ਬਿਹਤਰੀਨ ਅਦਾਕਾਰਾ ਅਤੇ ਸੁਲਝੀ ਸ਼ਖ਼ਸੀਅਤ ਗੁਰਪ੍ਰੀਤ ਕੌਰ ਭੰਗੂ

By  |  0 Comments

1ਅੱਜ ਮੈਂ ਆਪਣੇ ਪਾਠਕਾਂ ਨੂੰ ਇਕ ਅਜਿਹੀ ਸ਼ਖ਼ਸੀਅਤ ਦੇ ਸਨਮੁੱਖ ਕਰਵਾਉਣ ਜਾ ਰਹੀ ਹਾਂ, ਜੋ ਰੱਬੀ ਰੂਹ ਹੈ। ਸਮਾਜ ਸੇਵਾ ਦੀ ਪੁੰਜ ਹੈ। ਕ੍ਰਾਂਤੀਕਾਰੀ ਵਿਚਾਰਾਂ ਨਾਲ ਭਰੀ ਹੋਈ ਥੀਏਟਰ ਅਤੇ ਸਿਨੇਮਾ ਨੂੰ ਸਮਰਪਿਤ ਇਹ ਸ਼ਖ਼ਸੀਅਤ ਕੋਈ ਹੋਰ ਨਹੀਂ, ਬਲਕਿ ਪੰਜਾਬੀ ਸਿਨੇਮੇ ਦਾ ਜਾਣਿਆ-ਪਹਿਚਾਣਿਆ ਚਿਹਰਾ ਹੈ ਤੇ ਨਾਂਅ ਹੈ ਸ੍ਰੀ ਮਤੀ ਗੁਰਪ੍ਰੀਤ ਕੌਰ ਭੰਗੂ ਜੀ। ਆਓ ਇਸ ਮੁਲਾਕਾਤ ਰਾਹੀਂ ਉਨ੍ਹਾਂ ਦੀ ਜ਼ਿੰਦਗੀ ਦੇ ਅਹਿਮ ਪੱਖਾਂ ’ਤੇ ਇਕ ਝਾਤ ਪਾਈਏ।
ਸਤਿ ਸ੍ਰੀ ਅਕਾਲ ਗੁਰਪ੍ਰੀਤ ਕੌਰ ਭੰਗੂ ਜੀ। ਸਭ ਤੋਂ ਪਹਿਲਾਂ ਤੁਸੀਂ ਆਪਣੇ ਜਨਮ ਸਥਾਨ, ਬਚਪਨ ਤੇ ਵਿਦਿਆਰਥੀ ਜੀਵਨ ਬਾਰੇ ਸੰਖੇ੍ਹਪ ਜਾਣਕਾਰੀ ਸਾਡੇ ਪਾਠਕਾਂ ਨਾਲ ਸਾਂਝੀ ਕਰੋ।
ਸਤਿ ਸ੍ਰੀ ਅਕਾਲ ਬੇਟਾ। ਮੈਂ ਮਾਲਵੇ ਦੇ ਪਿੰਡ ਬੁਰਜ ਕਾਹਨ ਸਿੰਘ ਵਾਲਾ ਦੀ ਜੰਮਪਲ ਹਾਂ, ਜੋ ਕਿ ਭੱੁਚੋ ਮੰਡੀ ਦੇ ਨੇੜੇ ਬਠਿੰਡਾ ਜ਼ਿਲ੍ਹੇ ਵਿਚ ਪੈਂਦਾ ਹੈ। ਮੈਂ ਆਪਣਾ ਬਚਪਨ ਇੱਥੇ ਹੀ ਗੁਜ਼ਾਰਿਆ ਅਤੇ ਹਾਈ ਸਕੂਲ ਤੱਕ ਦੀ ਪੜ੍ਹਾਈ ਵੀ ਭੁੱਚੋ ਮੰਡੀ ਤੋਂ ਹੀ ਕੀਤੀ। ਉਪਰੰਤ ਮੈਂ ਰਜਿੰਦਰਾ ਕਾਲਜ, ਬਠਿੰਡਾ ਤੋਂ ਪੌਲ ਸਾਇੰਸ ਦੀ ਡਿਗਰੀ ਲਈ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ. ਐਡ. ਕੀਤੀ। ਮੈਂ ਐਥਲੀਟ ਵੀ ਰਹੀ ਹਾਂ, ਕਾਲਜ ਸਮੇਂ ਵਿਚ ਹਾਕੀ ਦੀ ਨੈਸ਼ਨਲ ਪਲੇਅਰ ਵੀ ਰਹੀ ਹਾਂ ਪਰ ਇਕ ਅਹਿਮ ਮੌੜ ਮੇਰੀ ਕਾਲਜ ਦੀ ਜ਼ਿੰਦਗੀ ਦਾ ਇਹ ਕਿ ਮੈਂ ਪੰਜਾਬ ਸਟੂਡੈਂਟ ਯੂਨੀਅਨ ਤੋਂ ਬਹੁਤ ਪ੍ਰਭਾਵਿਤ ਹਾਂ। ਇਸ ਨਾਲ ਜੁੜ ਕੇ ਮੇਰਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲਿਆ। ਰੰਧਾਵਾ ਐਜੀਟੇਸ਼ਨ ਦੌਰਾਨ ਪੰਜਾਬ ਸਟੂਡੈਂਟ ਯੂਨੀਅਨ ਦਾ ਮੁਖੀ ਰੰਧਾਵਾ ਮਾਰਿਆ ਗਿਆ ਤੇ ਮੇਰੇ ਮਨ ’ਤੇ ਇਸ ਘਟਨਾ ਦਾ ਬਹੁਤ ਅਸਰ ਹੋਇਆ, ਕਿਉਂ ਕਿ ਐਜੀਟੇਸ਼ਨ ਵਧੇ ਹੋਏ ਕਿਰਾਏ ’ਤੇ ਫੀਸਾਂ ਵਿਰੱੁਧ ਸੀ। ਇਸ ਤਰ੍ਹਾਂ ਮੇਰੇ ਮਨ ਵਿਚ ਲੀਡਰਸ਼ਿਪ ਦੀ ਭਾਵਨਾ ਪ੍ਰਫੁੱਲਿਤ ਹੋਈ।
ਥੀਏਟਰ ਨਾਲ ਕਿਵੇਂ ਜੁੜੇ ?
