ਫ਼ਿਲਮ ਸਮੀਖਿਆ / Film Review -“ਮਾਂ” 🎞🎞🎞🎞🎞🎞🎞🎞🎞 ਫ਼ਿਲਮ ਤਾਂ ਵਧੀਆ ਹੈ ਪਰ ਤਾਜ਼ਗੀ ਨਹੀਂ❗

By  |  0 Comments

🎞🎞🎞🎞🎞🎞🎞🎞
ਗਿੱਪੀ ਗਰੇਵਾਲ ਦੇ ਫ਼ਿਲਮ ਨਿਰਮਾਣ ਘਰ ਦੀ ਇਕ ਗਲੋਂ ਤਾਂ ਤਾਰੀਫ ਕਰਨੀ ਬਣਦੀ ਹੈ ਕਿ ਆਪਣੀਆਂ ਵਪਾਰਕ ਫ਼ਿਲਮਾ ਦੇ ਨਾਲ ਨਾਲ ਉਹ “ਪੈਰਲਰ ਸਿਨੇਮਾ” ਨੂੰ ਪੈਰਲਰ ਚੱਲਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਅਤੇ “ਅਰਦਾਸ” ਵਰਗੀਆਂ ਫਿ਼ਲਮਾਂ ਤੋਂ ਬਾਅਦ ਫ਼ਿਲਮ “ਮਾਂ” ਵੀ ਉਸ ਦੀਆਂ ਅਜਿਹੀਆਂ ਕੋਸ਼ਿਸ਼ਾਂ ਦੀ ਲੜੀ ਵਿਚੋਂ ਇਕ ਹੈ ਅਤੇ ਇਸੇ ਤਰਾਂ ਹੀ ਜੇ ਰਾਣਾ ਰਣਬੀਰ ਦੀ ਸੁਹਿਰਦ ਫ਼ਿਲਮ ਲੇਖਣੀ ਦੀ ਗੱਲ ਕਰੀਏ ਤਾਂ ਉਸ ਦੀ ਪੰਜਾਬੀ ਸਿਨੇਮਾ ਲਈ ਬੇਹਤਰੀਨ ਫ਼ਿਲਮਾਂ ਲਿਖਣ ਦੀ ਸੋਚ ਅਸਮਾਨ ਨੂੰ ਛੂੰਹਦੀ ਹੈ। ਅੱਜ ਦੇ ਕਮਰਸ਼ੀਅਲ ਯੁੱਗ ਵਿਚ ਫ਼ਿਲਮ ਨਿਰਮਾਤਾ ਲਈ ਵੀ ਬਹੁਤਾ ਸੌਖਾ ਨਹੀਂ ਹੁੰਦਾ ਕਿ ਲੇਖਕ ਦੀਆਂ ਅਜਿਹੀਆਂ ਫ਼ਿਲਮਾਂ ਨੂੰ ਨਿਰਮਾਣ ਤੱਕ ਲੈ ਕੇ ਜਾਣਾ। ਇਸ ਲਈ ਪਹਿਲਾਂ ਤਾਂ ਦੋਨਾਂ ਦੀ ਪੰਜਾਬੀ ਸਿਨੇਮਾ ਪ੍ਰਤੀ ਸਾਰਥਕ ਸੋਚ ਨੂੰ ਸਲਾਮ।

ਹੁਣ ਜੇ ਗੱਲ ਫ਼ਿਲਮ “ਮਾਂ” ਦੀ ਸਮੀਖਿਆ ਦੀ ਕਰੀਏ ਤਾਂ ਮੇਰਾ ਮੰਨਣਾ ਹੈ ਕਿ ਪੰਜਾਬੀ ਫ਼ਿਲਮ ਦੀ ਤੁਲਨਾ ਬਾਲੀਵੁੱਡ ਦੀ ਕਿਸੇ ਫ਼ਿਲਮ ਨਾਲ ਕਰਨ ਦੀ ਬਜਾਏ ਕਿਉਂ ਨਾ ਪੰਜਾਬੀ ਦੀ ਹੀ ਮਾਂ ਦੀ ਮਹਾਨਤਾ/ਕੁਰਬਾਨੀ ਵਰਗੇ ਹੀ ਵਿਸ਼ੇ ਤੇ ਇਸੇ ਹੀ ਲੇਖਕ ਦੀ ਫ਼ਿਲਮ ਆਸੀਸ ਨਾਲ ਹੀ ਕੀਤੀ ਜਾਵੇ, ਕਿਉਕਿ ਦੋਨਾਂ ਫ਼ਿਲਮਾਂ ਦਾ ਮਕਸਦ ਤਾਂ ਇਕ ਹੀ ਹੈ, ਸੋ ਇਹ ਗੱਲ ਕਿਸੇ ਨੂੰ ਅਜੀਬ ਵੀ ਲੱਗ ਸਕਦੀ ਹੈ, ਪਰ ਫਿ਼ਲਮ “ਮਾਂ”, ਰਾਣਾ ਰਣਬੀਰ ਲਿਖਤ-ਨਿਰਦੇਸ਼ਿਤ ਫ਼ਿਲਮ “ਅਸੀਸ” ਨਾਲੋ ਘੱਟ ਆਕਰਸ਼ਿਤ ਹੈ।

