ਫ਼ਿਲਮ ਸਮੀਖਿਆ/Film Review ਫਿ਼ਲਮ ਅਰਥ ਭਰਪੂਰ ਪਰ ਨਾਮ “ਡਾਕੂਆਂ ਦਾ ਮੁੰਡਾ 2” ਦੀ ਥਾਂ ਮੰਗਾ ਸਿੰਘ ਅੰਟਾਲ ਨਾਲ ਸਬੰਧਿਤ ਹੋਣਾ ਚਾਹੀਦਾ ਸੀ: ਦਲਜੀਤ ਅਰੋੜਾ 🎞🎞🎞🎞🎞🎞🎞🎞🎞

By  |  0 Comments

ਬੇਸ਼ਕ “ਡਾਕੂਆਂ ਦਾ ਮੁੰਡਾ 2” ਫ਼ਿਲਮ ਨੂੰ ਵੀ ਨੌਜਵਾਨ ਪੀੜੀ ਦਾ ਭਰਵਾਂ ਹੁੰਗਾਰਾ ਮਿਲਿਆ ਨਜ਼ਰ ਆ ਰਿਹਾ ਹੈ ਪਰ ਮੇਰੇ ਖਿਆਲ ਮੁਤਾਬਕ ਉਸ ਦਾ ਕਾਰਨ ਫਿ਼ਲਮ ਦੇ ਵਿਸ਼ੇ ਨਾਲੋ ਵੱਧ ਦੇਵ ਖਰੋੜ ਦੀ ਐਕਸ਼ਨ ਹੀਰੋ ਵਜੋਂ ਫੈਨ ਫੌਲੋਇੰਗ ਹੈ।
ਦੂਜਾ ਕਾਰਨ ਫ਼ਿਲਮ ਦਾ ਪਹਿਲਾ ਤੋਂ ਪਸੰਦ ਕੀਤਾ ਜਾ ਚੁਕਿਆ ਟਾਈਟਲ ਵੀ ਹੈ, ਕਿਉਂਕਿ ਇਸੇ ਟਾਈਟਲ ਨੇ ਹੀ ਪਹਿਲੀ ਫਿ਼ਲਮ ਦੀ ਕਰੇਜ਼ ਬਣਾਈ ਸੀ ਕਿ ਆਖਰ ਕੌਣ ਸੀ ਡਾਕੂਆ ਦਾ ਮੁੰਡਾ ?, ਜੋਕਿ ਮਿੰਟੂ ਗੁਰਸਰੀਆ ਨਾਲ ਜੁੜਿਆ ਕਿਤਾਬੀ ਸਿਰਲੇਖ ਅਤੇ ਉਸ ਦੇ ਹੀ ਜੀਵਨ ਦੀਆਂ ਅਸਲ ਘਟਨਾਵਾਂ ਤੇ ਅਧਾਰਿਤ ਸੀ।

ਹੁਣ ਜੇ ਨਵੀਂ ਫਿ਼ਲਮ ਦੇ ਵਿਸ਼ੇ ਦੀ ਗੱਲ ਕਰੀਏ ਤਾਂ ਬੇਸ਼ਕ ਇਹ ਵੀ ਮੰਗਾ ਸਿੰਘ ਅੰਟਾਲ ਨਾਮੀ (ਖਿਡਾਰੀ ਵਿਅਕਤੀ) ਦੀ ਅਰਥ ਭਰਪੂਰ ਸਵੈ ਜੀਵਨੀ ਤੇ ਅਧਾਰਿਤ ਹੈ ਅਤੇ ਇਹ ਵਿਸ਼ਾ ਵੀ “ਡਾਕੂਆਂ ਦਾ ਮੁੰਡਾ” ਸਵੈ ਜੀਵਨੀ ਕਿਤਾਬ ਵਾਂਗ ਮੰਗਾ ਸਿੰਘ ਅੰਟਾਲ ਦੀ ਸਵੈ ਜੀਵਨੀ ਕਿਤਾਬ “ਸ਼ਰਾਰਤੀ ਤੱਤ” ਦਾ ਹਿੱਸਾ ਹੈ।

