ਫ਼ਿਲਮ ਸਮੀਖਿਆ/Film Review ‘Galwakdi’ ਪੰਜਾਬੀ ਸਿਨੇਮਾ ਦੀ ਅਪਗ੍ਰੇਡਡ ਯੂਥ ਓਰੀਐਂਟਿਡ ਫ਼ਿਲਮ ਹੈ ‘ਗਲਵੱਕੜੀ’ 🎞🎞🎞🎞🎞🎞🎞🎞🎞

By  |  0 Comments

ਮੈਂ ਪਹਿਲੀ ਵਾਰ ਯੂ.ਕੇ ਵਿਚ ਸ਼ੂਟ ਕਿਸੇ ਪੰਜਾਬੀ ਫ਼ਿਲਮ ਨੂੰ ਜਸਟੀਫਾਈ ਕਰ ਰਿਹਾ ਹਾਂ ਕਿ ਕੋਈ ਓਪਰਾਪਣ ਮਹਿਸੂਸ ਨਹੀਂ ਹੋਇਆ।
ਖੈਰ ਕਹਾਣੀਕਾਰ ਨੇ ਜਿੰਨੀ ਸੰਜ਼ੀਦਗੀ ਅਤੇ ਸਾਦਗੀ ਨਾਲ ਵਿਸ਼ਾ ਲਿਖਿਆ ਹੈ, ਸੰਵਾਦ ਅਤੇ ਪਟਕਥਾ ਵੀ ਉਨੇ ਹੀ ਦਿਲਚਸਪ ਹਨ।
ਦਰਅਸਲ ਇਹ ਇਕ ਸੰਵਾਦ ਪ੍ਰਧਾਨ ਫ਼ਿਲਮ ਹੈ ਜਿਸ ਦੀ ਪੇਸ਼ਕਾਰੀ/ਨਿਰਦੇਸ਼ਨ ਵੀ ਇਸ ਢੰਗ ਨਾਲ ਹੋਇਆ ਹੈ ਕਿ ਬੰਦਾ ਡਾਇਲਾਗ ਸੁੰਨਦਾ ਸੁੰਨਦਾ ਬੋਰ ਨਹੀਂ ਹੁੰਦਾ।
ਫ਼ਿਲਮ ਦੇ ਸੰਵਾਦ ਅਤੇ ਹਲਾਤ ਕਦੇ ਹਲਕਾ ਹਲਕਾ ਹਸਾਉਂਦੇ ਹਨ ਤੇ ਕਦੇ ਭਾਵੁਕ ਕਰਦੇ ਹਨ।ਫਿ਼ਲਮ ਅੱਗੇ ਤੁਰਦੀ ਤੁਰਦੀ ਅੱਜ ਦੀ ਨੌਜਵਾਨ ਪੀੜੀ ਨੂੰ ਬੜੀ ਸਹਿਜਤਾ ਨਾਲ ਛੋਟੀਆਂ ਛੋਟੀਆਂ ਗੱਲਾਂ ਰਾਹੀਂ ਜਿੱਥੇ ਕਈ ਲੁਕਵੇਂ ਸੰਦੇਸ਼ ਦਿੰਦੀ ਹੈ, ਉੱਥੇ ਅਨੁਸਾਸ਼ਨ ਭਰਪੂਰ ਅਤੇ ਸੁਚੱਜੇ ਢੰਗ ਨਾਲ ਜ਼ਿੰਦਗੀ ਜਿਉਣ ਦੇ ਢੰਗ ਸਿਖਾਉਂਦੀ ਹੈ। ਜ਼ਿੰਦਗੀ ਵਿਚ ਅਸੂਲਾਂ ਅਤੇ ਇੱਛਾਵਾਂ ਵਿਚ ਬਰਾਬਰਤਾ ਸਿਖਾਉਂਦੀ ਹੋਈ ਅਤੇ ਪਰਿਵਾਰਿਕ ਰਿਸ਼ਤਿਆਂ ਦੀ ਅਹਿਮੀਅਤ ਦਰਸਾਉਂਦੀ ਇਹ ਫ਼ਿਲਮ ਇਕ ਦੂਜੇ ਦਾ ਸਤਿਕਾਰ ਅਤੇ ਪਿਆਰ ਦੀਆਂ ਸੱਚੀਆਂ ਭਾਵਨਾਵਾਂ ਦੇ ਚਲਦਿਆਂ ਮਾੜੇ-ਚੰਗੇ ਹਲਾਤਾਂ ਵਿਚ ਇਕ-ਦੂਜੇ ਨੂੰ ਕਬੂਲਣ ਲਈ ਰਾਹ ਦਸੇਰੀ ਬਣਦੀ ਹੋਈ ਆਪਣੇ ਉੱਚੇ ਅੰਤਿਮ ਮੁਕਾਮ ਤੇ ਪਹੁੰਚਦੀ ਹੈ।
ਇਹੋ ਜਿਹੀ ਸੰਵਾਦ ਪ੍ਰਧਾਨ ਫ਼ਿਲਮ ਨੂੰ ਦਿਲਚਸਪ ਬਨਾਉਣ ਅਤੇ ਦਰਸ਼ਕਾ ਨੂੰ ਬੰਨੇ ਰੱਖਣ ਲਈ ਕਹਾਣੀ, ਪਟਕਥਾ ਅਤੇ ਸਹੀ ਟ੍ਰੀਟਮੈਂਟ ਦੇ ਨਾਲ ਨਾਲ ਸਭ ਤੋਂ ਵੱਧ ਜ਼ਰੂਰੀ ਹੁੰਦਾ ਹੈ ਫ਼ਿਲਮ ਵਿਚਲੇ ਅਦਾਕਾਰਾਂ ਦੀ ਬੇਹਤਰੀਨ ਅਦਾਕਾਰੀ ਅਤੇ ਇਸ ਫ਼ਿਲਮ ਦੇ ਸਾਰੇ ਹੀ ਕਲਾਕਾਰਾਂ ਨੇ ਆਪੋ ਆਪਣੇ ਕਿਰਦਾਰਾਂ ਨਾਲ ਇਨਸਾਫ ਕੀਤਾ ਹੈ।ਜੇ ਤਰਸੇਮ ਜੱਸੜ ਦੀ ਗੱਲ ਕਰੀਏ ਤਾਂ ਉਸ ਨੇ ਫ਼ਿਲਮ ਵਿਚਲੇ ਆਪਣੇ ਐਟੀਟੀਊਡ ਵਾਲੇ ਕਿਰਦਾਰ ਲਈ ਪੂਰੀ ਮਿਹਨਤ ਕਰਕੇ ਸਿਰੇ ਚੜ੍ਹਾਉਣ ਦੀ ਕਾਮਯਾਬ ਕੋਸ਼ਿਸ ਕੀਤੀ ਹੈ, ਇਸੇ ਤਰਾਂ ਵਾਮੀਕਾ ਗੱਬੀ ਨੇ ਆਪਣੇ ਚੁਲਬੁਲੇ ਕਿਰਦਾਰ ਵਾਲੀ ਬਾਕਮਾਲ ਅਦਾਕਾਰੀ ਨਾਲ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ।

