ਫ਼ਿਲਮ ਸਮੀਖਿਆ / Film Review ਨੌਜਵਾਨਾਂ ਨੂੰ ਬੇਝਿਜਕ ਹੱਥੀਂ ਕੰਮ ਕਰਨ ਦਾ ਸੰਦੇਸ਼ ਦਿੰਦੀ ਹੈ ਫ਼ਿਲਮ “ਕੁਲਚੇ ਛੋਲੇ” । -ਦਲਜੀਤ ਅਰੋੜਾ 🎞🎞🎞🎞🎞🎞🎞

By  |  0 Comments

ਮੈ ਇਹ ਤਾਂ ਨਹੀਂ ਕਹਿੰਦਾ ਕਿ ਫ਼ਿਲਮ ‘ਕੁਲਚੇ ਛੋਲੇ’ ਬਣਾ ਕੇ ਪੰਜਾਬੀ ਸਿਨੇਮਾ ਵਿਚ ਕੋਈ ਐਕਸਟਰਾ ਓਰਡੀਨਰੀ ਮਾਰਕਾ ਮਾਰਿਆ ਗਿਆ ਹੈ ਪਰ ਇਹ ਫ਼ਿਲਮ ਹਰ ਪੱਖੋ ਪੰਜਾਬੀ ਸੁਪਰ ਸਟਾਰਾਂ (ਜਿਸ ਵਿਚ ਕਾਮੇਡੀਅਨ ਸਟਾਰ ਵੀ ਸ਼ਾਮਲ ਹਨ) ਦੀਆਂ ਫ਼ਿਲਮਾਂ ਦੇ ਬਰਾਬਰ ਖੜਣ ਵਾਲੀ ਫਰੈਸ਼ ਕਹਾਣੀ, ਫਰੈਸ਼ ਚਿਹਰਿਆਂ ਤੇ ਵਧੀਆ ਮੇਕਿੰਗ ਵਾਲੀ ਮਨੋਰੰਜਨ ਭਰਪੂਰ ਫ਼ਿਲਮ ਹੈ। ਮੇਰੇ ਖਿਆਲ ਮੁਤਾਬਕ ਇਕ ਵਾਰ ਦਰਸ਼ਕਾਂ ਨੂੰ ਇਹ ਫ਼ਿਲਮ ਵੀ ਜ਼ਰੂਰ ਵੇਖਣੀ ਚਾਹੀਦੀ ਹੈ।
ਇਸ ਵਿਚ ਨਵੀਂ ਜੋੜੀ ਦਿਲਰਾਜ ਗਰੇਵਾਲ ਤੇ ਜੰਨਤ ਜ਼ੁਬੈਰ ਦੀ ਪਹਿਲੀ ਫਿਲਮ ਹੋਣ ਦੇ ਬਾਵਜੂਦ ਵਧੀਆ ਪ੍ਰਫੋਰਮੈਂਸ ਦੇ ਨਾਲ ਜਸਵੰਤ ਰਾਠੌਰ ਦੀ ਬਾਕਮਾਲ ਅਦਾਕਾਰੀ (ਖਾਸਕਰ ਕਾਮੇਡੀ) ਤੋਂ ਇਲਾਵਾ ਆਮ ਫ਼ਿਲਮਾਂ ਵਿਚ ਘਟ ਦਿਸਣ ਵਾਲੇ ਚਿਹਰੇ ਅਤੇ ਬਾਕੀ ਅਦਾਕਾਰਾਂ ਨਗਿੰਦਰ ਗਖੜ, ਜਸਵੰਤ ਦਮਨ, ਗੁਰਿੰਦਰ ਮਕਣਾ, ਅਰਵਿੰਦਰ ਭੱਟੀ, ਦੀਦਾਰ ਗਿੱਲ, ਅੰਸ਼ ਤੇਜਪਾਲ, ਲਵ ਗਿੱਲ, ਨਿੰਮਾ ਲੁਹਾਰਕਾ, ਵਿਪਨ ਧਵਨ, ਅਤੇ ਸੁਮਿਤ ਗੁਲਾਟੀ ਆਦਿ ਨੇ ਵੀ ਬੇਹਤਰੀਨ ਅਦਾਕਾਰੀ ਕੀਤੀ ਹੈ।
ਕਿਤੇ ਕਿਤੇ ਸਕਰੀਨ ਪਲੇਅ ਵਿਚ ਢਿੱਲ ਮੱਠ ਵੀ ਜ਼ਰੂਰ ਹੈ ਤੇ ਕੁਝ ਸੀਨ ਲੰਬੇ ਖਿੱਚੇ ਵੀ ਨਜ਼ਰ ਆਉਂਦੇ ਹਨ ਪਰ ਓਵਰਆਲ ਆਮ ਦਰਸ਼ਕ ਦੀ ਨਜ਼ਰ ਤੋਂ ਇਹ ਇਕ ਵਧੀਆ ਫ਼ਿਲਮ ਹੈ ਜਿਸ ਦੀ ਕਹਾਣੀ ਦਾ ਮੁੱਖ ਮਕਸਦ ਕਿ “ਕੰਮ ਕੋਈ ਵੀ ਵੱਡਾ-ਛੋਟਾ ਨਹੀਂ ਹੁੰਦਾ” ਇਸ ਲਈ ਨੌਜਵਾਨਾ ਬਾਹਰ ਭੱਜਣ ਦੀ ਬਜਾਏ ਇੱਥੇ ਹੀ ਬੇਝਿਜਕ ਹੱਥੀਂ ਕੰਮ ਕਰਨ। ਐਸੇ ਮਜਬੂਤ ਸੰਦੇਸ਼ ਦੇ ਨਾਲ ਨਾਲ ਇਸ ਫ਼ਿਲਮ ਵਿਚ ਭਰਪੂਰ ਕਾਮੇਡੀ, ਰੋਮਾਂਸ, ਜਜ਼ਬਾਤੀ ਕਰਨ ਵਾਲੇ ਮਜਬੂਤ ਸੰਵਾਦ ਭਰਪੂਰ ਦ੍ਰਿਸ਼ ਤੇ (ਜਤਿੰਦਰ ਜੀਤੂ, ਦ ਬੌਸ, ਜਸ ਕੀਜ਼, ਮਿਸਟਰ ਵਾਓ ਤੇ ਹਿਤੇਨ ਦੇ ਸੰਗੀਤ ਵਿਚ ਸਜੇ) ਬਾਕਮਾਲ ਮੂੰਹ ਚੜਣ ਵਾਲੇ ਗਾਣੇ ਸ਼ਾਮਲ ਹਨ, ਨੂੰ ਕਿ ਇਕ ਚੰਗੀ ਪਰਿਵਾਰਕ ਫ਼ਿਲਮ ਦਾ ਕੰਪਲੀਟ ਪੈਕੇਜ ਵੀ ਕਿਹਾ ਜਾ ਸਕਦਾ ਹੈ।

