ਫ਼ਿਲਮ ਸਮੀਖਿਆ / Film Review ਗੈਰ ਮਿਆਰੀ ਪੰਜਾਬੀ ਫ਼ਿਲਮ ਹੈ “ਸ਼ੇਰ ਬੱਗਾ”, ਵਾਹਯਾਤ ਕਹਿਣ ਵਿਚ ਵੀ ਕੋਈ ਹਰਜ਼ ਨਹੀਂ! -ਦਲਜੀਤ ਅਰੋੜਾ 🎞🎞🎞🎞🎞🎞🎞🎞🎞🎞🎞🎞🎞

By  |  0 Comments

ਕਿਸੇ ਵੇਲੇ ਗੱਲ ਬਰਦਾਸ਼ਤ ਤੋਂ ਬਾਹਰ ਹੋ ਜਾਵੇ ਤਾਂ ਇਹੋ ਜਿਹੇ ਲਫਜ਼ ਹੀ ਬਚਦੇ ਹਨ ਫ਼ਿਲਮ ਸਮੀਖਿਆ ਲਈ।
ਸਬਸਿਡੀਆਂ ਦੇ ਚੱਕਰ ‘ਚ ਅਸੀਂ ਪੰਜਾਬੀ ਸਿਨੇਮਾ ਦਾ ਮਿਆਰ ਤਾਂ ਢਹਿ ਢੇਰੀ ਕਰ ਹੀ ਰਹੇ ਹਾਂ ਪਰ ਹੁਣ ਅਸੱਭਿਅਕ ਵਿਸ਼ਿਆਂ ਵਾਲੀਆਂ ਫ਼ਿਲਮਾਂ ਵੱਲ ਵੀ ਤੁਰ ਪਏ ਹਾਂ। ਘੱਟ ਤੋਂ ਘੱਟ ਐਮੀ ਵਿਰਕ ਵਰਗੇ ਹੀਰੋ-ਨਿਰਮਾਤਾ ਅਤੇ ਨਾ ਹੀ “ਕਿਸਮਤ” ਵਰਗੀ ਫ਼ਿਲਮ ਵਾਲੇ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਤੋਂ ਐਸੀ ਘਟੀਆ ਕਿਸਮ ਦੀ ਫ਼ਿਲਮ ਦੀ ਉਮੀਦ ਸੀ।
ਵਿਦੇਸ਼ ਜਾ ਕੇ ਸ਼ੂਟ ਕਰਨ ਵਾਲੀਆਂ ਕਹਾਣੀਆਂ-ਵਿਸ਼ੇ ਮੁਕਾਉਣ ਤੋਂ ਬਾਅਦ ਹੁਣ ਇਹੋ ਜਿਹੀਆਂ ਘਟੀਆਂ ਕਹਾਣੀਆਂ ਨਾਲ ਕੀ ਸਾਬਤ ਕਰਨਾ ਚਾਹੁੰਦੇ ਹਾਂ ਅਸੀ ਕਿ ਬਹੁਤ ਵੱਡੇ ਫ਼ਿਲਮ ਮੇਕਰ ਬਣ ਗਏ ਹਾਂ ਕਿ ਜੋ ਵੀ ਦਰਸ਼ਕਾਂ ਨੂੰ ਪਰੋਸਾਂਗੇ ਉਹ ਪ੍ਰਵਾਨ ਕਰ ਲੈਣਗੇ।
ਸਾਰੀ ਫ਼ਿਲਮ ਟੀਮ ਚੋਂ ਕੋਈ ਦੱਸ ਸਕਦਾ ਹੈ ਕਿ ਇਹ ਫ਼ਿਲਮ ਕਿਹੜੇ ਪੰਜਾਬੀ ਸਮਾਜ ਦਾ ਹਿੱਸਾ ਹੈ ਅਤੇ ਕਿਹੜੇ ਸੰਦੇਸ਼ ਦੇਣ ਦੇ ਮਕਸਦ ਨਾਲ ਬਣਾਈ ਗਈ ਹੈ ?
