ਫ਼ਿਲਮ ਸਮੀਖਿਆ ‘ਸਿੰਘਮ’ / Film Review ‘Singham’ ਕੀ ਥੁੜਿਆ ਸੀ ਇਹੋ ਜਿਹੀ ਪੰਜਾਬੀ “ਸਿੰਘਮ” ਤੋਂ ?

By  |  0 Comments

ਕਿਉਂਕਿ ਤਮਿਲ ਅਤੇ ਉਸ ਤੋਂ ਬਾਅਦ ਅਜੇ ਦੇਵਗਨ ਦੀ “ਸਿੰਘਮ” ਵੀ ਤਾਂ ਸਭ ਨੇ ਵੇਖੀ ਹੀ ਹੈ, ਜੇ ਰਿਮੇਕ ਨੂੰ ਉਸ ਤੋਂ ਵਧੀਆ- 21, ਨਹੀਂ ਬਣਾ ਸਕਦੇ ਤਾਂ ਰਹਿਣ ਦਿਓ ਨਾ, ਕਿਉਂ ਜਲੂਸ ਕੱਢਦੇ ਹੋ ਪਹਿਲੀਆਂ ਹਿੱਟ ਫ਼ਿਲਮਾਂ ਦਾ ਵੀ ! ਵੈਸੇ ਵੀ ਜੇ ਸਾਊਥ ਵਰਗਾ ਸਿਨੇਮਾ ਪੰਜਾਬ ਤੇ ਥੋਪੋਗੇ ਤਾਂ ਇਹੀ ਹਸ਼ਰ ਹੋਏਗਾ ਜੋ ਪੰਜਾਬੀ #ਸਿੰਘਮ ਅਤੇ ਇਸ ਤੋਂ ਪਹਿਲਾ “ਚੰਨਾ ਮੇਰਿਆ” ਅਤੇ “ਲੌਕ” ਦਾ ਹੋਇਆ ਸੀ।
ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡਾ ਸਿਨੇਮਾ ਨਕਲਾਂ ਜੋਗਾ ਹੀ ਰਹਿ ਗਿਆ ਹੈ, ਕੋਈ ਕਹਾਣੀਕਾਰ ਨਹੀਂ ਸਾਡੇ ਕੋਲ ਜੋ ਆਪਣੇ ਦਿਮਾਗ ਦੀ ਉਪਜ ਤੋਂ ਕਹਾਣੀ ਉਲੀਕੇੇ ?
ਜੇ ਰਿਮੇਕ ਦੀ ਗੱਲ ਮੰਨ ਵੀ ਲਈਏ ਤਾਂ ਸਿਰਫ ਹਵਾ ਚ ਬੰਦੇ ਅਤੇ ਗੱਡੀਆਂ ਉਡਾਉਣ ਦੀ ਤਕਨੀਕ ਨੂੰ ਹੀ ਹੀਰੋਗਿਰੀ ਅਤੇ ਅਡਵਾਂਸ ਸਿਨੇਮਾ ਕਹੋਗੇ ? ਹਿੰਦੀ ਦੀ ‘ਸਿੰਘਮ’ ਨੇ 140 ਕਰੋੜ ਦੀ ਕੁਲੈਕਸ਼ਨ, ਹੀਰੋ ਅਜੇ ਦੇਨਗਨ ਦੀ ਦਮਦਾਰ ਐਕਟਿੰਗ ਅਤੇ ਨਿਰਦੇਸ਼ਕ ਰੋਹਿਰ ਸ਼ੈਟੀ ਦੀ ਫ਼ਿਲਮੀ ਸਿਆਣਪ ਨਾਲ ਇੱਕਠੀ ਕੀਤੀ ਸੀ ਅਤੇ ਆਪਾਂ ਅਜੇ ਦੇਵਗਨ ਜਿਹੇ ਹੀਰੋ ਦੀ ਨਕਲ ਕਰਨ ਵੇਲੇ ਉਸ ਦਾ “ਫੂਲ ਔਰ ਕਾਂਟੇ ” ਤੋਂ ਹੁਣ ਤੱਕ ਦਾ ਸਫਰ ਕਿਉਂ ਭੁੱਲ ਜਾਂਦੇ ਹਾਂ, ਮਾਫ ਕਰਨਾ ਹੀਰੋਗਿਰੀ ਐਕਟਿੰਗ ਦੇ ਦਮ ਤੇ ਹੁੰਦੀ ਹੈ ਐਕਸ਼ਨ ਦੇ ਦਮ ਤੇ ਨਹੀ।
ਹੁਣ ਜੇ ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਦੀ ਗੱਲ ਕਰੀਏ ਤਾਂ ਭਾਂਵੇ ਰਿਮੇਕ ਹੀ ਹੈ, ਅਤੇ ਹਿੰਦੀ ਦੀ ‘ਸਿੰਘਮ’ ਨਾਲੋਂ ਥੋੜਾ ਬਹੁਤ ਪਲਾਟ ਬਦਲ ਕੇ ਤਕਰੀਬਨ ਉਨੇ ਹੀ ਕਰੈਕਟਰ ਰੱਖੇ ਗਏ ਹਨ, ਪਰ ਉਹ ਲੋਕ ਕਹਾਣੀ ਅਤੇ ਟਰੀਟਮੈਂਟ ਤੇ ਜਿੰਨੀ ਮੇਹਨਤ ਕਰਦੇ ਹਨ ਅਤੇ ਹਰ ਡਰਾਮੈਟਿਕ ਸੀਨ ਨੂੰ ਜਸਟੀਫਾਈ ਵੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਲੋੜ ਪੈਣ ਤੇ ਕਰੈਕਟਰ ਮੁਤਾਬਕ ਐਕਟਰਾਂ ਦੀ ਵਰਕਸ਼ਾਪ ਵੀ ਲਗਾ ਲੈਂਦੇ ਹਨ ਪਰ ਆਪਾਂ ਤਾ ਬੱਸ ਕਾਲਰ ਚੱਕ ਕੇ “ਮਿੱਤਰਾਂ ਦਾ ਨਾਅ ਚਲਦੈ”।
ਜਿੱਥੇ ਪੰਜਾਬ ਮੁਤਾਬਕ ਅਢੁੱਕਵੀਂ ਅਤੇ ਲੋੜੋਂ ਵੱਧ ਬੇਦਲੀਲੀ ਕਹਾਣੀ ਅਤੇ ਹਲਕਾ ਸਕਰੀਨ ਪਲੇਅ ਹੋਵੇ ਤਾਂ ਉੱਥੇ ਤੁਸੀ ਫ਼ਿਲਮ ‘ਚ ਕਿੰਨੀਆਂ ਕੁ ਗਲਤੀਆਂ ਕੱਢੋਗੇ, ਗਿਣਤੀ ਮੁਸ਼ਕਲ ਹੈ।