ਪਰ ਅੱਜ ਕੱਲ੍ਹ ਪੰਜਾਬੀ ਸਿਨੇ ਦਰਸ਼ਕਾਂ ਦੀ ਸਿਨੇਮਾ ਘਰਾਂ ਤੋਂ ਦਿਲਚਸਪੀ ਘਟਣੀ ਪੰਜਾਬੀ ਫ਼ਿਲਮ ਨਿਰਮਾਤਾਵਾਂ ਲਈ ਚਿੰਤਾਜਨਕ ਬਣੀ ਹੋਈ ਹੈ।

ਪਹਿਲਾਂ ‘ਓਏ ਮੱਖਣਾ’ ਤੇ ਹੁਣ “ਚੋਬਰ” ਅਤੇ “ਕੁਲਚੇ ਛੋਲੇ” ‘ਚ ਦਰਸ਼ਕਾਂ ਦੀ ਬਹੁਤ ਘਟ ਆਮਦ ਮਨ ‘ਚ ਸਵਾਲ ਤਾਂ ਖੜੇ ਕਰਦੀ ਹੀ ਹੈ ਕਿ ਆਖਰ ਅਜਿਹਾ ਕਿਉਂ ? ਫ਼ਿਲਮ ਦਰਸ਼ਕਾਂ ਨੂੰ ਪਸੰਦ ਆਉਣਾ ਜਾਂ ਨਾ ਆਉਣਾ ਤਾਂ ਬਾਅਦ ਦੀ ਗੱਲ ਹੈ ਪਰ ਦਰਸ਼ਕਾਂ ਦਾ ਪਹਿਲੇ ਦਿਨ ਸਿਨੇਮਾ ਘਰਾਂ ‘ਚ ਨਾ ਵੜਣਾ ਸੋਚਣ ਵਾਲੀ ਗੱਲ ਹੈ।