ਵਿਹਲੀ ਜਨਤਾ ਫ਼ਿਲਮਸ ਅਤੇ ਓਮ ਜੀ ਸਟਾਰ ਸਟੂਡੀਓ ਦੀ ਇਸ ਫ਼ਿਲਮ ਦੇ ਬਾਕੀ ਅਦਾਕਾਰਾਂ ਸੀਮਾ ਕੌਸ਼ਲ ਅਤੇ ਸੁੱਖੀ ਚਾਹਲ ਦੀ ਸੁਭਾਵਿਕ ਅਦਾਕਾਰੀ ਵਾਲੀ ਜੋੜੀ, ਪ੍ਰਕਾਸ਼ ਗਾਧੂ, ਹਾਰਬੀ ਸੰਘਾ ਅਤੇ ਹਨੀ ਮੱਟੂ ਦੀ ਰੋਚਕ ਅਦਾਕਾਰੀ, ਰੁਪਿੰਦਰ ਰੂਪੀ, ਬੀ.ਐਨ ਸ਼ਰਮਾ ਅਤੇ ਰਘਬੀਰ ਬੋਲੀ ਦੀ ਮਨੋਰੰਜਨ ਭਰਪੂਰ ਤਿਕੜਮਬਾਜੀ ਆਦਿ ਕਾਫੀ ਦਿਲਚਸਪੀਆਂ ਨੇ ਫਿ਼ਲਮ ਵਿਚ।
ਨਿਰਮਾਤਾ, ਮਨਪ੍ਰੀਤ ਜੌਹਲ, ਮੁਨੀਸ਼ ਸਾਹਨੀ ਦੀ ਇਸ ਫਿ਼ਲਮ ਦੇ ਲੇਖਕ ਰਣਦੀਪ ਚਾਹਲ, ਸਕਰੀਨ ਪਲੇਅ-ਸੰਵਾਦ ਜਗਦੀਪ ਵੜਿੰਗ, ਸਿਨੇਮੇਟੋਗ੍ਰਾਫਰ ਜੇ.ਪੀ. ਸਿੰਘ ਅਤੇ ਨਿਰਦੇਸ਼ਕ ਸ਼ਰਨ ਆਰਟ ਦਾ ਹੈ।
ਜੇ ਫ਼ਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਸਾਰਾ ਗੀਤ-ਸੰਗੀਤ ਆਪੋ ਆਪਣੀ ਥਾਂ ਢੁਕਵਾਂ ਤੇ ਵਧੀਆ ਹੈ ਪਰ “ਯਾਰ ਰਾਜ਼ੀ ਹੈ ਤੇ ਰੱਬ ਰਾਜ਼ੀ ਹੈ “ਸਭ ਤੋ ਜ਼ਿਆਦਾ ਆਕਰਸ਼ਿਤ ਕਰਦਾ ਹੈ, ਜਿਸ ਨੂੰ ਪਵ ਧਾਰੀਆ ਨੇ ਸੰਗੀਤਬਧ ਕੀਤਾ ਹੈ, ਗਾਇਆ ਅਤੇ ਲਿਖਿਆ ਤਰਸੇਮ ਜੱਸੜ ਨੇ ਹੈ।