ਮੈਂ ਗੁਰਸ਼ਰਨ ਸਿੰਘ ਭਾਜੀ ਤੋਂ ਬਹੁਤ ਪ੍ਰਭਾਵਿਤ ਰਹੀ ਹਾਂ ਅਤੇ ਛੋਟੇ ਹੁੰਦਿਆਂ ਤੋਂ ਹੀ ਉਨ੍ਹਾਂ ਦੇ ਨਾਟਕ ਦੇਖਿਆ ਕਰਦੀ ਸੀ। ਉਹ ਪਿੰਡਾਂ ਵਿਚ ਵੀ ਨਾਟਕ ਕਰਿਆ ਕਰਦੇ ਸੀ। ਨਾਟਕ ਵਿਚ ਔਰਤਾਂ ਦੀ ਜ਼ਿੰਦਗੀ ਦੇ ਲਚਾਰੀ ਭਰੇ ਪੱਖ ਤੋਂ ਮੇਰੇ ਦਿਲ ਵਿਚ ਨਾਰੀਵਾਦ ਦੀ ਤੜਫ਼ ਉੱਠੀ। ਮੈਂ ਨਾਟਕ ਖੇਡਣੇ ਸ਼ੁਰੂ ਕੀਤੇ। ਪਹਿਲਾਂ ਤਾਂ ਘਰਦਿਆਂ ਵਿਰੋਧ ਕੀਤਾ ਪਰ ਮੈਂ ਆਪਣੀ ਕਾਬਲੀਅਤ ਨਾਲ ਉਨ੍ਹਾਂ ਨੂੰ ਸਮਝਾ-ਬੁਝਾ ਕੇ ਮਨਾ ਲਿਆ ਤੇ ਫਿਰ ਮੈਂ ਗੁਰਸ਼ਰਨ ਭਾਜੀ ਹੋਰਾਂ ਨਾਲ ਨਾਟਕ ਖੇਡਣੇ ਸ਼ੁਰੂ ਕੀਤੇ। ਅਜਮੇਰ ਔਲਖ ਅਤੇ ਪਾਲੀ ਭੁਪਿੰਦਰ ਦੇ ਨਾਟਕ ਵੀ ਖੇਡੇ। ਨਾਟਕਾਂ ਵਿਚ ਲੱਗੀ ਅਦਾਕਾਰੀ ਦੀ ਚੇਟਕ ਮੈਨੂੰ ਸਿਨਮੇ ਤੱਕ ਲੈ ਆਈ।
ਵਿਵਾਹਿਤ ਜ਼ਿੰਦਗੀ ਦੀਆਂ ਰਮਜ਼ਾਂ ਸਾਂਝੀਆਂ ਕਰਨਾ ਚਾਹੋਗੇ ?
ਸਾਲ 1983 ਵਿਚ ਮੇਰਾ ਵਿਆਹ ਸ੍ਰ: ਸਵਰਨ ਸਿੰਘ ਭੰਗੂ ਹੋਰਾਂ ਨਾਲ ਹੋਇਆ। ਸਰਦਾਰ ਭੰਗੂ ਸਾਹਿਬ ਬਹੁਤ ਹੀ ਅਗਾਂਹ-ਵਧੂ ਸੋਚ ਵਾਲੇ ਇਨਸਾਨ ਹਨ। ਉਨ੍ਹਾਂ ਦੀ ਇਸ ਸੋਚ ਸਦਕਾ ਮੈਨੂੰ ਆਪਣੀ ਜ਼ਿੰਦਗੀ ਦੇ ਹਰ ਪੱਖ ਨੂੰ ਵਧੀਆ ਤਰੀਕੇ ਨਾਲ ਹੰਢਾਉਣ ਵਿਚ ਬਹੁਤ ਮਦਦ ਮਿਲੀ। ਅੱਜਕੱਲ੍ਹ ਮੈਂ ਆਪਣੇ ਪਰਿਵਾਰ ਨਾਲ ਚਮਕੌਰ ਸਾਹਿਬ ਵਿਚ ਰਹਿ ਰਹੀ ਹਾਂ। ਮੇਰਾ ਬੇਟਾ ਆਪਣੀ ਪਤਨੀ ਨਾਲ ਕਨੇਡਾ ਰਹਿੰਦਾ ਹੈ। ਚਮਕੌਰ ਸਾਹਿਬ ਵਿਚ ਅਸੀਂ ‘ਚੇਤਨਾ ਕਲਾ ਮੰਚ’ ਨਾਂਅ ਦੀ ਸੰਸਥਾ ਚਲਾ ਰਹੇ ਹਾਂ।
ਜ਼ਿੰਦਗੀ ’ਚ ਕਿਸ ਇਨਸਾਨ ਦਾ ਪ੍ਰਭਾਵ ਤੁਸੀਂ ਰੂਹ ਤੱਕ ਕਬੂਲਿਆ ?
