ਫ਼ਿਲਮ ਸਮੀਖਿਆ “ਮੁੰਡਾ ਹੀ ਚਾਹੀਦਾ” ਨਾਇਕ ਦੇ ਵਧੇ ਪੇਟ ਦਾ ਕਾਰਨ ਸਮਝਾਉਣ ਵਿਚ ਅਸਫਲ ਰਹੇ ਕਹਾਣੀਕਾਰ ਅਤੇ ਨਿਰਦੇਸ਼ਕ !

By  |  0 Comments

ਸਿਰਫ ਵਿਸ਼ਾ ਵਧੀਆ ਸੋਚ ਲੈਣ ਨਾਲ ਹੀ ਫ਼ਿਲਮ ਨਹੀਂ ਬਣ ਸਕਦੀ ਜਦ ਤੱਕ ਉਸ ਨੂੰ ਮਜ਼ਬੂਤ ਕਹਾਣੀ ਅਤੇ ਪਟਕਥਾ ਵਿਚ ਨਾ ਢਾਲਿਆ ਜਾਏ, ਇਹੀ ਸਭ ਕੁਝ ਨਜ਼ਰ ਆਉਂਦਾ ਹੈ ਇਸ ਫ਼ਿਲਮ ਵਿਚ,
ਭਾਵੇਂ ਕਿ ਇਸ ਫ਼ਿਲਮ ਦੇ ਨਾਇਕ ਹਰੀਸ਼ ਵਰਮਾ, ਨਾਇਕਾ ਰੁਬੀਨਾ ਬਾਜਵਾ ਸਮੇਤ ਸਾਰਿਆਂ ਐਕਟਰਾਂਂ ਦੀ ਅਦਾਕਾਰੀ ਸਲਾਹੁਣ ਯੋਗ ਹੈ ਅਤੇ ਕੁਝ ਸੰਵਾਦ ਵੀ ਕਾਫੀ ਪ੍ਰਭਾਵਸ਼ਾਲੀ ਅਤੇ ਰੋਚਕ ਹਨ, ਪਰ ਜੇ ਫ਼ਿਲਮ ਹੀ ਬੇਤੁਕੀ ਸਾਬਤ ਹੋਵੇ ਤਾਂ ਇਹ ਸਿਫ਼ਤਾਂ ਵੀ ਕਿਸ ਕੰਮ ਦੀਆਂ ।

ਖੈਰ ! ਇਹ ਫ਼ਿਲਮ ਜੋ ਕਿ ਇਕ ਮੱਧਵਰਗੀ ਸ਼ਹਿਰੀ ਅਤੇ ਪੜ੍ਹੇ ਲਿਖੇ ਪਰਿਵਾਰ ਦੀ ਕਹਾਣੀ ਵਜੋਂ ਸ਼ੁਰੂ ਹੁੰਦੀ ਹੈ, ਜਿੱਥੇ ਨਾਇਕ ਤੇ ਨਾਇਕਾ ਪਹਿਲਾਂ ਤੋਂ ਸ਼ਾਦੀ ਸ਼ੁਦਾ ਹਨ, ਨਾਇਕ ਉੱਤੇ ਪਰਿਵਾਰ ਦੀਆਂ ਜਿੰਮੇਵਾਰੀਆਂ ਵੀ ਹਨ ਜਿਵੇਂ ਕਿ ਉਸ ਦੀਆਂ 4 ਭੈਣਾਂ ਹਨ, ਜਿਨ੍ਹਾਂ ਚੋਂ ਸਿਰਫ ਇਕ ਹੀ ਵਿਆਹੀ ਹੈ, ਇਕ ਦਾਦੀ, ਇਕ ਪਿਤਾ ਅਤੇ ਇਕ ਆਪਣੀ ਬੇਟੀ ਹੈ, ਪਰਿਵਾਰ ਵਿਚ ਮੁੰਡੇ ਦੀ ਘਾਟ ਹੈ ਇਸੇ ਲਈ ਫ਼ਿਲਮ ਦਾ ਨਾਮ ਰੱਖਿਆ ਗਿਆ ਹੈ “ਮੁੰਡਾ ਹੀ ਚਾਹੀਦਾ” ! ਕਿਉਂਕਿ ਇਹ ਫ਼ਿਲਮ ਅੱਜ ਦੇ ਸ਼ਹਿਰੀ ਪਰਿਵਾਰ ਦੀ ਕਹਾਣੀ ਹੈ ਇਸ ਲਈ ਇਹ ਵਿਸ਼ਾ ਚੰਗਾ ਹੁੰਦਿਆਂ ਹੋਇਆਂ ਵੀ ਬਹੁਤ ਜ਼ਿਆਦਾ ਘਿਸਿਆ ਪਿਟਿਆ ਲਗਦਾ ਹੈ। ਅੱਜ ਸਮਾਜ ਵਿਚ ਮੁੰਡੇ ਕੁੜੀਆਂ ਦੇ ਫਰਕ ਨੂੰ ਖਤਮ ਕਰਨ ਪ੍ਤੀ ਕਾਫੀ ਹੱਦ ਤੱਕ ਜਾਗਰੁਕਤਾ ਆ ਚੁੱਕੀ ਹੈ, ਅਤੇ ਖਾਸਕਰ ਪੜ੍ਹੇ ਲਿਖੇ ਸ਼ਹਿਰੀ ਪਰਿਵਾਰ ਵਿਚ ਅਜਿਹੇ ਮੁੱਦੇ ਤੇ ਫ਼ਿਲਮ ਬਨਾਉਣਾ ਜਿੱਥੇ ਹੋਰਾਂ ਦੇ ਨਾਲ ਮੁੰਡੇ ਦੀ ਵੀ ਆਪਣੀ ਪਤਨੀ ਤੋਂ ਲੜਕੇ ਦੀ ਚਾਹਤ ਹੋਵੇ, ਕੋਈ ਨਵੀਂ ਗੱਲ ਨਹੀਂ, ਅਜਿਹੇ ਵਿਸ਼ੇ ਤੇ ਹੁਣ ਤੱਕ ਦੂਰਦਰਸ਼ਨ ਦੇ ਕਈ ਨਾਟਕ ਅਤੇ ਫ਼ਿਲਮਾਂ ਵਿਚ ਵਾਰ ਵਾਰ ਵੇਖ ਚੁੱਕੇ ਹਾਂ, ਸਮਝ ਨਹੀਂ ਆਈ।
ਹਾਂ ! ਕਿਉਂਕਿ ਇਸ ਫ਼ਿਲਮ ਦੇ ਪੋਸਟਰਾਂ ਅਤੇ ਦਿ੍ਸ਼ਾਂ ਰਾਹੀਂ ਜੋ ਪਬਲੀਸਿਟੀ ਕੀਤੀ ਗਈ ਉਸ ਵਿਚ ਕੁਝ ਨਵਾਂਪਣ ਜ਼ਰੂਰ ਨਜ਼ਰ ਆ ਰਿਹਾ ਸੀ ਜਿਸ ਨੂੰ ਵੇਖਣ ਉਪਰੰਤ ਫ਼ਿਲਮ ਪ੍ਤੀ ਉਤਸੁਕਤਾ ਜ਼ਰੂਰ ਪੈਦਾ ਹੁੰਦੀ ਹੈ।
