Pollywood

ਬਾਰ ਬਾਰ ਨਹੀਂ ਬਣ ਸਕਦੀ “ਅਰਦਾਸ ਕਰਾਂ” ਜ਼ਰੂਰ ਵੇਖੋ ਪਰਿਵਾਰ ਸਮੇਤ ! (ਫ਼ਿਲਮ ਸਮੀਖਿਆ)

Written by admin

ਜੇ ਅਸੀਂ ਸਹੀ ਅਰਥਾਂ ਵਿਚ ਸਾਰਥਕ ਪੰਜਾਬੀ ਸਿਨੇਮਾ ਦੇ ਮੁਦਈ ਹਾਂ ਤਾਂ ਅਜਿਹੀਆਂ ਫ਼ਿਲਮਾ ਦਾ ਦਿਲੋਂ ਸਵਾਗਤ ਕਰਨਾ ਸਾਡੀ ਜਿੰਮੇਵਾਰੀ ਬਣਦੀ ਹੈ। ਜਿਹੜੀ ਫ਼ਿਲਮ ਤੁਹਾਡੀ ਜ਼ਿੰਦਗੀ ਦੇ ਨੁਕਸ ਕੱਢਣ ਵਿਚ ਬੜੇ ਮਜ਼ਬੂਤ ਫ਼ਿਲਮਾਂਣਕ ਰਾਹੀਂ ਤੁਹਾਡੇ ਸਹਾਈ ਹੋਵੇ ਅਤੇ ਫ਼ਿਲਮ ਜੋ ਕਹਿਣਾ ਚਾਹ ਰਹੀ ਹੋਵੇ, ਦਰਸ਼ਕਾਂ ਨੂੰ ਉਹ ਸਮਝਾਉਣ ਵਿਚ ਕਾਮਯਾਬ ਹਹੇ ਤਾਂ ਉਸ ਵਿਚੋਂ ਨੁਕਸ ਫਰੋਲਣਾ ਸ਼ਾਇਦ ਬਤੌਰ ਫ਼ਿਲਮ ਅਲੋਚਕ ਮੇਰੇ ਮੁਤਾਬਕ ਮੁਨਾਸਿਬ ਨਹੀ ਹੋਵੇਗਾ।

ਜਿਹੜੀਆਂ ਸਮਾਜਿਕ ਫ਼ਿਲਮਾਂ ਜਨੂੰਨ ਜਜ਼ਬਾਤਾਂ ਅਤੇ ਨਾ ਭੁੱਲਣਯੋਗ ਸੰਦੇਸ਼ਮਈ ਸੰਵਾਦਾਂ ਨਾਲ ਰਚੀਆਂ ਜਾਣ ਉਨਾਂ ਦੀਆਂ ਕਹਾਣੀਆਂ ਨੂੰ ਹੋਰਨਾਂ ਨਾਲ ਮੇਲਣ ਦੀ ਬਜਾਏ, ਫ਼ਿਲਮ ਮੇਕਰਾਂ ਦੁਆਰਾ ਅਜਿਹੇ ਗੈਰ ਵਪਾਰਕ ਅਤੇ ਸਮਾਜਿਕ ਸੇਧ ਦੇਣ ਵਾਲੇ ਜ਼ੋਖਮ ਭਰਪੂਰ ਮੁੱਦੇ ਛੋਹਣ ਦੇ ਦਲੇਰਆਨਾ ਕਦਮ ਲਈ ਉਨਾਂ ਦਾ ਹੌਸਲਾ ਵਧਾਉਣਾ ਅਤੇ ਉਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ।
ਸਮਾਜਿਕ ਤਾਣੇ ਬਾਣੇ ਦੀਆਂ ਪ੍ਸਤਿੱਥੀਆਂ ਚੋਂ ਉਪਜੀਆਂ ਫ਼ਿਲਮੀ ਕਹਾਣੀਆਂ ਦਾ ਕਿਤੇ ਨਾ ਕਿਤੇ ਹੋਰ ਫ਼ਿਲਮਾਂ ਨਾਲ ਮੇਲ ਖਾਣਾ ਸੁਭਾਵਿਕ ਹੈ ਅਤੇ ਕਿਸੇ ਵੀ ਇਕ ਸਮਾਜਿਕ ਵਿਸ਼ੇ ਵਾਲੀ ਫ਼ਿਲਮ ਚੋਂ ਬਿਨਾ ਕਾਪੀ ਰਾਈਟ ਦੀ ਉਲੰਘਣਾ, ਦੱਸ ਨਵੀਆਂ ਫ਼ਿਲਮੀ ਕਹਾਣੀਆਂ ਦਾ ਜਨਮ ਹੋ ਸਕਦਾ ਹੈ ਜੇ ਲੇਖਕ ਸੂਝਬੂਝ ਵਾਲਾ ਰਚਨਾਤਮਕ ਦਿਮਾਗ ਰੱਖਦਾ ਹੋਵੇ।