ਡਾਕੂਆਂ ਦਾ ਮੁੰਡਾ ਪਹਿਲੀ ਫਿ਼ਲਮ ਹਿੱਟ ਹੋਣ ਤੇ ਇਸੇ ਟਾਈਟਲ ਦਾ ਲਾਹਾ ਲੈਣ ਲਈ ਇਸ ਨੂੰ ਰਪੀਟ ਕਰਨਾ ਕਮਰਸ਼ੀਅਲ ਐਂਗਲ ਤੋਂ ਤਾਂ ਠੀਕ ਹੈ ਪਰ ਇਸ ਦਾ ਸਿੱਧਾ ਸਬੰਧ ਤਾਂ ਮਿੰਟੂ ਗੁਰਸਰੀਆ ਨਾਲ ਹੈ ਜਿਸ ਨੂੰ ਡਾਕੂਆਂ ਦਾ ਮੁੰਡਾ ਕਿਹਾ ਜਾਂਦਾ ਸੀ ਅਤੇ ਮੰਗਾ ਸਿੰਘ ਦੀ ਸਵੈ ਜੀਵਨੀ ਤੇ ਫ਼ਿਲਮ ਬਣਾ ਕੇ ਉਸ ਨੂੰ ਪੂਰਾ ਇਨਸਾਫ ਦੇਣ ਲਈ ਫਿ਼ਲਮ ਦਾ ਨਾਂ “ਸ਼ਰਾਰਤੀ ਤੱਤ” ਵੀ ਮਾੜਾ ਨਹੀ ਸੀ ।

ਖੈਰ ਜੇ ਡਾਕੂਆਂ ਦਾ ਮੁੰਡਾ-2 ਦੇ ਵਿਸ਼ੇ ਦਾ ਫਿ਼ਲਮੀ ਰੂਪ ਵੇਖੀਏ ਤਾਂ ਇਹ ਅਰਥ ਭਰਪੂਰ ਤਾਂ ਹੈ ਪਰ ਇਸ ਵਿਚ ਕੋਈ ਨਵਾਪਣ ਨਹੀਂ ਝਲਕਦਾ, ਬਸ ਇਕ ਨਸ਼ਾ ਕਰਨ ਵਾਲੇ ਵਿਅਕਤੀ ਦੀ ਭਰ ਜਵਾਨੀ ਉਮਰੇ ਨਸ਼ਾ ਲੱਗਣ ਤੋਂ ਨਸ਼ਾ ਛੱਡਣ ਤੱਕ ਦੀ ਜੀਵਨ ਯਾਤਰਾ ਹੈ ਜਿਸ ਵਿਚ ਉਸ ਦੀ ਨਸ਼ਿਆਂ ਖਾਤਰ ਘਰ-ਬਾਹਰ ਝੂਠ ਬੋਲਣ ਅਤੇ ਬਾਰ ਬਾਰ ਨਸ਼ਾ ਛੱਡਣ ਦੀਆਂ ਝੂਠੀਆਂ ਸੋਹਾਂ ਖਾਣ ਦੀ ਆਦਤ ਤੋਂ ਇਲਾਵਾ ਉਹੀ ਕਾਲਜ ਵਿਚਲੀ ਗਰੁੱਪ ਗੁੰਡਾਗਰਦੀ ਅਤੇ ਫਿਰ ਸਿਆਸੀ ਲੋਕਾਂ ਅਤੇ ਨਸ਼ੇ ਦੇ ਵਪਾਰੀਆਂ ਦਾ ਕਾਲਜ ਦੇ ਵਿਦਿਆਰਥੀਆਂ ਨੂੰ ਨਾਸ਼ਿਆਂ ਦੇ ਆਦੀ ਬਨਾਉਣਾ, ਉਹਨਾਂ ਨੂੰ ਗੁੰਡਾਗਰਦੀ ਵੱਲ ਧਕੇਲਣਾ ਅਤੇ ਆਖਰ ਆਪਣੇ ਹਿੱਤਾ ਲਈ ਉਨਾਂ ਨੂੰ ਵਰਤ ਕੇ ਉਨਾਂ ਤੋਂ ਪਿੱਛਾ ਛੁਡਾਉਣ ਲਈ ਕੋਝੀਆਂ ਹਰਕਤਾਂ ਤੇ ਉਤਰਨਾ ਆਦਿ ਬਾਰ ਬਾਰ ਫਿ਼ਲਮਾਂ ਵਿਚ ਦਿਖਾ ਕੇ ਘਸ ਚੁੱਕੀਆਂ ਘਟਨਾਵਾਂ ਦਾ ਹਿੱਸਾ ਹੈ, ਜਿਸ ਨੂੰ ਬਾਰ ਬਾਰ ਪਰਦੇ ਤੇ ਵੇਖ ਕੇ ਦੁੱਖ ਵੀ ਹੁੰਦਾ ਹੈ ਕਿ ਸਾਡੇ ਕੋਲ ਇਹੋ ਜਿਹਾ ਪੰਜਾਬ ਹੀ ਬਚਿਆ ਹੈ ਫ਼ਿਲਮਾਂ ਵਿਚ ਦਿਖਾਉਣ ਲਈ ?

ਵੈਸੇ ਵੀ ਜਦੋਂ ਸਵੈ ਜੀਵਨੀਆਂ ਨੂੰ ਫ਼ਿਲਮਾਂ ਵਿਚ ਢਾਲਿਆ ਜਾਂਦਾ ਹੈ ਤਾਂ ਕਮਰਸ਼ੀਅਲ ਪੱਖ ਦੀ ਮਜਬੂਤੀ ਲਈ ਫਿਕਸ਼ਨ ਦਾ ਸਹਾਰਾ ਲੈਦਿਆਂ ਨਾ ਚਾਹੁੰਦੇ ਹੋਏ ਵੀ ਅਸਲ ਕਹਾਣੀਆਂ ਦੇ ਕਈ ਪੱਖ ਰਹਿ ਜਾਂਦੇ ਹਨ। ਖੈਰ ਜੇ ਇਹੋ ਜਿਹੀਆਂ ਕਹਾਣੀਆਂ ਤੇ ਫ਼ਿਲਮਾ ਬਣਾਉਣੀਆਂ ਹੋਣ ਤਾਂ ਬੁਰਾਈ ਛੱਡ ਕੇ ਚੰਗਿਆਈ ਰਸਤੇ ਤੁਰੇ ਵਿਅਕਤੀਆਂ ਦੀਆਂ ਹੋਰ ਵੀ ਕਈ ਵੱਡੀਆਂ ਉਦਾਹਰਣਾਂ ਮਿਲ ਸਕਦੀਆਂ ਹਨ।