ਫ਼ਿਲਮ “ਮਾਂ” ਵਿਚ ਕਾਫੀ ਕੁਝ ਵਿਚਾਰਨ ਯੋਗ ਹੈ। ਪਹਿਲੀ ਗੱਲ ਕਿ ਇਹ ਫ਼ਿਲਮ ਅਤੇ ਇਸ ਦੀ ਕਲਾਕਾਰਾਂ ਸਮੇਤ ਸਾਰੀ ਟੀਮ ਦੀ ਕਾਰੁਜਗਾਰੀ ਨੂੰ ਅਸੀ ਬਾਲੀਵੁੱਡ ਦੀ ਤੁਲਨਾ ਕਰਨ ਵਾਲੇ ਪਾਸੇ ਬਿਲਕੁਲ ਨਾ ਵੇਖਦੇ ਹੋਏ ਅਤੇ ਸਿਰਫ ਪੰਜਾਬੀ ਸਿਨੇਮਾ ਤੱਕ ਹੀ ਖੁੱਲ੍ਹ ਦਿਲੀ ਨਾਲ ਵਿਚਾਰੀਏ ਤਾਂ ਜ਼ਿਆਦਾ ਬਿਹਤਰ ਰਹੇਗਾ।
ਕਿਉਂਕਿ ਸਾਡੇ ਕੋਲ ਅਜੇ ਵੀ “ਮਾਂ” ਵਰਗੀਆਂ ਉਚੇਰੀ ਸੋਚ ਵਾਲੀਆਂ ਫ਼ਿਲਮਾਂ ਲਈ ਲੀਡ ਅਦਾਕਾਰੀ ਅਤੇ ਨਿਰਦੇਸ਼ਨ ਪੱਖੋਂ ਬਾਲੀਵੁੱਡ ਦੇ ਦਿੱਗਜ ਨਿਰਦੇਸ਼ਕਾਂ ਦੀ ਬਰਾਬਰਤਾ ਲਈ ਕਾਫੀ ਮਿਹਨਤ ਦੀ ਲੋੜ ਹੈ। ਕਿੱਥੋਂ ਲਿਆਵਾਂਗੇ ਅਸੀ “ਮਾਂ” ਦਾ ਰੋਲ ਕਰਨ ਵਾਲੀ ਨਿਰੂਪਾ ਰਾਏ, ਭਰ ਜਵਾਨੀ ਮਾਂ ਦਾ ਰੋਲ ਕਰਨ ਵਾਲੀ ਨਰਗਿਸ ਅਤੇ ਪੰਜਾਬੀ ਨੁੰਮਾ ਹਿੰਦੀ ਵਿਚ ਹਿੱਟ ਫਿਲਮਾਂ ਦੇਣ ਵਾਲੇ ਨਿਰਦੇਸ਼ਕ ਯਸ਼ ਚੋਪੜਾ ਸਾਹਿਬ ? ਉਦਹਾਰਣਾਂ ਹੋਰ ਵੀ ਬਹੁਤ ਨੇ, ਇਸੇ ਲਈ “ਪੰਜਾਬ 1984” ਫਿ਼ਲਮ ਲਈ ਸਾਨੂੰ ਮਾਂ ਦੇ ਰੋਲ ਲਈ “ਕਿਰਨ ਖੇਰ “ਦਾ ਸਹਾਰਾ ਲੈਣਾ ਪਿਆ।
ਖੈਰ ਆਓ ਆਪਾਂ ਇਸੇ ਫ਼ਿਲਮ ਦੀ ਗੱਲ ਕਰਦੇ ਹਾਂ ਕਿ ਕਹਾਣੀ ਬਹੁਤ ਵਧੀਆ ਹੈ ਅਤੇ ਲੇਖਕ ਅਜੋਕੇ ਸਮਾਜ, ਅਜੋਕੀ ਜਨਰੇਸ਼ਨ ਨੂੰ ਜੋ ਸੁਨੇਹਾ ਦੇਣਾ ਚਾਹੁੰਦਾ ਹੈ, ਉਹ ਉਸ ਦੇ ਵੀ ਬਿਲਕੁਲ ਸਮਰੱਥ ਹੈ, ਪਰ ਫੇਰ ਵੀ ਲੇਖਕ ਨੂੰ ਅੱਜ ਦੇ ਸਿਨੇਮਾ ਯੁੱਗ ਨਾਲ ਚੱਲਣ ਲਈ ਅੱਗੋਂ ਹੋਰ ਵੀ ਅਪਡੇਟ ਹੋਣਾ ਪਵੇਗਾ।
