਦੀ ਧੁਨ ਅਤੇ ਗਾਇਕੀ ਬਹੁਤ ਖੂਬਸੂਰਤ ਹੈ ਪਰ ਫ਼ਿਲਮੀ ਗੀਤ ਦੇ ਬੋਲ ਸਰਲ ਹੋਣੇ ਚਾਹੀਦੇ ਹਨ, ਆਖਰੀ ਗੱਲ ਕਿ ਇਹ ਫ਼ਿਲਮ, ਜੋ ਸ਼ੋਅ ਨਾ ਮਿਲਣ ਦੀ ਵੱਡੀ ਮਾਰ ਝੱਲ ਰਹੀ ਹੈ, ਇਸ ਬਾਰੇ ਅਸੀ ਬਾਰ ਬਾਰ ਕਹਿੰਦੇ ਆ ਰਹੇ ਹਾਂ ਕੇ ਇਕ ਪੰਜਾਬੀ ਫ਼ਿਲਮ ਨੂੰ ਘੱਟ ਤੋਂ ਘੱਟ 15 ਦਿਨ ਮਿਲਣੇ ਹੀ ਚਾਹੀਦੇ ਹਨ, ਨਤੀਜਾ ਸਾਡੇ ਸਭ ਦੇ ਸਾਹਮਣੇ ਹੈ, ਹੁਣ ਜੇ ਫ਼ਿਲਮ ਦੀ ਕਿਸਮਤ ਮਾੜੀ ਨਾ ਕਹੀਏ ਤੇ ਕੀ ਕਹੀਏ, ਖੈਰ ਜਿਹੜਾ ਵੀ ਫ਼ਿਲਮ ਪੇ੍ਮੀ ਸਮਰੱਥਾ ਰੱਖਦਾ ਹੈ ਬਾਕੀਆਂ ਦੇ ਨਾਲ ਫ਼ਿਲਮ ‘ਮਿੰਦੋ ਤਸੀਲਦਾਰਨੀ’ ਵੀ ਵੇਖੇ, ਨਿਰਾਸ਼ ਨਹੀਂ ਕਰਦੀ, ਦਿਲਚਸਪ ਵਿਸ਼ਾ ਹੈ !

– ਦਲਜੀਤ ਅਰੋੜਾ

Comments & Suggestions

Comments & Suggestions