ਮਨੋਰੰਜਨ ਦੀ ਜ਼ਬਰਦਸਤ ਧਮਾਲ ਹੋਵੇਗੀ “ਕੈਰੀ ਆਨ ਜੱਟਾ 3”❗

By  |  0 Comments

(ਪੰਜਾਬੀ ਸਕਰੀਨ-ਵਿਸ਼ੇਸ਼) ਜੁਲਾਈ 2012 ਵਿਚ ਰਿਲੀਜ਼ ਹੋਈ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਜਸਵਿੰਦਰ ਭੱਲਾ ਤੇ ਬਿਨੂੰ ਢਿੱਲੋਂ ਸਟਾਰਾਂ ਵਾਲੀ ਕਾਮੇਡੀ ਫ਼ਿਲਮ “ਕੈਰੀ ਆਨ ਜੱਟਾ” ਪੰਜਾਬੀ ਸਿਨਮਾ ਇਤਿਹਾਸ ਦੀ ਇਕ ਮੀਲ ਪੱਥਰ ਸਾਬਤ ਹੋਈ ਫ਼ਿਲਮ ਹੈ। ਸਮੀਪ ਕੰਗ ਦੀ ਨਿਰਦੇਸ਼ਨਾਂ ਹੇਠ ਬਣੀ ਇਸ ਫ਼ਿਲਮ ਦੀ ਬੇਮਿਸਾਲ ਸਫ਼ਲਤਾ ਨੇ ਪੰਜਾਬੀ ਸਿਨਮੇ ਨੂੰ ਕਾਮੇਡੀ ਸੰਸਾਰ ਨਾਲ ਜੋੜਦੀ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਜਿੱਥੇ ਇਸ ਫ਼ਿਲਮ ਦੀ ਕਹਾਣੀ ਬੇਹੱਦ ਦਿਲਚਸਪ ਤੇ ਮਨੋਰੰਜਨ ਭਰਪੂਰ ਸੀ, ਉੱਥੇ ਜਸਵਿੰਦਰ ਭੱਲੇ ਤੇ ਬਿਨੂੰ ਢਿੱਲੋਂ ਦੀ ਕਾਮੇਡੀ ਵੀ ਲਾਜਵਾਬ ਸੀ, ਜੋ ਵਾਰ ਵਾਰ ਸੁਣਨ ‘ਤੇ ਵੀ ਤਾਜ਼ਾ ਲੱਗਦੀ ਹੈ। “ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨੀਂ ਪਾਇਆ….” ਵਾਲੇ ਤਕੀਆ-ਕਲਾਮ ਨੇ ਜਸਵਿੰਦਰ ਭੱਲਾ ਤੇ ਬਿਨੂੰ ਢਿੱਲੋਂ ਨੂੰ ਇਕ ਨਵੀਂ ਪਛਾਣ ਦਿੱਤੀ। ਇਸ ਫ਼ਿਲਮ ਦੀ ਮਕਬੂਲੀਅਤ ਜਿੱਥੇ ਨਿਰਮਾਤਾਵਾਂ ਨੂੰ ਫ਼ਿਲਮ ਦਾ ਅਗਲਾ ਭਾਗ ਬਣਾਉਣ ਲਈ ਮਜਬੂਰ ਕੀਤਾ , ਉੱਥੇ ਦਰਸ਼ਕਾਂ ਵਿਚਲਾ ਉਤਾਵਲਾਪਣ ਸਾਹਮਣੇ ਆਇਆ ਤਾਂ ਜੂਨ 2018 ਵਿਚ “ਕੈਰੀ ਆਨ ਜੱਟਾ 2” ਬਣਕੇ ਰਿਲੀਜ਼ ਹੋਈ । ਪਹਿਲੇ ਦਿਨ ਹੀ ਟਿਕਟ ਖਿੜਕੀ ਤੇ ਦਰਸ਼ਕਾਂ ਦੀ ਬੇਸ਼ਮਾਰ ਭੀੜ ਨਜ਼ਰ ਆਈ ਤੇ ਫ਼ਿਲਮ ਨੂੰ ਜਬ਼ਰਦਸਤ ਹੁੰਗਾਰਾ ਮਿਲਿਆ।