ਖੇਤਰੀ ਸਿਨੇਮਾ ਨੂੰ ਵਿਦੇਸ਼ੀ ਬਨਾਉਣ ਦੀ ਕੋਸ਼ਿਸ਼ ਨਾ ਕਰੋ, ਇਸ ਤਰਾਂ ਤਾਂ ਕਦੇ ਸਾਊਥ ਵਾਲੇ ਵੀ ਨਹੀਂ ਕਰਦੇ। ਬੜੀ ਵਾਰ ਅੱਗੇ ਵੀ ਕਿਹਾ ਹੈ ਕਿ ਖੇਤਰੀ ਸਿਨੇਮਾ ਤਾਂ ਹੀ ਕਾਮਯਾਬ ਹੈ ਜੇ ਉਸ ਖੇਤਰ ਦੇ ਲੋਕਾਂ ਦੇ ਨੇੜੇ ਤੇੜੇ ਹੋਵੇ ਅਤੇ ਫ਼ਿਲਮ ਵਿਚਲੀਆਂ ਘਟਨਾਵਾਂ ਵਿਚ ਓਪਰਾਪਣ ਨਾ ਹੋਵੇ, ਵਰਨਾ ਊਟ ਪਟਾਂਗ ਵੇਖਣ ਲਈ ਦਰਸ਼ਕਾਂ ਕੋਲ ਹੋਰ ਵੀ ਬਹੁਤ ਬਦਲ ਨੇ।
ਪਿੱਛੇ ਜਿਹੇ ਹਰਭਜਨ ਮਾਨ ਦੀ ਫ਼ਿਲਮ “ਪੀ.ਆਰ” ਵਿਚ ਇਕ ਵਾਹਯਾਤ ਕਿਸਮ ਦਾ ਕਿੱਸਾ ਸੀ ਇਕ ਕਨੇਡਾ ਦੀ ਵੈੱਲਐਜੂਕੇਟਡ, ਹੋਟਲ ‘ਚ ਕੰਮ ਕਰਨ ਤੇ ਸਮਾਜ ਵਿਚ ਵਿਚਰਣ ਵਾਲੀ ਕੁਆਰੀ ਕੁੜੀ ਗਰਭਵਤੀ ਹੋ ਜਾਂਦੀ ਹੈ ਅਤੇ ਫਿਰ ਅਬਾਰਸ਼ਨ ਨਾ ਕਰਵਾ ਕੇ ਬੱਚਾ ਪੈਦਾ ਕਰਨ ਨੂੰ ਸਮਾਜਿਕ ਸਿੱਖਿਆ ਅਤੇ ਹੀਰੋ ਦੀ ਮਹਾਨਤਾ ਨਾਲ ਜੋੜ ਦਿੱਤਾ ਜਾਂਦਾ ਹੈ ਤੇ ਹੁਣ ਇਸ ਫ਼ਿਲਮ ਦੀ ਕੁਆਰੀ ਹੀਰੋਇਨ ਸੋਨਮ ਬਾਜਵਾ ਵੀ ਇਹੋ ਗਲਤੀ ਕਰ ਲੈਂਦੀ ਹੈ ਤੇ ਫਿਰ ਬੱਚੇ ਦੀ ਪਰਵਰਿਸ਼ ਸ਼ੁਰੂ, 9 ਮਹੀਨੇ ਕੁੜੀ ਘਰੋਂ ਬਾਹਰ ਰਹਿੰਦੀ ਹੈ ਤੇ ਬਾਅਦ ਵਿਚ ਮਾਪਿਆਂ ਨੂੰ ਕੁੜੀ ਦਾ ਚੇਤਾ ਆ ਜਾਂਦਾ ਹੈ ਕਿ ਉਹ ਕਿੱਥੇ ਹੈ।

