ਫ਼ਿਲਮ ਸਮੀਖਿਆ / Film Review – “ਨੀ ਮੈਂ ਸੱਸ ਕੁੱਟਣੀ” 🎞🎞🎞🎞🎞🎞🎞🎞🎞 ਮੌਜੂਦਾ ਪੰਜਾਬੀ ਸਮਾਜ ਅਤੇ ਸਿਨੇਮਾ ਪੱਧਰ ਦੇ ਅਨੁਕੂਲ ਉਸਾਰੂ ਸੋਚ ਵਾਲੀ ਨਹੀਂ ਹੈ ਫ਼ਿਲਮ

By  |  0 Comments

🎞🎞🎞🎞🎞🎞🎞🎞🎞
ਕਿਸੇ ਵੀ ਫ਼ਿਲਮ ਵਿਚ ਆਖੀਰ ਤੇ ਚੰਗਿਆਈ ਦੀ ਜਿੱਤ ਵਿਖਾਉਣ ਤੋਂ ਪਹਿਲਾਂ ਬੁਰਾਈ ਨੂੰ ਠੋਸ ਤਰੀਕੇ ਨਾਲ ਸਥਾਪਤ ਕਰਨਾ ਜ਼ਰੂਰੀ ਹੁੰਦਾ ਅਤੇ ਇਸ ਫ਼ਿਲਮ ਵਿਚ ਲੇਖਕ ਫ਼ਿਲਮ ਦੇ ਅਜਿਹੇ ਮੁੱਢ ਨੂੰ ਨਹੀਂ ਬੰਨ ਸਕਿਆ । ਫਿ਼ਲਮ ਸ਼ੁਰੂ ਹੁੰਦੀ ਹੈ ਇਕ ਪਰਿਵਾਰ ਵਿਚਲੀਆਂ ਨੂੰਹਾਂ-ਸੱਸਾਂ ਦੀ ਸਟੈਂਡਅੱਪ ਕਾਮੇਡੀ ਦੇ ਟੋਟਕਿਆਂ ਤੋਂ ਅਤੇ ਜਦ ਫ਼ਿਲਮ ਵਿਚ ਅਨੀਤਾ ਦੇਵਗਨ ਦੇ ਮੁੰਡੇ ਦਿਖਾਏ ਗਏ ਗੁਰਪ੍ਰੀਤ ਘੁੱਗੀ ਦਾ ਵਿਆਹ ਹੁੰਦਾ ਹੈ ਤਾਂ ਡੋਲੀ ਘਰ ਆਉਣ ਤੇ ਪਹਿਲੇ ਹੀ ਦਿਨ ਪਾਰਟੀ ਮੌਕੇ ਨਵੀਂ ਨੂੰਹ ਬਿਨਾਂ ਕੋਈ ਠੋਸ ਅਧਾਰ ਬਣਾਇਆਂ ਆਪਣੀ ਸੱਸ ਨੂੰ ਕੁੱਟ ਦਿੰਦੀ ਵਿਖਾਈ ਗਈ ਹੈ, ਪਹਿਲੇ ਹੀ ਦਿਨ ਨੋਰਮਲੀ ਅਜਿਹਾ ਹੋਣਾ ਅਸੰਭਵ ਅਤੇ ਸਮਝ ਤੋਂ ਬਾਹਰ ਹੈ, ਅਜਿਹਾਂ ਤਾਂ ਜਸਟੀਫਾਈ ਹੁੰਦਾ ਹੈ ਜਦ ਇਹ ਵਿਆਹ ਕਿਸੇ ਬਦਲਾਖੋਰੀ ਦਾ ਹਿੱਸਾ ਹੋਵੇ, ਪਰ ਜੇ ਇਹ, ਫ਼ਿਲਮ ਲਿਬਰਟੀ ਹੈ ਤਾਂ ਫਿਰ ਫਿ਼ਲਮ ਦੀ ਕਹਾਣੀ ਕਿੱਥੇ ਹੈ ? ਇਸੇ ਦੇ ਨਾਲ ਹੀ ਫਿ਼ਲਮ ਨੂੰ ਇਕ ਹੋਰ ਸਿਕੂਐਂਸ ਨਾਲ ਜੋੜਿਆ ਗਿਆ ਹੈ ਅਤੇ ਇਸਦਾ ਵੀ ਕੋਈ ਠੋਸ ਅਧਾਰ ਨਹੀਂ ਸਥਾਪਤ ਕੀਤਾ ਗਿਆ ਕਿ ਗੁਰਪ੍ਰੀਤ ਘੁੱਗੀ ਦੀ ਭੈਣ ਵਿਖਾਈ ਗਈ ਨਿਸ਼ਾ ਬਾਨੋ ਜੋ ਕਿ ਫ਼ਿਲਮ ਵਿਚ ਕਰਮਜੀਤ ਅਨਮੋਲ ਦੀ ਪਤਨੀ ਹੈ, ਕਿਉਂ ਆਪਣਾ ਘਰ ਛੱਡ ਪੇਕੇ ਬੈਠੀ ਹੋਈ ਹੈ ਅਤੇ ਇਹ ਦੋਵੇ ਮਾਵਾਂ-ਧੀਆਂ ਰਲ ਕੇ ਆਪਣੇ ਹੀ ਘਰ ਵਿਚ ਵੱਖ ਵੱਖ ਤਮਾਸ਼ੇ ਰੱਚਦੀਆਂ ਹਨ ਜਿਸ ਨਾਲ ਘਰ ਵਿਚ ਕਲੇਸ਼ ਰਹਿੰਦਾ ਹੈ ਅਤੇ ਉਸ ਦੇ ਖਾਤਮੇ ਲਈ ਫ਼ਿਲਮ ਅੱਗੇ ਤੁਰਦੀ ਹੈ।
ਇਹ ਸਵਾਲ ਇਸ ਕਰਕੇ ਹਨ ਇਹ ਫ਼ਿਲਮ ਕੋਈ ਪੀਰੀਅਡ ਫ਼ਿਲਮ ਨਾਂ ਹੋ ਕਿ ਅਜੋਕੇ ਸਮਾਜ ਦਾ ਹਿੱਸਾ ਵਿਖਾਈ ਗਈ ਹੈ ਅਤੇ ਪਰਿਵਾਰ ਵੀ ਅਨਪੜ੍ਹ ਨਹੀਂ ਲਗਦਾ, ਇਸ ਲਈ ਇਸ ਤਰਾਂ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ ਅੱਜ ਦੇ ਮਾਹੌਲ ਅਤੇ ਪਰਿਵਾਰਾਂ ਵਿਚ, ਇਸ ਲਈ ਇਹ, ਫਿ਼ਲਮ ਦੀ ਬਜਾਏ, ਲੁੱਕ ਵਜੋਂ ਆਰਟੀਫਿਸ਼ਲ ਸਟੈਂਡਅੱਪ ਕਾਮੇਡੀ ਸ਼ੋਅ ਲਗਦਾ ਹੈ ਅਤੇ ਕਿਤੇ ਕਿਤੇ ਪਹਿਲਾਂ ਤੋਂ ਵੇਖਿਆ ਜਾ ਚੁਕਾ ਸਟੇਜ ਡਰਾਮਾ ਵੀ, ਕਹਿਣ ਦਾ ਮਤਲਬ ਕਿ ਫ਼ਿਲਮ ਦੀ ਕਹਾਣੀ ਵਿਚ ਕੋਈ ਨਵੀਨਤਾ ਨਜ਼ਰ ਨਹੀਂ ਆਈ। ਜਦੋਂ ਇਕ ਪਰਿਵਾਰ ਨਾਲ ਤੁਹਡਾ ਰਿਸ਼ਤਾ ਜੁੜ ਜਾਂਦਾ ਹੈ ਤਾਂ ਇਕੋ ਘਰ ਦੀ ਦੂਜੀ ਕੁੜੀ ਨੂੰ ਆਪਣੀ ਨੂੰਹ ਬਨਾਉਣ ਲਈ ਦੁਬਾਰਾ ਵਿਚੋਲੇ ਦੀ ਲੋੜ ਨਹੀਂ ਪੈਂਦੀ, ਲੇਖਕ ਨੂੰ ਸਮਝਣਾ ਚਾਹੀਦਾ ਹੈ, ਹਰ ਚੀਜ਼ ਫਿ਼ਲਮ ਲਿਬਰਟੀ ਨਾਲ ਨਹੀਂ ਜੋੜੀ ਜਾਂਦੀ ਅਤੇ ਇਸੇ ਤਰਾਂ ਹੀ ਫਿ਼ਲਮ ਦੀ ਕਾਸਟਿੰਗ ਵਿਚ ਵੀ ਸਮਝੋਤਾ ਨਜ਼ਰ ਆਉਂਦਾ ਹੈ।
