ਫ਼ਿਲਮ ਸਮੀਖਿਆ/Film Review ਮਹਿਜ਼ ਇਕ ਡਾਕੂ-ਡਰਾਮਾ ਹੈ ‘ਛੱਲਾ ਮੁੜ ਕੇ ਨੀ ਆਇਆ’ -ਦਲਜੀਤ ਅਰੋੜਾ ✈️✈️✈️✈️✈️✈️✈️✈️

By  |  0 Comments

ਬਿਹਤਰ ਸੀ ਜੇ ਇਹ ਫ਼ਿਲਮ ਨੂੰ ਸਿਰਫ਼ ਡਾਕੂਮੈਂਟਰੀ ਫਿ਼ਲਮ ਬਣਾ ਕੇ ਵੱਖ ਵੱਖ ਰਾਸ਼ਟਰੀ-ਅੰਤਰਰਾਸ਼ਟਰੀ ਐਵਾਰਡਾਂ ਲਈ ਭੇਜਣ ਜੋਗੀ ਰੱਖ ਲੈਂਦੇ। ਇਹ ਫ਼ਿਲਮ ਜਾਣਕਾਰੀ ਭਰਪੂਰ ਤਾਂ ਹੈ ਪਰ ਮਨੋਰੰਜਨ ਭਰਪੂਰ ਨਹੀਂ ਹੈ। ਵਿਸ਼ਾ ਤਾਂ ਡਾਕੂਮੈਂਟਰੀ ਫਿ਼ਲਮ ਦਾ ਹੈ ਅਤੇ ਖਿੱਚ ਕੇ ਫੀਚਰ ਫ਼ਿਲਮ ‘ਚ ਢਾਲਣ ਦੀ ਕੋਸ਼ਿਸ਼ ਨੂੰ ਡਾਕੂ-ਡਰਾਮਾ ਹੀ ਕਿਹਾ ਜਾ ਸਕਦਾ ਹੈ, ਪਰ ਹੈ ਦੋਵੇ ਪਾਸਿਓਂ ਅਧੂਰੀ ਜਿਹੀ।
ਗੱਲ ਜੇ ਪੀਰੀਅਡ ਫਿ਼ਲਮ ਦੇ ਵਿਸ਼ੇ ਦੀ ਹੈ ਤਾਂ ਉਸ ਸਮੇ ਦੀਆਂ ਘਟਨਾਵਾਂ ਅਤੇ ਲੋਕਾਂ ਦੇ ਚਿਹਰੇ-ਮੋਹਰਿਆਂ ਬਾਰੇ ਲੇਖਕ ਦੇ ਨਾਲ ਨਾਲ ਨਿਰਦੇਸ਼ਕ ਨੂੰ ਵੀ ਡੂੰਘਆਈ ਵਿਚ ਜਾਣ ਦੀ ਲੋੜ ਹੁੰਦੀ ਹੈ।
ਫਿ਼ਲਮ ਨਿਰਦੇਸ਼ਨ ਵਿਚ ਪੈਰ ਧਰਾਵਾ ਕਰਨਾ ਕੋਈ ਮਾੜੀ ਗੱਲ ਨਹੀਂ ਮਗਰ ਬਿਨਾਂ ਕਿਸੇ ਤਜ਼ੁਰਬੇ ਤੋਂ ਪਹਿਲੀ ਹੀ ਫਿ਼ਲਮ ਵਿਚ ਨਿਰਦੇਸ਼ਕ ਨੂੰ ਅਜਿਹੇ ਵਿਸ਼ੇ ਛੋਹਣ ਦੀ ਵੀ ਲੋੜ ਨਹੀਂ ਹੁੰਦੀ।
ਫਿ਼ਲਮ ਦੀ ਜੋ ਫਿਕਸ਼ਨ ਭਰਪੂਰ ਕਹਾਣੀ ਘੜਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਤਾਂ ਉਹ ਕਿਸੇ ਨੂੰ ਪੂਰੀ ਤਰਾਂ ਸਮਝਾਉਣ ਯੋਗ ਹੈ ਅਤੋ ਨਾ ਹੀ ਇਸ ਵਿਸ਼ੇ ਤੇ ਲੰਮੀ ਗੱਲ ਹੋ ਸਕਦੀ ਹੈ। ਸਿਰਫ ਇਹ ਦੱਸਣ ਲਈ ਕਿ ਪੰਜਾਬੀ ਵਿਦੇਸ਼ਾਂ ਵਿਚ ਕਿਵੇਂ ਜਾ ਕੇ ਸੈੱਟ ਹੋਏ, ਇਕ ਲਾਈਨ ਤੇ ਐਡੀ ਲੰਮੀ ਫਿ਼ਲਮ, ਸਮਝ ਤੋਂ ਬਾਹਰ ਵਾਲੀ ਗੱਲ ਹੈ, ਜਾਂ ਤਾ ਕਿਸੇ ਦੀ ਬਾਇਓਪਿਕ ਹੁੰਦੀ ਤਾਂ ਵੀ ਗੱਲ ਸਮਝ ਆਉਂਦੀ।
ਬਾਕੀ ਬਿਨੂੰ ਢਿਲੋਂ ਤੇ ਕਰਮਜੀਤ ਅਨਮੋਲ ਜਿਹੇ ਕਲਾਕਾਰਾਂ ਨੂੰ ਕਾਮੇਡੀ ਫਿੱਲਰ ਦੇ ਤੌਰ ਤੇ ਵਰਤਿਆ ਤਾਂ ਗਿਆ ਪਰ ਉਹ ਫ਼ਿਲਮ ਦੇ ਪਿੱਲਰ ਨਹੀਂ ਬਣ ਸਕੇ ਅਤੇ ਨਾ ਹੀ ਸਰਗੁਣ ਮਹਿਤਾ ਦੀ ਗੈਸਟ ਭੂਮਿਕਾ ਕਿਸੇ ਕੰਮ ਆਈ।
ਗੱਲ ਪੀਰੀਅਡ ਵਿਸ਼ੇ ਵਿਚਲੀਆਂ ਅਣਗਹਿਲੀਆਂ ਦੀ ਤਾਂ ਸੋ ਕੁ ਸਾਲ ਪਹਿਲਾਂ ਦੇ ਪੰਜਾਬ ਵਿਚਲੇ ਸਿੱਖ ਪਰਿਵਾਰਾਂ ਦੇ ਨੌਜਵਾਨ ਮੁੰਡਿਆਂ ਵਿਚ ਦਾੜੀ ਕੇਸ ਕੱਟਣ ਦਾ ਚਲਣ ਬਿਲਕੁਲ ਨਹੀਂ ਸੀ, ਫਿ਼ਲਮ ਦੇ ਵਿਸ਼ੇ ਕਿ ਪੰਜਾਬੀ ਅਤੇ ਖਾਸਕਰ ਸਿੱਖ ਕਨੇਡਾ ਜਾ ਕੇ ਕਿਵੇਂ ਸੈਟਲ ਹੋਏ, ਉਸ ਸਮੇ ਦੀਆਂ ਤਸਵੀਰਾਂ ਜਾ ਹੋਰ ਵੀ ਉਸ ਸਮੇਂ ਦੀਆਂ ਘਟਨਾਵਾਂ ਨਾਲ ਸਬੰਧਤ ਕੋਈ ਵੀ ਤਸਵੀਰਾਂ ਵੇਖ ਲੋ ਤਾਂ ਤੁਹਾਨੂੰ ਕਿਸੇ ਵੀ ਸਿੱਖ ਦੀ ਦਾੜੀ ਜਾਂ ਕੇਸ ਕਤਲ ਕੀਤੇ ਵਾਲੀ ਤਸਵੀਰ ਨਜ਼ਰ ਨਹੀਂ ਆਵੇਗੀ, ਹੁਣ ਤੁਸੀਂ ਆਪਣੀ ਫਿ਼ਲਮ ਦੇ ਕਿਰਦਾਰਾਂ ਵੱਲ ਨਜ਼ਰ ਮਾਰੋ, ਹੋਰ ਕਹਿਣ ਦੀ ਲੋੜ ਨਹੀਂ।