ਹਰ ਫ਼ਿਲਮ ਨੂੰ ਅਸੀ ਪੇਂਡੂ ਪਿੱਠ ਭੂਮੀ ਨਾਲ ਹੀ ਜੋੜ ਕੇ, ਅੱਜ ਦੇ ਬਦਲੇ ਹੋਏ ਸਮੇਂ ਵਿਚ ਵੀ ਪਿੰਡ ਵਿਚ ਪੁਰਾਤਨ ਦੁਸ਼ਮਣੀਆਂ, ਕਤਲੋਗਾਰਤ, ਜ਼ਮੀਨਾਂ ਦੇ ਝਗੜੇ ਅਤੇ ਸ਼ਰੀਕਾਚਾਰੀ ਆਦਿ ਤੇ ਹੀ ਫ਼ਿਲਮਾਂ ਕਿਉਂ ਲਿਖਦੇ ਹਾਂ। ਮਾਂ ਵਰਗੇ ਵਿਸ਼ੇ ਨੂੰ ਸ਼ਹਿਰੀ ਅਤੇ ਵਿਦੇਸ਼ੀ ਇੰਡੀਅਨ ਕਲਚਰ ਨਾਲ ਵੀ ਤਾਂ ਜੋੜਿਆ ਜਾ ਸਕਦਾ ਹੈ, ਇਸੇ ਲਈ ਇਸ ਫ਼ਿਲਮ ਵਿਚ ਤਾਜ਼ਗੀ ਨਾ ਨਜ਼ਰ ਆ ਕੇ ਪੁਰਾਤਨ ਫ਼ਿਲਮੀ ਸੱਭਿਆਚਾਰ ਝਲਕਦਾ ਹੈ।
ਮਾਂ ਵਿਸ਼ੇ ਦੀ ਪੇਸ਼ਕਾਰੀ ਵਜੋਂ 1957 ਦੀ ਮਹੂਬੂਬ ਖਾਨ ਨਿਰਦੇਸ਼ਿਤ ਮਦਰ ਇੰਡੀਆ ਤੋਂ ਇਲਾਵਾ ਵੀ ਗੱਲ ਕਰਨੀ ਹੋਵੇ ਤਾਂ ਮਾਂ ਦੀ ਮਮਤਾ ਨੂੰ ਇਕ ਜਾਨਵਰ ਰਾਹੀਂ ਵੀ ਪੇਸ਼ ਕਰਦੀ 1976 ਦੀ ਰਿਲੀਜ਼ ਬਾਲੀਵੁੱਡ ਦੀ ਧਰਮਿੰਦਰ-ਹੇਮਾ ਅਭਿਨੀਤ ਫ਼ਿਲਮ ‘ਮਾਂ’ ਇਕ ਵੱਡੀ ਉਦਹਾਰਣ ਹੈ, ਅਤੇ ਮਾਂ ਨੂੰ ਧੁਰਾ ਬਣਾਉਂਦੀ ਵੱਖਰੀ ਕਹਾਣੀ ਤੇ 1991 ਵਿਚ ਆਈ ਜਤਿੰਦਰ-ਜੈ ਪ੍ਰਦਾ ਅਭਿਨੀਤ ਫਿ਼ਲਮ “ਮਾਂ” ਵੀ ਹੈ। ਕਹਿਣ ਦਾ ਮਤਲਬ ਕਿ ਟਾਈਟਲ ਇਕੋ ਪਰ ਕਹਾਣੀਆਂ ‘ਚ ਵੱਖਰਪਣ ਅਤੇ ਤਾਜ਼ਗੀ ਹੈ ਅਤੇ ਜਦੋਂ ਇਕੋ ਲੇਖਕ ਇਕੋ ਵਿਸ਼ੇ ਤੇ ਦੁਬਾਰਾ ਫਿ਼ਲਮ ਲਿਖੇ ਤਾਂ ਪਰਦੇ ਤੇ ਨਵੀਂ ਦਿੱਖ ਜਾਂ ਹਟਵਾਂਪਣ ਦਿਖਣਾ ਜ਼ਿਆਦਾ ਜ਼ਰੂਰੀ ਵੀ ਹੋ ਜਾਂਦਾ ਹੈ।