ਭਲਿਓ ਲੋਕੋ ਫ਼ਿਲਮ ਜਿਹੜੇ ਮਰਜ਼ੀ ਦੇਸ਼ ਵਿਚ ਬਣੇ ਪਰ ਪੰਜਾਬੀ ਸਮਾਜ ਅਤੇ ਸੱਭਿਆਚਾਰ ਤੋਂ ਤੁਸੀਂ ਆਪਣੇ ਆਪ ਨੂੰ ਵੱਖ ਤਾਂ ਨਹੀਂ ਕਰ ਸਕਦੇ। ਇਕ ਗੱਲ ਹੋਰ ਕਿ ਭਾਸ਼ਾ ਸਾਰਿਆਂ ਲੀਡ ਐਕਟਰਾਂ ਦੀ ਪਿਓਰ ਦੇਸੀ ਤੇ ਕੰਮ ਅੰਗਰੇਜੀ ! 😅
ਵਿਦੇਸ਼ ਵਿਚ ਕਹਾਣੀ ਫਿਲਮਾਉਂਦਿਆਂ ਵੀ ਜੇ ਤੁਸੀਂ ਇਸ ਚੀਜ ਦਾ ਖਿਆਲ ਰੱਖਦੇ ਹੋ ਕਿ ਸਾਡੀ ਫ਼ਿਲਮ ਪੰਜਾਬੀ ਹੈ ਅਤੇ ਆਬਰਸ਼ਨ ਵਿਖਾਉਣਾ ਪਾਪ ਅਤੇ ਗੈਰ ਕਾਨੂੰਨੀ ਹੈ ਤੇ ਬਾਕੀ ਕਿਹੜੇ ਪੁੰਨ ਵਾਲੇ ਕਾਨੂੰਨੀ ਕੰਮ ਵਿਖਾ ਰਹੇ ਹੋ ਕੁਆਰੀਆਂ ਤੇ ਪੜੀਆਂ ਲਿਖੀਆਂ ਪੰਜਾਬਣ ਕੁੜੀਆਂ ਦੇ ? ਸਾਰੀ ਫਿ਼ਲਮ ‘ਚ ਕੁੜੀਆਂ ਨੂੰ ਸ਼ਰਾਬ ਪੀਦੀਂਆਂ ਵਿਖਾ ਕੇ ਬੜੀ ਇਜ਼ਤ ਵਧਾ ਰਹੇ ਹੋ ਪੰਜਾਬਣਾ ਦੀ, ਕੋਈ ਚੱਜ ਦੀ ਗੱਲ ਕਰੋ, ਚੱਜ ਦੇ ਵਿਸ਼ੇ ਚੁਣੋ, ਹੱਦ ਏ ਯਾਰ !
ਆਪਣੇ ਕੰਟੈਂਟ ਤੇ ਭਰੋਸਾ ਕਰਨਾ ਸਿੱਖੋ, ਕਦੋ ਤੱਕ ਵਿਦੇਸ਼ ਵਿਚ ਸ਼ੂਟ ਤੇ ਸਬਸਿਡੀ ਦੇ ਹਿਸਾਬ ਨਾਲ ਫਿ਼ਲਮੀ ਕਹਾਣੀਆਂ ਘੜੋਗੇ ?
