ਫ਼ਿਲਮ ਸਮੀਖਿਆ ‘ਨਿੱਕਾ ਜੈਲਦਾਰ 3’.. ਦਿਸ਼ਾਹੀਨ ਸਿਨੇਮੇ ਵੱਲ ਮੁੜਦਾ, ਸਿਰਫ ਹਾਸਿੱਆਂ ਤੱਕ ਸਿਮਟਿਆ ਚਲਚਿੱਤਰ ਹੈ – ਨਿੱਕਾ ਜੈਲਦਾਰ 3

By  |  0 Comments

ਨਿੱਕਾ ਜੈਲਦਾਰ 3 ਵਰਗੀ ਫ਼ਿਲਮ ਦੇਖ ਕੇ ਅਫਸੋਸ ਹੀ ਹੁੰਦਾ ਹੈ ਕਿ ਸਿਆਣੇ ਬਿਆਣੇ ਬੰਦਿਆਂ ਦੀ ਸਾਰੀ ਟੀਮ ਹੋਵੇ ਤੇ ਇਹੋ ਜਿਹੀ ਫ਼ਿਲਮ ਸਾਹਮਣੇ ਆਵੇ । ਜਿਸ ਫ਼ਿਲਮ ਦੀ ਕਹਾਣੀ ਦਾ ਕੋਈ ਸਿਰ ਪੈਰ ਹੀ ਨਾ ਹੋਵੇ ਉੱਥੇ ਕੀ ਕਹੀਏ ਨਿਰਦੇਸ਼ਕ ਨੂੰ ਅਤੇ ਫ਼ਿਲਮ ‘ਚ ਕੰਮ ਕਰਨ ਵਾਲੇ ਲੀਡ ਕਲਾਕਾਰਾਂ ਨੂੰ ਜਿਨ੍ਹਾਂ ਤੋਂ ਉਹਨਾਂ ਦੇ ਚਾਹੁਣ ਵਾਲੇ ਕਈ ਉਮੀਦਾਂ ਰੱਖਦੇ ਹਨ। ਕੀ ਸਿਰਫ ਹਸਾਉਣ ਤੱਕ ਹੀ ਸਿਮਟਿਆ ਰਹੇਗਾ ਸਾਡਾ ਪੰਜਾਬੀ ਸਿਨੇਮਾ ?
20/25 ਕਲਾਕਾਰਾਂ ਦਾ ਸਾਂਝਾ ਫ਼ਿਲਮੀ ਟੱਬਰ ਇੱਕਠਾ ਕਰ ਕੇ ਉਹਨਾਂ ਕੋਲੋਂ ਜੋ ਮਰਜੀ ਊਟਪਟਾਂਗ ਕਰਵਾਈ ਜਾਓ ਤੇ ਜੋ ਮਰਜੀ ਬੁਲਵਾਈ ਜਾਓ ਕਿਉਂਕਿ ਬੇਤੁਕਾ ਹਸਾਉਣ ਦਾ ਠੇਕਾ ਅੱਜ ਕੱਲ੍ਹ ਸਿਰਫ ਆਪਾਂ ਪੰਜਾਬੀ
ਫ਼ਿਲਮਾਂ ਵਾਲਿਆਂ ਹੀ ਚੁੱਕਿਆ ।
ਅੱਜ ਦੇ ਸਮਾਰਟ ਫੋਨ ਵਾਲੇ ਯੁੱਗ ਵਿਚ ਐਡਾ ਵੱਡਾ ਸਾਂਝਾ ਟੱਬਰ ਵੈਸੇ ਤਾਂ ਮਿਲਣਾ ਔਖਾ ਹੈ ਜਿੱਡਾ ਕਿ ਇਸ ਫ਼ਿਲਮ ‘ਚ ਵਿਖਾਇਆ ਗਿਆ ਹੈ ਅਤੇ ਜੇ ਕਿਤੇ ਹੈ ਵੀ ਤਾਂ ਉਹਨਾਂ ਦਾ ਆਪਸੀ ਰਿਸ਼ਤਾ ਬਹੁਤ ਹੀ ਪਿਆਰ ਅਤੇ ਇਤਫ਼ਾਕ ਵਾਲਾ ਹੋਵੇਗਾ ਨਾ ਕਿ ਨੋਟੰਕੀਬਾਜਾਂ ਵਾਲਾ, ਜਿਸ ਤਰਾਂ ਕਿ ਫ਼ਿਲਮ ਨਿੱਕਾ ਜੈਲਦਾਰ 3 ‘ਚ ਨਜ਼ਰ ਆਉਂਂਦਾ ਹੈ, ਜੇ ਹੁਣ ਤੂਸੀ ਇਸ ਨੂੰ ਸਿਚੂਏਸ਼ਨਲ ਕਾਮੇਡੀ ਦਾ ਨਾਮ ਦੇਣਾ ਤਾਂ ਬੇਸ਼ੱਕ ਦਿਓ ਪਰ ਪਹਿਲਾਂ ਕਹਾਣੀ ਦੀ ਸਿਚੂਏਸ਼ਨ ਜ਼ਰੂਰ ਘੜ ਲਵੋ, ਜੋ ਆਮ ਦਰਸ਼ਕਾਂ ਨੂੰ ਹਜ਼ਮ ਹੋਣ ਵਾਲੀ ਹੋਵੇ ।
ਨਾ ਕੋਈ ਫ਼ਿਲਮ ਸੰਗੀਤ ਦਾ ਪ੍ਭਾਵ, ਨਾ ਕੋਈ ਕਹਾਣੀ-ਪਟਕਥਾ ਤੇ ਮੇਹਨਤ ਬਸ ਸਾਰਾ ਦਾ ਸਾਰਾ ਧਿਆਨ ਸਿਰਫ ਕਾਮੇਡੀ ਪੰਚਾਂ ਵੱਲ। ਫ਼ਿਲਮ ਵਿਚ ਦਿਖਾਏ ਗਏ ਪਰਿਵਾਰਕ ਮੈਂਬਰਾਂ ਦਾ ਰਿਸ਼ਤਾ ਭਾਂਵੇ ਕੋਈ ਵੀ ਹੋਵੇ, ਬਿਨਾ ਰਿਸ਼ਤਿਆਂ ਦੀ ਆਪਸੀ ਸੱਭਿਅਤਾ ਦਾ ਖਿਆਲ ਕੀਤੇ ਜੋ ਮਰਜੀ ਬੋਲੀ ਜਾਓ ਇਕ ਦੂਜੇ ਨੂੰ ਤੇ ਕਹਿ ਲੋ ਇਸ ਨੂੰ ਕਾਮੇਡੀ ਜਾ ਫ਼ਿਲਮ ਲਿਬਰਟੀ ।