ਹਾਂ ਜੇ ਕਿਸੇ ਪਿੰਡ ਦੇ ਥਾਨੇ ‘ਚ ਲੱਗਾ ਪੰਜਾਬ ਪੁਲਿਸ ਦਾ ਡੀ.ਐਸ .ਪੀ ਵੇਖਣਾ ਹੋਵੇ (ਜੋਕਿ ਹਿੰਦੀ ਦੀ #ਸਿੰਘਮ ਵਿਚ ਨਿਯਮ ਮੁਤਾਬਕ ਥਾਨੇਦਾਰ ਸੀ ), ਜਾਂ ਬਿਨਾ ਵਰਦੀ ਤੋਂ ਥਾਂ ਥਾਂ ਇਕੱਲਾ ਘੁੰਮਦਾ ਤੇ ਗੁੰਡਿਆਂ ਨਾਲ ਬਿਨਾ ਫੋਰਸ ਤੋ ਪੰਗੇ ਲੈਂਦਾ ਅਤੇ ਆਪ ਗੁੰਡਿਆਂ ਵਾਂਗ ਪੇਸ਼ ਆਉਂਦਾ, ਪੰਜਾਬ ਪੁਲਿਸ ਦਾ “ਸਿੰਘਮ” ਕਹਾਉਂਦਾ ਡੀ.ਐਸ.ਪੀ ਵੇਖਣਾ ਹੋਵੇ ਤਾਂ ਇਹ ਫ਼ਿਲਮ ਜ਼ਰੂਰ ਵੇਖੋ।
ਭਲਿਓ ਲੋਕੋ , ਡੀ.ਐਸ.ਪੀ ਥਾਨਿਆਂ ਦਾ ਇੰਨਚਾਰਜ ਹੁੰਦੈ, ਨਾ ਕਿ ਇਕ ਥਾਨੇ ਦਾ ਅਤੇ ਪੰਜਾਬ ਦੇ ਹਰ ਛੋਟੇ ਵੱਡੇ ਪੁਲਸ ਅਫ਼ਸਰ ਨੇ ਆਪਣੀ ਇਕ ਪਹਿਚਾਣ ਬਣਾਈ ਹੈ, ਭਾਂਵੇ ਉਹ ਹਿੰਦੂ ਹੈ ਜਾਂ ਸਿੱਖ, ਜਾਂ ਤਾਂ ਉਹ ਹਰ ਥਾਂ ਪਗੜੀ ਪਹਿਣ ਕੇ ਰੱਖਦਾ ਜਾਂ ਫੇਰ ਬਿਲਕੁਲ ਨਹੀਂ ਜਦ ਤੱਕ ਉਹ ਕਿਸੇ ਗੁਪਤ ਮਿਸ਼ਨ ਤੇ ਨਾ ਹੋਵੇ, ਇਦਾਂ ਨਹੀਂ ਕਿ ਜਦੋ ਜੀ ਕੀਤਾ ਪਗੜੀ-ਵਰਦੀ ਲਾਹ ਲਈ ਤੇ ਪਾ ਲਈ, ਪਰ ਇਹ ਨਜ਼ਾਰਾ ਤੁਸੀ ‘ਸਿੰਘਮ’ ਵਿਚ ਵੇਖ ਸਕਦੇ ਹੋ।

