ਬੱਚਿਆਂ ਲਈ ਬਣਾਈ ਗਈ ਬਚਕਾਨਾ ਫ਼ਿਲਮ ਹੈ ‘ਸੁਪਰ ਸਿੰਘ’

By  |  0 Comments
ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਨੁਰਾਗ ਸਿੰਘ ਜਿਹਾ ਸਿਆਣਾ ਕਿਹਾ ਜਾਣ ਵਾਲਾ ਨਿਰਦੇਸ਼ਕ ਇਸ ਫ਼ਿਲਮ ਵਿਚ ਆਪਣਾ ਵਿਜ਼ਨ ਕਿਉਂ ਨਹੀਂ ਕਲੀਅਰ ਕਰ ਪਾਇਆ ਕਿ ਉਸ ਨੇ ੲਿਹ ਫੈਨਟੈਸੀ ਟਾਈਪ ਫ਼ਿਲਮ ਬਣਾਈ ਹੈ ਜਾਂ ਫਿਕਸ਼ਨ ਵਰਗੀ ਜਾਂ ਕੁਝ ਹੋਰ ਬਿਨਾ ਸਿਰ ਪੈਰ ਦੇ ਵਿਸ਼ੇ ਵਾਲੀ।
ਜੇ ਬੱਚਿਆਂ ਨੂੰ ਮੁੱਖ ਰੱਖ ਕੇ ਫ਼ਿਲਮ ਬਣਾਈ ਹੈ ਤਾਂ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਨੂੰ ਉਡਾਉਣ ਵਾਲਾ ਬੇਲੋੜਾ ਅਤੇ ਵਾਹਯਾਤ ਸੀਕਵੈਂਸ ਪਾੳੁਣ ਦੀ ਕੀ ਲੋੜ ਸੀ, ਜੇ ਲੇਖਕ ਇੰਨਾ ਹੀ ਸਿਆਣਾ ਸੀ ਤਾਂ ਇਸ ਦੀ ਜਗ੍ਹਾ ਕੁਝ ਹੋਰ ਕਿਉਂ ਨਹੀਂ ਸੁੱਝਿਆ ੳੁਸ ਨੂੰ ? ਬਹੁਤ ਬੇਸਮਝੀ ਹੈ ਫ਼ਿਲਮ ਲੇਖਣੀ ਅਤੇ ਨਿਰਦੇਸ਼ਨ ਵਿਚ। ਪਹਿਲਾਂ ਤਾਂ ਫ਼ਿਲਮ ਸ਼ੁਰੂ ਹੋਣ ਤੋਂ ਪੂਰੇ 50 ਮਿੰਟ ਤੱਕ ਤਾਂ ਫ਼ਿਲਮ ਦੀ ਕਹਾਣੀ ਸ਼ੁਰੂ ਹੀ ਨਹੀਂ ਕਰ ਸਕਿਆ ਨਿਰਦੇਸ਼ਕ, ਜੇ ਸ਼ੁਰੂ ਹੋੲੀ ਤਾਂ ਦਿਸ਼ਾਹੀਣ। ਬੱਚਿਆਂ ਲੲੀ ਬਣੇ ਸ਼ਕਤੀ ਮਾਣ ਅਤੇ ਸਪਾਈਡਰ ਮੈਨ ਵੀ ਦਿਲਚਸਪ ਕਹਾਣੀਆਂ ਨਾਲ ਜੁੜੇ ਰਹੇ ਅਤੇ ਹਰ ੳੁਮਰ ਦੇ ਦਰਸ਼ਕਾਂ ਦੀ ਪਸੰਦ ਬਣੇ ਪਰ ਇੱਥੇ ਤਾਂ ਟੋਟੇ ਜੋੜ ਕੇ ਬਣੀ ਚਾਦਰ ਦੀ ਤਰ੍ਹਾਂ ਹੈ ਇਹ ਫ਼ਿਲਮ, ਕੁਝ ਵੀ ਨਵਾਂ ਨਹੀਂ ਇਸ ਵਿਚ। ਦਿਲਜੀਤ ਦੀਆਂ ਹੀ ਪੁਰਾਣੀਆਂ ਫ਼ਿਲਮਾਂ ਦੇ ਜੋੜੇ ਹੋਏੇ ਟੋਟਿਆਂ ਦਾ ਰਿਪੀਟ ਟੈਲੀਕਾਸਟ ਨਜ਼ਰ ਆਉਂਦਾ ਹੈ ਇਸ ਫ਼ਿਲਮ ਵਿਚ।  