ਇਸ ਫ਼ਿਲਮ ਦਾ ਮੁੱਖ ਆਕਰਸ਼ਨ ਜੋ ਕਿ ਸਭ ਨੂੰ ਪਤਾ ਹੈ, ਨਾਇਕ ਦਾ ਵਧਿਆ ਹੋਇਆ ਪੇਟ ਜਿਸ ਤੋਂ ਸਭ ਲੋਕ ਇਹ ਅੰਦਾਜ਼ਾ ਲਾਉਂਦੇ ਨਜ਼ਰ ਆਏ ਕਿ ਸ਼ਾਇਦ, ਜਿਵੇਂ ਕਿ ਅਸੀ ਖਬ਼ਰ ਸੁਣ ਚੁੱਕੇ ਹਾਂ ਕਿ ਸਾਊਥ ਅਫਰੀਕਾ ਵਿਚ ਕਿਸੇ ਮਰਦ ਨੇ ਗੈਰ ਕੁਦਰਤਨ ਤਰੀਕੇ ਨਾਲ ਬੱਚੇ ਨੂੰ ਜਨਮ ਦਿੱਤਾ ਸੀ, ਜਿਸ ਨੇ ਸ਼ਾਇਦ ਔਰਤ ਦੇ ਨੌ ਮਹੀਨੇ ਬੱਚੇ ਨੂੰ ਪੇਟ ਵਿਚ ਪਾਲਣ ਦੀ ਪ੍ਕਿਰਿਆ ਨੂੰ ਸਮਝਣਾ ਚਾਹਿਆ, ਭਾਵੇਂ ਕਿ ਉਹ ਇਕ ਵੱਖਰਾ ਮੁੱਦਾ ਹੈ ਪਰ ਇਸ ਫ਼ਿਲਮ ਨੂੰ ਉਹੀ ਮੁੱਦਾ ਕੈਸ਼ ਕਰਨ ਲਈ ਘੜਿਆ ਤਾਂ ਗਿਆ, ਪਰ ਪ੍ਰਮਾਣਿਤ ਕਿੱਦਾਂ ਕਰਨਾ ਹੈ, ਇਸ ਵਿਚ ਸਫਲ ਨਹੀ ਹੋ ਸਕੇ ਫ਼ਿਲਮ ਮੇਕਰ, ਬਲਕਿ ਇਹ ਗੱਲ ਹਾਸੋਹੀਣਾ ਰਾਜ ਬਣ ਕੇ ਰਹਿ ਗਈ ਆਖਿਰਕਾਰ ਫ਼ਿਲਮ ਦਾ ਨਾਇਕ ਕਿਹੜੀ ਗੱਲੋਂ ਇਕ ਪੰਡਿਤ ਦੇ ਕਹਿਣ ਤੇ ਆਪਣੀ ਕਮੀਜ਼ ਥੱਲੇ ਕਪੜਾ ਆਦਿ ਰੱਖ ਢਿੱਡ ਵਧਾ ਲੈਂਦਾ ਹੈ, ਉਸ ਨੂੰ ਅਜਿਹਾ ਕੀ ਕਿਹਾ ਜਾਂਦਾ ਹੈ, ਜਿਸ ਨੂੰ ਮੰਨ ਕੇ ਉਹ ਅਜਿਹਾ ਸਮਝ ਬੈਠਦਾ ਹੈ ਕਿ ਅਜਿਹਾ ਕਰਨ ਨਾਲ ਉਸ ਦੀ ਔਰਤ ਦੇ ਪੇਟ ਤੋਂ ਮੁੰਡਾ ਹੀ ਪੈਦਾ ਹੋਵੇਗਾ।
ਫ਼ਿਲਮ ਦੇ ਪਹਿਲੇ ਹਿੱਸੇ ਵਿਚ ਤਾਂ ਵੈਸੇ ਹੀ ਪੇਟ ਵਧਾਉਣ ਵਾਲੀ ਕਹਾਣੀ ਸ਼ੁਰੂ ਹੀ ਨਹੀਂ ਹੁੰਦੀ ਅਤੇ ਹੋਰ ਕੁਝ ਹੈ ਵੀ ਨਹੀ ਸੀ ਕਰਨ ਨੂੰ ਕਿ ਦਰਸ਼ਕਾਂ ਨੂੰ ਸਿਨੇਮਾ ਅੰਦਰ ਬਿਠਾਈ ਰੱਖਿਆ ਜਾ ਸਕੇ, ਬਸ ਕੁਝ ਫਾਲਤੂ ਕਰੈਕਟਰ ਭਰ ਕੇ ਟਾਈਮਪਾਸ ਵਾਸਤੇ ਕਹਾਣੀ ਅੱਗੇ ਤੋਰੀ ਗਈ, ਫਿਰ ਜਦੋਂ ਨਾਇਕ ਦੀ ਪਤਨੀ ਗਰਭਵਤੀ ਹੁੰਦੀ ਹੈ ਤਾਂ ਕੁਝ ਸਮੇਂ ਬਾਅਦ ਉਸ ਦਾ ਪੇਟ ਵਧਣਾ ਤਾਂ ਸੁਭਾਵਿਕ ਹੈ ਪਰ ਪੀਰੀਅਡ ਕੈਪਸ਼ਨ ਪਰਦੇ ਤੇ ਵਿਖਾ ਕੇ ਅਚਾਨਕ ਉਸ ਦੇ ਪਤੀ ਦਾ ਪੇਟ ਵੀ ਬਰਾਬਰ ਦਾ ਵਧਿਆ ਵਿਖਾ ਕੇ ਇੰਨਟਰਵਲ ਕਰ ਦਿੱਤਾ ਜਾਂਦਾ ਹੈ, ਅਤੇ ਬਾਅਦ ਵਿਚ ਇਸ ਪਰਿਵਾਰ ਦੀ ਸੱਥਿਤੀ ਕਿਸ ਤਰਾਂ ਦੀ ਹੋ ਗਈ ਹੋਵੇਗੀ ਤੁਸੀ ਅੰਦਾਜ਼ਾ ਲਾ ਸਕਦੇ ਹੋ ਜਿੱਥੇ ਨਾਇਕ ਦੀ ਆਪਣੀ ਛੋਟੀ ਬੇਟੀ, ਦਾਦੀ ਅਤੇ ਬਾਪ ਤੋਂ ਇਲਾਵਾ ਤਿੰਨ ਪੜ੍ਹੀਆਂ ਲਿਖੀਆਂ ਸਮਝਦਾਰ ਭੈਣਾ ਵੀ ਹੋਣ। ਖੈਰ ਇੱਥੇ ਇਹ ਦੱਸੇ ਬਿਨਾਂ ਕਿ ਨਾਇਕ ਦਾ ਪੇਟ ਕਿਦਾਂ ਵੱਧ ਗਿਆ ਫ਼ਿਲਮ ਨੂੰ ਬੜੇ ਹਾਸੋਹੀਣੇ, ਢੀਠਪੁਣੇ ਅਤੇ ਗੈਰ ਤਸੱਲੀਬਖਸ਼ ਅੰਦਾਜ਼ ਵਿਚ ਅੱਗੇ ਤੋਰ ਦਿੱਤਾ ਜਾਂਦਾ ਹੈ, ਜਿੱਥੇ ਨਾਇਕ ਗਲੀਆਂ ਬਜ਼ਾਰਾਂ ਵਿਚ ਵਧੇ ਹੋਏ ਪੇਟ ਨੂੰ ਲੈ ਕੇ ਸ਼ਰੇਆਮ ਤੁਰਿਆ ਫਿਰਦਾ ਕਿਤੇ ਮਜ਼ਾਕ ਦਾ ਪਾਤਰ ਬਣਦਾ ਹੈ, ਕਿਸੇ ਨੂੰ ਟੈਸਟ ਟੀਊਬ ਬੇਬੀ ਦੀ ਗੱਲ ਕਹਿੰਦਾ ਹੈ, ਕਿਸੇ ਨਾਲ ਲੜਦਾ ਹੈ, ਅਤੇ ਕਿਤੇ ਔਰਤ ਦੇ ਦਰਦ ਦਾ ਅਹਿਸਾਸ ਮਹਿਸੂਸ ਕਰਨ ਦੀ ਗੱਲ ਕਰ ਕੇ ਔਰਤਾਂ ਤੋਂ ਹਮਦਰਦੀ ਹਾਸਲ ਕਰਦਾ ਹੈ,