ਮੈਂ ਸਭ ਤੋਂ ਜ਼ਿਆਦਾ ਗੁਰਸ਼ਰਨ ਭਾਜੀ ਅਤੇ ਉਨ੍ਹਾਂ ਦੀ ਕਲਾ ਤੋਂ ਪ੍ਰਭਾਵਿਤ ਰਹੀ ਹਾਂ। ਉਹ ਬਹੁਤ ਵਧੀਆ ਸਮਾਜ ਚਿੰਤਕ ਸਨ। ਉਨ੍ਹਾਂ ਦੀ ਸਮਾਜ ਪ੍ਰਤੀ ਚਿੰਤਾ, ਫ਼ਰਜ਼ ਨਿਭਾਉਣ ਅਤੇ ਨਾਟਕਾਂ ਦੁਆਰਾ ਸਮਾਜ ਨੂੰ ਨਵੀਂ ਸੇਧ ਦੇਣ ਦੀ ਕਲਾ ਕਰਕੇ ਮੈਂ ਉਨ੍ਹਾਂ ਦਾ ਬਹੁਤ ਡੂੰਘਾ ਪ੍ਰਭਾਵ ਕਬੂਲਿਆ। ਮੈਨੂੰ ਜ਼ਿੰਦਗੀ ’ਚ ਜੋ ਵੀ ਕਲਾ ਬਾਰੇ, ਥੀਏਟਰ ਬਾਰੇ ਜਾਂ ਐਕਟਿੰਗ ਬਾਰੇ ਸਿੱਖਣ ਦਾ ਮੌਕਾ ਮਿਲਿਆ, ਉਹ ਗੁਰਸ਼ਰਨ ਭਾਜੀ ਤੋਂ ਹੀ ਮਿਲਿਆ।
ਤੁਸੀਂ ਨਾਰੀਵਾਦੀ ਵਿਚਾਰਾਂ ਨਾਲ ਲਬਰੇਜ਼ ਹੋ। ਨਾਰੀ ਦੀ ਹਾਲਤ ਬਾਰੇ ਚਿੰਤਤ ਹੋ। ਤੁਸੀਂ ਔਰਤ ਜਾਤੀ ਦੀ ਬਿਹਤਰੀ ਲਈ ਅਮਲੀ ਰੂਪ ’ਚ ਵੀ ਬਹੁਤ ਕੁਝ ਕਰ ਰਹੇ ਹੋ। ਕੋਈ ਸੁਝਾਅ ਪਾਠਕਾਂ ਨਾਲ ਸਾਂਝਾ ਕਰੋ, ਕਿਵੇਂ ਔਰਤ ਬਿਹਤਰ ਜ਼ਿੰਦਗੀ ਜੀਅ ਸਕਦੀ ਹੈ ?
ਔਰਤ ਦੀ ਹਾਲਤ ਸੁਧਾਰਨ ਲਈ ਉਸ ਨੂੰ ਆਪ ਅੱਗੇ ਆਉਣਾ ਪਵੇਗਾ। ਉਸਨੂੰ ਹਰ ਕੰਮ ਵਿਚ ਹਿੱਸਾ ਲੈਣਾ ਚਾਹੀਦਾ ਹੈ। ਬਾਕੀ ਜੇ ਤੁਹਾਡਾ ਜੀਵਨ ਸਾਥੀ ਅਗਾਂਹ ਵਧੂ ਵਿਚਾਰਾਂ ਦਾ ਹੈ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੈ। ਜਦੋਂ ਮੈਂ ਕੁੰਵਾਰੀ ਸੀ ਤਾਂ ਬਹੁਤ ਰੋਕ-ਟੋਕ ਸੀ। ਮੈਨੂੰ ਆਪਣੀ ਗੱਲ ਮਨਵਾਉਣ ਲਈ ਬਹੁਤ ਦਲੀਲਾਂ ਦੇ ਕੇ ਆਪਣੇ ਮਾਂ-ਬਾਪ ਨੂੰ ਆਪਣੇ ਫੈਸਲੇ ਦੇ ਹੱਕ ਵਿਚ ਢਾਲਣਾ ਪੈਂਦਾ ਸੀ ਪਰ ਮੈਂ ਨਿਰੰਤਰ ਕੋਸ਼ਿਸ਼ ਕਰਦੀ ਰਹਿੰਦੀ ਸੀ। ਵਿਆਹ ਤੋਂ ਬਾਅਦ ਮੇਰੇ ਲਈ ਜ਼ਿੰਦਗੀ ਬਹੁਤ ਸੌਖੀ ਹੋ ਗਈ,2 ਕਿਉਂ ਕਿ ਮੈਨੂੰ ਮੇਰੇ ਜੀਵਨ ਸਾਥੀ ਦਾ ਹਰ ਮੋੜ ’ਤੇ ਪੂਰਾ ਸਾਥ ਮਿਲਿਆ।
ਥੀਏਟਰ ਨਾਲ ਸਬੰਧਿਤ ਹੋਰ ਕਿਹੜੀਆਂ ਸੰਸਥਾਵਾਂ ਨਾਲ ਜੁੜੇ ਹੋ ?
ਚਮਕੌਰ ਸਾਹਿਬ ਵਿਚ ਸਾਡੀ ਆਪਣੀ ਸੰਸਥਾ ਹੈ, ਜੋ ਅਸੀਂ ਆਪਣੀ ਸੰਪਤੀ ਵਿਚ ਬਣਾਈ ਹੈ। ਅਸੀਂ ਪੰਜਾਬ, ਪੰਜਾਬ ਤੋਂ ਬਾਹਰ ਭਾਰਤ ਤੇ ਵਿਦੇਸ਼ਾਂ ਵਿਚ ਵੀ ਅਣਗਿਣਤ ਨਾਟਕ ਕੀਤੇ ਹਨ। ਪੰਜਾਬ ਲੋਕ ਸੱਭਿਆਚਾਰਕ ਮੰਚ ਜਿਹਦੇ ਫਾਊਂਡਰ ਗੁਰਸ਼ਰਨ ਸਿੰਘ ਜੀ ਸਨ, ਅੱਜ ਕੱਲ੍ਹ ਅਮੋਲਕ ਸਿੰਘ ਇਸਦੇ ਪ੍ਰਧਾਨ ਨੇ, ਇਸ ਸੰਸਥਾ ਨਾਲ ਵੀ ਮੈਂ ਜੁੜੀ ਹੋਈ ਹਾਂ।
ਥੀਏਟਰ ਨਾਲ ਕਦੋਂ ਜੁੜੇ ?
ਸਕੂਲ ਸਮੇਂ ਤੋਂ ਮੈਂ ਬਾਲ ਸਭਾਵਾਂ ਤੇ ਸਕਿੱਟਾਂ ਵਗੈਰਾ ’ਚ ਹਿੱਸਾ ਲੈਂਦੀ ਸੀ ਤੇ ਕਾਲਜ ਸਮੇਂ ਤੋਂ ਥੀਏਟਰ ਨਾਲ ਪੂਰਨ ਰੂਪ ਵਿਚ ਜੁੜ ਗਈ ਸੀ ਤੇ ਅੱਜ ਤੱਕ ਜੁੜੀ ਹਾਂ।
ਥੀਏਟਰ ਤੋਂ ਬਿਨਾਂ ਵਿਦਿਆਰਥੀ ਜੀਵਨ ਦਾ ਕੋਈ ਹੋਰ ਰੁਝਾਨ ?
ਮੈਂ ਖੇਡਾਂ ਨਾਲ ਜੁੜੀ ਰਹੀ ਹਾਂ, ਐਥਲੀਟ ਵੀ ਰਹੀ ਹਾਂ ਅਤੇ ਮੈਂ ਹਾਕੀ ਦੀ ਨੈਸ਼ਨਲ ਪਲੇਅਰ ਰਹੀ ਹਾਂ। ਮੈਂ ਫਿਜ਼ੀਕਲ ਐਜੂਕੇਸ਼ਨ ਕਾਲਜ ਪਟਿਆਲਾ ਤੋਂ ਬੀ. ਐੱਡ. ਕੀਤੀ। 2017 ਤੱਕ ਮੈਂ ਸਰਕਾਰੀ ਨੌਕਰੀ ਕੀਤੀ। ਜ਼ਿਆਦਾ ਰੁਝੇਵਿਆਂ ਕਰਕੇ ਮੈਂ ਪਹਿਲਾਂ ਹੀ ਰਿਟਾਇਰਮੈਂਟ ਲੈ ਲਈ।
ਫ਼ਿਲਮ ਲਾਈਨ ਵੱਲ ਕਿਵੇਂ ਮੁੜੇ ? ਪਹਿਲੀ ਤੇ ਯਾਦਗਾਰੀ ਫ਼ਿਲਮ ਕਿਹੜੀ ਸੀ ?
ਫ਼ਿਲਮਾਂ ਵੱਲ ਆਉਣ ਦਾ ਜੋ ਸਬੱਬ ਬਣਿਆ, ਇਹ ਮੈਨੂੰ ਖ਼ੁਦ ਨੂੰ ਵੀ ਨਹੀਂ ਪਤਾ ਕਿ ਕਿਵੇਂ ਬਣਿਆ। ਮੇਰਾ ਫ਼ਿਲਮਾਂ ਵੱਲ ਆਉਣਾ ਕੋਈ ਨਿਸ਼ਾਨਾ ਨਹੀਂ ਸੀ। ਮੈਂ ਸ਼ੁਰੂ ਤੋਂ ਹੀ ਇਕ ਸਾਰਥਿਕ ਥੀਏਟਰ ਦੀ ਕਾਇਲ ਰਹੀ ਹਾਂ। ਬਾਕੀ ਪਹਿਲੀ ਫ਼ਿਲਮ ਮੈਨੂੰ ਪੱਕਾ ਯਾਦ ਨਹੀਂ ਪਰ ਯਾਦਗਾਰੀ ਫ਼ਿਲਮਾਂ ਵਿਚ ਮਿੱਟੀ, ਅਰਦਾਸ ਤੇ ਸ਼ਰੀਕ ਇਹ ਫ਼ਿਲਮਾਂ ਯਾਦਗਾਰੀ ਹਨ, ਕਿਉਂਕਿ ਇਨ੍ਹਾਂ ਫ਼ਿਲਮਾਂ ’ਚ ਮੇਰੇ ਕਿਰਦਾਰਾਂ ਨੂੰ ਬਹੁਤ ਪਿਆਰ ਮਿਲਿਆ। ‘ਚੌਥੀ ਕੂਟ’ ਵੀ ਦਿਲ ਦੇ ਬਹੁਤ ਨੇੜੇ ਹੈ।
ਅਜੋਕਾ ਥੀਏਟਰ ਵੀ ਬਣ ਰਿਹਾ ਹੈ। ਇਸ ਬਦਲਾਅ ਨੂੰ ਤੁਸੀਂ ਕਿਵੇਂ ਲੈ ਰਹੇ ਹੋ ?
ਬਦਲਾਅ ਜ਼ਰੂਰੀ ਹੈ ਤੇ ਪਹਿਲਾਂ ਨਾਲੋਂ ਥੀਏਟਰ ਨੇ ਬਹੁਤ ਤਰੱਕੀ ਕੀਤੀ ਹੈ। ਪਹਿਲਾਂ ਅਸੀਂ ਟੈਂਪੂ-ਰੇਹੜੇ ’ਤੇ ਜਾ ਕੇ ਨਾਟਕ ਕਰਦੇ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਹੁਣ ਥੀਏਟਰ ਦੀ ਅਹਿਮੀਅਤ ਵੀ ਵਧੀ ਹੈ ਤੇ ਖਾਸ ਦਿਨਾਂ ਨਾਲ ਸਬੰਧਿਤ ਨਾਟਕ ਵੀ ਖੇਡੇ ਜਾਣ ਲੱਗੇ ਹਨ, ਜਿਵੇਂ ਗਦਰੀ ਬਾਬਿਆਂ ’ਤੇ, ਮਾਂ ਦਿਹਾੜੇ ’ਤੇ ਜਾਂ ਫਿਰ ਖੂਨਦਾਨ ਕੈਂਪ ’ਤੇ ਵੀ ਨਾਟਕ ਖੇਡੇ ਜਾ ਰਹੇ ਹਨ। ਸਮਾਜ ਵਿਚ ਨਾਟਕਾਂ ਨਾਲ ਸਹੀ ਮੈਸੇਜ ਦਿੱਤਾ ਜਾ ਰਿਹਾ। ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਨੂੰ ਤੇ ਹੋਰ ਆਈਡਲ ਸ਼ਖ਼ਸੀਅਤਾਂ ਨਾਲ ਸਬੰਧਿਤ ਥੀਏਟਰ ਸਮਾਜ ਨੂੰ ਜਾਗਰੂਕ ਕਰ ਰਿਹਾ ਹੈ। ਸਮਾਜ ਵਿਚ ਵਧੀਆ ਸੁਨੇਹਾ ਜਾ ਰਿਹਾ ਹੈ।
ਤੁਸੀਂ ਫ਼ਿਲਮਾਂ ਵਿਚ ਮਾਂ ਦੇ ਕਿਰਦਾਰ ਨੂੰ ਬਾਖ਼ੂਬੀ ਨਿਭਾਉਂਦੇ ਹੋ ? ਕੀ ਤੁਸੀਂ ਇਸ ਕਿਰਦਾਰ ਨਾਲ ਬੱਝੀ ਪਛਾਣ ਤੋਂ ਸੰਤੁਸ਼ਟ ਹੋ ?