ਜਿੱਥੋ ਤੱਕ ਫ਼ਿਲਮ “ਅਰਦਾਸ ਕਰਾਂ ” ਦੀ ਗੱਲ ਹੈ ਇਸ ਦੀ (ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਲਿਖਤ ਮਜਬੂਤ ਪਟਕਥਾ-ਕਹਾਣੀ ) ਪੰਜਾਬੀ ਸਿਨੇਮਾ ਲਈ ਸੱਚਮੁੱਚ ਨਿਵੇਕਲੀ ਹੈ, ਜਿੱਥੇ ਵਿਦੇਸ਼ਾਂ ਵਿਚ ਰਹਿ ਰਹੇ ਬਜ਼ੁਰਗਾਂ ਦੀ ਦਾਸਤਾਨ ਦੇ ਨਾਲ ਨਾਲ ਕਈ ਕੁਦਰਤਨ ਜਾਂ ਗੈਰ ਕੁਦਰਤਨ ਕਾਰਨਾਂ ਤੋਂ ਪੈਦਾ ਹੋਈਆਂ ਸਮਾਜਿਕ, ਪਰਿਵਾਰਕ ਉਨਤਾਈਆਂ ਅਤੇ ਉਨਾਂ ਦੇ ਸਾਰਥਕ ਹਲ ਨੂੰ ਵਿਅੰਗਤਾ ਅਤੇ ਜ਼ਿੰਮੇਵਾਰਾਨਾ, ਦੋਨਾਂ ਢੰਗਾਂ ਰਾਹੀਂ ਜਿਸ ਬਾਖੂਬੀ ਨਾਲ ਲਿਖਣ ਉਪਰੰਤ ਪਰਦੇ ਤੇ ਉਤਾਰਿਆ ਗਿਆ ਹੈ ਉਸ ਲਈ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਦੋਨੋ ਸ਼ਲਾਘਾ ਭਰਪੂਰ ਵਧਾਈ ਦੇ ਪਾਤਰ ਹਨ।
ਹੁਣ ਜੇ ਇਸ ਦੇ ਮਜਬੂਤ ਨਿਰਦੇਸ਼ਨ ਅਤੇ ਕਹਾਣੀ-ਪਟਾਕਥਾ ਨੂੰ ਦਿੱਤੇ ਗਏ ਸ਼ਾਨਦਾਰ ਟਰੀਟਮੈਂਟ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਨੇ ਆਪ ਨਾਇਕ ਹੁੰਦਿਆਂ ਹੋਇਆਂ ਵੀ, ਜਿਸ ਤਰਾਂ ਕਹਾਣੀ ਦੇ ਸਾਰੇ ਪਾਤਰਾਂ ਨੂੰ ਆਪੋ ਆਪਣੀ ਜਗਾ ਬਿਨਾ ਕਿਸੇ ਵਿਤਕਰੇ ਤੋਂ ਬਰਾਬਰ ਦੀ ਮਜਬੂਤੀ ਨਾਲ ਖੜੇ ਕਰ ਕੇ ਉਨਾਂ ਦੀ ਬਹੁਰੰਗੀ ਅਦਾਕਾਰੀ ਨੂੰ ਦਰਸ਼ਕਾਂ ਸਾਹਮਣੇ ਰੱਖਿਆ ਹੈ, ਕੋਈ ਦੂਰਅੰਦੇਸ਼ ਅਤੇ ਸੂਝਵਾਨ ਨਿਰਦੇਸ਼ਕ ਹੀ ਕਰ ਸਕਦਾ ਹੈ, ਇਨਾਂ ਹੀ ਬੱਸ ਨਹੀ ਬਲਿਕ ਆਪ ਗਾਇਕ ਹੁੰਦਿਆਂ ਸਾਰੇ ਗਾਣੇ ਨਾ ਗਾ ਕੇ, ਫ਼ਿਲਮ ਦੇ ਕਲਾਕਾਰਾਂ ਮੁਤਾਬਕ ਢੁਕਵੀਆਂ ਆਵਾਜ਼ਾਂ ਦੀ ਚੋਣ ਕੀਤੀ ਹੈ ਜੋ ਕਿ ਸਹੀ ਫ਼ਿਲਮ ਮੇਕਿੰਗ ਦੀ ਵੱਡੀ ਅਤੇ ਈਮਾਨਦਾਰ ਨਿਸ਼ਾਨੀ ਹੁੰਦੀ ਹੈ।
ਫ਼ਿਲਮ ਦਾ ਸੰਗੀਤ ਅਤੇ ਬੈਕਰਾਉਂਡ ਸਕੋਰ ਸਹੀ ਅਰਥਾਂ ਵਿਚ ਫ਼ਿਲਮੀ ਲਗਦੇ ਹਨ, ਜਿਸ ਲਈ ਜਤਿੰਦਰ ਸ਼ਾਹ ਦੀ ਸੂਝ ਬੂਝ ਦੀ ਤਾਰੀਫ ਕੀਤੇ ਬਿਨਾ ਨਹੀਂ ਰਿਹਾ ਜਾ ਸਕਦਾ। ਜਿੱਥੇ ਹੈਪੀ ਰਾਏਕੋਟੀ ਅਤੇ ਰਿੱਕੀ ਖਾਨ ਵਲੋ ਰਚੇ ਇਸ ਫ਼ਿਲਮ ਦੇ ਗੀਤਾਂ ਦੇ ਬੋਲ ਗਹਿਰਾਂ ਪ੍ਭਾਵ ਛੱਡਦੇ ਹਨ ਉੱਥੇ ਡੀ.ਓ.ਪੀ ਬਲਜੀਤ ਸਿੰਘ ਦਿਉ ਵਲੋਂ ਆਪਣੀ ਤੀਸਰੀ ਫ਼ਿਲਮੀ ਅੱਖ ਨਾਲ ਕੈਮਰੇ ‘ਚ ਕੈਦ ਕੀਤੇ ਕਨੇਡਾ ਦੇ ਦਿਲਕਸ਼ ਨਜ਼ਾਰੇ ਯਕੀਕਣ ਹੀ ਦਰਸ਼ਕਾਂ ਦੇ ਮਨਾ ਵਿਚ ਇਹ ਲੋਕੇਸ਼ਨਾ ਹਕੀਕੀ ਤੌਰ ਤੇ ਅੱਖੀ ਵੇਖਣ ਦੇ ਸੁਪਨੇ ਜਗਉਂਦੀਆਂ ਹਨ।
ਪੰਜਾਬੀ ਸਿਨੇਮਾ ਨੂੰ ਐਡੀ ਮਜਬੂਤ ਨਿਰਦੇਸ਼ਨ ਵਾਲੀ ਫ਼ਿਲਮ ਦੇ ਕੇ ਜਿੱਥੇ ਗਿੱਪੀ ਗਰੇਵਾਲ ਨੇ ਆਪਣਾ ਨਾਮ ਸੂਝਵਾਨ ਨਿਰਦੇਸ਼ਕਾਂ ਵਿਚ ਸ਼ਾਲਮ ਕਰਵਾ ਲਿਆ ਹੈ ਉੱਥੇ ਰਾਣਾ ਰਣਬੀਰ ਨੇ ਵੀ ਆਪਣੀ ਦਮਦਾਰ ਕਲਮ ਤੋਂ ਕਹਾਣੀ ਦੇ ਨਾਲ ਨਾਲ ਨਾ ਭੁੱਲਣਯੋਗ ਇਤਿਹਾਸਕ ਸੰਵਾਦ ਰਚ ਕੇ ਜਿੱਥੇ ਸਮਾਜ ਪ੍ਤੀ ਆਪਣੀ ਚੇਤਨਾ ਅਤੇ ਜ਼ਿੰਮੇਵਾਰੀ ਦਾ ਲੋਹਾ ਮਨਵਾਉਣ ਦੇ ਨਾਲ ਨਾਲ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਸੂਝਵਾਨ ਸਿਨੇ ਦਰਸ਼ਕਾਂ ਦਾ ਵਰਗ ਅਜੇ ਵੀ ਬਰਕਰਾਰ ਹੈ ਜੋ ਅਜਿਹੀਆਂ ਫ਼ਿਲਮਾਂ ਨੂੰ ਸਿਰ ਤੇ ਚੁੱਕਣ ਨੂੰ ਤਿਆਰ ਹੈ ਜੋ ਸੋਹਣੇ ਸਮਾਜ ਨੂੰ ਰਚਣ ਵਿਚ ਸਹਾਈ ਹੋਣ।