ਜੇ ਆਪਾਂ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਐਮੀ ਵਿਰਕ ਵੀ ਤਾਂ ਵੱਡਾ ਸਟਾਰ ਹੈ ਤੇ ‘ਓਏ ਮੱਖਣਾ’ ਫ਼ਿਲਮ ਵੀ ਮਾੜੀ ਨਹੀਂ ਸੀ, ਪਰ ਬਹੁਤ ਘੱਟ ਦਰਸ਼ਕ ਫਿਲਮ ਵੇਖਣ ਗਏ ਤੇ ਹੁਣ ਫ਼ਿਲਮ ‘ਕੁਲਚੇ ਛੋਲ ਵੀ ਮਾੜੀ ਨਹੀਂ।
ਫਰੈਸ਼ ਚਿਹਰੇ ਤੇ ਮਨੋਰੰਜਨ ਭਰਪੂਰ ਫਰੈਸ਼ ਵਿਸ਼ਾ ਤੇ ਵਧੀਆ ਗਾਣੇ (ਜਿਹਨਾਂ ਨੂੰ ਕਾਲਾ ਨਿਜ਼ਾਮਪੁਰੀ, ਦਿਲਰਾਜ ਗਰੇਵਾਲ ਤੇ ਰੰਮੀ ਨੇ ਲਿਖਿਆ ਤੇ ਮੀਕਾ ਸਿੰਘ, ਹਿੰਮਤ ਸੰਧੂ, ਸ਼ਿਪਰਾ ਗੋਇਲ, ਰਮਨ ਰੋਮਾਨਾ, ਦਿਲਰਾਜ ਗਰੇਵਾਲ, ਆਰਵੀ ਤੇ ਸਿਮਰ ਸੇਠੀ ਨੇ ਗਾਇਆ ਹੈ) ਅਤੇ ਫ਼ਿਲਮ ਦੇ ਵਧੀਆ ਪ੍ਰਚਾਰ ਦੇ ਬਾਵਜੂਦ ਵੀ ਦਰਸ਼ਕਾਂ ਦਾ ਘੱਟ ਫ਼ਿਲਮ ਦੇਖਣ ਜਾਣਾ ਸੱਚਮੁੱਚ ਵਿਚਾਰਨ ਵਾਲੀ ਗੱਲ ਹੈ ?

ਖੈਰ ! ਸਾਰਾ ਕਸੂਰ ਦਰਸ਼ਕਾਂ ਦਾ ਵੀ ਨਹੀਂ ਕਿਹਾ ਜਾ ਸਕਦਾ, ਭਾਵੇਂ ਪਾਕਿਸਤਾਨੀ ਹੀ ਸਹੀ ਹੈ ਤਾਂ ਹੈ ਤਾਂ “ਮੌਲਾ ਜੱਟ” ਵੀ ਪੰਜਾਬੀ ਫ਼ਿਲਮ, ‘ਤੇ ਉਹਦੀ ਹੁਣ ਤੱਕ (ਉਹਨਾਂ ਦੀ ਕਰੰਸੀ ਮੁਤਾਬਕ) 180/85 ਕਰੋੜ ਦੀ ਵਰਲਡਵਾਈਡ ਕੁਲੈਕਸ਼ਨ ਵੀ ਸਾਹਮਣੇ ਆ ਰਹੀ ਹੈ।
ਪਰ ਅਸੀਂ ਪੰਜਾਬੀ ਫ਼ਿਲਮਾਂ ਅਤੇ ਘਿਸੇ-ਪਿਟੇ ਸਬਜੈਕਟਾਂ ਦਾ ਜੋ ਕਚੂੰਬਰ ਕੱਢ ਕੇ ਇਕ-ਇਕ ਹਫਤੇ ਵਿਚ ਦੋ ਦੋ-ਤਿੰਨ ਤਿੰਨ ਫ਼ਿਲਮਾਂ ਇੱਕਠੀਆਂ ਲਾਈ ਜਾ ਰਹੇ ਹਾਂ ਉਸ ਦਾ ਸਿੱਟਾ ਤਾਂ ਸਭ ਨੂੰ ਭੁਗਤਣਾ ਹੀ ਪੈਣਾ, ਚਾਹੇ ਕੋਈ ਨਵਾਂ ਹੋਵੇ ਜਾ ਵਧੀਆ ਕੰਮ ਕਰਨ ਵਾਲਾ !