ਸਿਨੇਮਾ ਹਾਲ ਵਿਚ ਬੈਠਿਆਂ ਇਕ ਹੋਰ ਦਿਲਚਸਪ ਗੱਲ ਵੇਖੀ ਕਿ ਫਿ਼ਲਮ ਦੇ ਅੰਤ ਵੇਲੇ ਇਕ ਸੀਨ ਵਿਚ ਜਦੋਂ ਦੇਵ ਖਰੋੜ ਸੁਧਰਨ ਤੋਂ ਬਾਅਦ ਕੋਚ ਵਜੋਂ ਆਪਣੀ ਵਾਲੀ ਬਾਲ ਖਿਡਾਰੀ ਟੀਮ ਦੀ ਜਿੱਤ ਮੌਕੇ ਦਰਸ਼ਕ ਸਭਾ ਨੂੰ ਤਕਰੀਰ ਕਰਦਿਆਂ ਉਨਾਂ ਰਾਹੀਂ ਫਿ਼ਲਮ ਦਰਸ਼ਕਾਂ ਨੂੰ ਆਪਣੀ ਇਕ ਨਸ਼ੇੜੀ ਤੋਂ ਸੁਧਰਨ ਤੱਕ ਦੀ ਯਾਤਰਾ ਸੁਨਾ ਕੇ ਇਸ ਬੀਮਾਰੀ ਤੋਂ ਬਚਣ ਲਈ ਸਮਝਾਉਣਾ ਸ਼ੁਰੂ ਹੀ ਕਰਦਾ ਹੈ ਤਾਂ ਦਰਸ਼ਕ ਉਠ ਕੇ ਬਾਹਰ ਜਾਣੇ ਸ਼ੁਰੂ ਹੋ ਗਏ ਤੇ ਦੇਖਦੇ ਦੇਖਦੇ ਚਲਦੇ ਸੀਨ ਵਿਚ ਹਾਲ ਖਾਲੀ ਹੋ ਗਿਆ! ਮਤਲਬ ਕਿ ਐਨਾ ਕੁਝ ਵੇਖਣ/ਸਮਝਣ ਤੋਂ ਬਾਅਦ ਹੋਰ ਲੈਕਚਰ ਦੀ ਲੋੜ ਨਹੀਂ ਰਹਿ ਜਾਂਦੀ।