ਪਰ ਅੰਤ ਇਹ ਸਭ ਗੱਲਾਂ ਅਧਾਰਹੀਣ ਸਾਬਤ ਹੁੰਦੀਆਂ ਹਨ ਜਦੋਂ ਕਮੀਜ਼ ਥੱਲੋਂ ਗੱਠੜੀ ਕੱਢ ਕੇ ਬਾਹਰ ਸੁੱਟਦਾ ਹੈ ਅਤੇ ਫ਼ਿਲਮ ਦਾ ਮੁੱਦਾ ਤਾਂ ਅਧਾਰਹੀਣ ਸਾਬਤ ਹੋਣਾ ਹੀ ਸੀ ਪਰ ਇਹ ਮਰਦ ਦੇ ਵਧੇ ਹੋਏ ਪੇਟ ਵਾਲੀ ਗੱਲ ਨੂੰ ਜੇ ਕਾਮੇਡੀ ਦਾ ਰੂਪ ਦੇਣ ਜਾਂ ਸਸਪੈਂਸ ਕਿ੍ਏਟ ਕਰਨ ਵਾਲਾ ਸਬਜੈਕਟ ਬਣਾ ਕੇ ਪਬਲੀਸਿਟੀ ਕੀਤੀ ਗਈ ਹੈ ਤਾਂ ਮਾਫ਼ ਕਰਨਾ ਫ਼ਿਲਮ ਦੇ ਕੰਟੈਟ ਮੁਤਾਬਕ ਇਹ ਗੱਲ ਔਰਤ ਜਾਤ ਨਾਲ ਮਜ਼ਾਕ ਵੀ ਸਾਬਤ ਹੁੰਦੀ ਹੈ, ਜੋ ਕਿ ਨੀਰੂ ਬਾਜਵਾ ਵਰਗੀ ਅਭਿਨੇਤਰੀ ਅਤੇ ਇਸ ਫ਼ਿਲਮ ਦੀ ਮੁੱਖ ਨਿਰਮਾਤਰੀ ਨੂੰ ਸ਼ੋਭਾ ਨਹੀਂ ਦੇਂਦਾ।
ਫ਼ਿਲਮ ਵਿਚ ਕੋਈ ਵੀ ਸਮਾਜਿਕ ਸੇਧ ਦੇਣ ਲਈ ਦੋ ਚਾਰ ਢੁੱਕਵੇਂ ਸੰਵਾਦ ਹੀ ਕਾਫੀ ਹੁੰਦੇ ਹਨ ਨਾ ਕਿ ਸਾਰੀ ਫ਼ਿਲਮ ‘ਚ ਲੋੜੋਂ ਵੱਧ ਲੈਕਚਰਬਾਜ਼ੀ, ਜੋ ਕਿ ਇਸ ਫ਼ਿਲਮ ‘ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ! ਜੇ ਸਮਾਜਿਕ ਮੁੱਦੇ ਤੇ ਪੰਜਾਬੀ ਫ਼ਿਲਮ ਬਨਾਉਣੀ ਹੀ ਹੈੇ ਤਾਂ ਸਾਨੂੰ ਪੰਜਾਬੀ ਸਮਾਜ ਦੇ ਦਾਇਰੇ ‘ਚ ਵੀ ਰਹਿਣਾ ਪਵੇਗਾ।

-ਦਲਜੀਤ ਅਰੋੜਾ

Comments & Suggestions

Comments & Suggestions