ਫ਼ਿਲਮ ਸਮੀਖਿਆ/Film Review -ਦਲਜੀਤ ਅਰੋੜਾ ਮਜ਼ਬੂਤ ਪਟਕਥਾ ਅਤੇ ਨਿਰਦੇਸ਼ਨ ਵਾਲੀ ਫ਼ਿਲਮ ਹੈ ‘ਸ਼ਰੀਕ-2’ 🎞🎞🎞🎞🎞🎞🎞🎞🎞

By  |  0 Comments

ਕਾਫੀ ਸਮੇ ਬਾਅਦ ਵੱਡੇ ਪੰਜਾਬੀ ਪਰਦੇ ਤੇ ਟਿਕ ਕੇ ਫ਼ਿਲਮ ਵੇਖਣ ਦਾ ਸੁਆਦ ਆਇਆ। ਸੱਚਮੁੱਚ ਲਗ ਰਿਹਾ ਸੀ ਕਿ ਕੋਈ ਕੋਈ ਵੱਡੀ ਫ਼ਿਲਮ ਦੇਖ ਰਿਹਾ ਹਾਂ ।
ਇਸ ਫ਼ਿਲਮ ਰਾਹੀਂ ਜਿੱਥੇ ਲੇਖਕ ਇੰਦਰਪਾਲ ਅਤੇ ਨਿਰਦੇਸ਼ਕ ਨਵਨੀਅਤ ਸਿੰਘ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ ਉੱਥੇ ਸਿਨੇਮੇਟੋਗ੍ਰਾਫਰ ਹਰਮੀਤ ਸਿੰਘ ਵੀ ਆਪਣੇ ਖੂਬਸੂਰਤ ਕੰਮ ਦੀ ਛਾਪ ਛੱਡ ਗਿਆ।
ਬਾਕੀ ਰਹੀ ਗੱਲ ਫ਼ਿਲਮ ਵਿਚਲੇ ਕਲਾਕਾਰਾਂ ਦੀ ਤਾਂ ਇਸ ਨੂੰ ਨਿਰੋਲ ਐਕਟਰਾਂ ਦੀ ਫ਼ਿਲਮ ਤਾਂ ਕਹਾਂਗੇ ਹੀ, ਪਰ ਇਹਨਾਂ ਨੇ ਆਪਣੀ ਪਰਫਾਰਮੈਂਸ ਨਾਲ ਜੋ ਆਪਣੇ ਕਰੈਕਟਰਾਂ ਵਿਚ ਜਾਣ ਪਾਈ ਹੈ ਉਹ ਵੀ ਕਾਬਲੇ ਤਾਰੀਫ ਹੈ, ਚਾਹੇ ਗੱਲ ਦੇਵ ਖਰੋੜ ਤੇ ਉਸ ਦੀ ਮਾਂ ਬਣੀ ਅਮਰ ਨੂਰੀ ਦੀ ਹੋਵੇ, ਜਾਂ ਜਿੰਮੀ ਸ਼ੇਰਗਿੱਲ, ਸੁਨੀਤਾ ਧੀਰ ਜਾਂ ਯੋਗ ਰਾਜ ਸਿੰਘ ਦੀ ਹੋਵੇ।
ਫ਼ਿਲਮ ਦੀ ਹੀਰੋਇਨ ਸ਼ਰਨ ਕੌਰ ਨੇ ਵੀ ਬਾਕਮਾਲ ਅਦਾਕਾਰੀ ਕੀਤੀ ਹੈ।ਮਹਾਂਵੀਰ ਭੁੱਲਰ, ਅਮਨ ਸੂਤਰਧਾਰ ਅਤੇ ਅਨੀਤਾ ਮੀਤ ਦੇ ਕਿਰਦਾਰ ਵੀ ਜ਼ਿਕਰਯੋਗ ਹਨ, ਮੁਕੁਲ ਦੇਵ ਦੀ ਪੰਜਾਬੀ ਭਾਂਵੇ ਕਮਜ਼ੋਰ ਹੈ ਪਰ ਅਦਾਕਾਰੀ ਦਾ ਆਪਣਾ ਹੀ ਅੰਦਾਜ਼ ਕਰੈਕਟ ਨੂੰ ਮਜ਼ਬੂਤੀ ਦਿੰਦਾ ਹੈ। ਬਾਕੀ ਸਪੋਰਟਿੰਗ ਐਕਟਰਾਂ ਦੀ ਚੋਣ ਵੀ ਸਿਆਣਪ ਨਾਲ ਕੀਤੀ ਗਈ ਹੈ।
ਸੰਗੀਤ ਅਤੇ ਬੈਕਗ੍ਰਾਊਂਡ ਲਈ ਫ਼ਿਲਮ ਮੁਤਾਬਕ ਕੀਤੀ ਢੁਕਵੀਂ ਮਿਹਨਤ ਵੀ ਝਲਕਦੀ ਹੈ।
ਮੁਕਦੀ ਗੱਲ ਕਿ ਇਹ ਫ਼ਿਲਮ ਸਿਨੇ ਪ੍ਰੇਮੀਆਂ ਲਈ ਇਕ ਕੰਪਲੀਟ ਪੈਕੇਜ ਹੈ ਜਿੱਥੇ ਰੋਮਾਂਸ ਵੀ ਹੈ ਐਕਸ਼ਨ ਵੀ ਹੈ ਸੋਹਣਾ ਸੰਗੀਤ ਵੀ ਹੈ, ਭਾਵਨਾਤਮਕ ਦ੍ਰਿਸ਼ ਵੀ ਹਨ ਅਤੇ ਫਿ਼ਲਮ ਵਿਚ ਕਲਾਤਮਕਤਾ ਵੀ ਦਿਸਦੀ ਹੈ।