ਫ਼ਿਲਮ ਦਾ ਆਖਰੀ ਹਿੱਸਾ ਜਿੱਥੇ ਕਿ ਹੀਰੋ- ਹੀਰੋਈਨ ਦਾ ਫਾਈਨਲ ਮਿਲਣ ਹੋਣਾ ਹੁੰਦਾ ਹੈ, ਐਨ ਮੌਕੇ ਤੇ ਹੀਰੋਇਨ ਵਾਮੀਕਾ ਗੱਬੀ ਦਾ ਐਕਸੀਡੈਂਟ ਵਾਲਾ ਸਿਕਿਊਂਸ ਜੇ ਨਾ ਵੀ ਵਿਖਾਉਂਦੇ ਤਾਂ ਵੀ ਫ਼ਿਲਮ ਆਪਣੇ ਸੰਦੇਸ਼ ਭਰਪੂਰ ਅੰਤ ਨਾਲ ਮੁਕੰਮਲ ਸੀ ਪਰ ਸ਼ਾਇਦ ਫ਼ਿਲਮ ਦੀ ਲੰਬਾਈ ਵਧਾਉਣ ਜਾਂ ਲੇਖਕ ਵਲੋਂ ਇਕ-ਦੂਜੇ ਨੂੰ ਹਰ ਹਾਲ ਵਿਚ ਕਬੂਲ ਕਰਨ ਵਾਲੇ ਸੱਚੇ ਪਿਆਰ ਅਤੇ ਕੁਰਬਾਨੀ ਨੂੰ ਸਮਰਪਿਤ ਇਕ ਹੋਰ ਸੰਦੇਸ਼ ਭਰਪੂਰ ਸਿਕਿਊਂਸ ਇਸ ਵਿਚ ਜੋੜਣ ਦੀ ਕੋਸ਼ਿਸ਼ ਸੀ ਇਹ ਸਭ ਕੁਝ।

ਨੋਟ

ਮੇਰੀ ਇਹ ਫ਼ਿਲਮ ਸਮੀਖਿਆ ਪੜ ਕੇ ਹੈਰਾਨ ਨਾ ਹੋਣਾ ਕਿ ਇਕ ਫ਼ਿਲਮ ਦੀ ਐਨੀ ਸਾਰੀ ਤਾਰੀਫ ❗😊
ਇਕ ਗੱਲ ਹੋਰ ਕਿ ਇਸ ਫ਼ਿਲਮ ਦੇ ਨਿਰਮਾਤਾ ਨੇ ਸਾਨੂੰ ਪੰਜਾਬੀ ਸਕਰੀਨ ਲਈ ਮੰਗਣ ਤੇ ਵੀ ਫ਼ਿਲਮ ਦੀ ਐਡ ਨਹੀਂ ਦਿੱਤੀ, ਸ਼ਾਇਦ ਇਹ ਲੋਕ ਸਾਨੂੰ ਫਿ਼ਲਮ ਇੰਡਸਟ੍ਰੀ ਦਾ ਹਿੱਸਾ ਨਹੀਂ ਸਮਝਦੇ। ਖੈਰ ਇਹ ਇਹਨਾਂ ਦੀ ਸੋਚ ਹੈ ਪਰ ਸਾਡੀ ਸੋਚ ਇਹ ਹੈ ਕਿ ਜੇ ਫ਼ਿਲਮ ਸੱਚਮੁੱਚ ਚੰਗੀ ਹੈ ਤਾਂ ਸਾਡੇ ਲਈ ਵੀ ਚੰਗੀ ਹੈ।
ਸੋ ਖਾਸਕਰ ਨੋਜਵਾਨ ਪੀੜੀ ਵਿਚੋਂ ਜੇ ਕਿਸੇ ਫ਼ਿਲਮ ਨਹੀਂ ਦੇਖੀ ਤਾਂ ਜ਼ਰੂਰ ਵੇਖੋ। -ਦਲਜੀਤ ਅਰੋੜਾ

Comments & Suggestions

Comments & Suggestions