ਜਿਹੋ ਜਿਹੇ ਹੇਅਰ ਸਟਾਈਲ ਵਿਚ ਪਰਮੀਸ਼ ਵਰਮਾ ਡੀ.ਐਸ.ਪੀ ਵਿਖਾਇਆ ਗਿਆ ਹੈ, ਇਹੋ ਜਿਹੇ ਸਟਾਈਲ ਵਾਲਾ ਮੁੰਡਾ ਜੇ ਕਿਤੇ ਸੱਚਮੁੱਚ ਪੰਜਾਬ ਪੁਲਿਸ ਦੇ ਅੱੜਿਕੇ ਆ ਜਾਵੇ ਤਾਂ ਉਹ ਰਝਵੀਂ ਬੇਜ਼ਤੀ ਕਰਵਾ ਕੇ ਹੀ ਥਾਨਿਓਂ ਬਾਹਰ ਨਿਕਲਦਾ ਹੈ, ਅਤੇ ਇੱਥੇ ਖੁੱਦ ਹੀ..ਚਲੋ ਛਡੋ..!
ਇਕ ਗੱਲ ਹੋਰ ਕਿ ਜ਼ਿਲੇ ਦਾ, ਐਸ.ਐਸ.ਪੀ ਹਰ ਵਾਰ ਇਕੱਲਾ ਹੀ ਥਾਨੇ ਧਮਕ ਪੈਂਦਾ ਹੈ ਬੰਦੇ ਛੁਡਾਉਣ ਲਈ, ਅਤੇ ਜਦੋਂ ਇਕ ਡੀ.ਐਸ.ਪੀ ਆਪਣੇ ਉਪਰ ਵਾਲੇ ਐਸ.ਐਸ.ਪੀ ਨੂੰ ਅੱਖਾਂ ਕੱਢ ਕੇ ਪਵੇ ਤਾਂ ਪੰਜਾਬ ਪੁਲਸ ਦੇ ਨਿਯਮਾਂ ਦਾ ਕਿਸ ਨੂੰ ਨਹੀ ਪਤਾ, ਭਾਂਵੇ ਸੀਨੀਅਰ ਗਲਤ ਹੀ ਕਿਉਂ ਨਾ ਹੋਵੇ, ਕਹਿਣ ਦਾ ਮਤਲਭ ਕਿ ਨਕਲੀ ਲੱਗਣ ਵਾਲੇ ਸੀਨਾ ਦੀ ਭਰਮਾਰ ਸੀ।
ਹੀਰੋ “ਸਿੰਘਮ” ਤੇ ਜਾਣ ਛਿੜਕਣ ਵਾਲਾ ਸਾਰਾ ਪਿੰਡ ਤਾਂ ਇਕ ਪਾਸੇ, ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਉਸ ਦਾ ਆਪਣਾ ਪਰਿਵਾਰ ਹੀ ਫ਼ਿਲਮ ਚੋਂ ਅਲੋਪ !

ਜਿੱਥੇ ਸਾਰੀ ਫ਼ਿਲਮ ਵਿਚ ਹੀਰੋ ਉੱਤੇ ਦਮਦਾਰ ਐਕਟਿੰਗ ਸਮੇਤ ਹਰ ਪੱਖੋ ਹਾਵੀ ਰਿਹਾ ਵਿਲੇਨ ਕਰਤਾਰ ਚੀਮਾ ਆਪਣੇ ਸਾਰੇ ਗੁੰਡੇ ਸਾਥੀਆਂ ਸਮੇਤ ਫ਼ਿਲਮ ਦੇ ਆਖਰ ਵਿਚ ਨਿਹੱਥੇ ਅਤੇ ਇੱਕਲੇ ਪੁਲਸ ਅਫ਼ਸਰ ਅੱਗੇ ਗਿੜਗੜਾਉਂਦਾ/ਮਾਰ ਖਾਂਦਾ ਵੇਖਣਾ ਹੋਵੇ ਜਾਂ ਬੱਸ ਅੱਡੇ ਤੇ ਮਦਾਰੀ ਦੇ ਤਮਾਸ਼ੇ ਵਾਂਗੂ ਫ਼ਿਲਮਾਇਆ ਗਿਆ ਫਾਈਟ ਸੀਨ ਵੇਖਣਾ ਹੋਵੇ ਤਾਂ ਪੰਜਾਬੀ “ਸਿੰਘਮ” ਜ਼ਰੂਰ ਵੇਖੋ।
ਇਹੋ ਜਿਹੀ ਫ਼ਿਲਮ ਵੇਖ ਕੇ ਹੋਰ ਵੀ ਅਫਸੋਸ ਉਸ ਵੇਲੇ ਹੁੰਦੈ ਜਦੋਂ ਕੁਮਾਰ ਮੰਗਤ, ਭੂਸ਼ਨ ਕੁਮਾਰ ,ਅਜੇ ਦੇਵਗਨ, ਨਵਨਿਅਤ ਸਿੰਘ ਅਤੇ ਹਰਮੀਤ ਸਿੰਘ ਵਰਗੇ ਸਾਰੇ ਵਧੀਆ ਅਤੇ ਸਿਆਣੇ ਬੰਦਿਆਂ ਦੀ ਟੀਮ ਦੇ ਬਾਵਜੂਦ ਫ਼ਿਲਮ ਫਲਾਪ ਹੁੰਦੀ ਹੈ ਅਤੇ ਫ਼ਿਲਮ ਦੇ ਸਾਰੇ ਦਿਗੱਜ ਐਕਟਰਾਂ ਦੀ ਮੇਹਨਤ ਤੇ ਪਾਣੀ ਫਿਰ ਜਾਂਦਾ ਹੈ।
ਫ਼ਿਲਮ ਚ ਕੰਮ ਕਰਨ ਵਾਲੇ ਸਾਰੇ ਸਦਾ ਬਹਾਰ ਵਧੀਆ ਐਕਟਰਾਂ ਦੇ ਕੰਮ ਦਾ ਜ਼ਿਕਰ ਕਰਨ ਦੀ ਸ਼ਾਇਦ ਲੋੜ ਨਹੀਂ ਪਰ ਇਹੋ ਜਿਹੀਆਂ ਐਕਸ਼ਨ ਫ਼ਿਲਮਾਂ ‘ਚ ਹੀਰੋਈਨਾਂ ਸਿਰਫ ਸ਼ੋਅਪੀਸ ਹੀ ਸਾਬਤ ਹੁੰਦੀਆਂ ਹਨ, ਅਨੀਤਾ ਦੇਵਗਨ ਦੇ ਰੋਲ ਨੇ ਨਿਰਾਸ਼ ਹੀ ਕੀਤਾ ਹੈ, ਜਦਕਿ ਕਿ ਹਰਦੀਪ ਗਿੱਲ ਅਤੇ ਪ੍ਕਾਸ਼ ਗਾਧੂ ਦੇ ਰੋਲ ਦਿਲਚਸਪ ਹਨ, ਕਰਤਾਰ ਚੀਮਾ ਨੇ ਬਤੌਰ ਦਮਦਾਰ ਖਲਨਾਇਕ ਪੰਜਾਬੀ ਇੰਡਸਟਰੀ ਨੂੰ ਆਪਣੀ ਲੋੜ ਮਹਿਸੂਸ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਲਈ ੳਹ ਵਧਾਈ ਦਾ ਪਾਤਰ ਹੈ, ਤੋਂ ਇਲਾਵਾ ਦੀਪ ਜੋਸ਼ੀ ਅਤੇ ਰਾਜ ਧਾਲੀਵਾਲ ਨੇ ਚੰਗਾ ਕੰਮ ਕੀਤਾ ਹੈ ਅਤੇ ਸੈਮੂਅਲ ਜੌਹਨ ਵਲੋਂ ਨਿਭਾਈ ਦਮਦਾਰ ਅਦਾਕਾਰੀ ਉਸ ਲਈ ਹੋਰ ਵੀ ਵੱਡੇ ਰਾਹ ਖੋਲੇਗੀ !