ਜੇ ਗੱਲ ਹੁਣ ਫਿ਼ਲਮ ਦੇ ਮੁੱਖ ਕਿਰਦਾਰ ‘ਮਾਂ’ ਦੀ ਕਰੀਏ ਤਾਂ ਦਿਵਿਆ ਦੱਤਾ ਦੀ ਅਦਾਕਾਰੀ ਦਾ ਮੈਂ ਸ਼ੁਰੂ ਤੋਂ ਹੀ ਫੈਨ ਰਿਹਾ ਹਾਂ ਪਰ ਪਤਾ ਨਹੀਂ ਕਿਉਂ ਮਾਂ ਦੇ ਰੂਪ ਵਿਚ ਇਸ ਫ਼ਿਲਮ ਵਿਚ ਉਸ ਦੇ ਹਾਵ-ਭਾਵ, ਸੰਵਾਦ ਅਦਾਇਗੀ, ਆਵਾਜ਼ ਅਤੇ ਪੰਜਾਬੀ ਜ਼ੁਬਾਨ ਦਾ ਸੁਮੇਲ ਜਿਹਾ ਨਹੀਂ ਬੈਠ ਸਕਿਆ, ਕੁਝ ਓਪਰਾ ਓਪਰਾ ਲੱਗ ਰਿਹਾ ਸੀ, ਚਿਹਰੇ ਤੇ ਉਹ ਡੁੰਗਿਆਈ, ਜੋ ਇਸ ਕਰੈਕਟਰ ਦੀ ਮੰਗ ਸੀ, ਓਨੀ ਆ ਨਹੀਂ ਸਕੀ , ਹੋ ਸਕਦਾ ਇਸ ਓਪਰੇਪਣ ਦਾ ਕਾਰਨ ਦਿਵਿਆ ਦੇ ਸਰਲ ਪੰਜਾਬੀ ਜ਼ੁਬਾਨ ਨਾ ਬੋਲਣ ਦੇ ਅਭਿਆਸ ਅਤੇ ਕੁਝ ਵੱਖਰੀ ਆਵਾਜ਼ ਦਾ ਵੀ ਹੋਵੇ।

ਗੱਲ ਉਮਰ ਦੀ ਵੀ ਨਹੀਂ, ਨਿਰਦੇਸ਼ਕ ਨੇ ਉਹ ਗੈਟਅੱਪ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ, ਜੋ ਚਲਦੀ ਫ਼ਿਲਮ ਮੁਤਾਬਕ ਚਾਹੀਦੀ ਸੀ। ਗੱਲ ਸਿਰਫ ਚਿਹਰੇ ਨੂੰ ਕਿਰਦਾਰ ਸੂਟ ਕਰਨ ਦੀ ਹੈ, ਜਿਵੇਂ ਕਿ ਨਿਰੂਪਾ ਰਾਏ ਹਰ ਹਾਲ ਵਿਚ ਮਾਂ ਜਚਦੀ ਸੀ। ਮੈਨੂੰ ਲਗਦਾ ਹੈ ਕਿ ਇਸ ਕਿਰਦਾਰ ਦੀ ਚੋਣ ਵੇਲੇ ਹੋਰ ਓਪਸ਼ਨ ਵੀ ਧਿਆਨ ਵਿਚ ਰੱਖਣੇ ਚਾਹੀਦੇ ਸਨ। ਜਦਕਿ ਬਾਕੀ ਪੰਜਾਬੀ ਕਲਾਕਾਰਾਂ ਦੀ ਚੋਣ ਉਨਾਂ ਦੇ ਕਿਰਦਾਰਾਂ ਮੁਤਾਬਕ ਸਹੀ ਸੀ।
ਅਦਾਕਾਰੀ ਵਜੋਂ ਤਾਂ ਦਿਵਿਆ ਦੱਤਾ ਸਮੇਤ ਸਭ ਨੇ ਇਸ ਫਿ਼ਲਮ ਵਿਚ ਆਪਣੀ ਸਮਰੱਥਾ ਮੁਤਾਬਕ ਬਿਹਤਰ ਪ੍ਰਫੋਰਮੈਂਸ ਦਿੱਤੀ ਪਰ ਮੈਂ ਬਾਕੀ ਕਲਾਕਾਰਾਂ ਦੀ ਵੱਖ ਵੱਖ ਪ੍ਰਫੋਰਮੈਂਸ ਦਾ ਜ਼ਿਕਰ ਨਾ ਕਰਕੇ ਸਿਰਫ ਟਾਈਟਲ ਕਿਰਦਾਰ ਦੀ ਹੀ ਗੱਲ ਕੀਤੀ ਹੈ, ਕਿਉਂਕਿ ਉਹ ਫ਼ਿਲਮ ਦਾ ਧੁਰਾ ਹੈ, ਬਾਕੀ ਦਿਵਿਆ ਦੱਤਾ ਇਕ ਪ੍ਰਪੱਕ ਅਤੇ ਪੇਸ਼ਾਵਾਰਾਨਾ ਅਦਾਕਾਰਾ ਹੈ ਇਸ ਲਈ ਕਰੈਕਟਰ ਮੁਤਾਬਕ ਢੁਕਵੇਂ ਚਿਹਰੇ ਦੇ ਸੁਮੇਲ ਵਾਲੀ ਗੱਲ ਨੂੰ ਉਹ ਵੀ ਜ਼ਰੂਰ ਸਮਝੇਗੀ।