ਕਹਾਣੀ ਦੇ ਛੋਟੇ ਜਿਹੇ ਵਿਸ਼ੇ ਨੂੰ ਲੰਬਾ ਖਿੱਚਣ ਲਈ ਮਜਬੂਤ ਘਟਨਾਵਾਂ ਅਤੇ ਸਕਰੀਨ ਪਲੇਅ ਵਾਲੀ ਗੱਲ ਫ਼ਿਲਮ ਦੇ ਅੱਧ ਤੱਕ ਤਾਂ ਬਿਲਕੁਲ ਹੀ ਨਜ਼ਰ ਨਹੀਂ ਆਉਂਦੀ ਤੇ ਕਹਾਣੀ ਖੜੀ ਖੜੋਤੀ ਓਥੇ ਹੀ ਘੁੰਮਦੀ ਹੈ।
ਬਾਕੀ ਫ਼ਿਲਮ ਨੂੰ ਮਨੋਰੰਜਨ ਭਰਪੂਰ ਬਨਾਉਣ ਲਈ ਇਕ ਪ੍ਰੇਮ ਕਹਾਣੀ (ਜੋ ਹੋ ਸਕਦਾ ਲੇਖਕ ਮੁਤਾਬਕ ਅਸਲੀ ਜਾਂ ਉਸ ਦੇ ਨੇੜੇ ਤੇੜੇ ਹੋਵੇ) ਅਤੇ ਸੋਹਣੇ ਸੰਗੀਤ ਨਾਲ ਜੋੜਿਆ ਜਾਣਾ ਵਧੀਆ ਲੱਗਾ ਪਰ ਇਕ ਪੜ੍ਹੀ-ਲਿਖੀ ਵਿਆਹੀ ਕੁੜੀ ਜਪੁਜੀ ਖਹਿਰਾ ਦਾ ਆਪਣੇ ਪਤੀ ਦੇਵ ਖਰੋੜ ਨੂੰ ਪ੍ਰਤੱਖ ਰੂਪ ਵਿਚ ਨਸ਼ੇ ਦਾ ਆਦੀ ਵੇਖ ਕੇ ਫਿਰ ਵੀ ਉਸ ਦੀਆਂ ਗੱਲਾਂ ਤੇ ਆਖਰ ਤੱਕ ਇਤਬਾਰ ਕਰੀ ਜਾਣਾ ਕਿ ਉਹ ਨਸ਼ੇ ਨਹੀਂ ਕਰਦਾ, ਅਜੀਬ ਲੱਗਦਾ ਹੈ ਜਦਕਿ ਦੋਨਾਂ ਦੀ ਲਵ ਮੈਰਿਜ ਵਿਖਾਈ ਗਈ ਹੈ ਅਤੇ ਉਸ ਕੁੜੀ ਨੂੰ ਵਿਆਹ ਤੋਂ ਪਹਿਲਾਂ ਦਾ ਹੀ ਉਸ ਦੇ ਨਸ਼ੇ ਲੈਣ ਬਾਰੇ ਪਤਾ ਹੈ, ਜਾਂ ਫਿਰ ਆਪਣੀ ਗੱਲ ਨੂੰ ਜਸਟੀਫਾਈ ਕਰਨ ਲਈ ਇਕ ਹੋਰ ਸੀਨ ਰਾਹੀਂ ਨਸ਼ੇ ਤੋਂ ਇਲਾਵਾ ਬਾਕੀ ਟੈਸਟ ਵੀ ਕਰਵਾ ਲੈਂਦੇ ਕਿ ਨਸ਼ੇੜੀ ਦਿਖਣ ਵਰਗੀ ਕੋਈ ਹੋਰ ਬੀਮਾਰੀ ਤਾਂ ਨਹੀਂ ! ਬਾਕੀ ਗੱਲ ਮੁਕਾਉਣ ਲਈ ਇਸ ਨੂੰ ਫ਼ਿਲਮ ਲਿਬਰਟੀ ਕਹਿਣ ਵਿਚ ਵੀ ਕੋਈ ਹਰਜ਼ ਨਹੀਂ।🙂
ਖੈਰ! ਫ਼ਿਲਮ ਨਿਰਦੇਸ਼ਨ ਦੀ ਖੂਬਸੂਰਤੀ ਇਹ ਰਹੀ ਕਿ ‘ਹਾਲੀਵੁੱਡ ਫ਼ਿਲਮ ਨਿਰਦੇਸ਼ਨ ਦੀ ਤਕਨੀਕ’ ਨੂੰ ਵਰਤਦਿਆਂ ਨਿਰਦੇਸ਼ਕ ਮਨਦੀਪ ਬੈਨੀਪਾਲ ਨੇ ਪ੍ਰੈਜ਼ੰਟ ਅਤੇ ਪਾਸਟ ਦੀਆਂ ਘਟਨਾਵਾਂ ਨੂੰ ਕਟ ਟੂ ਕਟ ਦਿਖਾ ਕੇ ਫਲੈਸ਼ ਬੈਕ ਸੀਨਾਂ ਨੂੰ ਢੁਕਵੇਂ ਢੰਗ ਨਾਲ ਵਿਖਾਇਆ ਹੈ।
ਫ਼ਿਲਮ ਵਿਚਲੀ ਕਾਬਿਲ ਏ ਤਾਰੀਫ ਗੱਲ ਇਹ ਵੀ ਹੈ ਕਿ ਦੇਵ ਖਰੌੜ ਅਤੇ ਜਪੁਜੀ ਖਹਿਰਾ ਤੋਂ ਇਲਾਵਾ ਬਾਕੀ ਕਲਾਕਾਰਾਂ ਦੀ ਚੋਣ ਵੀ ਉਹਨਾਂ ਦੀ ਪ੍ਰਪੱਕ ਅਦਾਕਾਰੀ ਵੇਖ ਕੇ ਹੀ ਕੀਤੀ ਗਈ ਹੈ ਅਤੇ ਕਲਾਕਾਰਾਂ ਨੇ ਇਹ ਸਾਬਤ ਵੀ ਕਰ ਵਿਖਾਇਆ।
ਬਾਕੀ ਜ਼ਿਕਰਯੋਗ ਕਲਾਕਾਰਾਂ ਵਿਚ ਦੀਪ ਮਨਦੀਪ, ਨਿਸ਼ਾਵਨ ਭੁਲੱਰ, ਅਨੀਤਾ ਮੀਤ, ਕਰਨਵੀਰ ਖੁੱਲਰ, ਰਾਜ ਸਿੰਘ ਝਿੰਜਰ, ਲੱਕੀ ਧਾਲੀਵਾਲ, ਮਿਤਵਾ, ਪ੍ਰੀਤ ਬਾਠ, ਗੁਰਮੁੱਖ ਗਿੰਨੀ, ਬਲਵਿੰਦਰ ਬੁੱਲਟ, ਸੁਖਦੇਵ ਬਰਨਾਲਾ ਅਤੇ ਸਾਹਬ ਸਿੰਘ ਦੇ ਨਾਮ ਸ਼ਾਮਲ ਹਨ।

