ਫ਼ਿਲਮ ਸਮੀਖਿਆ- ਮੂਸਾ ਜੱਟ – Film Review Moosa Jatt 🎞🎞🎞🎞🎞🎞🎞 ਕਿਸਾਨਾਂ ਨੂੰ ਹਿੰਸਕ ਰਾਹ ਵੱਲ ਉਕਸਾਉੰਦਾ ਮੰਦਭਾਗਾ ਵਿਸ਼ਾ ਹੈ ਫਿ਼ਲਮ “ਮੂਸਾ ਜੱਟ”

By  |  0 Comments

ਜੇ ਕਿਸਾਨਾਂ ਨੇ ਫਿ਼ਲਮ ਵਿਚ ਵਿਖਾਈ ਗਈ ਅਜਿਹੀ ਗੈਰ ਸੰਵਿਧਾਨਿਕ ਹਿੰਸਕ ਰਾਹ ਅਪਣਾਉਣੀ ਹੁੰਦੀ ਤਾਂ ਉਨ੍ਹਾਂ ਨੂੰ ਐਨੇ ਚਿਰ ਤੋਂ ਸੜਕਾਂ ਤੇ ਰੁਲਣ ਦੀ ਲੋੜ ਨਹੀਂ ਸੀ, ਨਾ ਕੋਈ ਕਿਸਾਨਾਂ ਤੇ ਗੱਡੀਆਂ ਚੜਾਉਣ ਦੀ ਹਿੰਮਤ ਕਰਦਾ ਤੇ ਨਾ ਕੋਈ ਡਾਂਗਾਂ ਵਰਾਉਣ ਦੀ, ਪਰ ਲੋਕਤੰਤਰ ਵਿਚ ਰਹਿ ਕੇ ਆਪਣਾ ਹੱਕ ਲੈਣ ਲਈ ਲੋਕਤੰਤਰਕ ਰਸਤਾ ਹੀ ਸਹੀ ਹੈ, ਜਿਸ ਰਾਹ ਤੇ ਕਿਸਾਨ ਸਬਰ ਸੰਤੋਖ ਨਾਲ ਚਲ ਰਹੇ ਹਨ।
🎞🎞🎞🎞🎞🎞🎞🎞🎞

ਕਿਸਾਨਾਂ ਦਾ ਜ਼ਿਕਰ ਇਸ ਲਈ ਕਰ ਰਿਹਾਂ ਹਾਂ ਕਿ ਕਿਸਾਨਾਂ ਦੀ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਅਤੇ ਇਹਨਾਂ ਨਾਲ ਹੋ ਰਹੇ ਧੱਕੇ ਨੂੰ ਮੁੱਦਾ ਬਣਾ ਕੇ ਕੈਸ਼ ਕਰਨ ਦੀ ਇਕ ਵਾਹਯਾਤ ਕੋਸ਼ਿਸ ਹੈ ਇਹ ਫ਼ਿਲਮ ਜਿਸ ਲਈ ਗਾਇਕ ਸਿੱਧੂ ਮੂਸੇਵਾਲਾ ਦੇ ਮੋਢਿਆਂ ਤੇ ਬੰਦੂਕ ਰੱਖ ਕੇ ਚਲਾਈ ਗਈ ਹੈ।
ਫਿਲਮ ਦੀ ਕੋਈ ਕਹਾਣੀ ਨਹੀਂ ਹੈ ਅਤੇ ਨਾ ਹੀ ਕੋਈ ਪਟਕਥਾ ਦਾ ਕੋਈ ਸਿਰ ਪੈਰ।
ਕੁਝ ਲੋਕਾਂ ਵਲੋਂ ਲਾਲ ਕਿਲ੍ਹੇ ਵਾਲੀ ਕੀਤੀ ਗਲਤੀ ਤਾਂ ਅਜੇ ਕਿਸਾਨਾਂ ਨੂੰ ਭੁੱਲੀ ਨਹੀਂ ਅਤੇ ਹੁਣ ਇਸ ਫ਼ਿਲਮ ਰਾਹੀਂ ਕਿਸਾਨਾਂ ਨੂੰ ਉਕਸਾ ਕੇ ਹਿੰਸਕ ਰਾਹ ਅਪਣਾਉਣ ਲਈ ਪ੍ਰੇਰਿਤ ਕਰਨਾ ਅਤੇ ਫਿਲਮ ਦਰਸ਼ਕਾਂ ਦਾ ਵੀ ਕਿਸਾਨੀ ਸਮੱਸਿਆਵਾਂ ਦੇ ਨਾਂਅ ਤੇ ਸੋਸ਼ਣ ਕਰਨਾ ਕਿੱਥੋਂ ਦੀ ਅਕਲਮੰਦੀ ਹੈ।
ਫ਼ਿਲਮ ਵਿਚ ਦਿਖਾਈਆਂ ਘਟਨਾਵਾਂ ਦਾ ਸਬੰਧ ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਦਿਖਾਇਆ ਗਿਆ ਹੈ ਉਹ ਵੀ ਅੱਜ ਦੇ ਦੌਰ ਦਾ। ਜੇ ਮਾਨਸਾ ਦੇ ਪੁਲਸ ਅਫ਼ਸਰ ਇਹ ਫ਼ਿਲਮ ਵੇਖਣ ਤਾਂ ਹੈਰਾਨ ਹੋਣਗੇ ਕਿ ਸੜਕਾਂ ਤੇ ਸ਼ਰੇਆਮ ਕਤਲੋਗਾਰਤ ਤੇ ਸਾਰੀ ਫਿਲਮ ‘ਚ ਹਥਿਆਰਾਂ ਦੀ ਨੁਮਾਇਸ਼ ਉਹ ਵੀ ਬਿਨਾਂ ਕਿਸੇ ਰੋਕ ਟੋਕ ਤੋਂ, ਉਪਰੋਂ ਪੁਲਸ ਅਫ਼ਸਰਾਂ ਦਾ ਸ਼ਰੇਆਮ ਥਾਣਿਆਂ ‘ਚ ਸ਼ਰਾਬ ਦਾ ਸੇਵਨ!
ਮੈਂ ਅੱਗੇ ਵੀ ਬੜੀ ਵਾਰ ਕਿਹਾ ਹੈ ਕਿ ਖੇਤਰੀ ਫਿਲਮ ਦੀਆਂ ਘਟਨਾਵਾਂ ਨੂੰ ਜਦ ਤੱਕ ਖੇਤਰ ਨਾਲ ਜੋੜ ਕੇ ਅਸਲੀਅਤ ਦੇ ਨੇੜੇ ਤੇੜੇ ਨਹੀਂ ਵਿਖਾਉਂਦੇ ਤਦ ਤੱਕ ਦਰਸ਼ਕਾਂ ਨੂੰ ਗੱਲ ਹਜ਼ਮ ਨਹੀਂ ਹੁੰਦੀ।ਪੰਜਾਬ ਵਿਚ ਇਸੇ ਲਈ ਵੱਡੀਆਂ ਕਹੀਆਂ ਜਾਣ ਵਾਲੀਆਂ ਐਕਸ਼ਨ ਫ਼ਿਲਮਾਂ ਪਹਿਲਾਂ ਵੀ ਮੂਧੇ ਮੂੰਹ ਡਿੱਗੀਆਂ ਹਨ। ਫ਼ਿਲਮ ਲਿਬਰਟੀ ਵੀ ਕਿਸੇ ਹੱਦ ਤੱਕ ਹੀ ਚੰਗੀ ਲੱਗਦੀ ਹੈ। ਫਿ਼ਲਮ ਦਾ ਵਿਸ਼ਾ ਆਪਾਂ ਪੰਜਾਬ ਦੇ ਕਿਸਾਨਾਂ ਨਾਲ ਜੋੜਿਆ ਹੈ ਤੇ ਵਿਖਾ ਤੁਸੀਂ ਫੈਂਟੈਸੀ /ਕਾਲਪਨਿਕ ਜਾਂ ਸਾਊਥ ਟਾਈਪ ਐਕਸ਼ਨ ਫਿ਼ਲਮ।
ਕੀ ਸਾਬਤ ਕਰਨਾ ਚਾਹਿਆ ਫ਼ਿਲਮ ਮੇਕਰਾਂ ਨੇ ਕਿ ਕੋਣ ਹੈ ਫ਼ਿਲਮ ਦਾ ਨਾਇਕ , ਕੋਈ ਸੁਪਰਮੈਨ ਹੈ ?
