ਫਿ਼ਲਮ ਸਮੀਖਿਆ – ‘ਯਾਰ ਅਣਮੁੱਲੇ ਰਿਟਰਨਜ਼’ ਸਿਰਫ ਟਾਈਟਲ ਹੀ ਕਾਫੀ ਨਹੀਂ, ਕਹਾਣੀ ਅਤੇ ਨਿਰਦੇਸ਼ਨ ਦੀ ਮਜਬੂਤੀ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ !

By  |  0 Comments

ਯੰਗ ਮੰਡਲੀ ਵਿਚ ਇਸ ਫ਼ਿਲਮ ਦਾ ਚਰਚਿਤ ਹੋਣਾ ਸੁਭਾਵਿਕ ਹੈ ਕਿਉਕਿ ਇਹਨਾਂ ਨੂੰ ਹੀ ਆਕਰਸ਼ਿਤ ਕਰਦਾ ਵਿਸ਼ਾ ਛੋਹਿਆ ਗਿਆ ਹੈ ਅਤੇ ਕਿਸੇ ਹੱਦ ਤੱਕ ਇਹਨਾਂ ਲਈ ਇਹ ਫਿਲਮ ਠੀਕ ਵੀ ਹੈ ਪਰ ਇਕ ਪਾਸੇ ਫਿਲਮ ਦੇ ਤਿੰਨੇ ਹੀਰੋ ਕਾਲਜ ਦੇ ਵਿਦਿਆਰਥੀ ਵਿਖਾਏ ਗਏ ਹੋਣ ਦੂਜੇ ਪਾਸੇ ਬਾਰ ਬਾਰ ਸ਼ਰਾਬ ਦਾ ਸੇਵਨ, ਕੋਈ  ਜੱਚਣ ਵਾਲੀ ਗੱਲ ਨਹੀ ਅਤੇ “ਅਲਕੋਹਲ ਨਾ ਵਰਤਣ ਵਾਲੀ” ਸਰਕਾਰੀ ਚਿਤਾਵਨੀ ਵੀ ਕਾਫੀ ਵਾਰ ਸਕਰੀਨ ਤੇ ਚਿਪਕੀ ਨਜ਼ਰ ਆਉਂਦੀ ਹੈ। ਖੈਰ ਫਿਲਮ ਦੇ ਕੁਝ ਗਾਣੇ  ਵਧੀਆ ਸੰਗੀਤਕ ਧੁਨਾਂ ਨਾਲ ਸਵਰੇ ਅਤੇ ਨਾਮੀ ਗਾਇਕਾਂ ਦੀ ਸੋਹਣੀਆਂ ਆਵਾਜ਼ਾਂ ਨਾਲ ਪੇਸ਼ ਕੀਤੇ ਗਏ ਹਨ,ਜੋ ਫਿਲਮ ਵਪਾਰ ਵਿਚ ਸਹਾਈ ਹੋ ਸਕਦੇ ਹਨ ਪਰ ਇੱਥੇ ਇਹ ਵੀ ਗੱਲ ਚੇਤੇ ਰੱਖਣ ਵਾਲੀ ਹੈ ਕਿ ਪਹਿਲੀ ਵਾਲੀ ਫਿਲਮ “ਯਾਰ ਅਣਮੁੱਲੇ” ਦੇ ਸੰਗੀਤ ਦਾ ਮੁਕਾਮ ਅਜੇ ਵੀ ਵੱਖਰਾ ਹੈ। ਪਹਿਲੀ ਹਿੱਟ ਰਹੀ “ਯਾਰ ਅਣਮੁੱਲੇ” ਦਾ ਕ੍ਰੈਡਿਟ ਲੈਣ ਲਈ ਇਹ ਨਾਮ ਵਰਤਿਆ ਗਿਆ ਹੈ ਅਤੇ ਦੋ ਮੇਲ- ਲੀਡ ਚਿਹਰੇ ਹਰੀਸ਼ ਵਰਮਾ ਅਤੇ ਯੁਵਰਾਜ ਹੰਸ ਪਹਿਲੀ ਫਿਲਮ ਵਾਲੇ ਹੀ ਲਏ ਗਏ ਹਨ ਅਤੇ ਤੀਜਾ ਆਰਿਆ ਬੱਬਰ ਦੀ ਜਗਾ ਗਾਇਕ ਪ੍ਬ ਗਿੱਲ ਹੈ। ਤਿੰਨਾਂ ਦੀ ਅਦਾਕਾਰੀ ਫਿਲਮ ਮੁਤਾਬਕ ਆਪੋ ਆਪਣੀ ਜਗਾ ਠੀਕ ਹੈ  ਪਰ ਪਹਿਲਾਂ ਦੀ ਤਰਾਂ ਬਾਜ਼ੀ ਫੇਰ ਅਦਾਕਾਰੀ ਦੇ ਜੌਹਰ ਵਿਖਾਉਣ ਵਿਚ ਹਰੀਸ਼ ਵਰਮਾ ਹੀ ਮਾਰ  ਗਿਆ, ਅਤੇ ਇਸੇ ਦੀ ਉਮਦਾ ਅਦਾਕਾਰੀ ਦਾ ਫਾਇਦਾ ਹੀ  ਫਿਲਮ ਨੂੰ ਰਿਲੀਜ਼ ਤੋਂ ਹੁਣ ਤੱਕ ਦੇ ਦਿਨਾਂ ਦਾ ਮਿਲਦਾ ਨਜ਼ਰ ਆ ਰਿਹਾ  ਹੈ,ਵਰਨਾ ਫਿਲਮ ਤਾਂ ਇਸੇ ਟਾਈਟਲ ਹੇਠ “ਯਾਰ ਅਣਮੁੱਲੇ 2” ਵੀ ਬਣੀ ਸੀ।😊ਇਸੇ ਤਰਾਂ ਜੇ ਗੱਲ ਫਿਲਮ ਵਿਚਲੀਆਂ ਤਿੰਨੋ ਹੀਰੋਇਨਾਂ ਨਵਪ੍ਰੀਤ ਬੰਗਾ,ਨਿਕੀਤ ਢਿੱਲੋਂ ਅਤੇ ਜਸਲੀਨ ਸਲੈਚ ਦੀ ਕੀਤੀ ਜਾਵੇ ਤਾਂ ਫਿਲਮ ਦੀ ਕਹਾਣੀ ਮੁਤਾਬਕ ਉਨਾਂ ਦਾ ਵੀ ਕਾਫੀ ਯੋਗਦਾਨ ਹੈ ਅਤੇ ਆਪੋ ਆਪਣੀ ਜਗਾ ਤਿੰਨਾਂ ਨੇ ਵਧੀਆ ਪਰਫਾਰਮੈਂਸ ਵੀ ਦਿੱਤੀ ਹੈ ਪਰ ਇੱਥੇ ਵੀ ਹਰਿਆਣਵੀ ਕੁੜੀ ‘ਪ੍ਰਯਾਂਕਾ’ ਦੇ ਰੋਲ ਵਿਚ ਜਸਲੀਨ ਦੀ ਅਦਾਕਾਰੀ ਬਾਕੀ ਦੋਨਾਂ ਨੂੰ ਪਛਾੜ ਗਈ । ਕਹਿਣ ਦਾ ਮਤਲਬ ਕਿ ਹਰੀਸ਼ ਵਰਮਾ ਅਤੇ ਜਸਲੀਨ ਦੀ ਜੋੜੀ ਹੀ ਹੀਰੋ- ਹੀਰੋਈਨ ਵਜੋਂ ਉੱਭਰ ਕੇ ਸਾਹਮਣੇ ਆਉਂਦੀ ਹੈ।