ਫਿ਼ਲਮ ਦੇ ਇਕ ਪਿੰਡ ਵਾਲੇ ਸ਼ੁਰੂਆਤੀ ਸੀਨ ਵਿਚ ਜਿੱਥੇ ਅਮਰਿੰਦਰ ਗਿੱਲ ਦੇ ਮਾਲਕਾਂ ਦਾ ਮੁੰਡਾ ਵਿਦੇਸ਼ ਜਾਂਦਾ ਵਿਖਾਇਆ ਹੈ, ਪੁਰਾਣੀ ਹਵੇਲੀ ਦੇ ਇਕ ਪਾਸੇ ਸਕਾਈ ਬਲੂ ਰੰਗ ਦਾ ਮਾਡਰਨ ਫਾਈਬਰ ਸ਼ੀਟਾਂ ਦਾ ਸ਼ੈੱਡ ਨਜ਼ਰ ਆ ਰਿਹਾ ਹੈ।
ਬਾਕੀ ਜਿੱਥੋਂ ਤੱਕ ਫਿ਼ਲਮ ਦੇ ਧੁਰੇ “ਛੱਲੇ” ਕਿਰਦਾਰ ਵਿਚ ਅਮਰਿੰਦਰ ਗਿੱਲ ਦਾ ਸਵਾਲ ਹੈ ਤਾਂ ਉਹ ਇਕ ਗਰੀਬ ਅਤੇ ਵੱਡੇ ਪਰਿਵਾਰ ਵਿਚ ਇਕ ਅਨਪੜ੍ਹ ਨੌਜਵਾਨ ਹੈ ਅਤੇ ਆਪਣੀਆਂ ਜੁੰਮੇਵਾਰੀਆਂ ਦੇ ਚਲਦੇ ਵਿਦੇਸ਼ ਜਾ ਕੇ ਪੈਸੇ ਕਮਾਉਣ ਲਈ ਵਿਦੇਸ਼ ਜਾਣ ਦੀ ਤਿਆਰੀ ਕਰਦਾ ਹੈ। ਉਸ ਨੂੰ ਬਚਪਨ ਦੇ ਰੋਲ ਵਿਚ ਇਕ-ਅੱਧਾ ਸ਼ਬਦ ਅੰਗਰੇਜੀ ਦਾ ਬੋਲਦਾ ਵਿਖਾਇਆ ਗਿਆ ਪਰ ਜਦੋਂ ਉਹ ਕਨੇਡਾ ਜਾਂਦਾ ਤਾਂ ਪਹਿਲਾਂ ਤਾਂ ਉਹ ਇਕ-ਅੱਧਾ ਲਫਜ਼ ਗੋਰਿਆਂ ਨਾਲ ਅੰਗਰੇਜੀ ਵਿੱਚ ਬੋਲਦਾ ਹੈ ਪਰ ਹੋਲੀ ਹੋਲੀ ਫਿ਼ਲਮ ਅੱਗੇ ਵਧਦਿਆਂ ਉਸ ਦੀ ਇੰਗਲਿਸ਼ ਸ਼ਬਦਾਂ ਦੀ ਵਕੈਬਲਰੀ ਕਾਫੀ ਸਟਰਾਂਗ ਹੁੰਦੀ ਵਿਖਾਈ ਗਈ ਹੈ, ਜੋ ਕਿ ਸਰਾਸਰ ਨਕਲੀ ਲੱਗੀ।
ਕਹਿਣ ਦਾ ਮਤਲਬ ਕੇ ਅਸੀਂ ਕੱਚੀਆਂ ਫਿ਼ਲਮਾਂ ਘੜ-ਬਣਾ ਕੇ ਸਿਨੇਮਾ ਨੂੰ ਕੱਚਿਆਂ ਕਰਨ ਤੇ ਤੁਲੇ ਹੋਏ ਹਾਂ, ਪਰ ਅੱਜ ਦੇ ਸਿਆਣੇ ਹੋਏ ਦਰਸ਼ਕ ਵਰਗ ਅੱਗੇ ਨਾ ਤਾਂ ਕਿਸੇ ਦਾ ਸਟਾਰਡਮ ਕੰਮ ਕਰਦਾ ਹੈ ਅਤੇ ਨਾ ਹੀ ਕਿਸੇ ਨਿਰਮਾਤਾ-ਨਿਰਦੇਸ਼ਕ ਦਾ ਆਪਣੀ ਫਿ਼ਲਮ ਨੂੰ ਲੈ ਕੇ ਓਵਰ ਕਾਂਨਫਿਡੈਂਸ, ਚਲਦਾ ਹੈ ਤਾਂ ਬਸ ਫਿ਼ਲਮ ਵਿਚਲੇ ਵਿਸ਼ੇ ਦਾ ਸਟਾਰਡਮ, ਉਹਵੀ ਜੇ ਹੋਵੇ ਤਾਂ।