ਠੀਕ ਹੈ ਚੰਗੀ ਕਾਮੇਡੀ, ਫ਼ਿਲਮ ‘ਚ ਹੋਣਾ ਮਾੜੀ ਗੱਲ ਨਹੀ, ਪਰ ਊਟਪਟਾਂਗ ਕਹਾਣੀ ਦੇ ਨਾਲ ਜੁੜੀ ਹੋਣ ਦੀ ਬਜਾਏ ਕਿਤੇ ਤਾਂ ਪੰਜਾਬੀ ਸਿਨੇਮਾ ਨੂੰ ਅਸਲ ਪੰਜਾਬੀ ਪਰਿਵਾਰਕ ਸੱਭਿਆਚਾਰ ਨਾਲ ਜੋੜ ਕੇ ਰੱਖੀਏ ਤਾਂ ਸੋਹਣਾ ਲੱਗੇ ਸਭ ਕੁਝ।
ਕੀ ਸੰਦੇਸ਼ ਦੇਂਦੀ ਹੈ ਇਹ ਫ਼ਿਲਮ ਨਿੱਕਾ ਜੈਲਦਾਰ 3, ਕਿ ਭੂਤ ਕੱਢਣ ਵਾਲੇ ਬਾਬਿਆਂ ਤੋਂ ਬਚੋ, ਇਹ ਕਿਹੜੀ ਕਿਸੇ ਲੇਖਕ ਦੀ ਨਵੀਂ ਰਚਨਾ ਹੈ ਜਿਹੜੀ ਪਹਿਲੀ ਵਾਰ ਰਚੀ ਗਈ ਹੈ, ਜੇ ਕੋਈ ਹੋਰ ਸੁਨੇਹਾ ਦੇਂਦੀ ਹੈ ਫ਼ਿਲਮ ਤਾਂ ਦੱਸੋ, ਜਿਸ ਕਰਕੇ ਐਡੀ ਵੱਡੀ ਸਟਾਰ ਕਾਸਟ ਨਾਲ ਬੇਅਰਥ ਫ਼ਿਲਮ ਬਣਾ ਛੱਡੀ।
ਨਿਰਦੇਸ਼ਕ ਤੇ ਹੀਰੋ ਦੇ ਨਾਮ ਐਡੇ ਵੱਡੇ ਨੇ ਕੁਝ ਕਹਿਣ ਨੂੰ ਦਿਲ ਨਹੀਂ ਕਰਦਾ ਪਰ ਇੰਝ ਲਗਦੈ ਕਿ ਮਾਮਲਾ ਸਿਰਫ ਕਮਰਸ਼ੀਅਲ ਪੱਖ ਤੱਕ ਹੀ ਸੀਮਤ ਹੈ, ਵਰਨਾ ਸਿਨੇਮੇ ਵਾਲੀ ਗੱਲ ਤਾਂ ਲੱਗੀ ਨਹੀਂ ਕੋਈ ਇਸ ਫ਼ਿਲਮ ਵਿਚ।
ਇਸ ਫ਼ਿਲਮ ਦੇ ਨਿਰਦੇਸ਼ਕ ਅਤੇ ਹੀਰੋ ਦੋਨੋ ਹੀ ਵਧੀਆ ਵਧੀਆ ਫ਼ਿਲਮਾਂ ਪਾ ਚੁੱਕੇ ਨੇ ਪੰਜਾਬੀ ਸਿਨੇਮਾ ਦੀ ਝੋਲੀ, ਜਿਸ ਕਰ ਇਹ ਵੀ ਨਹੀਂ ਕਿਹਾ ਜਾ ਸਕਦਾ ਕੇ ਉਨਾਂ ਨੂੰ ਸਿਨੇਮੇ ਦੀ ਸਮਝ ਨਹੀ ਪਰ ਅਜਿਹੀ ਹੋਪਲੈੱਸ ਫ਼ਿਲਮ ਦੀ ਆਸ ਵੀ ਨਹੀਂ ਸੀ ਦੋਨਾਂ ਤੋਂ। ਜੇ ਫ਼ਿਲਮ ਵਿਚ ਐਡਾ ਵੱਡਾ ਸਾਂਝਾ ਪਰਿਵਾਰ ਵਿਖਾਉਣਾ ਹੀ ਸੀ ਤਾਂ ਸਾਂਝੇ ਪਰਿਵਾਰ ਦੇ ਗੁਣ ਦਸਦਾ ਕੋਈ ਸੁਨੇਹਾ ਭਰਪੂਰ ਵਿਸ਼ਾ ਹੀ ਚੁਣ ਲੈਂਦੇ ਇਸ ਫ਼ਿਲਮ ਲਈ, ਵੈਸੇ ਆਪਾਂ ਇਸ ਟਾਈਟਲ ਦਾ ਖਹਿੜਾ ਕਦੋ ਛੱਡਣੈ ਇਹ ਵੀ ਪਤਾ ਨਹੀਂ, ਜੇ ਬਾਲੀਵੁੱਡ ਵਿਚ ਧੂਮ 1.2.3 ਸੀਰੀਜ਼ ਤੇ ਫ਼ਿਲਮਾਂ ਬਣੀਆਂ ਹਨ ਤਾਂ ਹਰ ਵਾਰ ਪਹਿਲੀ ਨਾਲੋਂ ਵੱਧ ਵਧੀਆ ਬਨਾਉਣ ਦੀ ਕੋਸ਼ਿਸ਼ ਵਿਚ ਨਵੀਂ ਕਹਾਣੀ ਅਤੇ ਨਵੀਂ-ਵੱਡੀ ਸਟਾਰਕਾਸਟ ਨਾਲ ਨਾਕਿ ਬਾਰ ਬਾਰ ਉਹੀ ਰੀਪੀਟ ਟੈਲੀਕਾਸਟ, ਪਤਾ ਨਹੀਂ ਕਿਹੜੇ ਪੰਜਾਬ ਦੇ ਕਿਹੜੇ ਪਿੰਡ ਦੇ ਟੱਬਰ ਨੂੰ ਸਾਹਮਣੇ ਰੱਖ ਕੇ ਲਿਖੀ ਗਈ ਹੈ ਇਸ ਫ਼ਿਲਮ ਦੀ ਕਹਾਣੀ ਜਿਹੜੀ ਥਿਏਟਰਾਂ ਤੋਂ ਬਾਹਰ ਨਿਕਦਿਆਂ ਦਿਮਾਗੋਂ ਬਾਹਰ, ਜਦਕਿ ਇਹ ਫ਼ਿਲਮ ਪਹਿਲੀਆਂ ਦੋਨੋ ਨਾਲੋ ਵੱਧ ਵਧੀਆ ਹੋਣੀ ਚਾਹੀਦੀ ਸੀ ਤਾਂ ਹੀ ਟਾਈਟਲ ਦੁਹਰਾਉਣ ਦਾ ਫਾਇਦਾ ਹੈ।
ਜਿੱਥੇ ਫ਼ਿਲਮ ਵਿਚ ਐਕਟਰ ਵੀ ਇਕ ਤੋਂ ਇਕ ਵਧੀਆ ਹੋਣ, ਫ਼ਿਲਮ ਤੇ ਖਰਚਾ ਵੀ ਪੂਰਾ ਹੋਇਆ ਹੋਵੇ, ਫੇਰ ਕਹਾਣੀ ਨਾਲ ਸਮਝੋਤਾ ਕਿਉਂ, ਕੁਝ ਤਾਂ ਯਾਦ ਰਹੇ ਫ਼ਿਲਮ ਚੋਂ, ਇਹਦੇ ਨਾਲੋਂ ਤਾਂ ਫ਼ਿਲਮ ‘ਮੁਕਲਾਵਾ’ ਕਿਤੇ ਵਧੀਆ ਸੀ ਘੱਟ ਤੋਂ ਘੱਟ ਸੰਗੀਤ ਤਾਂ ਯਾਦਗਰ ਬਣਿਆ..