ਜਦੋਂ ਵੱਡੀਆਂ ਫਿ਼ਲਮਾਂ ਲਿਖੀਆਂ ਜਾਂਦੀਆਂ ਅਤੇ ਬਣਦੀਆਂ ਹਨ ਤਾਂ ਇਹਨਾਂ ਦੀ ਤੁਲਨਾ ਅਸੀ ਬਾਲੀਵੁੱਡ ਨਾਲ ਤਾਂ ਕਰ ਬੈਠਦੇ ਹਾਂ ਪਰ ਉਸ ਮੁਤਾਬਕ ਢੁਕਵੇਂ ਪੰਜਾਬੀ ਅਦਾਕਾਰ ਅਜੇ ਵੀ ਬਹੁਤ ਘੱਟ ਹਨ ਸਾਡੇ ਕੋਲ ਅਤੇ ਕੁਝ ਨੂੰ ਸਹੀ ਮੌਕਾ ਵੀ ਨਹੀਂ ਮਿਲ ਰਿਹਾ।
ਜੇ ਥੋੜਾ ਸੋਚ ਕੇ ਵੇਖੀਏ ਤਾਂ ਜਵਾਬ ਵਿਚ ਚੁਪ ਜ਼ਿਆਦਾ ਨਜ਼ਰ ਆਵੇਗ ਕਿ ਪੰਜਾਬੀ ਐਕਟਰਾਂ ਚੋਂ ਮਾਂ ਦੇ ਕਿਰਦਾਰ ਵਾਸਤੇ ਨਿਰੂਪਾ ਰਾਏ ਦਾ ਓਪਸ਼ਨ ਕੀ ਹੋ ਸਕਦਾ ਹੈ, ਯਸ਼ ਚੋਪੜਾ ਦੀਆਂ ਪੰਜਾਬੀ ਨੂੰਮਾ ਹਿੰਦੀ ਫਿ਼ਲਮਾਂ ਵਾਲੇ ਕਲਾਕਾਰ ਸ਼ਾਹਰੁਖ-ਕਾਜੋਲ ਵਰਗੇ ਕਿਹੜੇ ਕਲਾਕਾਰ ਨੇ ਸਾਡੇ ਕੋਲ, ਜੇਕਰ ਕੇ.ਜੀ.ਐਫ. ਚੈਪਟਰ 2 ਵਰਗੀ ਫ਼ਿਲਮ ਪੰਜਾਬੀ ਵਿਚ ਬਣਾਉਣੀ ਹੋਵੇ ਤਾਂ ਯਸ਼ ਵਰਗੇ ਹੀਰੋ ਦਾ ਬਦਲ ਕੀ ਹੈ ਸਾਡੇ ਕੋਲ? “ਸਿੰਘਮ” ਦਾ ਪੰਜਾਬੀ ਰੀਮੇਕ ਕਰ ਕੇ ਵੇਖ ਹੀ ਲਿਆ ਅਸੀਂ ਅਤੇ ਬਾਲੀਵੁੱਡ ਦੀਆਂ ਉਦਹਾਰਣ ਨੁੰਮਾ ਫਿ਼ਲਮਾਂ ਦੇ ਨਿਰਦੇਸ਼ਕਾਂ ਦਾ ਬਦਲ ਵੀ ਕਿੰਨਾ ਕੁ ਹੈ ਸਾਡੇ ਕੋਲ ? ਇਸ ਦਾ ਵੱਡਾ ਅਤੇ ਸਪਸ਼ਟ ਕਾਰਨ ਇਹ ਹੈ ਕਿ ਅਸੀ ਤਕਨੀਕ ਦੀ ਬਰਾਬਰਤਾ ਤਾਂ ਆਪਣੇ ਬਜਟ ਮੁਤਾਬਕ ਕਰ ਲਈ ਹੈ ਅਤੇ ਪੰਜਾਬੀ ਫ਼ਿਲਮਾਂ ਦੀ ਗਿਣਤੀ ਪੱਖੋਂ ਵੀ ਕਾਫੀ ਅੱਗੇ ਹਾਂ ਪਰ ਗੁਣਵੱਤਾ ਪੱਖੋਂ ਅਜੇ ਅਸੀ ਬਹੁਤ ਪਿੱਛੇ ਹਾਂ ਅਤੇ ਵਰਲਡ ਸਿਨੇਮਾ ਵਿਚ ਸਾਡਾ ਪੰਜਾਬੀ ਦੀਆਂ ਉਦਹਾਰਣ ਦੇਣ ਯੋਗ ਫ਼ਿਲਮਾਂ ਜੋਗਾ ਹੋਣਾ ਅਜੇ ਬਾਕੀ ਹੈ, ਜਿਸ ਲਈ ਹੋਰ ਸ਼ਿੱਦਤ ਅਤੇ ਮਿਹਨਤ ਨਾਲ ਅੱਗੇ ਵਧਣਾ ਪਵੇਗਾ।