ਸਿੱਟਾ :- ਨਕਲਾਂ ਛੱਡੋ ਤੇ ਕ੍ਰਿਏਟਿਵ ਫ਼ਿਲਮਾਂ ਬਣਾਓ, ਸੀਨੀਅਰ ਕਰੈਕਟਰ ਐਕਟਰ, ਅਣਗੋਲੇ ਜਾਣ ਵਾਲੇ ਰੋਲ ਨਵੇਂ ਕਲਾਕਾਰਾਂ ਲਈ ਛੱਡ ਦਿਆ ਕਰਨ, ਫ਼ਿਲਮ ਦੀ ਕਹਾਣੀ ਅਤੇ ਟਰੀਟਮੈਂਟ ਤੇ ਮੇਹਨਤ ਕਰਿਆ ਕਰਨ ਲੇਖਕ-ਨਿਰਦੇਸ਼ਕ, ਫ਼ਿਲਮ ਸੰਗੀਤ ਨੂੰ ਫ਼ਿਲਮ ਦੀ ਰੀੜ ਦੀ ਹੱਡੀ ਸਮਝ ਕੇ ਸੰਗੀਤ ਤੇ ਵੀ ਪੂਰੀ ਮੇਹਨਤ ਹੋਣੀ ਚਾਹੀਦੀ ਹੈ, ਜਿਹੜੇ ਐਕਟਰ ਐਕਟਿੰਗ ਵਿਚ ਕਮਜ਼ੋਰ ਹਨ, ਸਿੱਖਣ ਵਿਚ ਸ਼ਰਮ ਨਾ ਕਰਨ ਅਤੇ ਨਿਰਦੇਸ਼ਕ ਦੀ ਵੀ ਜਿੰਮੇਵਾਰੀ ਬਣਦੀ ਹੈ ਕਿਸੇ ਵੀ ਮੇਜਰ ਕਰੈਕਟਰ ਨੂੰ ਉਸ ਦੇ ਰੋਲ ਮੁਤਾਬਕ ਟਰੇਂਡ ਹੋਣ ਉਪਰੰਤ ਹੀ ਪਰਦੇ ਤੇ ਉਤਾਰਣ..!

ਧੰਨਵਾਦ

-ਦਲਜੀਤ ਅਰੋੜਾ

Comments & Suggestions

Comments & Suggestions