ਹੁਣ ਦਰਸ਼ਕ “ਕੈਰੀ ਆਨ ਜੱਟਾ” ਦਾ ਤੀਸਰਾ ਭਾਗ ਵੇਖਣ ਲਈ ਤਿਆਰ ਹੋ ਜਾਣ…ਕਿਉਂਕਿ 29ਜੂਨ ਨੂੰ “ਕੈਰੀ ਆਨ ਜੱਟਾ 3” ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣ ਜਾ ਰਹੀ ਹੈ। ਖ਼ਾਸ ਗੱਲ ਕਿ ਪਹਿਲੀਆਂ ਫ਼ਿਲਮਾਂ ਵਾਂਗ ਗਿੱਪੀ ਗਰੇਵਾਲ ਦੀ ਇਹ ਫ਼ਿਲਮ ਵੀ ਜੂਨ ਮਹੀਨੇ ਵਿਚ ਹੀ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ “ਕੈਰੀ ਆਨ ਜੱਟਾ 3” ਪਹਿਲੀਆਂ ਫ਼ਿਲਮਾਂ ਦੇ ਮੁਕਾਬਲੇ ਪੰਜਾਬੀ ਸਿਨਮਾ ਦੀ ਇਕ ਹੋਰ ਵੱਡੀ ਫ਼ਿਲਮ ਸਾਬਤ ਹੋਵੇਗੀ। ਇਸ ਫ਼ਿਲਮ ਦੀ ਸਾਰੀ ਸੂਟਿੰਗ ਇੰਗਲੈਂਡ ਵਿਚ ਕੀਤੀ ਗਈ ਹੈ ਤੇ ਸੂਟਿੰਗ ਦੇ ਪਹਿਲੇ ਦਿਨ ਤੋਂ ਹੀ ਸ਼ੋਸਲ ਮੀਡੀਆ ‘ਤੇ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਜਿਸ ਤੋਂ ਅਨੁਮਾਣ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਪਹਿਲੀਆਂ ਨਾਲੋਂ ਚਾਰ ਕਦਮ ਅੱਗੇ ਹੋਵੇਗੀ। ਖੁਦ ਗਿੱਪੀ ਗਰੇਵਾਲ ਦਾ ਵੀ ਕਹਿਣਾ ਹੈ ਕਿ ਜਿੰਨ੍ਹੀਂ ਮਿਹਨਤ ਫ਼ਿਲਮ ਦੀ ਕਹਾਣੀ ਤੇ ਮਿਊਜ਼ਿਕ ਕੀਤੀ ਗਈ ਹੈ, ਉਸ ਤੋਂ ਵੱਧ ਲੁਕੇਸ਼ਨਾਂ ਤੇ ਵੀ। ਫ਼ਿਲਮ ਦਾ ਕਲਾਇਮੈਕਸ ਵੀ ਬਹੁਤ ਜ਼ਬਰਦਸ਼ਤ ਹੋਵੇਗਾ।


29 ਜੂਨ ਨੂੰ ਦੁਨੀਆਂ ਭਰ ਵਿਚ ਰਿਲੀਜ਼ ਹੋ ਰਹੀ “ਹੰਬਲ ਮੋਸ਼ਨ ਪਿਕਚਰਜ਼” ਦੀ ਪੇਸ਼ਕਸ਼ ਇਸ ਫ਼ਿਲਮ ਵਿਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ,ਬਿਨੂੰ ਢਿੱਲੋਂ,ਕਰਮਜੀਤ ਅਨਮੋਲ, ਸੋਨਮ ਬਾਜਵਾ, ਕਵਿਤਾ ਕੌਸ਼ਿਕ,ਰੁਪਿੰਦਰ ਰੂਪੀ,ਬੀ ਐਨ ਸ਼ਰਮਾ,ਹਰਬੀ ਸੰਘਾ,ਜੱਗੀ ਧੂਰੀ,ਨਸ਼ੀਰ ਚੁਨਿੰਟੀ ਤੇ ਸ਼ਿੰਦਾ ਗਰੇਵਾਲ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਨਿਰਦੇਸ਼ਨ ਕਾਮੇਡੀ ਕਿੰਗ ਨਿਰਦੇਸ਼ਕ ਸਮੀਪ ਕੰਗ ਨੇ ਦਿੱਤਾ ਹੈ। ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ ਤੇ ਗੀਤ- ਸੰਗੀਤ ਜਾਨੀ ਨੇ ਤਿਆਰ ਕੀਤਾ ਹੈ। ਜ਼ਿਕਰਯੋਗ ਹੈ ਕਿ ਫ਼ਿਲਮ ਦਾ ਟਾਇਟਲ ਗੀਤ, ਫਰਿਸ਼ਤੇ ਗੀਤ ਟੀਜ਼ਰ ਅਤੇ ਹੁਣੇ ਜਿਹੇ ਰਿਲੀਜ਼ ਹੋਇਆ ਗੀਤ “ਜੱਟੀ” ਜਿਸ ਵਿਚ ਗਿੱਪੀ ਗਰੇਵਾਲ ਦੇ ਨਾਲ ਐਮੀ ਵਿਰਕ ਵੀ ਨਜ਼ਰ ਆ ਰਿਹਾ ਹੈ ਦਰਸ਼ਕਾਂ ਦੀ ਬੇਹੱਦ ਪਸੰਦ ਬਣੇ ਹੋਏ ਹਨ, ਜਿਸ ਦਾ ਅੰਦਾਜ਼ਾ ਯੂਟੀਊਬ ਵਿਊਜ਼ ਤੋਂ ਲਾਇਆ ਜਾ ਸਕਦਾ ਹੈ। ਹੁਣ ਦਰਸ਼ਕਾਂ ਵਲੋਂ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਯਕੀਨਣ ਪੰਜਾਬੀ ਸਿਨਮਾ ਇਤਿਹਾਸ ਵਿਚ “ਕੈਰੀ ਆਨ ਜੱਟਾ 3” ਇਸ ਸਾਲ ਲੀਡ ਕਰੇਗੀ।
-ਸੁਰਜੀਤ ਜੱਸਲ 9814607737

Comments & Suggestions

Comments & Suggestions