ਗੱਲ ਫੇਰ ਕਿ ਅਸੀਂ ਪੰਜਾਬੀ ਸਿਨੇਮਾ ਵਾਲਿਆਂ ਦੀ ਤੁਲਨਾ ਕਿਸੇ ਹੋਰ ਨਾਲ ਨਾ ਕਰ ਕੇ ਅਜੇ ਸਿਰਫ ਆਪਣੇ ਵਿਚੋਂ ਹੀ ਬਿਹਤਰੀ ਦੀ ਗੱਲ ਲੱਭੀਏ ਤਾਂ ਜ਼ਿਆਦਾ ਬਿਹਤਰ ਹੈ। ਮੈਨੂੰ ਲਗਦਾ ਹੈ ਕਿ ‘ਮਾਂ’ ਦਾ ਅਜਿਹਾ ਕਿਰਦਾਰ ਕਰਨ ਲਈ ਪੰਜਾਬ ਚੋਂ ਰੁਪਿੰਦਰ ਰੂਪੀ ਇਕ ਬੈਸਟ ਓਪਸ਼ਨ ਹੈ, ਜਿਸ ਦੀ ਮਾਂ ਰੂਪੀ ਅਦਾਕਾਰੀ ਅਸੀਂ ਫ਼ਿਲਮ ‘ਆਸੀਸ’ ਵਿਚ ਪਹਿਲਾਂ ਹੀ ਵੇਖ ਚੁੱਕੇ ਹਾਂ ਅਤੇ ਫ਼ਿਲਮ ‘ਮਾਂ’ ਵਿਚ ਵੀ ਉਸਨੇ ਬਾਕਮਾਲ ਪਾਰਟ ਅਦਾ ਕੀਤਾ ਹੈ।
ਇਸੇ ਲਈ ਸ਼ਾਇਦ “ਆਸੀਸ” ਫਿ਼ਲਮ “ਮਾਂ” ਦੀ ਤੁਲਨਾ ਵਿਚ, ਪੇਸ਼ਕਾਰੀ, ਕਰੈਕਟਰਸ ਦੀ ਚੋਣ ਅਤੇ ਕਹਾਣੀ-ਸੰਵਾਦਾਂ ਮੁਤਾਬਕ ਜ਼ਿਆਦਾ ਬਿਹਤਰ ਬਣੀ ਮਹਿਸੂਸ ਹੁੰਦੀ ਹੈ। ਲੇਖਕ ਦੇ ਨਾਲ ਰਾਣਾ ਰਣਬੀਰ ਇਸ ਫ਼ਿਲਮ ਦਾ ਨਿਰਦੇਸ਼ਕ ਵੀ ਸੀ।
ਜੇ ਫਿਲਮ ‘ਮਾਂ’ ਦੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਦੀ ਗੱਲ ਕਰੀਏ ਤਾਂ ਸਿਨੇਮੇਟੋਗ੍ਰਾਫੀ ਦੇ ਮਾਮਲੇ ਵਿਚ ਤਾਂ ਉਨਾਂ ਦਾ ਦ੍ਰਿਸ਼ ਫ਼ਿਲਮਾਕਣ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਰਚਨਾਤਮਕ ਹੈ, ਪਰ ਬਤੌਰ ਨਿਰਦੇਸ਼ਕ ਅਨਲਕੀਲੀ ਬਹੁਤੇ ਕਾਮਯਾਬ ਨਹੀਂ ਹੋ ਪਾਏ, ਭਾਵੇਂਕਿ ਉਨਾਂ ਦੀਆਂ ਕੋਸ਼ਿਸਾਂ ਸਾਰਥਕ ਰਹੀਆਂ ਹਨ, ਅਤੇ ਫ਼ਿਲਮ ‘ਮਾਂ’ ਦਾ ਨਿਰਦੇਸ਼ਨ ਵੀ ਇਸੇ ਸਾਰਥਕਤਾ ਦੀ ਲੜੀ ਹੈ।

ਫ਼ਿਲਮ ਵਿਚ ਬਾਰ ਬਾਰ ਫਲੈਸ਼ ਬੈਕ ਰਾਹੀਂ ਹਰ ਚੀਜ ਨੂੰ ਜਸਟੀਫਾਈ ਕਰਦੇ ਕਰਦੇ ਅਸੀਂ ਫਿ਼ਲਮ ਦੀ ਸਪੀਡ ਕਾਫੀ ਸਲੋਹ ਕਰ ਬੈਠੇ, ਜਿਸ ਦਾ ਅਸਰ ਸਿਨੇਮਾ ਹਾਲ ਵਿਚ ਬੈਠੇ ਦਰਸ਼ਕਾਂ ਤੋਂ ਵੀ ਪਤਾ ਲੱਗ ਜਾਂਦਾ ਹੈ। ਮੈਨੂੰ ਲਗਦੈ ਕੁੱਝ ਚੀਜ਼ਾਂ ਸਿੰਬੋਲਿਕਲੀ ਦਰਸ਼ਕਾਂ ਦੇ ਸਮਝਣ ਵਾਸਤੇ ਵੀ ਛੱਡ ਦੇਣੀਆਂ ਚਾਹੀਦੀਆਂ ਹਨ ਨਿਰਦੇਸ਼ਕ ਨੂੰ।