ਹੁਣ ਜੇ ਫ਼ਿਲਮ ਦੇ ਅਦਾਕਾਰਾਂ ਦੀ ਗੱਲ ਕਰੀਏ ਤਾਂ ਸਾਰੇ ਹੀ ਦੱਮਦਾਰ ਕਲਾਕਾਰਾਂ ਦੇ ਵੱਖੋ ਵੱਖ ਨਾਮ ਲੈਣ ਦੀ ਸ਼ਾਇਦ ਜ਼ਰੂਰਤ ਨਹੀਂ ਕਿਉਂਕਿ ਜਿਨਾਂ ਨੇ ਫ਼ਿਲਮ ਦੇਖ ਲਈ ਹੈ ਉਹ ਚੰਗੀ ਤਰਾਂ ਜਾਣਦੇ ਹਨ ਕਿ ਹਰ ਕਲਾਕਾਰ ਨੇ ਆਪਣਾ ਉਹ ਰੂਪ ਪੇਸ਼ ਕੀਤਾ ਹੈ ਜਿਸ ਨੂੰ ਸ਼ਾਇਦ ਦਰਸ਼ਕਾਂ ਨੇ ਪਹਿਲਾਂ ਬਹੁਤ ਘੱਟ, ਇਸ ਲਈ ਵੇਖਿਆ ਹੋਵੇਗਾ ਕਿ ਕਾਮੇਡੀ ਟਾਈਪ ਫ਼ਿਲਮਾਂ ਦਾ ਯੁੱਗ ਚਲਦਿਆਂ ਸ਼ਾਇਦ ਉਨਾਂ ਨੂੰ ਆਪਣੀ ਅਜਿਹੀ ਅਦਾਕਾਰੀ ਵਿਖਾਉਣ ਦਾ ਮੌਕਾ ਹੀ ਨਹੀ ਮਿਲਿਆ, ਖਾਸਕਰ ਰਾਣਾ ਜੰਗ ਬਹਾਦੁਰ ਅਤੇ ਉੇਸ ਤੋਂ ਇਲਾਵਾ ਮਲਕੀਤ ਰੋਣੀ ਜਿਸ ਦੀ ਚੋਣ ਨਿਰਦੇਸ਼ਕ ਲਈ ਬਹੁਤ ਹੀ ਪ੍ਫੈਕਟ ਸਾਬਿਤ ਹੋਈ। ਜਿਸ ਨਾਲ ਜਿੱਥੇ ਰੋਣੀ ਦੀ ਅਦਾਕਾਰੀ ਦਾ ਨਿਵੇਕਲਾ ਰੂਪ ਸਾਹਮਣੇ ਆਇਆ ਉੱਥੇੇੇ ਉਸ ਵਲੋਂ ਨਿਭਾਏ ਗਏ ਸ਼ਾਨਦਾਰ ਰੋਲ ਨੇ ਉਸ ਨੂੰ ਪੰਜਾਬੀ ਸਿਨੇਮਾ ਦੇ ਵੱਡੇ ਨਾਵਾਂ ਵਾਲੇ ਚਰਿੱਤਰ ਕਲਾਕਾਰਾਂ ਦੀ ਕਤਾਰ ਵਿਚ ਖੜਾ ਕੇ ਉਸ ਦੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ, ਜਿਸ ਲਈ ਉਹ ਵਿਸ਼ੇਸ਼ ਤੌਰ ਤੇ ਵਧਾਈ ਦਾ ਪਾਤਰ ਹੈ।
ਪਹਿਲੀ ਵਾਰ ਫ਼ਿਲਮੀ ਪਰਦੇ ਤੇ ਉਤਰੀ ਅਦਾਕਾਰਾ ਸੀਰਤ ਰਾਣਾ ਅਤੇ ਗਿੱਪੀ ਦੇ ਬੇਟੇ ਨੇ ਵੀ ਦਰਸ਼ਕਾਂ ਦੇ ਦਿਲਾਂ ਨੂੰ ਬਾਖੂਬੀ ਛੂਹਿਆ। ਜੇ ਫ਼ਿਲਮ ਦੇ ਨਾਇਕ ਗਿੱਪੀ ਗਰੇਵਾਲ ਦੀ ਗੱਲ ਕਰੀਏ ਤਾਂ ਉਸ ਲਈ ਵੀ ਇਹ ਰੋਲ ਚਨੌਤੀ ਭਰਿਆ ਸੀ, ਜਿਸ ਵਿਚ ਉਹ ਵੀ ਬਾਖੂਬੀ ਪਾਸ ਹੋ ਗਿਆ, ਉਸ ਦੇ ਚਿਹਰੇ ਤੇ ਵੀ ਅਦਾਕਾਰੀ ਦੇ ਉਹ ਹਾਵ-ਭਾਵ ਦਿਸੇ ਜੋ ਪਹਿਲਾਂ ਨਹੀ ਦੇਖੇ ਗਏ।