ਫ਼ਿਲਮ ਦਾ ਇਕ ਸੰਵਾਦ ਜਿਸ ਨੂੰ ਫਿ਼ਲਮ ਦੀ ਪਬਲਿਸਿਟੀ ਵਿਚ ਵੀ ਕਾਫੀ ਹਾਈਲਾਈਟ ਕੀਤਾ ਗਿਆ, ਜਿਸ ਦੇ ਆਖਰੀ ਸ਼ਬਦ ਕਿ …….”ਪੰਜਾਬ ‘ਚ ਮਾਵਾਂ ਨੂੰ ਪੁੱਤ ਤਾਂ ਕਦੇ ਨਸੀਬ ਹੀ ਨਹੀਂ ਹੋਏ” ਵੀ ਦਲੀਲ ਰਹਿਤ ਸੀ, ਕਿਉਂਕਿ ਜਿਹੜੇ ਪੰਜਾਬੀ ਪੁੱਤਰ ਫੌਜ ਜਾਂ ਵਿਦੇਸ਼ ਵਿਚ ਨਹੀਂ ਗਏ, ਉਹਨਾਂ ਨੇ ਵੀ ਬੜੇ ਵੱਡੇ ਵੱਡੇ ਨਾਮ ਕਮਾਏ ਨੇ ਪੰਜਾਬ ਵਿਚ ਰਹਿ ਕੇ, ਸ਼ਾਇਦ ਉਦਹਾਰਣਾਂ ਦੀ ਲੋੜ ਨਹੀਂ।