ਮੰਨਿਆ ਕਿ ਲੇਖਕ ਨੂੰ ਆਪਣੀ ਲਿਖੀ ਫਿ਼ਲਮ ਦਾ ਹਰ ਸੀਨ ਅਤੇ ਸੰਵਾਦ ਬੱਚੇ ਵਾਂਗ ਪਿਆਰਾ ਹੁੰਦਾ ਹੈ ਅਤੇ ਉਹ ਕਦੇ ਨਹੀਂ ਚਾਹੇਗਾ ਕਿ ਇਸ ਨਾਲ ਕੋਈ ਕੱਟ- ਵੱਢ ਹੋਵੇ, ਪਰ ਨਿਰੇਦਸ਼ਕ ਨੂੰ ਵੀ ਹਰ ਦ੍ਰਿਸ਼ ਵੱਡੇ ਪਰਦੇ, ਦਰਸ਼ਕ ਅਤੇ ਆਪਣੇ ਪੈਰਾਮੀਟਰ ਨਾਲ ਤੋਲਣ ਦੀ ਲੋੜ ਹੁੰਦੀ ਜਿਸ ਲਈ ਉਸ ਨੂੰ ਲੇਖਕ ਨਾਲ ਬੈਠ ਕੇ ਹਰ ਚੀਜ ਦੀ ਕੈਲੈਰਟੀ ਅਤੇ ਕਾਂਟ-ਸ਼ਾਂਟ ਕਰਕੇ ਹੀ ਸਕ੍ਰਿਪਟ ਲਾਕ ਕਰਨੀ ਹੁੰਦੀ ਹੈ।
ਵੈਸੇ ਵੀ ਲੇਖਕ ਨੇ ਹਰ ਚੀਜ਼ ਵਿਸਥਾਰ ਨਾਲ ਲਿਖਣੀ ਹੁੰਦੀ ਹੈ ਪਰ ਨਿਰਦੇਸ਼ਕ ਨੇ ਇਹ ਦੇਖਣਾ ਹੁੰਦਾ ਹੈ ਕਿ ਲੇਖਕ ਦਾ ਲਿਖਿਆ ਵੀ ਲੋਕਾਂ ਤੱਕ ਪਹੁੰਚ ਜਾਏ ਅਤੇ ਫ਼ਿਲਮ ਸੀਨਾਂ ਦੀ ਲੰਬਾਈ ਵੀ ਨਾ ਵਧੇ, ਅਤੇ ਗਤੀ ਵੀ ਤੇਜ਼ ਰਹੇ, ਫਿ਼ਲਮ ਕਟ-ਟੂ -ਕਟ ਅੱਗੇ ਵਧੇ ਤਾਂ ਕਿ ਦਰਸ਼ਕ ਦੀ ਨਜ਼ਰ ਪਰਦੇ ਤੇ ਟਿਕੀ ਰਹੇ।

ਫ਼ਿਲਮ ਦੇ ਬਾਕੀ ਸੀਨਾਂ ਨੂੰ ਤਾਂ ਅਸੀ ਦਰਸ਼ਕਾਂ ਲਈ ਹਰ ਪਾਸਿਓਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਦਿਵਿਆ ਦੱਤਾ ਦੇ ਵੱਡੇ ਮੁੰਡੇ ਬਣੇ ਗਿੱਪੀ ਗਰੇਵਾਲ ਨੂੰ ਧੋਖੇ ਨਾਲ ਜ਼ਹਿਰ ਦਿੱਤਾ ਜਾਂਦਾ ਹੈ ਅਤੇ ਛੋਟਾ ਭਰਾ ਬਣਿਆ ਬਬਲ ਰਾਏ ਜੋ ਕਿ ਪੜਿਆ-ਲਿਖਿਆ ਵੀ ਵਿਖਾਇਆ ਹੈ, ਉਸ ਨੂੰ ਤੜਫਦਾ ਵੇਖ ਉੱਥੇ ਖੜਾ ਹੈਲਪਲੈੱਸ ਕਿਉਂ ਵਿਖਾਇਆ ਗਿਆ, ਜਦਕਿ ਤੁਸੀਂ ਉਹ ਪਿੰਡ, ਉਹਦਾ ਘਰ ਮੋਬਾਈਲਾਂ, ਕਾਰਾਂ ਕੋਠੀਆਂ ਸਮੇਤ ਸਾਰੀਆਂ ਸਹੂਲਤਾਂ ਵਾਲਾ ਵਿਖਾ ਰਹੇ ਹੋ, ਅਜਿਹੇ ਹੀ ਹੋਰ ਸੀਨਾ ਵਿਚ ਮੌਕੇ ਤੇ ਮਰੇ ਨੁੰਮਾ ਕਿਰਦਾਰਾਂ ਨੂੰ ਤੁਸੀਂ ਪ੍ਰੋਪਰ ਹਸਪਤਾਲਾਂ ਵਿਚ ਭਰਤੀ ਵਿਖਾਇਆ ਅਤੇ ਗਿੱਪੀ ਵਾਰੀ ਸਿੱਧੀ ਪਿੰਡ ਚੋਂ ਹੀ ਅਰਥੀ ਘਰ ਵਿਚ, ਮੰਨਿਆ ਉਸ ਦੀ ਮੌਤ ਕਹਾਣੀ ਦੀ ਮੰਗ ਸੀ ਪਰ ਉਸ ਨੂੰ ਬਚਾਉਣ ਦੀ ਕੋਸ਼ਿਸ ਨਾ ਵਿਖਾਉਣੀ ? ਨਿਰਦੇਸ਼ਕ ਦੀ ਅਜਿਹੀ ਅਣਗਹਿਲੀ ਕਿਉਂ ? ਜੇ ਇਸ ਨੂੰ ਫ਼ਿਲਮ ਲਿਬਰਟੀ ਜਾਂ ਸਿੰਬੋਲਿਕ ਨਾਲ ਜੋੜਣਾ ਹੈ ਤਾਂ ਇਸ ਦਾ ਇਸਤੇਮਾਲ ਹੋਰ ਵੀ ਕਈ ਜਗਾ ਹੋ ਸਕਦਾ ਸੀ। ਹੋਰ ਵੀ ਕੁਝ ਸੀਨਾਂ ਦਾ ਫਿ਼ਲਮਾਂਕਣ ਹਲਕਾ ਲੱਗਿਆ ਫਿ਼ਲਮ ਵਿਚ।
ਖੈਰ ਇਹ ਛੋਟੀਆਂ-ਮੋਟੀਆਂ ਗੱਲਾਂ ਛੱਡ ਕੇ ਨਿਚੋੜ ਵੱਲ ਆਉਂਦੇ ਹਾਂ ਕਿ ਇਹ ਇਕ ਵਧੀਆ ਅਤੇ ਭਾਵੁਕਤਾ ਭਰਪੂਰ ਸੰਵਾਦਾ, ਦ੍ਰਿਸ਼ਾਂ ਅਤੇ ਸਾਰਥਕ ਸੰਦੇਸ਼ ਨਾਲ ਲੈਸ ਫਿ਼ਲਮ ਹੈ ਜਿਸ ਦਾ ਗੀਤ-ਸੰਗੀਤ ਵੀ ਸੋਹਣਾ ਹੈ ਅਤੇ ਘੱਟ ਤੋਂ ਘੱਟ ਇਕ ਵਾਰ ਤਾਂ ਸਾਨੂੰ ਸਭ ਨੂੰ ਪਰਿਵਾਰਾਂ ਸਮੇਤ ਅਤੇ ਖਾਸਕਰ ਸਾਡੀ ਨਵੀਂ ਪੀੜੀ ਨੂੰ ਇਹ ਫਿ਼ਲਮ ਜ਼ਰੂਰ ਵੇਖਣੀ ਚਾਹੀਦੀ ਹੈ, ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਦਰਸ਼ਕਾਂ ਦੇ ਹੁੰਗਾਰੇ ਨਾਲ ਅਜਿਹੀਆਂ ਫਿ਼ਲਮਾਂ ਪ੍ਰਤੀ ਨਿਰਮਾਤਾਵਾਂ ਅਤੇ ਅਦਾਕਾਰਾਂ ਦਾ ਹੌਸਲਾ ਬਣਿਆ ਰਹੇਗਾ ਅਤੇ ਪੰਜਾਬੀ ਸਿਨੇਮਾ ਦੀ ਸਾਰਥਿਕਤਾ ਵੀ ਬਰਕਰਾਰ ਰਹੇਗੀ ।

-ਦਲਜੀਤ ਅਰੋੜਾ

Comments & Suggestions

Comments & Suggestions