👍ਇਸੇ ਤਰਾਂ ਕਰੈਕਟਰ ਆਰਟਿਸਟਾਂ ਚੋਂ ਸੰਜੀਵ ਅੱਤਰੀ ਨੇ ਤਾਂ ਵਧੀਆ ਛਾਪ ਛੱਡੀ ਹੀ ਹੈ 👍ਪਰ ਇੱਥੇ ਗੱਲ ਰਾਹੁਲ ਜੁਂਗਰਾਲ ਦੀ ਵੀ  ਵਿਸ਼ੇਸ ਤੌਰ ਤੇ ਕਰਨੀ ਬਣਦੀ ਹੈ ਕਿਉਂਕਿ ਮੈਨੂੰ ਲਗਾਤਾਰ ਇਸ ਦੀਆਂ ਦੋ ਫਿਲਮਾਂ ਉੱਚਾ ਪਿੰਡ ਅਤੇ ਇਸ ਵਿਚ ਇਸ ਦੀ ਅਦਾਕਾਰੀ ਵੇਖਣ ਨੂੰ ਮਿਲੀ।ਰਾਹੁਲ ਦੀ ਅਦਾਕਾਰੀ ਅਤੇ ਚਿਹਰੇ ਵਿਚ ਜੋ ਦੱਮ ਨਜ਼ਰ ਆਇਆ ਜ਼ਰੂਰ ਅਤੇ ਜਲਦ ਹੀ ਇਸ ਨੂੰ ਹੀਰੋਗਿਰੀ ਦੇ ਰਾਹ ਵੱਲ ਤੋਰੇਗਾ, ਵੱਖਰੀ ਗੱਲ ਹੈ ਕਿ ਇਸ ਫਿਲਮ ਵਿਚ ਉਸ ਅੱਧ ਵਿਚਾਲੇ ਗਾਇਬ ਹੀ ਕਰ ਦਿੱਤਾ ਗਿਆ।🤔ਹੁਣ ਜੇ ਗੱਲ ਫਿਲਮ ਦੀ ਕਹਾਣੀ,ਪਟਕਥਾ ਅਤੇ ਸੰਵਾਦਾਂ ਦੀ ਕਰੀਏ ਤਾਂ ਫਿਲਮ ਨੂੰ ਮਨੋਰੰਜਕ ਬਨਾਉਣ ਦੀ ਕੋਸ਼ਿਸ਼ ਤਾਂ ਨਜ਼ਰ ਆਉਂਦੀ ਹੈ ਪਰ ਲੇਖਕ ਇਸ ਦਾ ਅਧਾਰ ਕੋਈ ਠੋਸ ਨਹੀਂ ਘੜ ਸਕਿਆ। ਪਟਕਥਾ ਨੂੰ ਜੋੜੇ ਰੱਖਣ ਵਿਚ ਕਾਮਯਾਬ ਤਾਂ ਹੋਇਆ ਮਗਰ ਬਿਨਾਂ ਵਜਾ ਫਿਲਮ ਨੂੰ ਲਮਕਾਇਆ ਬਹੁਤ ਗਿਆ ਹੈ,ਦਰਅਸਲ ਜਦੋਂ ਕੋਈ ਠੋਸ ਕਹਾਣੀ ਨਾ ਹੋਵੇ ਤਾਂ ਫਾਲਤੂ ਸੀਨਾਂ ਦੀ ਜੋੜ ਤੋੜ ਕਰਦਿਆਂ ਅਕਸਰ ਐਸਾ ਹੋ ਜਾਂਦਾ ਹੈ।ਫਿਲਮ ਦੇ ਮੱਧ ਤੱਕ ਤਾਂ ਚਲੋ ਠੀਕ ਹੈ ਕਹਾਣੀ ਦੀ ਖਿੱਚ ਧੂਹ ਜ਼ਿਆਦਾ ਮਹਿਸੂਸ ਨਹੀਂ ਹੁੰਦੀ। ਅਦਾਕਾਰਾਂ ਦੀ ਚੰਗੀ ਅਦਾਕਾਰੀ,ਗਾਣਾ,ਹਾਸੇ ਮਜ਼ਾਕ ਵਾਲੇ ਅਤੇ ਕੁਝ ਇਮੋਸ਼ਨਲ ਸੰਵਾਦਾਂ ਨਾਲ ਟਾਈਮ ਪਾਸ ਹੋ ਜਾਂਦਾ ਹੈ।