ਗੁਰਪ੍ਰੀਤ ਘੁੱਗੀ ਦੇ ਰੋਲ ਦੀ ਤਾਰੀਫ ਲਈ ਤਾਂ ਸ਼ਾਇਦ ਲਫ਼ਜ਼ਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਅਤੇ ਸਰਦਾਰ ਸੋਹੀ ਦਾ ਤਾਂ ਹਰ ਵਾਰ ਹੀ ਨਵਾਂ ਰੂਪ ਵੇਖਣ ਨੂੰ ਮਿਲਦਾ ਹੈ ਜੋ ਆਪਣੀ ਛਾਪ ਛੱਡ ਹੀ ਜਾਂਦਾ ਹੈ। ਕੁਲਜਿੰਦਰ ਸਿੱਧੂ ਵੀ ਨਵੀਂ ਦਿੱਖ ਵਿਚ ਖੂਬ ਜਚਿਆ।
ਇਸ ਫ਼ਿਲਮ ਨੂੰ ਵੇਖਣ ਤੋਂ ਪਹਿਲਾਂ ਇਹ ਵੀ ਸੁਣਿਆ ਸੀ ਕਿ ਮੱਧ ਤੋਂ ਬਾਅਦ ਫ਼ਿਲਮ ਦੇ ਕੁਝ ਦਿ੍ਸ਼ ਢਿੱਲੇ ਜਾ ਬੇਲੋੜੇ ਹਨ, ਪਰ ਫ਼ਿਲਮ ਵੇਖਣ ਉਪਰੰਤ ਅਜਿਹਾ ਕੁਝ ਵੀ ਨਹੀਂ ਮਹਿਸੂਸ ਹੁੰਦਾ, ਕਿਉਂਕਿ ਜਦੋਂ ਦਰਸ਼ਕ ਇਕ ਚਿੱਤ ਟਿਕਟਿਕੀ ਲਾ ਕੇ ਫ਼ਿਲਮ ਵੇਖ ਰਿਹਾ ਹੋਵੇ ਤਾਂ ਸਮਝੋ ਕਿ ਇਹ ਦਿ੍ਸ਼ ਵੀ ਕਿਤੇ ਨਾ ਕਿਤੇ ਕਹਾਣੀ ਨੂੰ ਸਹਾਈ ਹੋ ਰਹੇ ਹਨ ਅਤੇ ਆਮ ਦਰਸ਼ਕਾਂ ਤੇ ਵੀ ਕੋਈ ਢਿੱਲਾ ਪ੍ਭਾਵ ਵੀ ਨਜ਼ਰ ਨਹੀਂ ਆਇਆ, ਵੈਸੇ ਵੀ ਮਿਹਨਤ ਅਤੇ ਜਨੂੰਨ ਨਾਲ ਲਿਖਣ ਅਤੇ ਫ਼ਿਲਮਾਉਣ ਤੋਂ ਬਾਅਦ ਸੋਹਣੇ ਦਿ੍ਸ਼ਾ ਨੂੰ ਕੱਟਣਾ ਲੇਖਕ ਅਤੇ ਨਿਰਦੇਸ਼ਕ ਲਈ ਔਖਾ ਕੰਮ ਹੁੰਦਾ ਹੈ ਅਤੇ ਜੇ ਇਸ ਫ਼ਿਲਮ ਦੇ ਕੁਝ ਦਿ੍ਸ਼ ਕੱਟ ਦਿੱਤੇ ਜਾਂਦੇ ਤਾਂ ਦਰਸ਼ਕਾਂ ਨੇ ਕੁਝ ਹੋਰ ਦਿਲ ਵਿਚ ਉਤਰਣ ਵਾਲੇ ਸੰਵਾਦਾ ਅਤੇ ਇੱਕ ਅੱਧ ਹੋਰ ਸਮਾਜਿਕ ਸੱਚਾਈ ਤੋਂ ਵਾਂਝੇ ਰਹਿ ਜਾਣਾ ਸੀ।