ਮੈਂ ਜ਼ਿਆਦਾਤਰ ਰੋਲ ਮਾਂ ਦੇ ਕੀਤੇ ਹਨ। ਮੇਰਾ ਮਾਂ ਦੇ ਰੂਪ ਵਿਚ ਹਰ ਕਿਰਦਾਰ ਭਾਵੇਂ ਉਹ ਸਕਾਰਤਮਿਕ ਹੋਵੇ ਜਾਂ ਨਕਾਰਤਮਿਕ ਪਰ ਦਰਸ਼ਕਾਂ ਵੱਲੋਂ ਹਮੇਸ਼ਾ ਸਕਾਰਤਮਿਕ ਹੁੰਗਾਰਾ ਹੀ ਮਿਲਿਆ ਹੈ। ਵੈਸੇ ਮੇਰਾ ਤਾਈ ਦਾ ਕਿਰਦਾਰ ਜ਼ਿਆਦਾ ਹਰਮਨ ਪਿਆਰਾ ਰਿਹਾ ਹੈ ਦਰਸ਼ਕਾਂ ਵਿਚ। ਬਾਕੀ ਮੈਂ ਹਰ ਤਰ੍ਹਾਂ ਦਾ ਰੋਲ ਕਰਨਾ ਚਾਹੁੰਦੀ ਹਾਂ। ਕਿਸੇ ਇਕ ਇਮੇਜ਼ ਵਿਚ ਬੱਝਣ ਨਾਲ ਕਲਾਕਾਰ ਦੀ ਕਲਾ ਬਝਵੇਂ ਖ਼ਤਰੇ ਵਿਚ ਆ ਜਾਂਦੀ ਹੈ।
ਕਈ ਵਾਰ ਚੰਗੀਆਂ ਫ਼ਿਲਮਾਂ ਨੂੰ ਦਰਸ਼ਕ ਹੁੰਗਾਰਾ ਨਹੀਂ ਦਿੰਦੇ, ਤੁਹਾਡੀ ਕੀ ਰਾਏ ਹੈ ਇਸ ਬਾਰੇ ?
ਬਹੁਤ ਦਿਲ ਦੁੱਖਦਾ ਹੈ, ਜਦੋਂ ਮਿਆਰੀ ਵਿਸ਼ੇ ’ਤੇ ਮਿਹਨਤ ਨਾਲ ਬਣੀ ਫ਼ਿਲਮ ਨੂੰ ਦਰਸ਼ਕ ਨਕਾਰ ਦਿੰਦੇ ਹਨ। ‘ਹਰਜੀਤਾ’ ਇਕ ਵੱਡੀ ਤੇ ਬਹੁਤ ਸੋਹਣੀ ਫ਼ਿਲਮ ਹੈ। ਇਸ ਵਿਚ ਮੈਂ ਉਸ ਮਾਂ ਦਾ ਰੋਲ ਕੀਤਾ, ਜਿਹਨੂੰ ਪ੍ਰਸਿੱਧੀ ਦੇ ਅਹਿਸਾਸ ਦੀ ਕੋਈ ਸੋਝੀ ਨਹੀਂ। ਇਹ ਇਕ ਮਿਹਨਤੀ ਮੁੰਡੇ ਦੀ ਕਹਾਣੀ ਹੈ, ਜੋ ਹਿੰਮਤ, ਹੌਸਲੇ ਦੀ ਮਿਸਾਲ ਬਣਿਆ। ਜਦੋਂ ਅਜਿਹੀਆਂ ਫ਼ਿਲਮਾਂ ਨਹੀਂ ਚੱਲਦੀਆਂ ਤਾਂ ਨਿਰਾਸ਼ਾ ਹੁੰਦੀ ਹੈ। ਮੈਨੂੰ ਇਹ ਫ਼ਿਲਮ ਕਰਕੇ ਬਹੁਤ ਮਾਣ ਮਹਿਸੂਸ ਹੋਇਆ।
ਹੁਣੇ ਜਿਹੇ ਰਿਲੀਜ਼ ਹੋਈ ਫ਼ਿਲਮ ‘ਆਸੀਸ’ ਵਿਚ ਵੀ ਤੁਸੀਂ ਅਦਾਕਾਰੀ ਕੀਤੀ ਹੈ, ਇਸ ਫ਼ਿਲਮ ਬਾਰੇ ਕੀ ਕਹਿਣਾ ਚਾਹੋਗੇ ?
‘ਆਸੀਸ’ ਬਹੁਤ ਹੀ ਵਧੀਆ ਫ਼ਿਲਮ ਹੈ। ਇਸ ਫ਼ਿਲਮ ਵਿਚ ਮੇਰੇ ਵੱਲੋਂ ਨਿਭਾਇਆ ਕਿਰਦਾਰ ਮੇਰਾ ਮਨਪਸੰਦ ਕਿਰਦਾਰ ਹੈ। ‘ਆਸੀਸ’ ਵਿਚ ਮੇਰਾ ਕਿਰਦਾਰ ਹੀ ਨਹੀਂ, ਬਲਕਿ ਇਹ ਫ਼ਿਲਮ ਹਰ ਪੱਖ ਤੋਂ ਬਿਹਤਰ ਹੈ। ਦੁਨਿਆਵੀ ਰਿਸ਼ਤਿਆਂ ਅਤੇ ਖਾਸ ਕਰ ਮਾਂ-ਪੁੱਤ ਦੇ ਆਪਸੀ ਮੋਹ ਦੀ ਅਹਿਮੀਅਤ ਦਰਸਾਉਂਦੀ ਇਹ ਫ਼ਿਲਮ ਕਰਕੇ ਮੈਂ ਬਹੁਤ ਖੁਸ਼ ਹਾਂ। ‘ਆਸੀਸ’ ਦੌਰਾਨ ਨਿਭਾਈ ਰਾਣੇ ਰਣਬੀਰ ਦੀ ਜ਼ਿੰਮੇਵਾਰੀ ਤੋਂ ਪ੍ਰਭਾਵਿਤ ਹਾਂ।
ਆਉਣ ਵਾਲੀਆਂ ਫ਼ਿਲਮਾਂ ?