ਨੋਟ: ਫਿਲਮ ਵਿਚਲੇ ਸਿਕਿਊਂਸ ਮੁਤਾਬਕ ਜਦੋ ਹਰੀਸ਼ ਵਰਮਾ ਦੇ ਗਲਤ ਹੋਣ ਦੇ ਸ਼ੱਕ ਕਾਰਨ ਤਿੰਨਾ ਦੋਸਤਾਂ ਵਿਚ  ਗਲਤਫਹਿਮੀ ਪੈਦਾ ਹੁੰਦੀ ਹੈ ਤਾਂ ਹਰੀਸ਼ ਦੀ ਸਹੇਲੀ ਸਮੇਤ ਅਤੇ ਬਾਕੀ ਦੋਨਾਂ ਦੀਆਂ ਗਰਲ ਫਰੈਂਡਾਂ ਅਤੇ ਦੋਨੋ ਹੀਰੋ(ਪੰਜੇ ਜਣੇ) ਨਰਾਜ਼ ਹੋ ਕੇ ਹਰੀਸ਼ ਨੂੰ ਇਕੱਲਿਆਂ ਛੱਡ ਦਿੰਦੇ ਹਨ ਅਤੇ ਮੱਧ ਤੋਂ ਬਾਅਦ ਜਦੋਂ ਇਹ ਗਲਤ ਫਹਿਮੀ ਦੂਰ ਹੋ ਜਾਂਦੀ ਹੈ ਤਾਂ ਹਰੀਸ਼ ਅਤੇ ਉਸ ਦੀ ਗਰਲ ਫਰੈਂਡ ਵਿਚਲੀ ਗਲਤਫਹਮੀ ਨੂੰ ਦੂਰ ਕਰਨ ਦੀ ਬਜਾਏ,ਬਿਨਾਂ ਕਿਸੇ ਅਧਾਰ ਆਖੀਰ ਤੱਕ ਖਿੱਚਣਾ ਨਕਲੀ ਲੱਗਿਆ।🤔 ਯੁਵਰਾਜ ਹੰਸ ਦੇ ਵਿਆਹ ਤੇ ਦੋਨਾਂ ਨੂੰ ਇਕ ਦੂਜੇ ਦੇ ਸਾਹਮਣੇ ਲਿਜਾ ਨੇ ਸਰਪਾਈਜ਼ ਤਰੀਕੇ ਨਾਲ ਦੋਨਾਂ ਦੀ ਗਲਤਫਹਮੀ ਦੂਰ ਹੋ ਜਾਂਦੀ  ਤਾਂ ਮਸਲਾ ਠੀਕ ਸੀ ਪਰ ਇਸੇ ਨੂੰ ਬਾਕੀ ਦੀ ਸਟੋਰੀ ਦਾ ਅਧਾਰ ਬਣਾ ਕੇ ਆਖੀਰ ਤੱਕ ਬੇ ਵਜਾ ਦੇ ਬੋਰਿੰਗ ਸੀਨਾਂ ਨਾਲ ਅੱਗੇ ਤੋਰਨਾਂ ਕਹਾਣੀਕਾਰ ਨੂੰ ਕਮਜ਼ੋਰ ਸਿੱਧ ਕਰਦਾ ਹੈ। ਖੜਾ ਖੜਾ ਵਾਲੇ ਬੇਤੁੱਕੇ ਅਤੇ ਡਬਲ ਮੀਨਿੰਗ ਟਾਈਪ ਸੰਵਾਦ ਦੇ ਬਾਰ ਬਾਰ ਬੇਤੁੱਕੇ ਦੁਹਰਾਣ ਦੀ ਬਜਾਏ ਠੋਸ ਕਹਾਣੀ ਖੜੀ ਕਰਨ ਵੱਲ ਧਿਆਨ ਦਿੱਤਾ ਜਾਂਦਾ ਤਾਂ ਜ਼ਿਆਦਾ ਵਧੀਆ ਗੱਲ ਸੀ। ਬਾਰ ਬਾਰ ਪੇਸ਼ਾਬ ਕਰਨ ਵਾਲੇ ਸੀਨ ਵਿਖਾਉਣਾ ਤੇ ਸਵੇਰ ਵੇਲੇ ਬਾਹਰ ਖੁੱਲ੍ਹੇ ਚ ਬੈਠਣ ਵਾਲੇ ਸੀਨ ਵੱਡੇ ਪਰਦੇ ਤੇ ਵਿਖਾਉਣਾ , ਇਦਾਂ ਤਾਂ ਕਦੇ ਬਾਲੀਵੁੱਡ ਵਾਲੇ ਵੀ ਨਹੀਂ ਕਰਦੇ ਜਿਨਾਂ ਚਿਰ ਤੱਕ ਕੋਈ ਠੋਸ ਕਾਰਨ ਨਾ ਹੋਵੇ। ਪ੍ਰਧਾਨ ਮੰਤਰੀ ਦੀ (ਖੁੱਲ੍ਹੇ ਮੇਂ ਸ਼ੌਂਚ) ਵਾਲੀ ਸਕੀਮ ਦਾ ਹੀ ਖਿਆਲ ਕਰ ਲੈਂਦੇ, ਇਹੋ ਜਿਹੇ ਘਿਸੇ ਪਿਟੇ ਸੀਨਾਂ ਨਾਲ ਫਿਲਮ ਲਮਕਾਉਣ ਵੇਲੇ।😄 ਕਦੇ ਹਰੀਸ਼ ਨੂੰ ਲੱਭਣ ਵੇਲੇ ਕਰਿਆਣੇ ਦੀ ਦੁਕਾਨ ਵਾਲਾ ਸੀਨ ਤੇ ਕਦੇ “ਮੇਰਾ ਪੀਰ ਜਾਣੇ ਮੇਰੀ ਭੀੜ” ਗਾਣੇ ਵਾਲਾ ਜਬਰਦਸਤੀ ਵਾੜਿਆ ਸੀਨ ਆਦਿ ਮਨੀ ਅਤੇ ਟਾਈਮ ਵੇਸਟ ਤੁਲ ਲੱਗੇ ।ਗੱਲ ਨਿਰਦੇਸ਼ਨ ਦੀ ਤਾਂ ਨਿਰਦੇਸ਼ਕ ਦਾ ਕੰਮ ਜਿੱਥੇ ਵਧੀਆ ਸੀਨ ਫਿਲਮਾਉਣਾ ਹੁੰਦਾ ਹੈ, ਉੱਥੇ ਕਹਾਣੀ ਵਿਚਲੇ  ਗੈਰ ਢੁੱਕਵੇਂ ਜਾਪਣ ਵਾਲੇ ਸੀਨਾਂ ਨੂੰ ਫਿਲਮਾਂਕਣ ਤੋਂ  ਬਾਹਰ ਰੱਖਣਾ ਵੀ ਹੁੰਦੈ ,ਕਿਉਂਕਿ ਆਖਰਕਾਰ ਜਵਾਬਦੇਹ ਤਾਂ ਨਿਰਦੇਸ਼ਕ ਹੀ ਹੁੰਦਾ।
ਹੋਰ ਵੀ ਅਣਗਹਿਲੀਆਂ ਜੋ ਨਿਰਦੇਸ਼ਨ ਵਿਚ ਨਜ਼ਰ ਆਈਆਂ ਜਿਵੇਂ ਕਿ ਇਕ ਫਾਈਟ ਸੀਨ ਜਿੱਥੇ ਕਿ ਹਰੀਸ਼ ਵਰਮਾ ਦੇ ਨਾਲ ਨਾਲ ਹੀਰੋਇਨ ਜਸਲੀਨ ਦੇ ਵੀ ਸਿਰ ਦੀ ਸੱਟ ਤੇ ਨੱਕ ਚੋਂ ਵਗਦੇ ਖੂਨ ਕਾਰਨ ਉੱਠਣ ਤੋਂ ਵੀ ਅਸਮਰੱਥ ਬੇਹੱਦ ਜ਼ਖਮੀ ਦਿਖਾਈ ਗਈ ਪਰ ਸਾਰਾ ਧਿਆਨ ਹਰੀਸ਼ ਵੱਲ ਮੋੜਦਿਆਂ ਸਾਰੇ ਉਸ ਨੂੰ ਜ਼ਖਮੀ ਹਾਲਤ ਕਾਰਨ ਹਸਪਤਾਲ ਪਹੁੰਚਾਉਂਦੇ ਹਨ ਤੇ ਹੀਰੋਇਨ ਵਿਚਾਰੀ ਉੱਥੇ ਦੀ ਉੱਥੇ,ਉਸ ਦਾ ਅਤਾ ਪਤਾ ਨਹੀਂ ਤੇ ਅਚਾਨਕ ਬਿਲਕੁਲ ਠੀਕ ਠੀਕ ਅਗਲੇ ਹੀ ਸੀਨ ਵਿਚ ਹਰੀਸ਼ ਦਾ ਪਤਾ ਲੈਣ ਹਸਪਤਾਲ ਆ ਜਾਂਦੀ ਹੈ ਜਦਕਿ ਉਸ ਨੂੰ ਵੀ ਐਡਮਿਟ ਕੀਤਾ ਵਿਖਾਇਆ ਜਾਣਾ ਚਾਹੀਦਾ ਸੀ।ਪਿਆਰ ਦੇ ਇਜ਼ਹਾਰ ਲਈ ਕੁਝ ਹੋਰ ਘੜ ਲੈਂਦੇ ਹਸਪਤਾਲ ਵਿਚ ਹੀ☺️।ਲੇਖਕ ਦਾ ਕੁਝ ਕੰਮ ਆਪਸੀ ਅੰਡਰਸਟੈਂਡਿੰਗ ਨਾਲ ਨਿਰਦੇਸ਼ਕ ਨੇ ਵੀ ਸਵਾਰਨਾ ਹੁੰਦਾ ਹੈ ।ਇਕ ਹੋਰ ਵੱਡੀ ਗਲਤੀ ਕਿ ਫਿਲਮ ਵਿਚ ਜਦ ਇਕ ਪੰਜਾਬੀ,ਇਕ ਹਰਿਆਣਵੀ ਤੇ ਇਕ ਹਿਮਾਚਲੀ ਹੀਰੋਇਨ ਵਿਖਾਈ ਗਈ ਹੈ ਤਾਂ ਪੰਜਾਬੀ-ਹਰਿਆਣਵੀ ਭਾਸ਼ਾ ਦਾ ਇਸਤੇਮਾਲ ਤਾਂ ਠੀਕ ਹੋ ਗਿਆ ਪਰ ਹਿਮਾਚਲੀ ਹੀਰੋਇਨ ਅਤੋ ਉਸ ਦੇ ਪਰਿਵਾਰ ਦੀ ਭਾਸ਼ਾ ਆਪਾਂ ਭੁੱਲ ਹੀ ਗਏ।ਆਪਾਂ ਸਾਰਾ ਯੂਨਿਟ ਲੈ ਕੇ ਪਹਾੜਾਂ ਤੇ ਵੀ ਗਏ, ਕੁੜੀ ਦੇ ਸਾਰੇ ਪਰਿਵਾਰ ਨੂੰ ਹਿਮਾਚਲੀ ਕਪੜੇ ਵੀ ਪੁਆਏ,ਘਰ ਵੀ ਓਦਾਂ ਦਾ ਵਿਖਾਇਆ ਕਹਿਣ ਦਾ ਮਤਲਬ ਕੇ ਪੈਸੇ ਖਰਚ ਕੇ ਚੁੰਨੀ ਵਾਲੇ ਗਾਣੇ ਸਮੇਤ ਪੂਰਾ ਹਿਮਾਚਲੀ ਮਾਹੌਲ ਸਿਰਜਿਆ ਤਾਂ ਥੋੜੇ ਹੋਰ ਪੈਸੇ ਖਰਚ ਕੇ ਐਕਟਰਾਂ ਲਈ ਇਕ ਹਿਮਾਚਲੀ ਭਾਸ਼ਾ ਵਾਲਾ ਟੀਊਟਰ ਹੀ ਰੱਖ ਲੈਂਦੇ ਸ਼ੂਟਿੰਗ ਦੌਰਾਨ , ਤਾਂਕਿ ਮਜ਼ਾਕ ਦੇ ਪਾਤਰ ਨਾ ਬਣਦੇ।