ਬਾਕੀ ਨਿਰਦੇਸ਼ਕ ਹਰਜੀਤ ਰਿੱਕੀ ਦੀ ਫਿਲਮ ‘ਵੰਨਸ ਅਪਾਨ ਏ ਟਾਈਮ ਇੰਨ ਅੰਮ੍ਰਿਤਸਰ’ ਵਿਚ ਪਹਿਲਾਂ ਹੀ ਦਰਬਾਰ ਸਾਹਿਬ ਨੂੰ ੳੁਡਾੳੁਣ ਵਾਲੀ ਮਾੜੀ ਸੋਚ ਵਾਲਾ ਵਿਸ਼ਾ ਵੇਖ ਲਿਆ ਹੈ ਸਭ ਨੇ, ਜਿਸ ਨੂੰ ਕਿਸੇ ਵੀ ਪ੍ਰਵਾਨ ਨਹੀਂ ਕੀਤਾ ਸੀ।
ਮੈਨੂੰ ਲਗਦਾ ਸਾਡਾ ਸੁਪਰ ਸਟਾਰ ਦਿਲਜੀਤ ਕਿਤੇ ਬੱਚਿਆਂ ਜੋਗਾ ਐਕਟਰ ਹੀ ਨਾ ਬਣ ਕੇ ਰਹਿ ਜਾਵੇ। ਆਪਣੇ ਆਪ ਨੂੰ ਗੁਰੂ ਕੇ ਸਿੰਘ ਅਖਵਾਉਣ ਵਾਲੀ ਸ਼ਬਦਾਵਲੀ ਕੇਵਲ ਸਾਬਤ ਸੂਰਤ ਸਿੱਖਾਂ ਦੇ ਮੂੰਹੋ ਸ਼ੋਭਦੀ ਹੈ ਅਤੇ ਸਿੱਖ ਗੁਰੂ ਸਾਹਿਬਾਨ ਵੱਲੋਂ ਰਚੀ ਗੁਰੂਬਾਣੀ ਅਤੇ ਸਿੱਖ ਇਤਿਹਾਸ ਵਿਚ ਕਿਸੇ ਵੀ ਤਰ੍ਹਾਂ ਦਾ ਚਮਤਕਾਰ ਸਿੱਖੀ ਸਿਧਾਤਾਂ ਦੇ ਬਿਲਕੁਲ ਉਲਟ ਹੈ। ਫਿਰ ਪਤਾ ਨਹੀਂ ਕਿਉਂ ਇਸ ਫ਼ਿਲਮ ਨਾਲ ਜੁੜੇ ਲੋਕ ਸਿੱਖ ਘਰਾਣਿਆਂ ਨਾਲ ਸਬੰਧਤ ਹੋਣ ਦੇ ਬਾਵਜੂਦ ਵੀ ਅਜਿਹਾ ਅਣਜਾਣਪੁਣਾ ਵਿਖਾ ਕੇ ਖ਼ੁਦ ਹੀ ਸਿੱਖੀ ਦਾ ਮਜ਼ਾਕ ਉਡਾ ਰਹੇ ਹਨ। ਦਿਲਜੀਤ ਦੁਸਾਂਝ ਜੀ ਤੁਹਾਨੂੰ ਵੀ ਇਕ ਸਵਾਲ ਹੈ ਕਿ ਆਪਣੇ ਆਪ ਨੂੰ ਖਾਹ-ਮਖਾਹ ਦੀਆਂ ੳੁਲਝਣਾਂ ਵਿਚ ਕਿੳੁਂ ਫਸਾ ਰਹੇ ਹੋ ਤੁਸੀਂ ੲਿਨ੍ਹਾਂ ਗ਼ੈਰ ਤਜਰਬੇਕਾਰ ਅਤੇ ਅਣਜਾਨ ਲੇਖਕਾਂ ਦੇ ਆਖੇ ਲੱਗ ਕੇ ?