ਅੰਤ ਵਿਚ ਇਹੀ ਕਹਾਂਗਾ ਕਿ ਇਹ ਫ਼ਿਲਮ ਆਉਣ ਵਾਲੇ ਦਿਨਾਂ ਵਿਚ ਵਪਾਰਕ ਕਮਾਈ ਕਿੰਨੀ ਕਰਦੀ ਹੈ ਇਹ ਤਾਂ ਬਾਅਦ ਵਿਚ ਪਤਾ ਲੱਗੇਗਾ ਪਰ ਯਕੀਨਣ ਹੀ ਇਹ ਫ਼ਿਲਮ ਪੰਜਾਬੀ ਸਿਨੇਮਾ ਲਈ ਇਕ ਕਾਬਿਲ-ਏ-ਤਾਰੀਫ਼ ਇਤਹਾਸਕ ਦਸਾਵੇਜ਼ ਬਣ ਕੇ ਉਭਰੇਗੀ, ਜਿਸ ਲਈ ਰਹਿੰਦੇ ਸਮੇ ਤੱਕ ਇਸ ਨੂੰ ਯਾਦ ਰੱਖਿਆ ਜਾਵੇਗਾ। ਮੇਰੀ ਸਿਨੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਪਰਿਵਾਰਾ ਸਮੇਤ ਇਹ ਫ਼ਿਲਮ ਜ਼ਰੂਰ ਵੇਖੀ ਜਾਵੇ, ਜਿਸ ਨੂੰ ਵੇਖਣ ਉਪਰੰਤ ਜਿੱਥੇ ਤੁਹਾਨੂੰ ਸਭ ਨੂੰ ਆਪਣੇ ਪੰਜਾਬੀ ਸਿਨੇਮਾ ਤੇ ਮਾਣ ਮਹਿਸੂਸ ਹੋਵੇਗਾ ਉੱਥੇ ਇਸ ਫ਼ਿਲਮ ਦੀ ਕਹਾਣੀ ਜ਼ਰੂਰ ਹੀ ਤੁਹਾਡੇ ਅਤੇ ਤੁਹਾਡੀ ਔਲਾਦ ਦੇ ਜੀਵਨ ਮਾਰਗ ਵਿਚ ਕਿਤੇ ਨਾ ਕਿਤੇ ਕੁਝ ਵਧੀਆ ਜਜ਼ਬੇ ਭਰਨ ਵਿਚ ਸਹਾਈ ਸਿੱਧ ਹੋਵੇਗੀ।
ਹੋ ਸਕਦਾ ਹੈ ਕਿ ਕੁਝ ਲੋਕਾਂ ਨੂੰ ਇਹ ਫ਼ਿਲਮ ਸਮੀਖਿਆ ਜਜ਼ਬਾਤੀ ਲੱਗੇ ਪਰ ਮੇਰੇ ਇਹ ਜਜ਼ਬਾਤ ਪੰਜਾਬੀ ਸਿਨੇਮਾ ਲਈ ਹਨ ਨਾਕਿ ਇਕ ਵਿਸ਼ੇਸ਼ ਫ਼ਿਲਮ ਲਈ। ਪੰਜਾਬੀ ਸਕਰੀਨ ਅਦਾਰੇ ਵਲੋਂ ਨਿਰਦੇਸ਼ਕ ਗਿੱਪੀ ਗਰੇਵਾਲ ਅਤੇ ਲੇਖਕ ਰਾਣਾ ਰਣਬੀਰ ਸਮੇਤ ਸਾਰੀ ਟੀਮ ਨੂੰ ਪੰਜਾਬੀ ਸਿਨੇਮਾ ਦੀ ਝੋਲੀ ਇਕ ਮਜਬੂਤ ਸਾਰਥਕ (ਜੀਵਨਧਾਰਾ) ਫ਼ਿਲਮ ਪਾਉਣ ਲਈ ਬਹੁਤ ਬਹੁਤ ਧੰਨਵਾਦ ਅਤੇ ਵਧਾਈ ਦੇ ਨਾਲ ਨਾਲ ਇਸ ਦੀ ਵਪਾਰਕ ਚੜਦੀਕਲਾ ਲਈ ਸ਼ੁੱਭ ਕਾਮਨਾਵਾਂ।
-ਦਲਜੀਤ ਅਰੋੜਾ

Comments & Suggestions

Comments & Suggestions

About the author

admin