🙂 ਬਾਕਮਾਲ ਅਦਾਕਾਰ ਰਾਣਾ ਜੰਗ ਬਹਾਦੁਰ ਦੇ ਮੂੰਹੋਂ ਉਸ ਦੀ ਹਿਮਾਚਲੀ ਗੈਟਅੱਪ ਦੇ ਨਾਲ ਭਾਸ਼ਾ ਵੀ ਖੂਬ ਜੱਚਣੀ ਸੀ। ਮੰਨ ਲਓ ਜੇ ਪੰਜਾਬੀ ਪਰਿਵਾਰ ਵੀ ਹਿਮਾਚਲ ‘ਚ ਰਹਿ ਰਿਹਾ ਹੋਵੇ ਤਾਂ ਓਹ ਵੀ ਹਿਮਾਚਲੀ ਸ਼ਬਦਾਂ ਦਾ ਇਸਤੇਮਾਲ ਸੁਭਾਵਿਕ ਹੀ ਕਰਨ ਲੱਗ ਪੈਂਦਾ ਹੈ ।🙂ਖੈਰ ਇਨਾਂ ਫਿਲਮੀ ਉਨਤਾਈਆਂ ਨੂੰ ੳਜਾਗਰ ਕਰਨ ਦਾ ਮੇਰਾ ਮਕਸਦ ਕਦੇ ਕਿਸੇ ਨੂੰ ਨੀਵਾਂ ਜਾਂ ਬੇਸਮਝ ਵਿਖਾਉਣਾ ਕਦੇ ਨਹੀ ਰਿਹਾ, ਕਿਉਂਕਿ ਮੈਂ ਤਾਂ ਸਿਰਫ ਅਰਾਮ ਨਾਲ ਬੈਠ ਕੇ ਫਿਲਮ ਦੇਖੀ ਹੈ, ਫਿਲਮ ਕਿੱਦਾਂ ਤੇ ਕਿੰਨੀ ਮਿਹਨਤ ਨਾਲ ਲਿਖੀ ਜਾਂ  ਬਣਾਈ ਜਾਂਦੀ ਹੈ ਇਹ ਵੀ ਚੰਗੀ ਤਰਾਂ ਜਾਣਦਾ ਹਾਂ। ਇਸ ਫਿਲਮ ਬਾਰੇ ਤਾਂ ਪਤਾ ਨਹੀਂ ਪਰ ਮੈਨੂੰ ਇਹ ਵੀ ਪਤਾ ਹੈ ਕਿ ਕਿਸੇ ਵੇਲੇ ਕਲਾਕਾਰਾਂ ਦੀ ਫਾਲਤੂ ਦਖਲ ਅੰਦਾਜ਼ੀ ਨਾਲ ਵੀ ਲੇਖਕ-ਨਿਰਦੇਸ਼ਕ ਬੇਵੱਸ ਹੋ ਜਾਂਦੇ ਹਨ।ਬਤੌਰ ਫਿਲਮ ਆਲੋਚਕ ਜਿੱਥੇ ਮੈਂ ਆਪਣਾ ਕੰਮ ਕਰ ਰਿਹਾ ਉੱਥੇ ਮੈਂ ਇਹ ਵੀ ਚਾਹੁੰਦਾ ਹਾਂ ਕਿ ਮੇਰੀਆਂ ਲਿਖਤਾਂ ਵਿਚ ਜੇ ਕਿਸੇ ਨੂੰ ਕੁਝ ਸਹੀ ਲੱਗੇ ਤਾਂ ਅੱਗੋਂ ਫਿਲਮਾਂ ਦੀ ਮੋਕਿੰਗ ਵੇਲੇ ਸੁਧਾਰ ਰੂਪੀ ਉਨਾਂ ਨੂੰ ਵਰਤਣ ਵਿਚ ਵੀ ਕੋਈ ਹਰਜ਼ ਨਹੀਂ ।ਬਾਕੀ ਇਸ ਫਿਲਮ ਤੋਂ ਨਿਰਮਾਤਾ ਦੀ ਖੱਟੀ ਦਾ ਸਹੀ ਪਤਾ ਹਫਤੇ ਦੇ ਆਖੀਰ ਤੱਕ ਹੀ ਸਾਹਮਣੇ ਆਵੇਗਾ । -ਦਲਜੀਤ

Comments & Suggestions

Comments & Suggestions