ਫ਼ਿਲਮ ਸਮੀਖਿਆ/Film Review -ਦਲਜੀਤ ਅਰੋੜਾ ਕਹਾਣੀ ਪੱਖੋਂ ਕੱਚੀ ਹੈ “ਸਹੁਰਿਆਂ ਦਾ ਪਿੰਡ ਆ ਗਿਆ”

By  |  0 Comments

ਪਤਾ ਨਹੀਂ ਕਦ ਤੱਕ ਅਸੀਂ ਪੀਰੀਅਡ ਕਹਾਣੀਆਂ ਨਾਲ ਖੇਡਦੇ ਰਹਾਂਗੇ। ਜਾਂ ਤਾਂ ਕੋਈ ਖਾਸ ਮਕਸਦ ਹੋਵੇ ਫ਼ਿਲਮ ਵਿਚ ਪੁਰਾਣਾ ਸਮਾ ਵਿਖਾਉਣ ਦਾ, ਜਾਂ ਫਿਰ ਕਹਾਣੀ-ਪਟਕਥਾ ਐਨੀ ਮਜ਼ਬੂਤ ਹੋਵੇ ਕਿ ਦਰਸ਼ਕ ਵਾਹ ਵਾਹ ਕਰ ਕੇ ਸਿਨੇਮਾ ਘਰਾਂ ਚੋਂ ਬਾਹਰ ਆਉਣ ਅਤੇ ਜੇ ਅਜਿਹਾ ਕੁਝ ਵੀ ਆਪਾਂ ਫ਼ਿਲਮ ਵਿਚ ਨਹੀਂ ਕਰ-ਵਿਖਾ ਸਕੀਏ ਤਾਂ ਫਿਰ ਦਰਸ਼ਕਾਂ ਨੂੰ ਜ਼ਬਰਦਸਤੀ ਹਸਾਉਣ ਦਾ ਸਿਲਸਲਾ ਇਕ ਨਾ ਦਿਨ ਦਰਸ਼ਕ ਆਪ ਹੀ ਰੋਕ ਦੇਣਗੇ।

ਸਿਨੇਮਾ ਹੁਣ ਮਹਿੰਗਾ ਹੋ ਚੁੱਕਾ ਹੈ ਤੇ ਅੱਜ ਦੇ ਤੇਜ਼ ਰਫਤਾਰ ਯੁੱਗ ਵਿਚ ਸਮਾ ਵੀ ਕੀਮਤੀ ਹੈ, ਇਸ ਲਈ ਦਰਸ਼ਕ ਦੀ ਰਗ ਫੜੇ ਬਿਨਾਂ ਫ਼ਿਲਮਾਂ ਬਣਾਈ ਜਾਣਾ ਬਹੁਤਾ ਚਿਰ ਨਹੀਂ ਚੱਲਣਾ। ਜੋ ਵੀ ਬਣਾਓਗੇ ਦਰਸ਼ਕ ਕਬੂਲ ਲੈਣਗੇ, ਦਰਸ਼ਕਾਂ ਦੀ ਇਹ ਫਿਤਰਤ ਤਾਂ ਸੌ ਸਾਲ ਦੇ ਇਤਿਹਾਸ ਵਿਚ ਕਦੇ ਵੀ ਨਹੀਂ ਰਹੀ।।

ਹੁਣ ਜੇ ਗੱਲ ਇਸ ਪੀਰੀਅਡ ਨੁਮਾ ਫ਼ਿਲਮ ਦੀ ਕਰੀਏ ਤਾਂ ਕੁਝ ਵੀ ਜਸਟੀਫਾਈ ਨਹੀਂ ਹੁੰਦਾ ਕਿ ਫਿ਼ਲਮ ਨੂੰ ਕਿਹੜੇ ਸਮੇ, ਸਾਜੋ ਸਮਾਨ ਅਤੇ ਫਿ਼ਲਮ ਵਿਚਲੀਆਂ ਘਟਨਾਵਾਂ ਤੇ ਕਹਾਣੀ ਨਾਲ ਜੋੜ ਕੇ ਫ਼ਿਲਮ ਬਣਾਈ ਗਈ ਹੈ।