ਮੇਰੇ ਮੁਤਾਬਕ ਇਹੋ ਜਿਹੀਆਂ ਕਹਾਣੀਆਂ ਨਾਲੋ ਮਨਘੜਤ ਮਨੋਰੰਜਨ ਭਰਪੂਰ ਫ਼ਿਲਮੀ ਕਹਾਣੀਆਂ ਦੀ ਰਚਨਾ ਕਰਨੀ ਅਤੇ ਫ਼ਿਲਮਾਂ ਬਨਾਉਣੀਆਂ ਜ਼ਿਆਦਾ ਬੇਹਤਰ ਹੈ, ਪਰ ਉਸ ਵਿਚ ਵੀ ਤੁਹਾਡੀ ਉੱਚੀ, ਨਿਵੇਕਲੀ ਅਤੇ ਸੁਨੇਹਾ ਭਰਪੂਰ ਕਾਲਪਨਿਕਤਾ ਨਜ਼ਰ ਆਉਣੀ ਚਾਹੀਦੀ ਹੈ, ਫੇਰ ਫ਼ਿਲਮ ਵਿਚ ਤੁਸੀ ਜਿੰਨੀ ਮਰਜੀ ਕਾਮੇਡੀ ਭਰੋ ਕੋਈ ਹਰਜ਼ ਨਹੀਂ ਪਰ ਫ਼ਿਲਮ ਦੀ ਕਹਾਣੀ ਹਰ ਪੇਂਡੂ ਅਤੇ ਸ਼ਹਿਰੀ ਆਮ ਦਰਸ਼ਕਾਂ ਨੂੰ ਦਿਲਚਸਪ ਤਰੀਕੇ ਨਾਲ ਹਜ਼ਮ ਹੋਣ ਵਾਲੀ ਲੱਗੇ, ਨਾ ਕਿ ਤੁਸੀ ਬਾਰ ਬਾਰ ਪਿੰਡਾ ਵਿਚ ਹੀ ਵੜੇ ਰਹੋ। ਆਖਰ ਨਿਚੋੜ ਇਹ ਕਿ ਫ਼ਿਲਮ ਲਈ ਚੁਣੀ ਕਹਾਣੀ ਨੂੰ ਛੱਡ ਕੇ ਹੋਰ ਕੋਈ ਨੁਕਸ ਨਹੀਂ ਹੈ ਫ਼ਿਲਮ ਵਿਚ, ਕਿਉਂਕਿ ਫ਼ਿਲਮ ਵਿਚ ਜਿੰਨੇ ਵੀ ਨੁਕਸ ਹਨ ਸਭ ਕਹਾਣੀ ਨਾਲ ਹੀ ਜੁੜੇ ਹਨ, ਫ਼ਿਲਮ ਦੇ ਐਕਟਰਾਂ ਨਾਲ ਜਾਂ ਕਿਸੇ ਹੋਰ ਵਿਸ਼ੇਸ਼ ਨਾਲ ਨਹੀਂ।ਫ਼ਿਲਮ ਦੀ ਸਾਰੀ ਟੀਮ ਦੇ ਨਾਮ ਹਰ ਥਾਂ ਆਨਲਾਈਨ ਮੌਜੂਦ ਹਨ, ਇਸ ਲਈ ਵੱਖਰੇ ਤੌਰ ਤੇ ਲਿਖਣ ਦੀ ਲੋੜ ਨਹੀਂ ਪਰ ਪਿ੍ੰਟ ਮੈਗਜ਼ੀਨ ਵਿਚ ਜ਼ਰੂਰ ਦੱਸਾਂਗੇ….
ਧੰਨਵਾਦ..

ਦਲਜੀਤ ਅਰੋੜਾ

Comments & Suggestions

Comments & Suggestions