ਅਜਿਹਾ ਨਹੀਂ ਕਿ ਤੁਸੀਂ ਕਿਸੇ ਯੰਗ ਐਕਟਰ ਕੋਲੋਂ ਵਡੇਰੀ ਉਮਰ ਦਾ ਕਰੈਕਟਰ ਨਹੀਂ ਕਰਵਾ ਸਕਦੇ, ਬਾਲੀਵੁੱਡ ਫਿ਼ਲਮ ‘ਮੇਰੇ ਅਪਨੇ’ ਵਿਚ ਇਕ ਪਾਸੇ ਵਿਨੋਦ ਖੰਨਾ ਹੀਰੋ ਹੈ ਤੇ ਉਸੇ ਫ਼ਿਲਮ ਵਿਚ ਮੀਨਾ ਕੁਮਾਰੀ ਬਹਤ ਬਜ਼ੁਰਗ ਦੇ ਰੋਲ ਵਿਚ ਹੈ, ਇਸੇ ਤਰ੍ਹਾਂ ਮਾਂ ਪੁੱਤਰ ਦੇ ਰੋਲ ਵਿਚ ਸੁਨੀਲ ਦੱਤ ਅਤੇ ਨਰਗਿਸ ਫ਼ਿਲਮ ‘ਮਦਰ ਇੰਡੀਆ’, ਪਰ ਨਿਰਦੇਸ਼ਕਾਂ ਨੇ ਇਹ ਸਭ ਕੁੱਝ ਵੱਡੇ ਪਰਦੇ ਤੇ ਜਚਾਇਆ ਵੀ।
ਹੁਣ ਇਸ ਫ਼ਿਲਮ ਵਿਚ ਆਪੋ ਆਪਣੀ ਨੋਰਮਲ ਲੁੱਕ ਵਿਚ, ਤਰਸੇਮ ਪਾਲ ਅਤੇ ਅਨੀਤਾ ਦੇਵਗਨ, ਪਤੀ ਪਤਨੀ, ਗੁਰਪ੍ਰੀਤ ਘੁੱਗੀ ਅਤੇ ਨਿਸ਼ਾ ਬਾਨੋ ਦੋਨੋ ਭੈਣ-ਭਰਾ ਅਨੀਤਾ ਦੇਵਗਨ ਦੀ ਔਲਾਦ ਹਨ, ਅਨੀਤਾ ਦਾ ਇਕ ਹੋਰ ਛੋਟਾ ਮੁੰਡਾ ਮਹਿਤਾਬ ਵਿਰਕ ਵੀ ਹੈ, ਜਿਸ ਦਾ ਵਿਆਹ ਤਨਵੀ ਨਾਗੀ ਨਾਲ ਹੁੰਦਾ ਹੈ ਅਤੇ ਕਰਮਜੀਤ ਅਨਮੋਲ ਅਨੀਤਾ ਦੇਵਗਨ ਦਾ ਦਾਮਾਦ, ਹੁਣ ਇਸ ਮੈਚਿੰਗ ਦਾ ਆਪੇ ਨਰੀਖਣ ਕਰੋ, ਇਹ ਫ਼ਿਲਮ ਹੈ ਨਾ ਕਿ ਏਕਤਾ ਕਪੂਰ ਦਾ ਸੀਰੀਅਲ, ਇਸ ਲਈ ਨਿਰਦੇਸ਼ਕ ਨੂੰ ਕਿਰਦਾਰਾਂ ਦੇ ਗੈਟਅੱਪ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ।