ਜੇ ਹੀਰੋ ਗੁਰਨਾਮ ਭੁੱਲਰ ਦਾ ਰੱਜਾ-ਪੁੱਜਾ ਘਰ-ਬਾਹਰ ਵੇਖੀਏ ਤਾਂ ਘਰੇ ਪਿਆ ਬਲੈਕ ਐਂਡ ਟਾਈਪ ਟੈਲੀਵਿਜ਼ਨ ਗੜਬੜ ਕਰਦਾ ਹੈ, ਜੇ ਹੀਰੋ ਨੂੰ ਇਕ ਸੀਨ ਵਿਚ ਕੰਪਿਊਟਰ ਸੈਂਟਰ ਤੇ ਖੜੇ ਵੇਖੀਏ ਜਿੱਥੇ ਮੋਟਾ ਮੋਟਾ “ਗੂਗਲ” ਵੀ ਲਿਖਿਆ ਨਜ਼ਰ ਆ ਰਿਹਾ ਹੈ, ਤਾਂ ਫਿ਼ਲਮ ਦੀ ਕਹਾਣੀ ਦਾ ਮੁੱਢ ਕੱਚਾ ਲਗਦਾ ਹੈ ਜਿੱਥੇ “ਗੂਗਲ” ਦੇ ਸਮੇ ਵਿਚ ਹੀਰੋਈਨ ਦਾ ਹੀਰੋ ਨਾਲ ਹੁੰਦਾ ਰਿਸ਼ਤਾ ਭੁਲੇਖੇ ਨਾਲ ਕਿਤੇ ਹੋਰ ਹੋ ਜਾਂਦਾ ਹੈ, ਅਜਿਹਾ ਹੋਰ ਵੀ ਬਹੁਤ ਕੁਝ ਜੋ ਸਮੇ ਦੀ ਦੁਵਿਧਾ ਪੈਦਾ ਕਰਦਾ ਹੈ, ਵੈਸੇ ਵੀ ਫ਼ਿਲਮ ਦੀ ਕਹਾਣੀ ਵਿਚ ਸੁਣਾਉਣ ਯੋਗ ਵੀ ਕੁਝ ਨਹੀਂ, ਕਾਮੇਡੀ ਦੇ ਨਾਮ ਤੇ ਘੜੀ ਗਈ ਬਹੁਤੀ ਹਲਕੀ ਕਹਾਣੀ ਹੈ ਅਤੇ ਵਿਚਲੀਆਂ ਘਟਨਾਵਾਂ ਵੀ। ਮੰਨ ਲਿਆ ਫ਼ਿਲਮ ਨੂੰ ਕਾਮੇਡੀ ਦਾ ਰੂਪ ਦਿੱਤਾ ਹੈ ਪਰ ਅਧਾਰ ਤਾਂ ਮਜਬੂਤ ਹੋਵੇ।

ਮੇਰਾ ਇਹ ਦੱਸਣ ਦਾ ਮਤਲਬ ਕੋਈ ਫ਼ਿਲਮੀ ਗਲਤੀਆਂ ਗਿਣਾਉਣਾ ਨਹੀ, ਬਲਕਿ ਇਹ ਕਹਿਣਾ ਹੈ ਕਿ ਆਪਾਂ ਬਿਨਾਂ ਵਜਾ ਪੁਰਾਣੇ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਬਾਰ ਬਾਰ ਇਕੋ ਜਿਹੀਆਂ ਕਹਾਣੀਆਂ ਨੂੰ ਵਿਸ਼ੇਸ਼ ਸਮੇ ਨਾਲ ਜੋੜਣ ਤੇ ਜ਼ੋਰ ਹੀ ਕਿਉਂ ਦੇ ਰਹੇ ਹਾਂ, ਕੀ ਲੋੜ ਹੈ ਬੱਝ ਕੇ ਫ਼ਿਲਮ ਬਨਾਉਣ ਦੀ, ਨਵਿਆਂ ਵਿਸ਼ਿਆਂ ਤੇ ਕੰਮ ਕਿਉਂ ਨਹੀਂ ਕਰਦੇ, ਉੱਤੋ ਤੁਸੀਂ ਫ਼ਿਲਮ ਸਿਨੇਮਾ ਸਟੈਡਿੰਜ਼-ਪੋਸਟਰ ਰਾਂਹੀ ਵੈਸੇ ਹੀ ਗੁਰਨਾਮ-ਸਰਗੁਣ ਦੀ ਮਾਡਰਨ ਕਪੜਿਆਂ ਵਾਲੀ ਜੋੜੀ ਪੇਸ਼ ਕੀਤੀ ਹੈ, ਤੇ ਫਿ਼ਲਮ ਕੁਝ ਹੋਰ ਕਹਿੰਦੀ ਹੈ ।

ਕਾਮੇਡੀ ਲਈ ਹੋਰ ਵੀ ਬੜੇ ਵਿਸ਼ੇ ਹਨ ਜਿੱਥੇ ਆਪਣੇ-ਆਪ ਹਾਸਾ ਆਵੇ ਤੇ ਇਸ ਦੀ ਤਾਜ਼ਾ ਉਦਹਾਰਣ ਵੀ ਸੌਕਣੇ-ਸੌਂਕਣੇ ਰਾਹੀ ਲੇਖਕ ਨੇ ਆਪ ਹੈ ਦਿੱਤੀ ਹੈ ।

ਇਕ ਫ਼ਿਲਮ ਲਈ ਸਾਰੀ ਟੀਮ ਨੂੰ ਇਕ-ਜੁਟ ਹੋ ਕੇ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਜੋ ਇਸ ਫ਼ਿਲਮ ਵਿਚ ਨਹੀਂ ਦੇਖੀ ਗਈ।
ਇਹਦਾ ਮਤਲਬ ਇਹ ਵੀ ਨਹੀਂ ਕਿ ਫ਼ਿਲਮ ਲੇਖਕ ਅੰਬਰਦੀਪ ਵਧੀਆ ਲੇਖਕ ਨਹੀਂ ਹੈ ਜਾਂ ਫੇਰ ਫ਼ਿਲਮ ਨਿਰਦੇਸ਼ਕ ਸ਼ਿਤਿਜ ਚੌਧਰੀ ਵਿਚ ਕੋਈ ਕਮੀ ਹੈ। ਕਿਉਂਕਿ ਦੋਨਾਂ ਦੇ ਕਾਮਯਾਬ ਕੰਮ ਦੀਆਂ ਉਦਹਾਰਣਾ ਵੀ ਸਾਡੇ ਕੋਲ ਹਨ ਪਰ ਫ਼ਿਲਮ ਖੇਤਰ ਇਕ ਅਜਿਹਾ ਕਾਰੋਬਾਰ ਹੈ ਜਿੱਥੇ ਹਰ ਵਾਰ ਸਾਨੂੰ ਦਰਸ਼ਕਾਂ ਅੱਗੇ ਨਵਾਂ ਇਮਤਿਹਾਨ ਦੇਣਾ ਹੁੰਦਾ ਹੈ ਤੇ ਪਾਸ ਵੀ ਹੋਣਾ ਹੁੰਦਾ ਹੈ, ਇਸ ਲਈ ਮਿਹਨਤ ਵੀ ਹਰ ਵਾਰ ਪਹਿਲਾਂ ਨਾਲੋ ਵੱਧ ਕਰਨੀ ਪਵੇਗੀ।

ਫ਼ਿਲਮ ਦਾ ਸੰਗੀਤ ਠੀਕ ਠਾਕ ਹੈ ਅਤੇ ਬੈਕਗਰਾਊਂਡ ਸਕੋਰ ਮਿਹਨਤ ਵਾਲੀ ਹੈ। ਗੁਰਨਾਮ-ਸਰਗੁਣ, ਜੱਸ-ਜਸਮੀਨ, ਸ਼ਿਵੀਕਾ ਦੀਵਾਨ, ਹਰਦੀਪ ਗਿੱਲ ਅਤੇ ਮਿੰਟੂ ਕਾਪਾ ਸਮੇਤ ਫਿ਼ਲਮ ਦੇ ਸਾਰੇ ਹੀ ਐਕਟਰਾਂ ਨੇ ਆਪਣੀ ਸਮਰੱਥਾ ਮੁਤਾਬਕ ਵਧੀਆ ਕੰਮ ਕੀਤਾ ਹੈ।

ਪੰਜਾਬੀ ਸਿਨੇਮਾ ਚੰਗੇ ਐਕਟਰਾਂ ਦੀ ਕਮੀ ਤਾਂ ਪੂਰੀ ਕਰ ਚੁੱਕਾ ਹੈ ਪਰ ਕਹਾਣੀਆਂ ਪੱਖੋਂ ਬਹੁਤ ਪਛੜਿਆ ਹੈ ਅਜੇ ਵੀ, ਬਸ ਇਹੀ ਵਿਚਾਰਨ ਦੀ ਲੋੜ ਹੈ।

Comments & Suggestions

Comments & Suggestions