ਵੈਸੇ ਵੀ ਬਸ ਕਰੀਏ ਹੁਣ, ਬਹੁਤ ਵੇਖ-ਵਖਾ ਲਏ ਪੰਜਾਬੀ ਫ਼ਿਲਮਾਂ ਰਾਹੀਂ ਇੰਗਲੈਂਡ-ਕਨੇਡਾ ਦੇ ਨਜ਼ਾਰੇ, ਲੋਕਾਂ ਨੂੰ ਓਥੇ ਜਾ ਕੇ ਵੇਖਣ ਜੋਗਾ ਵੀ ਰਹਿਣ ਦਈਏ ਕੁਝ 😅
ਮਤ ਭੁੱਲੋ ਕਿ ਫ਼ਿਲਮਾਂ ਸਿਰਫ ਪੈਸਾ ਕਮਾਉਣ ਦੇ ਮਕਸਦ ਨਾਲ ਨਹੀਂ ਬਣਾਈਆਂ ਜਾਂਦੀਆਂ ਹਨ, ਤੁਸੀਂ ਆਪਣੇ ਸਮਾਜ, ਆਉਣ ਵਾਲੀ ਪੀੜੀ ਅਤੇ ਪੰਜਾਬੀ ਸਿਨੇਮਾ ਦੇ ਇਤਿਹਾਸ ਪ੍ਰਤੀ ਵੀ ਜਵਾਬਦੇਹ ਹੋ।
ਫਿ਼ਲਮ ਦਾ ਗੀਤ-ਸੰਗੀਤ ਵੀ ਬਹੁਤਾ ਜਚਿਆ ਨਹੀਂ, ਨਾ ਹੀ ਐਮੀ ਦੀਆਂ ਪਹਿਲੀਆਂ ਫ਼ਿਲਮਾਂ ਦੇ ਮਿਆਰ ਵਾਲਾ ਹੈ।
ਹਾਂ ਫ਼ਿਲਮ ਦੇ ਕੁਝ ਸੰਵਾਦ ਜ਼ਰੂਰ ਦਿਲਚਸਪ ਹਨ, ਕਿਤੇ ਕਿਤੇ ਬੋਰੀਅਤ ਤੋਂ ਰਾਹਤ ਦਿੰਦੇ ਹਨ।
ਜੇ ਫ਼ਿਲਮ ਵਿਚਲੇ ਐਕਟਰਾਂ ਦੀ ਗੱਲ ਕਰੀਏ ਤਾਂ ਮੈਨੂੰ ਲਗਦੈ ਕਿ ਨਿਰਮਲ ਰਿਸ਼ੀ ਵਰਗੀ ਸੀਨੀਅਰ ਅਦਾਕਾਰਾ ਨੂੰ ਅਜਿਹੇ ਬਿਨਾ ਸਿਰ ਪੈਰ ਵਾਲੇ ਅਸੱਭਿਅਕ ਟਾਈਪ ਵਿਸ਼ੇ ਵਾਲੀ ਫ਼ਿਲਮ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਅਤੇ ਸੋਨਮ ਬਾਜਵਾ ਦਾ ਵੀ ਹਰ ਫ਼ਿਲਮ ਵਿਚ “ਅੜਬ ਮੁਟਿਆਰਾਂ ਟਾਈਪ ਓਵਰ ਐਕਟਿੰਗ ਵਾਲਾ ਸਟਾਈਲ” ਬਤੌਰ ਹੀਰੋਇਨ ਬਹੁਤਾ ਚੰਗਾ ਨਹੀਂ ਲੱਗਦਾ। ਬਾਕੀ ਫ਼ਿਲਮ ਵਿਚਲੇ ਸਾਰੇ ਐਕਟਰ ਆਪੋ ਆਪਣੀ ਥਾਂ ਵਧੀਆ ਕਾਰਗੁਜਾਰੀ/ਅਦਾਕਾਰੀ ਵਾਲੇ ਹਨ।