ਸਾਡੇ ਵੱਡੇ ਕਹਾਉਂਦੇ ਸਟਾਰ ਵੀ ਇਕ-ਇਕ ਸਾਲ ਵਿਚ ਅੰਨ੍ਹੇਵਾਹ ਫ਼ਿਲਮਾਂ ਰਿਲੀਜ਼ ਕਰ ਕੇ ਆਪਣੇ ਨਾਲ ਨਾਲ ਪੰਜਾਬੀ ਸਿਨੇਮਾ ਦੇ ਕਰੀਅਰ ਦੀਆਂ ਬੇੜੀਆਂ ‘ਚ ਵੀ ਵੱਟੇ ਪਾਉਣ ਦਾ ਹੀ ਕੰਮ ਕਰ ਰਹੋ ਹਨ।

ਸੋ ਪੰਜਾਬੀ ਸਿਨੇਮਾ ਨੂੰ ਬਚਾਉਣਾ ਹੈ ਤਾਂ ਨਵਿਆਂ ਚਿਹਰਿਆਂ ਅਤੇ ਵਿਸ਼ਿਆਂ ਨੂੰ ਸਹਿਯੋਗ ਦਿਓ, ਇਕ ਦੂਜੇ ਦੀਆਂ ਟੰਗਾ ਖਿੱਚਣ ਦੀ ਬਜਾਏ ਇਕ ਦੂਜੇ ਦੇ ਚੰਗੇ ਕੰਮਾਂ/ਕੋਸ਼ਿਸਾਂ ਦੀ ਤਾਰੀਫ ਭਰਪੂਰ ਹੌਸਲਾ ਅਫਜਾਈ ਕਰੋ। ਪੈਸਿਆਂ ਨਾਲ ਘਰ-ਬਾਹਰ ਸਭ ਦੇ ਸੁਧਰ ਚੁੱਕੇ ਹਨ ਹੁਣ ਪੰਜਾਬੀ ਸਿਨੇਮਾ ਵੀ ਸੁਧਾਰਣ ਦੀ ਕੋਸ਼ਿਸ਼ ਕਰੀਏ ਤਾਂ ਬੇਹਤਰ ਹੋਵੇਗਾ।
ਬਾਕੀ ਫ਼ਿਲਮ “ਕੁਚਲੇ ਛੋਲੇ” ਦੇ ਨਿਰਮਾਤਾ ਸੁਮੀਤ ਸਿੰਘ (ਸਾਗਾ ਕੰਪਨੀ), ਇਸ ਫ਼ਿਲਮ ਦੇ ਲੇਖਕ-ਨਿਰਦੇਸ਼ਕ ਸਿਮਰਜੀਤ ਸਿੰਘ ਹੁੰਦਲ, ਸੰਵਾਦ ਲੇਖਕ ਟਾਟਾ ਬੈਨੀਪਾਲ ਸਮੇਤ ਸਮੁੱਚੀ ਟੀਮ ਨੂੰ ਪੰਜਾਬੀ ਸਿਨੇਮਾ ਲਈ ਨਵੇਂ ਅਤੇ ਵਧੀਆ ਉਪਰਾਲੇ ਲਈ ਮੁਬਾਰਕਾਂ !

Comments & Suggestions

Comments & Suggestions