ਕੋਈ ਗੁੰਡਾ ਹੈ ? ਕੋਈ ਡਾਕੂ ਹੈ ? ਜਾਂ ਕੋਈ ਮਸੀਹਾ ? ਕਿ ਉਹ ਜੋ ਵੀ ਕਰੀ ਜਾਏ ਸਭ ਠੀਕ ਹੈ, ਚਾਹੇ ਕਿਸੇ ਦਾ ਕਤਲ ਕਰੇ, ਚਾਹੇ ਸਰਕਾਰੀ ਰਿਕਾਰਡ ਨਸ਼ਟ ਕਰੇ, ਚਾਹੇ ਬੈਂਕਾਂ ਦੇ ਨੌਕਰ ਅਫਸਰਾਂ ਨੂੰ ਧਮਕਾਵੇ, ਚਾਹੇ ਸਰਕਾਰੀ ਅਫ਼ਸਰਾਂ ਨੂੰ ਬੰਧਕ ਬਣਾਵੇ ਤੇ ਜਿੱਥੇ ਮਰਜ਼ੀ ਹਥਿਆਰ ਲੈ ਕੇ ਘੁੰਮਦਾ ਫਿਰੇ ਕੋਈ ਇਸ ਨੂੰ ਕੁਝ ਨਹੀਂ ਕਹੇਗਾ।
ਐਨਾ ਨਲਾਇਕ ਵੀ ਹੋ ਸਕਦਾ ਕਿਸੇ ਅਜਿਹੀ ਪੰਜਾਬੀ ਫ਼ਿਲਮ ਦਾ ਲੇਖਕ ਜਿਸ ਫ਼ਿਲਮ ਦਾ ਸਬੰਧ ਕਿਸਾਨਾਂ ਦੀਆਂ ਗੰਭੀਰ ਸਮੱਸਿਆਵਾਂ ਨਾਲ ਹੋਵੇ, ਪਤਾ ਨਹੀਂ ਸੀ ਅਤੇ ਨਾ ਹੀ ਮਿਆਰੀ ਫਿਲਮਾਂ ਬਨਾਉਣ ਵਾਲੇ ਇਸ ਫਿਲਮ ਨਿਰਮਾਣ ਘਰ ਤੋਂ ਅਜਿਹੀ ਗੈਰ ਮਿਆਰੀ ਘਟੀਆ ਕਿਸਮ ਦੀ ਫਿਲਮ ਦੀ ਉਮੀਦ ਸੀ, ਅੱਗੇ ਤੋਂ ਧਿਆਨ ਰੱਖਿਆ ਜਾਵੇ ਤਾਂ ਬੇਹਤਰ ਹੈ।
ਫਿਲਮ ਦਾ ਵਿਸ਼ਾ ਜੇ ਕਿਸੇ ਦੀ ਸਮੱਸਿਆ ਨਾਲ ਜੁੜਿਆ ਹੋਵੇ ਤਾਂ ਉਸ ਸਮੱਸਿਆ ਦੀ ਤਹਿ ਤੱਕ ਜਾਣਾ ਪੈਂਦਾ ਹੈ, ਫ਼ਿਲਮ ਦੇ ਲੇਖਕ ਨੂੰ ਤੇ ਫਿਰ ਉਸ ਦਾ ਸਾਰਥਕ ਹੱਲ ਵੀ ਘੜਣਾ ਪੈਂਦਾ ਜੋ ਫਿਲਮ ਦੀ ਕਹਾਣੀ ਨੂੰ ਜਸਟੀਫਾਈ ਕਰੇ।
ਕਿਸਾਨਾਂ ਤੇ ਕਰਜ਼ੇ, ਕਿਸਾਨਾਂ ਦਾ ਫਾਹਾ ਲੈ ਕੇ ਮਰਨਾ, ਕਿਸ ਨੂੰ ਨਹੀਂ ਪਤਾ ਸਾਰੀ ਦੁਨੀਆ ਵਿਚ ? ਤੁਸੀਂ ਫ਼ਿਲਮ ਵਾਲਿਆਂ ਨੇ ਕੀ ਨਵੀਂ ਸਮੱਸਿਆ ਦਿਖਾ ਦਿੱਤੀ ਦੱਸੋ ? ਤੇ ਹੱਲ ਕੀ ਕੱਢਿਆ ਕਿ ਬੈਕਾਂ ਚ ਬੰਦੂਕਾਂ ਲੈ ਕੇ ਚਲੇ ਜਾਓ, ਸਰਕਾਰੀ ਵੈਬਸਾਈਟਾਂ ਹੈਕ ਕਰ ਲਓ , ਜਿਨੂੰ ਮਰਜ਼ੀ ਬੰਦੀ ਬਣਾ ਲਓ, ਜਿੰਨੀ ਮਰਜ਼ੀ ਹਿੰਸਾ ਕਰੋ।
ਸ਼ਾਬਾਸ਼ ਸਾਰੀ ਫ਼ਿਲਮ ਟੀਮ ਨੂੰ ਜੋ ਤੁਸੀਂ ਫ਼ਿਲਮ ਰਾਹੀਂ ਕਿਸਾਨਾਂ ਨੂੰ ਸਲਾਹ ਦਿੱਤੀ, ਉਹ ਤਾਂ ਵਿਚਾਰੇ ਐਵੇਂ ਹੀ ਘਰ-ਬਾਰ ਛੱਡ ਕੇ ਸੜਕਾਂ ਤੇ ਬੈਠੇ ਨੇ।
ਫ਼ਿਲਮ ਬਣਾ ਕੇ ਦੂਜਿਆਂ ਨੂੰ ਅਜਿਹੀ ਨੇਕ ਸਲਾਹ ਨਾਲੋ ਬੇਹਤਰ ਇਹ ਹੈ ਕਿ ਜੇ ਹਿੰਮਤ ਹੈ ਤਾਂ ਚੱਕੋ ਬੰਦੂਕਾਂ ਤੇ ਤੁਰ ਪਵੋ ਰਾਜਧਾਨੀ ਨੂੰ। ਹੱਦ ਹੈ ਤੁਹਾਡੇ ਆਲੀ।
ਜਨਾਬ ਪੰਜਾਬ ਨੇ ਜੋ ਸੰਤਾਪ 10/12 ਸਾਲ ਭੋਗਿਆ, ਜ਼ਰਾ ਯਾਦ ਤਾਂ ਕਰੋ।
ਇਹ ਸਾਰੀਆਂ ਗੱਲਾਂ ਇਸ ਕਰ ਕੇ ਕੀਤੀਆਂ ਜਾ ਰਹੀਆਂ ਨੇ ਕਿ ਤੁਸੀਂ ਕਿਸਾਨਾਂ ਦੀ ਦੁਖਦੀ ਰਗ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੇ ਵੈਸੇ ਸਾਊਥ ਵਾਂਗ ਕੋਈ ਮਾਰ ਧਾੜ ਵਾਲੀ ਬਣਾਈ ਹੁੰਦੀ ਤਾਂ ਮਹਿਜ ਇਕ ਆਮ ਐਕਸ਼ਨ ਫ਼ਿਲਮਾਂ ਵਾਂਗ ਮਨੋਰੰਜਕ ਦੇ ਖਾਤੇ ਵੀ ਪੈ ਸਕਦੀ ਸੀ, ਤੇ ਸ਼ਾਇਦ ਮੈਂ ਵੀ ਕੁਝ ਨਾ ਬੋਲਦਾ।
ਜੇ ਕੋਈ ਹੋਰ ਵੀ ਕਿਸਾਨਾਂ ਨਾਲ ਜੁੜੀ ਅਜਿਹੀ ਫਿ਼ਲਮ ਬਨਾਉਣ ਦੀ ਝਾਕ ਵਿਚ ਹੈ ਕਿਰਪਾ ਕਰ ਕੇ ਗੁਰੇਜ ਹੀ ਕਰੇ ਤਾਂ ਚੰਗੀ ਗੱਲ ਹੈ, ਕਿਸਾਨਾਂ ਨੂੰ ਸ਼ਾਇਦ ਇਹੋ ਜਿਹੀ ਹਮਦਰਦੀ ਦੀ ਲੋੜ ਨਹੀਂ। ਅਸੀਂ ਕਲਾਕਾਰ ਲੋਕ ਉਨਾਂ ਦੀ ਸਪੋਰਟ ਕਰ ਰਹੇ ਹਨ ਐਨਾ ਹੀ ਕਾਫੀ ਹੈ।