ਪਰ ਜੇ ਐਮੀ ਵਿਰਕ ਨੇ ਇਕੋ ਜਿਹੀ ਐਕਟਿੰਗ ਵਾਲੀਆਂ ਫ਼ਿਲਮਾਂ ਹੀ ਕਰਨੀਆਂ ਹਨ ਤਾਂ ਥੋੜਾ ਸਬਰ ਤੋਂ ਕੰਮ ਲਵੇ। ਜੇ ਦਰਸ਼ਕਾਂ ਨੇ ਉਸ ਨੂੰ ਸਟਾਰ ਕਲਾਕਾਰ ਬਣਾ ਹੀ ਦਿੱਤਾ ਹੈ ਤਾਂ ਮਹੀਨੇ ‘ਚ ਆਪਣੀਆਂ ਦੋ-ਦੋ ਫ਼ਿਲਮਾਂ ਦਿਖਾਉਣ ਤੋਂ ਗੁਰੇਜ਼ ਕਰੇ, ਏਦਾਂ ਤਾਂ ਸ਼ਾਹਰੁਖ ਖਾਂ ਦੀ ਫ਼ਿਲਮ ਵੀ ਕੋਈ ਨਾ ਵੇਖਣ ਜਾਵੇ।
ਦੂਜਾ ਅਸੀ ਤਾਂ ਵੈਸੇ ਵੀ ਹਰ ਹਫਤੇ ਫ਼ਿਲਮ ਤੇ ਫ਼ਿਲਮ ਚਾੜ੍ਹੀ ਰੱਖਦੇ ਹਾਂ। ਦੋ-ਦੋ ਤਿੰਨ-ਤਿੰਨ ਪੰਜਾਬੀ ਫ਼ਿਲਮਾਂ ਨਾਲ ਇਕੋ ਦਿਨ ਲਾਉਣ ਤੋਂ ਵੀ ਨਹੀਂ ਟਲਦੇ, ਇਹ ਵੀ ਨਹੀਂ ਸੋਚਦੇ ਕਿ ਐਨੇ ਦਰਸ਼ਕ ਵੀ ਹਨ ਕਿ ਨਹੀਂ ਹਰ ਹਫ਼ਤੇ ਪੈਸਾ ਖਰਚਣ ਵਾਲੇ ?
ਜੇ 5/6 ਮਹੀਨੇ ਦੀ ਵਿੱਥ ਹੋਵੇ ਤਾਂ ਇਕੋ ਸਟਾਰ ਦੀ ਘਟੀਆ ਫ਼ਿਲਮ ਵੀ ਚਾਰ ਦਿਨ ਥੀਏਟਰਾਂ ਵਿਚ ਟਿਕ ਜਾਂਦੀ ਹੈ।
ਇਸ ਲਈ ਦਰਸ਼ਕਾਂ ਨੂੰ ਉੱਲੂ ਸਮਝ ਕੇ ਧੜਾਧੜ ਫਿ਼ਲਮਾਂ ਨਾ ਪਰੋਸੋ, ਉਹ ਤੁਹਾਡੇ ਨਾਲੋ ਵੱਧ ਸਿਆਣੇ ਨੇ, ਆਪਣਾ ਸਮਾ ਤੇ ਪੈਸਾ ਬਰਬਾਦ ਨਹੀਂ ਕਰਦੇ ਅਤੇ ਇਹ ਫ਼ਿਲਮ ਤਾਂ ਸੱਚਮੁੱਚ ਪੈਸਾ ਅਤੇ ਸਮਾ ਬਰਬਾਦ ਕਰਨ ਵਾਲੀ ਹੈ।
ਫ਼ਿਲਮ ਵੇਖਦਿਆਂ ਮੈਨੂੰ ਲੱਗਿਆ ਕਿ ਵਿਚੋਂ ਛੱਡ ਕੇ ਚਲਾਂ ਜਾਵਾਂ, ਨਾ ਇਹ ਅੱਗੇ ਵਧਣ ਤੇ ਨਾ ਮੁੱਕਣ ਦਾ ਨਾ ਲੈ ਰਹੀ ਸੀ। ਖੈਰ ਪੈਸੇ ਖਰਚੇ ਸੀ ਅਤੇ ਸਮੀਖਿਆ ਲਈ ਜ਼ਰੂਰੀ ਵੀ ਸੀ, ਇਸ ਲਈ ਬੈਠਣਾ ਮਜਬੂਰੀ ਬਣ ਗਈ 🙂।
ਚਲੋ ਹੁਣ ਗੱਲ ਮੁਕਾਉਣੇ ਆਂ ਤੇ ਮਿਲਦੇ ਹਾਂ ਇਕ ਹੋਰ ਨਵੀਂ ਫ਼ਿਲਮ “ਟੈਲੀਵਿਜ਼ਨ” ਦੇ ਰੀਵਿਊ ਨਾਲ, ਤੱਦ ਤੱਕ ਦਿਓ ਆਗਿਆ।


Comments & Suggestions

Comments & Suggestions