ਇਕ ਵਾਰ ਫਿਰ ਮੈਂ ਆਪਣੀ ਗੱਲ ਰਪੀਟ ਕਰ ਰਿਹਾ ਹਾਂ ਕਿ ਬਿਨਾਂ ਕਿਸੇ ਠੋਸ ਫਿ਼ਲਮ ਕਹਾਣੀ ਤੋਂ ਕਿਉਂ ਬਾਰ ਬਾਰ ਪੀਰੀਅਡ ਫ਼ਿਲਮਾਂ ਬਣਾਈ ਜਾ ਰਹੇ ਹਾਂ।ਅਮਰਿੰਦਰ ਗਿੱਲ ਦੇ ਫੋਲੋਵਰ ਤਾਂ ਇਹ ਫ਼ਿਲਮ ਵੇਖਣ ਜਾਣਗੇ ਮਗਰ ਆਮ ਯੂਥ ਵਾਸਤੇ ਇਹ ਇਕ ਬੋਰਿੰਗ ਫ਼ਿਲਮ ਹੈ। ਅੰਤਰ ਰਾਸ਼ਟਰੀ ਪੱਧਰ ਤੇ ਸਿਨੇਮਾ 50 ਸਾਲ ਅੱਗੇ ਦੀ ਗੱਲ ਕਰ ਰਿਹਾ ਹੈ ਪਰ ਅਸੀ ਮੁੜ-ਮੁੜ ਕੱਚੀਆਂ ਕੰਧਾਂ ਵੱਲ, ਪਤਾ ਨਈ ਹੋਰ ਕਿੰਨੀਆਂ ਫਿ਼ਲਮਾਂ ਫਲਾਪ ਕਰਵਾਉਣੀਆਂ ਆਪਾਂ।
ਇਕ ਗੱਲ ਇਸ ਫ਼ਿਲਮ ਦੇ ਦਰਸ਼ਕਾਂ ਵਲੋਂ ਤਾਂ ਮੇਰੇ ਇਕ ਜਾਣੂ ਪਰਿਵਾਰ ਦੇ 10 ਮੈਂਬਰਾਂ ਨੇ ਇਕੱਠਿਆਂ ਫਿ਼ਲਮ ਦੇਖੀ, ਮੈਂ ਉਹਨਾਂ ਦਾ ਨਿਰਪੱਖ ਰੀਵਿਊ ਜਾਣਨਾ ਚਾਹਿਆ ਤਾਂ 9 ਮੈਂਬਰਾਂ ਨੇ ਫਿ਼ਲਮ ਰਜੈੱਕਟ ਕੀਤੀ।
ਬਾਕੀ ਫਿ਼ਲਮ ਦੇ ਸਾਰੇ ਗੀਤ-ਬੋਲ ਅਤੇ ਬੈਕਰਾਊਂਡ ਸਕੋਰ ਵਧੀਆ ਹੈ। ਸਾਰੇ ਦੇਸ਼-ਵਿਦੇਸ਼ ਦੇ ਐਕਟਰਾਂ ਦੀ ਅਦਾਕਾਰੀ ਵੀ ਵਧੀਆ ਹੈ, ਖਾਸਕਰ ਕਨੇਡੀਅਨ ਅਦਾਕਾਰਾ ਸਿਡਨੀ ਐਬਰਵਿਨ ਦਾ ਕੰਮ ਵੀ ਸਲਾਹੁਣਯੋਗ ਹੈ। ਬਾਕੀ ਪੂਰੀ ਟੀਮ ਦੀ ਜਾਣਕਾਰੀ ਫਿ਼ਲਮ ਪੋਸਟਰ ਵਿਚ ਮੌਜੂਦ ਹੈ।
ਆਖਰੀ ਗੱਲ ਕਿ, ਇਹ ਨਾ ਹੋਵੇ ਕਿ ਸਬਸਿਡੀਆਂ ਦੇ ਚੱਕਰ ਵਿਚ ਵਿਦੇਸ਼ ਗਿਆ ਪੰਜਾਬੀ ਸਿਨੇਮਾ ਵੀ ਛੱਲੇ ਵਾਂਗ ਮੁੜ ਕੇ ਨਾ ਆਵੇ, ਖਿਆਲ ਰੱਖਿਓ ਸਾਰੇ।

Comments & Suggestions

Comments & Suggestions