‘ਪੰਜਾਬ 1984’ ਜਿਹੀ ਫ਼ਿਲਮ ਬਣਾੳੁਣ ਵਾਲੀ ਟੀਮ ਸਿੱਖਾਂ ਅਤੇ ਆਪਣੇ ਗੁਰਦੁਆਰਿਆਂ ਦਾ ਏਦਾਂ ਮਜ਼ਾਕ ੳੁਡਾੲੇਗੀ, ਬੜਾ ਅਫਸੋਸ ਹੈ ਤੁਹਾਡੇ ਸਾਰਿਆਂ ‘ਤੇ।
ਬਾਲੀਵੁੱਡ ਅਤੇ ਹਾਲੀਵੁੱਡ ਦੇ ਫ਼ਿਲਮ ਮੇਕਰਾਂ ਦੀ ਨਕਲ ਦੇ ਨੇੜੇ-ਤੇੜੇ ਵੀ ਨਹੀਂ ਨਜ਼ਰ ਆ ਰਹੇ ਅਸੀਂ, ਸਿਰਫ਼ ੳੁੱਚ ਤਕਨੀਕ ਦੀ ਵਰਤੋਂ ਨਾਲ ਹੀ ਫ਼ਿਲਮਾਂ ਕਾਮਯਾਬ ਨਹੀਂ ਹੁੰਦੀਆਂ। ਫ਼ਿਲਮ ਦਾ ਹਰ ਪਹਿਲੂ ਖਾਸ ਤਵੱਜੋਂ ਮੰਗਦਾ ਹੈ। ‘ਸੁਪਰ ਸਿੰਘ’ ਫ਼ਿਲਮ ਦੇ ਸੰਗੀਤ ‘ਤੇ ਵੀ ਕੋੲੀ ਖਾਸ ਮਿਹਨਤ ਨਹੀਂ ਹੋਈ ਇਸ ਵਾਰ। ਫ਼ਿਲਮ ਦੇ ਕਈ ਹੋਰ ਦ੍ਰਿਸ਼ ਵੀ ਲੋੜ ਤੋਂ ਵੱਧ ਬਨਾੳੁਟੀ ਲੱਗੇ। ਰਾਣਾ ਰਣਬੀਰ ਜਿਹੇ ਵਧੀਆ ਕਲਾਕਾਰ ਨੂੰ ਮਿਸਯੂਜ਼ ਹੀ ਕੀਤਾ ਗਿਆ ਇਸ ਫ਼ਿਲਮ ਵਿਚ।
ਜੇ ਫ਼ਿਲਮ ਦਾ ਵਪਾਰਕ ਪੱਖ ਵੇਖੀਏ ਤਾਂ ਹੋ ਸਕਦਾ ਇਹ ਫ਼ਿਲਮ ਕਮਾਈ ਵੀ ਕਰ ਜਾਵੇ ਕਿਉਂਕਿ ਦਿਲਜੀਤ ਦੀ ਫੈਨ ਫੋਲਵਿੰਗ ਕਰ ਕੇ ਹੀ ਤਾਂ ਏਕਤਾ ਕਪੂਰ ਨੇ ਇਸ ਨੂੰ ਚੁਣਿਆ ਵਰਨਾ ਸੁਪਰ ਫਲਾਪ ‘ਫਲਾਇੰਗ ਜੱਟ’ ਦਾ ਨਜ਼ਾਰਾ ਤਾਂ ੳੁਹ ਪਹਿਲਾਂ ਹੀ ਵੇਖ ਚੁੱਕੀ ਹੈ। ਦੁਆ ਦਿਓ ਬੱਚਿਆਂ ਨੂੰ, ਜਿਹੜੇ ਜ਼ਬਰਦਸਤੀ ਆਪਣੇ ਮਾਪਿਆਂ ਨੂੰ ਸਿਨੇਮਾ ਘਰਾਂ ਵਿਚ ਲਿਜਾ ਰਹੇ ਨੇ ਦਿਲਜੀਤ ਦੁਸਾਂਝ ਦੀ ਫ਼ਿਲਮ ਨੂੰ ਵੇਖਣ ਲਈ। ਦਿਲਜੀਤ ਵੀਰੇ ਬੜੀ ਮਿਹਨਤ ਅਤੇ ਮੁਸ਼ਕਲ ਨਾਲ ਮਿਲੀ ਹੈ ਮੰਜ਼ਿਲ ਤੈਨੂੰ, ਇਸ ਲਈ ਹਰ ਕਦਮ ਸੋਚ ਸਮਝ ਕੇ ਰੱਖੋ, ਇਹ ਬਿਨ ਮੰਗੀ ਨਸੀਹਤ ਹੈ ਤੈਨੂੰ…ਰੱਬ ਭਲੀ ਕਰੇ !

Comments & Suggestions

Comments & Suggestions