ਫਿ਼ਲਮ ਦੀ ਕਹਾਣੀ ਮੰਗਾ ਸਿੰਘ ਅੰਟਾਲ ਦੀ ਅਤੇ ਪਟਕਥਾ ਨਰਿੰਦਰ ਅੰਬਰਸਰੀਆ ਦੀ ਹੈ। ਫ਼ਿਲਮ ਦੇ ਸੰਵਾਦ ਜੋ ਅਰਥ ਭਰਪੂਰ ਅਤੇ ਕਾਫੀ ਪ੍ਰਭਾਵਸ਼ਾਲੀ ਹਨ, ਨਰਿੰਦਰ ਅੰਬਰਸਰੀਆ ਅਤੇ ਗੁਰਪ੍ਰੀਤ ਭੁੱਲਰ ਨੇ ਲਿਖੇ ਹਨ।
ਡ੍ਰੀਮ ਰਿਐਲਟੀ ਮੂਵੀਜ਼, ਰਵਨੀਤ ਚਾਹਲ ਅਤੇ ਓਮ ਜੀ ਸਟਾਰ ਸਟੂਡੀਓ ਦੇ ਨਿਰਮਾਣ ਅਧੀਨ ਬਣੀ ਇਸ ਫਿ਼ਲਮ ਦਾ ਸੰਗੀਤ ਨਿੱਕ ਧੰਮੂ ਅਤੇ ਹਾਕਮ ਦਾ ਹੈ, ਵੀਰ ਬਲਜੀਤ ਅਤੇ ਗਿੱਲ ਰੌਤਾਂ ਦੇ ਲਿਖੇ ਗੀਤਾਂ ਨੂੰ ਨਛੱਤਰ ਗਿੱਲ, ਵੀਤ ਬਲਜੀਤ, ਸ਼ਿਪਰਾ ਗੋਇਲ, ਹਿੰਮਤ ਸੰਧੂ, ਗੁਰਲੇਜ਼ ਅਖ਼ਤਰ ਅਤੇ ਏਕਮ ਚਨੋਲੀ ਨੇ ਗਾਇਆ ਹੈ। ਫ਼ਿਲਮ ਦਾ ਐਕਸ਼ਨ ਮਹਿੰਦਰਾ ਵਰਮਾ ਦਾ ਹੈ ਅਤੇ ਡੀ.ਓ.ਪੀ. ਦਰਿੰਦਰਾ ਸ਼ੁਕਲਾ ਹੈ।
ਕੁਲ ਮਿਲਾ ਕਿ “ਡਾਕੂਆਂ ਦਾ ਮੁੰਡਾ” ਟਾਈਟਲ ਦੀ ਸੀਰੀਜ਼ ਰਾਹੀਂ ਇਸ ਫ਼ਿਲਮ ਨੂੰ ਪੂਰੀ ਤਰਾਂ ਵਪਾਰਕ ਬਨਾਉਣ ਦੇ ਨਾਲ ਨਾਲ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਣ ਦਾ ਸੰਦੇਸ਼ ਦੇਣ ਦੇ ਮਕਸਦ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਦੀ ਕਾਮਯਾਬੀ ਲਈ ਸਾਰੀ ਟੀਮ ਨੂੰ ਮੁਬਾਰਕ ❗

Comments & Suggestions

Comments & Suggestions