ਜੇ ਇਸ ਫਿ਼ਲਮ ਨੂੰ ਆਮ ਫਿ਼ਲਮ ਦਰਸ਼ਕਾਂ ਦੇ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਇਹ ਇਕ ਐਂਟਰਟੇਨਮੈਂਟ ਓਨਲੀ ਵਾਲੀ ਫਿ਼ਲਮ ਤਾਂ ਕਹੀ ਜਾ ਸਕਦੀ ਹੈ ਪਰ ਇਸ ਨੂੰ ਵੀ ਲੋੜੋਂ ਵੱਧ ਲਮਕਾਏ ਜਾਣ ਕਾਰਨ ਸਿਨੇਮਾ ਹਾਲ ਵਿਚ ਬੈਠਾ ਦਰਸ਼ਕ ਬੋਰ ਹੁੰਦਾ ਨਜ਼ਰ ਆਇਆ।
ਖੈਰ! ਫਿ਼ਲਮ ਵਿਚ ਚੰਗਿਆਈ ਇਹ ਹੈ ਕਿ ਗੀਤ-ਸੰਗੀਤ ਵਧੀਆ ਹੈ, ਮਹਿਤਾਬ-ਤਨਵੀ ਦੀ ਜੋੜੀ ਵੀ ਜਚੀ ਹੈ ਅਤੇ ਸਾਰੇ ਐਕਟਰਾਂ ਦੀ ਅਧਾਕਾਰੀ ਵੀ ਕਬੀਲ-ਏ-ਤਾਰੀਫ ਹੈ।
ਇਕ ਦੋ ਜਗਾ ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਵਿਚਲੇ ਭਾਵੁਕ ਸੰਵਾਦ ਸਮਾਜ ਸੁਧਾਰਕ ਤਾਂ ਜ਼ਰੂਰ ਹਨ ਪਰ ਫਿ਼ਲਮ ਦਾ ਅਜਿਹੇ ਸੰਵਾਦਾਂ ਲਈ ਅਧਾਰ ਬਹੁਤਾ ਠੋਸ ਨਾ ਹੋਣ ਕਾਰਨ ਬਹੁਤਾ ਪ੍ਰਭਾਵ ਨਹੀਂ ਛੱਡਦੇ।
ਫ਼ਿਲਮ ਦਾ ਨਿਚੋੜ ਇਹ ਹੈ ਕਿ ਇਹ ਫ਼ਿਲਮ ਨਾ ਤਾਂ ਅੱਜ ਦੇ ਸਮਾਜ ਨਾਲ ਮੇਲ ਖਾਂਦੀ ਉਸਾਰੂ ਸੋਚ ਵਾਲੀ ਫਿ਼ਲਮ ਹੈ ਅਤੇ ਨਾਂ ਪੰਜਾਬੀ ਸਿਨੇਮਾ ਦੇ ਪੱਧਰ ਦੀ, ਇਸ ਲਈ ਪੰਜਾਬੀ ਫ਼ਿਲਮ ਲੇਖਕ ਵੱਧ ਤੋਂ ਵੱਧ ਉਸਾਰੂ ਸੋਚ ਅਪਣਾਉਣ ਦੀ ਕੋਸ਼ਿਸ ਕਰਨ ਤਾਂ ਕਿ ਪੰਜਾਬੀ ਫ਼ਿਲਮਾਂ ਉਦਹਾਰਣ ਯੋਗ ਬਣ ਸਕਣ।
ਨੋਟ: ਫ਼ਿਲਮ ਟੀਮ ਦੇ ਸਾਰੇ ਨਾਮ ਇਸ ਸਮੀਖਿਆ ਨਾਲ ਅਟੈਚ ਕੀਤੇ ਪੋਸਟਰ ਤੋਂ ਪੜ੍ਹੇ ਜਾ ਸਕਦੇ ਹਨ।

-ਦਲਜੀਤ ਅਰੋੜਾ

Comments & Suggestions

Comments & Suggestions