ਵਧਾਈਆਂ ਜੀ ਵਧਾਈਆਂ ਅਤੇ ਅਫ਼ਸਰ।
ਜੇਕਰ ਤੁਹਾਨੂੰ ਫ਼ਿਲਮਾਂ ਤੇ ਥੀਏਟਰ ਦੀ ਤੁਲਨਾ ਕਰਨੀ ਪਈ ਤਾਂ ਕੀ ਕਹੋਗੇ ?
ਟੈਕਨੀਕਲੀ ਇਹ ਦੋਵੇਂ ਖੇਤਰ ਬਹੁਤ ਭਿੰਨ ਹਨ। ਥੀਏਟਰ ਲਾਈਵ ਹੈ, ਰੀਟੇਕ ਨਹੀਂ। ਫ਼ਿਲਮਾਂ ਵਿਚ ਸਪੈਸ਼ਲ ਇਫੈਕਟਸ ਹਨ। ਰੀਟੇਕ ਹਨ। ਡਬਿੰਗ ਹੈ। ਹਾਂ ਇਕ ਗੱਲ ਜ਼ਰੂਰ ਸਾਂਝੀ ਹੈ ਦੋਵਾਂ ਵਿਚ ਕਿ ਥੀਏਟਰ ਤੁਹਾਨੂੰ ਫ਼ਿਲਮ ਕਰਨ ਲਈ ਆਤਮ ਵਿਸ਼ਵਾਸ ਦੁਆਉਂਦਾ ਹੈ। ਕਿਰਦਾਰ ਨੂੰ ਜਿਉਣਾ ਸਿਖਾਉਂਦਾ ਹੈ। ਫ਼ਿਲਮ ਜ਼ਿਆਦਾ ਔਖੀ ਹੈ, ਕਿਉਂ ਕਿ ਤੁਸੀਂ ਕੈਮਰੇ ਨੂੰ ਪਬਲਿਕ ਸਮਝ ਕੇ ਐਕਟ ਕਰਨਾ ਹੁੰਦਾ। ਥੀਏਟਰ ਲਾਊਡ ਹੈ।
ਤੁਹਾਡਾ ਡ੍ਰੀਮ ਰੋਲ ਕਿਹੜਾ ਹੈ ?
ਅਜੇ ਤੱਕ ਡ੍ਰੀਮ ਰੋਲ ਮਿਲਿਆ ਨਹੀਂ। ਮੇਰੀ ਇੱਛਾ ਹੈ ਕਿ ਮੈਨੂੰ ਕੋਈ ਅਜਿਹਾ ਕੰਮ ਕਰਨ ਨੂੰ ਮਿਲੇ ਜੋ ਮੇਰੀ ਬਹੁਪੱਖੀ ਕਲਾ ਨੂੰ ਦਰਸਾ ਸਕੇ। ਮੈਨੂੰ ਇਹ ਲੱਗਦਾ ਹੈ ਕਿ ਮੈਂ ਭਾਵੇਂ ਬਹੁਤ ਵਧੀਆ ਰੋਲ ਕਰ ਚੁੱਕੀ ਹਾਂ ਪਰ ਮੇਰੇ ਅੰਦਰ ਜੋ ਕਲਾ ਦਾ ਲਾਵਾ ਹੈ, ਉਸ ਨੂੰ ਸ਼ਾਂਤ ਕਰਨ ਵਾਲਾ ਰੋਲ ਅਜੇ ਮੈਂ ਉਡੀਕ ਰਹੀ ਹਾਂ। ਮੈਨੂੰ ਵਿੰਭਨਤਾ ਪਸੰਦ ਹੈ।
ਕੀ ਪੰਜਾਬੀ ਦਰਸ਼ਕ ਵੀ ਪ੍ਰਪੱਕ ਹੋਇਆ ਹੈ।
ਸਿਰਫ਼ ਇਕ ਬੁੱਧੀਜੀਵੀ ਵਰਗ ਹੀ ਕਿਸੇ ਫ਼ਿਲਮ ਨੂੰ ਹਿੱਟ ਨਹੀਂ ਕਰ ਸਕਦਾ ਪਰ ਦੂਜੇ ਪਾਸੇ ਜ਼ਿਆਦਾ ਪੰਜਾਬੀ ਦਰਸ਼ਕ ਸਿਰਫ਼ ਹੱਸਣ ਤੱਕ ਹੀ ਸੀਮਤ ਰਹਿ ਗਏ ਹਨ।
ਕਿਸੇ ਇਕ ਹੀ ਵਿਸ਼ੇ ’ਤੇ ਥੋੜ੍ਹੇ ਸਮੇਂ ਬਾਅਦ ਦੂਜੀ ਫ਼ਿਲਮ ਦਾ ਆਉਣਾ, ਪੰਜਾਬੀ ਸਿਨੇਮਾ ’ਤੇ ਕੀ ਅਸਰ ਪਾਉਂਦਾ ਹੈ ?
ਲੋਕ ਇਕ ਫ਼ਿਲਮ ਵੇਖਦੇ ਹਨ ਤੇ ਦੂਜੀ ਬਾਰੇ ਕਿਆਸ ਲਗਾ ਲੈਂਦੇ ਹਨ ਕਿ ਪਹਿਲੀ ਵਰਗੀ ਹੀ ਹੋਵੇਗੀ। ਇਹ ਰੁਝਾਨ ਵਪਾਰਕ ਪੱਖ ਤੋਂ ਪੰਜਾਬੀ ਸਿਨੇਮੇ ਦੇ ਵਿਰੱੁਧ ਜਾਂਦਾ ਹੈ। ਬਾਕੀ ਵਧੀਆ ਫ਼ਿਲਮਾਂ ਸਰਕਾਰ ਨੂੰ ਟੈਕਸ ਫ੍ਰੀ ਕਰਨੀਆਂ ਚਾਹੀਦੀਆਂ ਹਨ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ‘ਹਰਜੀਤਾ’ ਵਰਗੀ ਫ਼ਿਲਮ ਲਈ ਸਰਕਾਰ ਨੂੰ ਸਕੂਲਾਂ ’ਚ ਇਹ ਫ਼ਿਲਮ ਵਿਖਾਉਣੀ ਚਾਹੀਦੀ ਸੀ, ਕਿਉਂ ਕਿ ਇਹ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਵਾਲੀ ਐਕਟੀਵਿਟੀ ਫ਼ਿਲਮ ਸੀ।
ਤੁਸੀਂ ਆਪਣੀ ਸਮਾਜ ਸੇਵੀ ਜ਼ਿੰਦਗੀ ਬਾਰੇ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰੋ।3
ਮੇਰੀ ਤੇ ਮੇਰੇ ਹਸਬੈਂਡ ਦੀ ਇਕ ਸੋਚ ਹੈ ਕਿ ਜਿਸ ਸਮਾਜ ’ਚ ਅਸੀਂ ਜੀਅ ਰਹੇ ਹਾਂ, ਉਸ ਸਮਾਜ ਨੂੰ ਅਸੀਂ ਜ਼ਰੂਰ ਕੁਝ ਨਾ ਕੁਝ ਦੇ ਕੇ ਇੱਥੋਂ ਰੁਖ਼ਸਤ ਹੋਈਏ। ਸਾਡੇ ਬੇਟੇ ਨੇ ਕਦੇ ਵੀ ਸਾਡੇ ਇਸ ਕੰਮ ਵਿਚ ਕੋਈ ਮੀਨ-ਮੇਖ ਨਹੀਂ ਕੀਤੀ। ਅਸੀਂ ਗੁਰਸ਼ਰਨ ਭਾਜੀ ਦੇ ਨਾਮ ’ਤੇ ਇਕ ਆਡੀਟੋਰੀਅਮ ਬਣਾਇਆ ਚਮਕੌਰ ਸਾਹਿਬ। ‘ਆਦਰਸ਼’ ਚੈਰੀਟੇਬਲ ਟਰੱਸਟ ਬਣਾ ਕੇ ਅਸੀਂ ਇਕ ਸਾਇੰਸ ਇੰਸਟੀਚਿਊਟ ਚਲਾ ਰਹੇ ਹਾਂ, ਜੋ ਕਿ ਸਾਡਾ ਵਪਾਰ ਨਹੀਂ ਸਿਰਫ਼ ਸੇਵਾ ਹੈ। ਉਹ ਮੇਰੇ ਪਤੀ ਸ੍ਰ: ਸਵਰਨ ਸਿੰਘ ਭੰਗੂ ਚਲਾ ਰਹੇ ਹਨ। ਉਹ ਡਾਇਰੈਕਟਰ ਹਨ, ਸਾਡੇ ਕੋਲ 450 ਬੱਚੇ ਪੜ੍ਹ ਰਹੇ ਹਨ ਤੇ 100 ਬੱਚੇ ਬਿਲਕੁਲ ਫ਼੍ਰੀ ਪੜ੍ਹ ਰਹੇ ਹਨ। ਕੁਝ ਬੱਚੀਆਂ ਮੇਰੇ ਕੋਲ ਇੱਥੇ ਵੀ ਰਹਿ ਰਹੀਆਂ ਹਨ। ਇਕ ਲਵਾਰਿਸ ਬੱਚੇ ਦੀ ਜ਼ਿੰਮੇਵਾਰੀ ਅਸੀਂ ਲਈ ਹੈ। ਸਕੂਲ ਦੀ ਕਮਾਈ ਲੋੜਵੰਦ ਬੱਚਿਆਂ ਲਈ ਵਰਤੀ ਜਾਂਦੀ ਹੈ। ਅਸੀਂ ਆਪਣੀ ਪ੍ਰਾਪਰਟੀ ’ਚ ਇਹ ਸੰਸਥਾਵਾਂ ਬਣਾਈਆਂ ਹਨ। ਇਸ ਤੋਂ ਇਲਾਵਾ ਅਸੀਂ ਹਰ ਸਾਲ ਖ਼ੂਨਦਾਨ ਕੈਂਪ ਲਗਾਉਂਦੇ ਹਾਂ। ਟਰੱਸਟ ਵੱਲੋਂ ਇਲਾਕੇ ਦੇ ਲੋੜਵੰਦ, ਗ਼ਰੀਬ ਤੇ ਬੇਸਹਾਰਾ ਲੋਕਾਂ ਦੀ ਮਦਦ ਕਰਦੇ ਹਾਂ। ਇਹ ਸਭ ਇਲਾਕੇ ਦੇ ਲੋਕਾਂ ਤੇ ਟਰੱਸਟ ਮੈਂਬਰਾਂ ਦੀ ਸਹਾਇਤਾ ਨਾਲ ਚੱਲ ਰਿਹਾ ਹੈ। ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ। ਸਭ ਸੁਹਿਰਦ ਸੱਜਣਾਂ ਦੀ ਮਦਦ ਸਦਕਾ ਪ੍ਰਮਾਤਮਾ ਸਾਡੇ ਤੋਂ ਸੇਵਾ ਲੈ ਰਿਹਾ ਹੈ। ਅਗਸਤ 2018 ’ਚ ਅਸੀਂ ਆਪਣੇ ਇਲਾਕੇ ’ਚ ਇਕ ਵੱਡਾ ਕੈਂਸਰ ਕੈਂਪ ਲਗਾ ਰਹੇ ਹਾਂ। ਸ੍ਰ: ਸਵਰਨ ਸਿੰਘ ਭੰਗੂ ਦਾ ਭਤੀਜਾ 28 ਸਾਲ ਦੀ ਉਮਰ ਵਿਚ ਕੈਂਸਰ ਨੇ ਖਾ ਲਿਆ ਸੀ ਤੇ ਉਸਦੇ ਜਾਣ ਤੋਂ ਬਾਅਦ ਅਸੀਂ ਉਸ ਦੇ ਨਾਂਅ ’ਤੇ ਹਰ ਸਾਲ ਕੈਂਸਰ ਕੈਂਪ ਲਗਾ ਕੇ ਇਸ ਬੀਮਾਰੀ ਬਾਰੇ ਜਾਗਰੁਕਤਾ ਪੈਦਾ ਕਰ ਰਹੇ ਹਾਂ। ਇਸ ਕੰਮ ਲਈ ਸਾਨੂੰ ਬਾਹਰੋਂ ਵੀ ਮਦਦ ਮਿਲ ਰਹੀ ਹੈ। ਮਲਕੀਤ ਰੌਣੀ ਤੇ ਹੋਰ ਆਰਟਿਸਟ ਵੀ ਸਾਡੇ ਨਾਲ ਜੁੜੇ ਹਨ ਤੇ ਇਨ੍ਹਾਂ ਨੇਕ ਕੰਮਾਂ ’ਚ ਸਾਡਾ ਸਾਥ ਦੇ ਰਹੇ ਹਨ। ਬਾਕੀ ਮੇਰੀ ਤਾਂ ਆਪਣੀ ਇਹੀ ਇੱਛਾ ਹੈ ਕਿ
ਜਦ ਮੈਂ ਮਰ ਜਾਵਾਂ ਰੋਣਾ ਨਾ ਮੁਸਕੁਰਾ ਦੇਣਾ,
ਮੇਰੀ ਅਰਥੀ ਨੂੰ ਚੁੱਕਣਾ  ਨਾ ਧਰਤੀ ’ਚ ਦਬਾ ਦੇਣਾ
ਮੇਰੇ ’ਤੇ ਕੱਫਣ ਨਾ ਪਾਉਣਾ ਉਹ ਮੇਰੇ ਹਮਦਰਦ ਦੋਸਤੋ,
ਕਿਸੇ ਗ਼ਰੀਬ ਦੇ ਬੱਚੇ ਦਾ ਝੱਗਾ ਸਵਾਂ ਦੇਣਾ।
ਸਲੂਟ ਹੈ ਜੀ ਤੁਹਾਡੀ ਸੋਚ ਨੂੰ, ਰੱਬ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ’ਚ ਰੱਖੇ। ਅਖ਼ੀਰ ’ਚ ਦੋ ਸ਼ਬਦ ‘ਪੰਜਾਬੀ ਸਕਰੀਨ ਮੈਗਜ਼ੀਨ’ ਲਈ।
ਜਦੋਂ ‘ਪੰਜਾਬੀ ਸਕਰੀਨ’ ਵਰਗੇ ਮੈਗਜ਼ੀਨ ਛੱਪਦੇ ਹਨ, ਆਰਟਿਸਟਾਂ ਜਾਂ ਨਵੇਂ ਰਾਈਟਰਜ਼, ਡਾਇਰੈਕਟਰ ਤੇ ਫ਼ਿਲਮਾਂ ਨੂੰ ਪ੍ਰਮੋਟ ਕਰਦੇ ਹਨ ਤਾਂ ਇਹ ਇਕ ਵੱਡਾ ਰੋਲ ਨਿਭਾ ਰਹੇ ਹੁੰਦੇ ਹਨ, ਕਿਉਂ ਕਿ ਜਦੋਂ ਲੋਕਾਂ ਦੇ ਹੱਥਾਂ ਵਿਚ ਮੈਗਜ਼ੀਨ ਜਾਂਦਾ ਹੈ ਤਾਂ ਇਹ ਮੈਗਜ਼ੀਨ ਫ਼ਿਲਮ ਦੀ ਅਸਲੀਅਤ ਲੋਕਾਂ ਤੱਕ ਪਹੁੰਚਾਉਂਦਾ ਹੈ ਤੇ ਪੜ੍ਹ ਕੇ ਲੋਕਾਂ ਦਾ ਵਿਚਾਰ ਚੰਗੀ ਫ਼ਿਲਮ ਨੂੰ ਵੇਖਣ ਦਾ ਜ਼ਰੂਰ ਬਣਦਾ ਹੈ, ਭਾਵੇਂ ਉਹ ਯੂ ਟਿਊਬ ’ਤੇ ਹੀ ਵੇਖਣ। ਇਸ ਤਰ੍ਹਾਂ ਇਹ ਮੈਗਜ਼ੀਨ ਲੋਕਾਂ ਤੱਕ ਚੰਗੀ ਫ਼ਿਲਮ ਦਾ ਵਿਸ਼ਾ ਪਹੁੰਚਾ 4ਕੇ ਉਸ ਫ਼ਿਲਮ ਬਾਰੇ ਭਰਮ-ਭੁਲੇਖੇ ਦੂਰ ਕਰਕੇ ਲੋਕਾਂ ਨੂੰ ਸਿਨੇਮੇ ਨਾਲ ਜੋੜਨ ਦੀ ਅਹਿਮ ਕੜੀ ਦਾ ਕੰਮ ਕਰ ਰਿਹਾ ਹੈ। ਇਸ ਲਈ ਇਹ ਮੈਗਜ਼ੀਨ ਵਧਾਈ ਦਾ ਪਾਤਰ ਹੈ। ‘ਪੰਜਾਬੀ ਸਕਰੀਨ’ ਦਾ ਵਧੀਆ ਉਪਰਾਲਾ ਹੈ ਤੇ ਇਹ ਵੱਧ ਤੋਂ ਵੱਧ ਹੱਥਾਂ ’ਚ ਜਾਣਾ ਚਾਹੀਦਾ। ਮੈਂ ਖ਼ੁਦ ਆਰਟਿਸਟਾਂ ਨੂੰ ਕਹੂੰਗੀ ਕਿ ਇਸ ਮੈਗਜ਼ੀਨ ਨੂੰ ਜ਼ਰੂਰ ਪੜੋ।
ਪਾਠਕਾਂ ਨੂੰ ਕੋਈ ਸੁਨੇਹਾ ?
ਪਾਠਕਾਂ ਨੂੰ ਮੇਰਾ ਇਹੀ ਸੁਨੇਹਾ ਹੈ ਕਿ ਚੰਗੀਆਂ ਫ਼ਿਲਮਾਂ ਨੂੰ ਜ਼ਰੂਰ ਵੇਖੋ। ਕਮੇਡੀ ਫ਼ਿਲਮਾਂ ਵੇਖੋ, ਹੱਸੋ ਪਰ ਸਾਰਥਕ ਵਿਸ਼ੇ ਨੂੰ ਜ਼ਰੂਰ ਕਬੂਲੋ। ਮਿਆਰੀ ਚੀਜ਼ਾਂ ਨੂੰ ਉਤਸ਼ਾਹਿਤ ਕਰੋ।
ਸਤਿ ਸ੍ਰੀ ਅਕਾਲ ਜੀ।

#ਦੀਪਗਿੱਲ।

Comments & Suggestions

Comments & Suggestions