ਬਾਕੀ ਫ਼ਿਲਮ ਬਾਰੇ ਹੋਰ ਗੱਲ ਤਾਂ ਫਿਲਮ ਵਿਚਲੀ ਨਵੀਂ ਨਾਇਕਾ ਸਵੀਤਾਜ ਬਰਾੜ ਦੀ ਅਦਾਕਾਰੀ ਪਹਿਲੀ ਫਿਲਮ ਹੋਣ ਦੇ ਨਾਤੇ ਵਧੀਆ ਲੱਗੀ । ਸਿੱਧੂ ਨੂੰ ਹੋਰ ਨਿਪੁੰਨ ਹੋਣ ਦੀ ਲੋੜ ਹੈ ਅਤੋ ਆਪਣੀ ਫੈਨ ਫੌਲੋਇੰਗ ਦਾ ਧਿਆਨ ਰੱਖਦੇ ਹੋਏ ਫਿਲਮਾਂ ਦੇ ਵਿਸ਼ੇ ਚੁਣਨ ਵਿਚ ਵੀ ਅੱਗੋਂ ਸਿਆਣਪ ਵਰਤੇ, ਬਾਕੀ ਉਮੀਦ ਹੈ ਕਿ ਸਿੱਧੂ ਦੀ ਇਸ ਫਿ਼ਲਮ ਤੋਂ ਪਹਿਲਾਂ ਬਣੀ ਫਿ਼ਲਮ “ਯੈੱਸ ਆਈ ਐਮ ਸਟੂਡੈਂਟ” ਨਾਲ ਸਿੱਧੂ ਮੂਸੇਵਾਲਾ ਦਾ ਮਿਆਰ ਉੱਚਾ ਉੱਠੇਗਾ ਜੋ “ਮੂਸਾ ਜੱਟ” ਰਾਹੀਂ ਵਿਗੜਿਆ ਹੈ।
“ਮੂਸਾ ਜੱਟ” ਦੇ ਨਿਰਮਾਤਾ ਸਿੱਧੂ ਮੂਸੇਵਾਲਾ ਨੂੰ ਉਸ ਦੀ ਪਹਿਲੀ ਫਿ਼ਲਮ ਹੋਣ ਦੇ ਨਾਤੇ ਕਿਸੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੇ ਤਾਂ ਉਸ ਦੀ ਗਾਇਕੀ ਵਾਲੀ ਚੜੵਤ ਨੂੰ ਕੈਸ਼ ਕਰਨ ਵਿਚ ਜ਼ਰੂਰ ਸਫਲ ਹੁੰਦੇ।
ਖੈਰ ! ਫਿਲਮ ਵਿਚਲੇ ਦੋ ਦਮਦਾਰ ਚਰਿੱਤਰ ਕਲਾਕਾਰਾਂ ਮਹਾਬੀਰ ਭੁੱਲਰ ਅਤੇ ਤਰਸੇਮ ਪੌਲ ਸਮੇਤ ਫਿ਼ਲਮ ਦੇ ਬਾਕੀ ਕਲਾਕਾਰਾਂ ਦੀ ਅਦਾਕਾਰੀ ਆਪੋ ਆਪਣੇ ਕਿਰਦਾਰਾਂ ਮੁਤਾਬਕ ਵਧੀਆਂ ਸੀ। ਫਿਲਮ ਦਾ ਸੰਗੀਤ, ਖਾਸਕਰ “ਰੋਮਾਂਟਿਕ ਗੀਤ” ਅਤੇ ਬੈਕਰਾਊਂਡ ਸਕੋਰ ਵੀ ਜੱਚਿਆ ਹੈ।
ਫਿ਼ਲਮ ਦੇ ਨਿਰਦੇਸ਼ਕ ਨੂੰ ਇਸ ਫਿ਼ਲਮ ਦਾ ਬਹੁਤਾ ਕ੍ਰੈਡਿਟ ਤਾਂ ਨਹੀ ਦਿੱਤਾ ਜਾ ਸਕਦਾ ਪਰ ਉਸ ਦੇ ਫਿਲਮਾਂਕਣ ਨੂੰ ਵੇਖਦੇ ਹੋਏ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਜੇ ਇਸ ਨਿਰਦੇਸ਼ਕ ਨੂੰ ਕੋਈ ਠੋਸ ਕਹਾਣੀ-ਪਟਕਥਾ ਮਿਲੇ ਤਾਂ ਵਧੀਆ ਫ਼ਿਲਮ ਬਨਾਉਣ ਦੀ ਸਮਰੱਥਾ ਰੱਖਦਾ ਹੈ।

-ਦਲਜੀਤ ਸਿੰਘ

Comments & Suggestions

Comments & Suggestions