ਹੁਣ ਆਖਰੀ ਗੱਲ ਕਿ ਜਿੱਥੇ ਫ਼ਿਲਮ ਨੂੰ ਹਰ ਪੱਖੋਂ ਪੂਰੀ ਮਿਹਨਤ ਅਤੇ ਸ਼ਿੱਦਤ ਨਾਲ ਵਧੀਆ ਬਣਾਇਆ ਗਿਆ ਹੈ ਉੱਥੇ ਇਸ ਫ਼ਿਲਮ ਦੀ ਕਹਾਣੀ-ਵਿਸ਼ੇ ਨੂੰ ਲੈ ਕੇ ਫ਼ਿਲਮ ਨਿਰਮਾਤਾਵਾਂ ਦੇ ਵਿਚਾਰਨ ਵਾਲੀ ਜ਼ਰੂਰੀ ਗੱਲ ਇਹ ਵੀ ਹੈ ਕਿ ਬਦਲੇ ਸਮੇ ਅਤੇ ਹਲਾਤਾਂ ਨਾਲ ਸਾਨੂੰ ਵੀ ਬਦਲਣਾ ਪਵੇਗਾ। ਅੱਜ ਯੂਥ ਓਰੀਐਂਟਿਡ ਸਿਨੇਮਾ ਦਰਸ਼ਕਾਂ ਦਾ ਯੁੱਗ ਹੈ, ਜਿਹਨਾਂ ਕੋਲ ਸਿਨੇਮਾ ਘਰਾਂ ਤੋਂ ਇਲਾਵਾ ਹੋਰ ਕਿੰਨੇ ਵਿਕਲਪ ਹਨ ਜਿੱਥੇ ਹਰ ਭਾਸ਼ਾ ਦਾ ਸਿਨੇਮਾ ਅਤੇ ਹੋਰ ਮਨੋਰੰਜਨ ਭਰਪੂਰ ਮਟੀਰੀਅਲ ਮੌਜੂਦ ਹੈ। ਹੁਣ ਸਾਡਾ ਇਸ ਫ਼ਿਲਮ ਦਾ ਕੰਟੈਂਟ ਬਦਲੇ ਹੋਏ ਸਮੇ ਤੇ ਹਲਾਤਾਂ ਕਾਰਨ ਯੂਥ ਨਾਲ ਕਿੰਨਾ ਕਨੈਕਟ ਕਰ ਪਾਇਆ ਹੈ, ਵੇਖਣ ਦੀ ਲੋੜ ਹੈ।
ਕਿਉਂਕਿ ਇਸ ਦਾ ਵਿਸ਼ਾ ਪੁਰਾਣੀ ਪੀੜੀ ਲਈ ਫ਼ਿਲਮ ਵਜੋਂ ਬਿਲਕੁਲ ਨਵਾਂ ਨਹੀਂ ਹੈ ਤੁਸੀਂ ਵੀ ਜਾਣਦੇ ਹੋ ਅਤੇ ਨਵੀਂ ਪੀੜੀ ਇਹਨਾਂ ਫ਼ਿਲਮ ਵਿਚਲਿਆਂ ਪਰਿਵਾਰਕ ਮਸਲਿਆਂ ਤੋਂ ਉਪਰ ਉਠ ਚੁੱਕੀ ਹੈ ਜਾਂ ਫੇਰ ਦੂਰ ਰਹਿਣਾ ਚਾਹੁੰਦੀ ਹੈ। ਇਸ ਲਈ ਉਹਨਾਂ ਦੀ ਅਜਿਹੀਆਂ ਕਹਾਣੀਆ ਵਾਲੀਆਂ ਫ਼ਿਲਮਾਂ ਵਿਚ ਐਨੀ ਦਿਲਚਸਪੀ ਨਹੀਂ ਹੈ। ਕੰਟੈਟ ਵਾਈਜ਼ ਅੰਤਰ ਰਾਸ਼ਟਰੀ ਲੈਵਲ ਤੇ ਸਿਨੇਮਾ ਵੀ ਬਹੁਤ ਅੱਗੇ ਜਾ ਚੁੱਕਿਆ ਅਤੇ ਯੂਥ ਵਲੋਂ ਕੰਪੈਰੀਜ਼ਨ ਕੀਤਾ ਜਾਣਾ ਵੀ ਸੁਭਾਵਿਕ ਹੈ।

ਜੇ ਵੇਖਿਆ ਜਾਵੇ ਤਾਂ ਪਹਿਲਾਂ ਹੀ ਅੱਜ-ਕੱਲ੍ਹ ਦਰਸ਼ਕਾਂ ਦਾ ਰੁਝਾਨ ਸਿਨੇਮਾ ਘਰਾਂ ਵੱਲ ਘਟਿਆ ਨਜ਼ਰ ਆ ਰਿਹਾ ਹੈ ਇਸ ਲਈ ਸ਼ਰੀਕ-2 ਵਰਗੀਆਂ ਦਮਦਾਰ ਮੇਕਿੰਗ ਵਾਲੀਆਂ ਫ਼ਿਲਮਾਂ ਲਈ ਅੱਗੇ ਤੋਂ ਵਿਸ਼ੇ ਵੀ ਅਜਿਹੇ ਲਏ ਜਾਣ ਜਿੱਥੇ ਅਸੀਂ ਅੰਤਰ ਰਾਸ਼ਟਰੀ ਪੱਧਰ ਤੇ ਹਰ ਵਰਗ ਦੇ ਦਰਸ਼ਕ ਦਾ ਧਿਆਨ ਆਪਣੇ ਪੰਜਾਬੀ ਸਿਨੇਮਾ ਵੱਲ ਖਿੱਚ ਸਕੀਏ, ਯੂਥ ਨੂੰ ਵੀ ਪੰਜਾਬੀ ਸਿਨੇਮਾ ਨਾਲ ਜੋੜ ਕੇ ਰੱਖੀਏ ਅਤੇ ਅਜਿਹੀਆਂ ਮਹਿੰਗੀਆਂ ਫ਼ਿਲਮਾਂ ਤੋਂ ਕਮਾਈ ਵੀ ਕਰ ਸਕੀਏ।
ਮੇਰੇ ਵਲੋਂ ਸਾਰੇ ਫ਼ਿਲਮ ਨਿਰਮਾਤਾਵਾਂ ਅਤੇ ਬਾਕੀ ਟੀਮ ਨੂੰ ਇਸ ਵਧੀਆ ਪੇਸ਼ਕਾਰੀ ਲਈ ਮੁਬਾਰਕਾਂ ਅਤੇ ਪੰਜਾਬੀ ਸਿਨੇ ਦਰਸ਼ਕਾਂ ਅਤੇ ਹੋਰ ਪੰਜਾਬੀ ਫ਼ਿਲਮ ਮੇਕਰਾਂ ਨੂੰ ਇਕ ਵਾਰ ਇਹ ਫ਼ਿਲਮ ਜ਼ਰੂਰ ਵੇਖਣ ਦੀ ਗੁਜਾਰਿਸ਼।

Comments & Suggestions

Comments & Suggestions